-5 C
Toronto
Wednesday, December 3, 2025
spot_img
Homeਪੰਜਾਬਅਪਰਾਧਕ ਪਿਛੋਕੜ ਵਾਲਿਆਂ ਨੂੰ ਸਿਆਸੀ ਪਾਰਟੀਆਂ ਨਾ ਬਣਾਉਣ ਉਮੀਦਵਾਰ

ਅਪਰਾਧਕ ਪਿਛੋਕੜ ਵਾਲਿਆਂ ਨੂੰ ਸਿਆਸੀ ਪਾਰਟੀਆਂ ਨਾ ਬਣਾਉਣ ਉਮੀਦਵਾਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ‘ਚ ਦੱਸਿਆ ਕਿ ਉਮੀਦਵਾਰਾਂ ਨੂੰ ਚੋਣਾਂ ਤੋਂ ਪਹਿਲਾਂ ਅਪਰਾਧਕ ਪਿਛੋਕੜ ਬਾਰੇ ਮੀਡੀਆ ਕੋਲ ਖੁਲਾਸਾ ਕਰਨ ਦੀ ਜਾਰੀ ਕੀਤੀ ਹਦਾਇਤ ਨੇ ਸਿਆਸਤ ਦਾ ਅਪਰਾਧੀਕਰਨ ਰੋਕਣ ‘ਚ ਕੋਈ ਠੋਸ ਭੂਮਿਕਾ ਅਦਾ ਨਹੀਂ ਕੀਤੀ ਹੈ, ਤੇ ਸਿਆਸੀ ਪਾਰਟੀਆਂ ਨੂੰ ਅਪਰਾਧਕ ਪਿਛੋਕੜ ਵਾਲਿਆਂ ਨੂੰ ਟਿਕਟਾਂ ਨਾ ਦੇਣ ਲਈ ਕਿਹਾ ਜਾਣਾ ਚਾਹੀਦਾ ਹੈ।
ਚੋਣ ਕਮਿਸ਼ਨ ਨੇ ਕਿਹਾ ਕਿ 2018 ਦੇ ਸਿਖ਼ਰਲੀ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਰਾਜਨੀਤੀ ਦਾ ਅਪਰਾਧੀਕਰਨ ਨਹੀਂ ਰੁਕਿਆ ਤੇ ਕੋਈ ਬਦਲਵਾਂ ਰਾਹ ਲੱਭਣ ਦੀ ਲੋੜ ਹੈ। ਜਸਟਿਸ ਆਰ.ਐੱਫ. ਨਰੀਮਨ ਤੇ ਐੱਸ. ਰਵਿੰਦਰ ਭੱਟ ਦੇ ਬੈਂਚ ਨੇ ਚੋਣ ਕਮਿਸ਼ਨ ਨੂੰ ਹਫ਼ਤੇ ‘ਚ ਅਜਿਹੀ ਕੋਈ ਪ੍ਰਣਾਲੀ ਸੁਝਾਉਣ ਲਈ ਕਿਹਾ ਹੈ ਜਿਸ ਨਾਲ ਦੇਸ਼ ਹਿੱਤ ਵਿਚ ਇਸ ਵਰਤਾਰੇ ਨੂੰ ਠੱਲ ਪਾਈ ਜਾ ਸਕੇ। ਸੁਪਰੀਮ ਕੋਰਟ ਨੇ ਭਾਜਪਾ ਆਗੂ ਤੇ ਐਡਵੋਕੇਟ-ਪਟੀਸ਼ਨਰ ਅਸ਼ਵਿਨੀ ਉਪਾਧਿਆਏ ਅਤੇ ਕਮਿਸ਼ਨ ਨੂੰ ਤਾਲਮੇਲ ਕਰ ਕੇ ਸੁਝਾਅ ਲੈ ਕੇ ਆਉਣ ਲਈ ਕਿਹਾ ਹੈ। ਕਮਿਸ਼ਨ ਦੇ ਵਕੀਲ ਵਿਕਾਸ ਸਿੰਘ ਨੇ ਦੱਸਿਆ ਕਿ ਅਪਰਾਧੀਕਰਨ ਰੋਕਣ ਲਈ ਕਈ ਕਦਮ ਚੁੱਕੇ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਇਸ ਨੂੰ ਠੱਲ੍ਹ ਨਹੀਂ ਪਈ ਤੇ ਹੁਣ ਅਦਾਲਤ ਨੂੰ ਜ਼ਿੰਮਾ ਸਿਆਸੀ ਧਿਰਾਂ ਸਿਰ ਪਾਉਣਾ ਚਾਹੀਦਾ ਹੈ ਕਿ ਉਹ ਅਜਿਹੇ ਉਮੀਦਵਾਰ ਖੜ੍ਹੇ ਨਾ ਕਰਨ। ਕਮਿਸ਼ਨ ਦੇ ਵਕੀਲ ਨੇ ਕਿਹਾ ਕਿ ਸਥਿਤੀ ਤੇ ਸੰਸਦ ਦੇ ਮੌਜੂਦਾ ਢਾਂਚੇ ਦੇ ਹਿਸਾਬ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿਆਸਤ ਦਾ ਅਪਰਾਧੀਕਰਨ ਰੋਕਣ ਲਈ ਕਾਨੂੰਨ ਪਾਸ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਗੰਭੀਰ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੈਂਬਰਾਂ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ। ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਇਸ ਵੇਲੇ 46 ਫ਼ੀਸਦ ਸੰਸਦ ਮੈਂਬਰ ਅਪਰਾਧਕ ਮਾਮਲਿਆਂ ਵਿਚ ਘਿਰੇ ਹੋਏ ਹਨ ਤੇ ਕਾਨੂੰਨ ਪਾਸ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਨੂੰ ਵੈਰ-ਵਿਰੋਧ ‘ਚ ਨਾ ਉਲਝਾਇਆ ਜਾਵੇ ਤੇ ਲੋਕ ਹਿੱਤ ‘ਚ ਜਲਦ ਤੋਂ ਜਲਦ ਸੁਝਾਅ ਦਿੱਤੇ ਜਾਣ।
ਕੇਂਦਰ ਸਰਕਾਰ ਨੇ ਜਵਾਬ ਦਾਖ਼ਲ ਕਰਦਿਆਂ ਉਪਾਧਿਆਏ ਵੱਲੋਂ ਦਾਇਰ ਕੀਤੀ ਹੱਤਕ ਪਟੀਸ਼ਨ ਖਾਰਜ ਕਰਨ ਦੀ ਮੰਗ ਕੀਤੀ ਸੀ। ਕੇਂਦਰ ਨੇ ਕਿਹਾ ਸੀ ਕਿ ਸਤੰਬਰ, 2018 ਨੂੰ ਜਾਰੀ ਹਦਾਇਤਾਂ ‘ਚ ਸਿਖ਼ਰਲੀ ਅਦਾਲਤ ਨੇ ਕੋਈ ਕਾਨੂੰਨ ਪਾਸ ਕਰਨ ਲਈ ਨਹੀਂ ਕਿਹਾ ਸੀ।

RELATED ARTICLES
POPULAR POSTS