ਬਟਾਲਾ/ਬਿਊਰੋ ਨਿਊਜ਼ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਤਾਂਘ ਰੱਖਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਪਹਿਲਾਂ ਹੀ ਰੁਕਾਵਟ ਬਣਿਆ ਹੋਇਆ ਹੈ, ਇਸ ਦੇ ਨਾਲ-ਨਾਲ ਹੁਣ ਰਜਿਸਟ੍ਰੇਸ਼ਨ ਫਾਰਮ ਭਰਨਾ ਅਤੇ ਉਸ ਵਿਚ ਦਿਨ-ਬ-ਦਿਨ ਹੋ ਰਹੀਆਂ ਤਬਦੀਲੀਆਂ ਨਾਲ ਸ਼ਰਧਾਲੂਆਂ ਨੂੰ ਭਾਰੀ ਪ੍ਰੇਸ਼ਾਨੀ ਵਿਚੋਂ ਗੁਜ਼ਰਨਾ ਪੈ ਰਿਹਾ ਹੈ।
ਸ਼ਰਧਾਲੂਆਂ ਨੂੰ ਆਸ ਸੀ ਕਿ ਦਿਨੋ-ਦਿਨ ਪ੍ਰਕਿਰਿਆ ਸੁਖਾਲੀ ਹੁੰਦੀ ਜਾਵੇਗੀ, ਪਰ ਉਨ੍ਹਾਂ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਹੋ ਗਿਆ, ਜਦੋਂ ਉਨ੍ਹਾਂ ਵਲੋਂ ਸੋਚੀ ਗਈ ਤਰੀਕ 10 ਦਿਨ ਦੀ ਬਜਾਏ 15 ਦਿਨ ਪਹਿਲਾਂ ਬੰਦ ਹੋਣ ਲੱਗੀ ਹੈ। ਇਸ ਸਬੰਧੀ ਇਕ ਸ਼ਰਧਾਲੂ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਰਜਿਸਟ੍ਰੇਸ਼ਨ 7 ਦਸੰਬਰ ਦੀ ਕਰਵਾਈ ਸੀ, ਪਰ ਕਿਸੇ ਕਾਰਨ ਉਹ ਆਪਣੀ ਰਜਿਸਟ੍ਰੇਸ਼ਨ ਉਸੇ ਦਿਨ ਕਰਵਾਉਣ ਤੋਂ ਰਹਿ ਗਿਆ ਅਤੇ ਜਦੋਂ ਅਗਲੇ ਦਿਨ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲੱਗਾ ਤਾਂ ਉਹ ਤਰੀਕ ਬੰਦ ਹੋ ਚੁੱਕੀ ਸੀ, ਜਦੋਂ ਕਿ 15 ਦਿਨ ਰਹਿੰਦੇ ਸਨ ਅਤੇ ਪਹਿਲਾਂ ਇਹ ਸ਼ਰਤ ਨਹੀਂ ਸੀ ਅਤੇ 10 ਦਿਨ ਪਹਿਲਾਂ ਹੀ ਉਸ ਤਰੀਕ ਦੀ ਰਜਿਸਟ੍ਰੇਸ਼ਨ ਬੰਦ ਹੁੰਦੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਦਾਇਤਾਂ ਵਿਚ ਪੱਕੇ ਤੌਰ ‘ਤੇ ਨਿਰਧਾਰਤ ਤਰੀਕ ਨੂੰ ਬੰਦ ਕਰਨ ਦੇ ਦਿਨ ਦੱਸ ਦੇਣੇ ਚਾਹੀਦੇ ਹਨ।
ਸ਼ਰਧਾਲੂ ਹੁਣ ਲਿਜਾ ਸਕਣਗੇ 25 ਹਜ਼ਾਰ ਭਾਰਤੀ ਰੁਪਏ
ਪਾਕਿਸਤਾਨ ਜਾਣ ਵਾਲੇ ਸ਼ਰਧਾਲੂ ਪਹਿਲਾਂ 11 ਹਜ਼ਾਰ ਭਾਰਤੀ ਰੁਪਏ ਯਾਤਰਾ ਲਈ ਲਿਜਾ ਸਕਦੇ ਸਨ ਅਤੇ ਉਸ ਵਿਚੋਂ ਹੀ 20 ਡਾਲਰ ਫੀਸ ਵੀ ਦਿੰਦੇ ਸਨ। ਪਰ ਗ੍ਰਹਿ ਮੰਤਰਾਲੇ ਵਲੋਂ ਇਸ ਸਬੰਧੀ ਨਵੀਂ ਸੋਧ ਕੀਤੀ ਗਈ ਹੈ, ਜਿਸ ਵਿਚ ਸ਼ਰਧਾਲੂ ਹੁਣ 25 ਹਜ਼ਾਰ ਤੱਕ ਭਾਰਤੀ ਰੁਪਏ ਲਿਜਾ ਸਕਦੇ ਹਨ।
ਯਾਤਰੀ ਟਰਮੀਨਲ ਦੇ ਅੰਦਰ ਵੀ ਬਦਲੀ ਜਾ ਸਕੇਗੀ ਕਰੰਸੀ : ਸ਼ਰਧਾਲੂਆਂ ਨੂੰ ਕਰੰਸੀ ਬਦਲਣ ਲਈ ਪਾਕਿਸਤਾਨ ਚੈੱਕ ਪੋਸਟ ‘ਤੇ ਕਾਫੀ ਸਮਾਂ ਲੱਗ ਜਾਂਦਾ ਸੀ, ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਭਾਰਤ ਦੇ ਯਾਤਰੀ ਟਰਮੀਨਲ ਦੇ ਅੰਦਰ ‘ਮਨੀ ਐਕਸਚੇਂਜ਼ ਕਾਊਂਟਰ’ ਖੋਲ੍ਹਿਆ ਜਾ ਰਿਹਾ ਹੈ, ਜਿਥੇ ਰੁਪਈਏ ਦੇ ਕੇ ਯਾਤਰੀ ਹੁਣ ਅਮਰੀਕਨ ਡਾਲਰ ਲੈ ਸਕਦੇ ਹਨ।
ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ ਦੇ ਪ੍ਰਬੰਧਾਂ ਵੱਲ ਧਿਆਨ ਦੇਵੇ : ਸ਼ਰਧਾਲੂ : ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੁਣ ਤੱਕ ਦੇ ਸਭ ਤੋਂ ਵੱਧ ਸ਼ਰਧਾਲੂ ਗਏ ਸਨ, ਜਿਨ੍ਹਾਂ ਦੀ ਗਿਣਤੀ 1400 ਤੋਂ ਉਪਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਸ਼ਰਧਾਲੂਆਂ ਨੇ ਦੱਸਿਆ ਕਿ ਲੰਗਰ ਦੇ ਪ੍ਰਬੰਧਾਂ ‘ਚ ਕੁਝ ਕਮੀਆਂ ਹਨ, ਜਿਨ੍ਹਾਂ ਵੱਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਿਆਨ ਦੇਵੇ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …