Breaking News
Home / ਪੰਜਾਬ / ਡੇਰਾ ਬਾਬਾ ਨਾਨਕ ‘ਚ ਦਰਸ਼ਨ ਸਥਾਨ ਤੋਂ ਦੂਰਬੀਨ ਹਟਾਈ

ਡੇਰਾ ਬਾਬਾ ਨਾਨਕ ‘ਚ ਦਰਸ਼ਨ ਸਥਾਨ ਤੋਂ ਦੂਰਬੀਨ ਹਟਾਈ

ਸ਼ਰਧਾਲੂਆਂ ਨੂੰ ਨਿਰਾਸ਼ ਹੋ ਕੇ ਪਰਤਣਾ ਪੈ ਰਿਹਾ ਹੈ ਵਾਪਸ
ਅੰਮ੍ਰਿਤਸਰ/ਬਿਊਰੋ ਨਿਊਜ਼ : ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਲਈ ਲਾਂਘਾ ਭਾਵੇਂ ਖੁੱਲ੍ਹ ਗਿਆ ਹੈ ਪਰ ਸੰਗਤ ਨੂੰ ਜਥੇ ਦੇ ਰੂਪ ਵਿਚ ਕਰਤਾਰਪੁਰ ਸਾਹਿਬ ਜਾਣ ਲਈ ਮਨਜ਼ੂਰੀ ਨਾ ਮਿਲਣ ਕਾਰਨ ਅਤੇ ਡੇਰਾ ਬਾਬਾ ਨਾਨਕ ਵਿਚ ਦਰਸ਼ਨ ਸਥਾਨ ਤੋਂ ਦੂਰਬੀਨ ਹਟਾਉਣ ਕਾਰਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਸ਼ਰਧਾਲੂਆਂ ਨੂੰ ਨਿਰਾਸ਼ ਪਰਤਣਾ ਪੈ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਮਿਲੀ ਜਦੋਂ ਗੁਰਦੁਆਰਾ ਗੁਰੂ ਸਾਗਰ ਸਾਹਿਬ ਚੰਡੀਗੜ੍ਹ ਤੋਂ ਗੁਰੂ ਮਾਨਿਓ ਗ੍ਰੰਥ ਸ਼ਬਦ ਚੇਤਨਾ ਮਾਰਚ ਨਾਲ ਉੱਥੇ ਗਈ ਸੰਗਤ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਨਾ ਕਰ ਸਕੀ।
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਚੇਤਨਾ ਮਾਰਚ ਚੰਡੀਗੜ੍ਹ ਸਥਿਤ ਸੁਖਨਾ ਝੀਲ ਨੇੜੇ ਸਥਿਤ ਗੁਰਦੁਆਰਾ ਗੁਰੂ ਸਾਗਰ ਸਾਹਿਬ ਤੋਂ ਸੰਤ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ 17 ਨਵੰਬਰ ਨੂੰ ਰਵਾਨਾ ਹੋਇਆ ਸੀ। ਪੰਜ ਦਿਨਾਂ ਦੀ ਯਾਤਰਾ ਕਰਦਿਆਂ ਜਦੋਂ ਇਹ ਸੰਗਤ ਡੇਰਾ ਬਾਬਾ ਨਾਨਕ ਪੁੱਜੀ ਤਾਂ ਉੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਹਿਲਾਂ ਰੱਖੀ ਗਈ ਦੂਰਬੀਨ ਹਟਾ ਲਏ ਜਾਣ ਕਾਰਨ ਸੰਗਤ ਨੂੰ ਗੁਰਦੁਆਰੇ ਦੇ ਦਰਸ਼ਨ ਨਹੀਂ ਹੋ ਸਕੇ।
ਇੱਥੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਵਾਪਸੀ ਲਈ ਰਵਾਨਾ ਹੋਣ ਸਮੇਂ ਬਾਬਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੀ ਸੀ।
ਉਨ੍ਹਾਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਸਤੇ ਜਥੇ ਦੇ ਰੂਪ ਵਿਚ ਪ੍ਰਵਾਨਗੀ ਮੰਗੀ ਸੀ ਪਰ ਇਕੱਲੇ ਇਕੱਲੇ ਜਣੇ ਨੂੰ ਪ੍ਰਵਾਨਗੀ ਮਿਲੀ ਹੈ ਅਤੇ ਕਈਆਂ ਨੂੰ ਮਨਜ਼ੂਰੀ ਨਹੀਂ ਮਿਲੀ। ਇਸ ਕਾਰਨ ਸੰਗਤ ਨਾ ਤਾਂ ਗੁਰਦੁਆਰਾ ਕਰਤਾਰਪੁਰ ਜਾ ਸਕੀ ਅਤੇ ਨਾ ਹੀ ਡੇਰਾ ਬਾਬਾ ਨਾਨਕ ਸਥਿਤ ਦਰਸ਼ਨ ਸਥਾਨ ਤੋਂ ਗੁਰਦੁਆਰੇ ਦੇ ਦਰਸ਼ਨ ਕਰ ਸਕੀ, ਜਿਸ ਕਾਰਨ ਕਈ ਸ਼ਰਧਾਲੂ ਭਰੇ ਮਨ ਨਾਲ ਪਰਤੇ ਹਨ। ਉਨ੍ਹਾਂ ਆਖਿਆ ਕਿ ਅਜਿਹਾ ਲੱਗਦਾ ਹੈ ਕਿ ਗੁਰਦੁਆਰਾ ਕਰਤਾਰਪੁਰ ਵਾਸਤੇ ਲਾਂਘਾ ਨਹੀਂ ਖੁੱਲ੍ਹਿਆ, ਸਗੋਂ ਇਕ ਹੋਰ ਸਰਹੱਦ ਖੋਲ੍ਹੀ ਗਈ ਹੈ, ਜਿੱਥੋਂ ਪਾਰ ਜਾਣ ਲਈ ਕਠਿਨ ਤੇ ਗੁੰਝਲਦਾਰ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ। ਬਾਬਾ ਪ੍ਰਿਤਪਾਲ ਸਿੰਘ ਨੇ ਭਾਰਤ ਤੇ ਪਾਕਿਸਤਾਨ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਵਾਸਤੇ ਪ੍ਰਕਿਰਿਆ ਸਰਲ ਕੀਤੀ ਜਾਵੇ, ਜਥਿਆਂ ਦੇ ਰੂਪ ਵਿਚ ਜਾਣ ਦੀ ਮਨਜ਼ੂਰੀ ਦਿੱਤੀ ਜਾਵੇ ਅਤੇ ਪਹਿਲਾਂ ਵਾਂਗ ਦਰਸ਼ਨ ਸਥਾਨ ‘ਤੇ ਦੂਰਬੀਨ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ‘ਮਨੁੱਖਤਾ ਦਿਵਸ’ ਵਜੋਂ ਮਨਾਇਆ ਜਾਵੇ।

Check Also

ਸ਼ਸ਼ੀ ਥਰੂਰ ਨੇ ਜਲੰਧਰ ਵਾਸੀਆਂ ਨੂੰ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦਾ ਦਿੱਤਾ ਸੱਦਾ

ਕਿਹਾ : ਦੇਸ਼ ਦੇ ਲੋਕਤੰਤਰ ਨੂੰ ਭਾਰਤੀ ਜਨਤਾ ਪਾਰਟੀ ਤੋਂ ਖਤਰਾ ਜਲੰਧਰ/ਬਿਊਰੋ ਨਿਊਜ਼ : ਕਾਂਗਰਸ …