
ਜਾਨ ਬਚਾਉਣ ਲਈ ਕਈ ਵਿਅਕਤੀਆਂ ਨੇ ਬਿਲਡਿੰਗ ਤੋਂ ਮਾਰ ਦਿੱਤੀਆਂ ਛਾਲਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮਾਲਵੀਆ ਨਗਰ ਵਿਚ ਅੱਜ ਬੁੱਧਵਾਰ ਸਵੇਰੇ ਲੇਮਨ ਗਰੀਨ ਰੈਸਟੋਰੈਂਟ ਵਿਚ ਅੱਗ ਲੱਗਣ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ 10 ਵਿਦੇਸ਼ੀ ਵਿਅਕਤੀ ਵੀ ਸ਼ਾਮਲ ਹਨ। ਦਿੱਲੀ ਫਾਇਰ ਸਰਵਿਸ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਅੱਗ ਸਵੇਰੇ 9 ਵਜੇ ਦੇ ਕਰੀਬ ਲੱਗੀ ਅਤੇ ਇਹ ਅੱਗ ਰੈਸਟੋਰੈਂਟ ਦੇ ਉਪਰ ਬਣੇ ਹੋਟਲ ਤੱਕ ਪਹੁੰਚ ਗਈ। ਕਈ ਵਿਅਕਤੀਆਂ ਨੇ ਜਾਨ ਬਚਾਉਣ ਲਈ ਬਿਲਡਿੰਗ ਤੋਂ ਛਾਲਾਂ ਮਾਰ ਦਿੱਤੀਆਂ। ਦੱਸਣਯੋਗ ਹੈ ਕਿ ਪਿਛਲੇ 6 ਮਹੀਨਿਆਂ ਦੌਰਾਨ ਦਿੱਲੀ ’ਚ ਅੱਗ ਲੱਗਣ ਦੀਆਂ ਵੱਖ-ਵੱਖ ਘਟਨਾਵਾਂ ਵਿਚ 66 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਦਿੱਲੀ ਵਿਚ ਵਾਪਰੀ ਇਸ ਅੱਗ ਲੱਗਣ ਦੀ ਘਟਨਾ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਘਟਨਾ ਵਿਚ ਜਾਨ ਗੁਆਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰ ਨੂੰ 2 ਲੱਖ ਰੁਪਏ ਅਤੇ ਜ਼ਖ਼ਮੀ ਹੋਏ ਹਰ ਇਕ ਵਿਅਕਤੀ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਵੀ ਇਸ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

