Breaking News
Home / ਪੰਜਾਬ / ਸ਼੍ਰੋਮਣੀ ਅਕਾਲੀ ਦਲ ‘ਤੇ ਬਾਦਲਾਂ ਦਾ ਕਬਜ਼ਾ ਬਰਕਰਾਰ

ਸ਼੍ਰੋਮਣੀ ਅਕਾਲੀ ਦਲ ‘ਤੇ ਬਾਦਲਾਂ ਦਾ ਕਬਜ਼ਾ ਬਰਕਰਾਰ

ਸੁਖਬੀਰ ਤੀਜੀ ਵਾਰ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ‘ਤੇ ਬਾਦਲਾਂ ਦਾ 5 ਸਾਲ ਲਈ ਮੁੜ ਕਬਜ਼ਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਕੀਤੇ ਗਏ ਡੈਲੀਗੇਟ ਇਜਲਾਸ ਵਿਚ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੀਜੀ ਵਾਰ ਸਰਬਸੰਮਤੀ ਨਾਲ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਸ਼ਨੀਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਦੌਰਾਨ ਸਰਬਸੰਮਤੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਅਗਲੇ ਪੰਜ ਸਾਲਾਂ ਵਾਸਤੇ ਪਾਰਟੀ ਦਾ ਤੀਜੀ ਵਾਰ ਮੁੜ ਪ੍ਰਧਾਨ ਚੁਣਿਆ ਹੈ।
ਇਜਲਾਸ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਪ੍ਰਧਾਨ ਦੇ ਉਮੀਦਵਾਰ ਵਾਸਤੇ ਕੋਈ ਹੋਰ ਨਾਂ ਸਾਹਮਣੇ ਨਾ ਆਉਣ ‘ਤੇ ਚੋਣ ਨਿਗਰਾਨ ਬਣੇ ਬਲਵਿੰਦਰ ਸਿੰਘ ਭੂੰਦੜ ਨੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਐਲਾਨਿਆ। ਇਸ ਤੋਂ ਪਹਿਲਾਂ ਜਥੇਦਾਰ ਤੋਤਾ ਸਿੰਘ ਨੇ ਪ੍ਰਧਾਨ ਦੇ ਉਮੀਦਵਾਰ ਵਜੋਂ ਸੁਖਬੀਰ ਸਿੰਘ ਬਾਦਲ ਦਾ ਨਾਂ ਪੇਸ਼ ਕੀਤਾ, ਜਿਸ ਦੀ ਤਾਈਦ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਤਾਈਦ ਮਜੀਦ ਜਗਮੀਤ ਸਿੰਘ ਬਰਾੜ ਨੇ ਕੀਤੀ। ਤੀਜੀ ਵਾਰ ਪ੍ਰਧਾਨ ਚੁਣੇ ਜਾਣ ‘ਤੇ ਇਜਲਾਸ ਵਿੱਚ ਹਾਜ਼ਰ ਡੈਲੀਗੇਟਾਂ ਨੇ ਜੈਕਾਰਿਆਂ ਅਤੇ ਸਿਰੋਪਾਓ ਨਾਲ ਬਾਦਲ ਦਾ ਸਨਮਾਨ ਕੀਤਾ। ਪ੍ਰਧਾਨ ਚੁਣੇ ਜਾਣ ਮਗਰੋਂ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਬਾਦਲ ਨੇ ਭਰੋਸਾ ਦਿੱਤਾ ਕਿ ਉਹ ਪਾਰਟੀ ਹਿੱਤਾਂ ਨੂੰ ਹਮੇਸ਼ਾਂ ਉਪਰ ਰੱਖਣਗੇ ਅਤੇ ਇਨ੍ਹਾਂ ਦੀ ਪੂਰਤੀ ਲਈ ਕਦੇ ਵੀ ਪਿੱਛੇ ਨਹੀਂ ਹਟਣਗੇ।
ਇਸ ਮੌਕੇ ਉਨ੍ਹਾਂ ਡੈਲੀਗੇਟਾਂ ਨੂੰ ਮਿਸ਼ਨ 2022 ਦੀ ਜਾਣਕਾਰੀ ਦਿੰਦਿਆਂ ਮੁੜ ਅਕਾਲੀ ਸਰਕਾਰ ਸਥਾਪਤ ਕਰਨ ਲਈ ਅਗਲੇ ਦੋ ਸਾਲ ਪਾਰਟੀ ਵਾਸਤੇ ਜੀਅ ਜਾਨ ਨਾਲ ਡਟਣ ਦਾ ਸੱਦਾ ਦਿੱਤਾ। ਟਕਸਾਲੀਆਂ ਬਾਰੇ ਗੱਲ ਕਰਦਿਆਂ ਬਿਨਾਂ ਕਿਸੇ ਦਾ ਨਾਂ ਲਏ ਉਨ੍ਹਾਂ ਆਖਿਆ ਕਿ ਟਕਸਾਲੀ ਉਹ ਹਨ, ਜੋ ਪਾਰਟੀ ਨਾਲ ਪੱਕੇ ਤੌਰ ‘ਤੇ ਖੜ੍ਹੇ ਹਨ ਅਤੇ ਨਿੱਜੀ ਮੁਫ਼ਾਦਾਂ ਤੋਂ ਉਪਰ ਉੱਠ ਕੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਧੜਿਆਂ ਬਾਰੇ ਸੋਚ ਕੇ ਆਪਣੀ ਸ਼ਕਤੀ ਵਿਅਰਥ ਕਰਨ ਦੀ ਥਾਂ ਉਹ ਪਾਰਟੀ ਨੂੰ ਹੋਰ ਬੁਲੰਦੀ ਵੱਲ ਲਿਜਾਣ ਲਈ ਸੋਚਣਗੇ। ਪ੍ਰਕਾਸ਼ ਸਿੰਘ ਬਾਦਲ ਦੇ ਪਾਰਟੀ ਪ੍ਰਤੀ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਨੇ ਆਪਣੇ ਜੀਵਨ ਦਾ ਵਧੇਰਾ ਸਮਾਂ ਪਾਰਟੀ ਲਈ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਏਜੰਡਾ ਦੇਸ਼ ਅਤੇ ਸੂਬੇ ਦੀ ਤਰੱਕੀ ਹੈ ਪਰ ਸੂਬਾ ਤਾਂ ਹੀ ਤਰੱਕੀ ਕਰ ਸਕਦਾ ਹੈ ਅਤੇ ਖੁਸ਼ਹਾਲ ਹੋ ਸਕਦਾ ਹੈ ਜੇਕਰ ਸੂਬੇ ਕੋਲ ਵਧੇਰੇ ਹੱਕ ਹੋਣ। ਉਨ੍ਹਾਂ ਨੇ ਸੰਘੀ ਢਾਂਚੇ ਦੀ ਸਥਾਪਤੀ ਦੀ ਮੰਗ ਕੀਤੀ। ਨਾਗਰਿਕਤਾ ਬਿੱਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਬਿੱਲ ਦਾ ਸਮਰਥਨ ਕੀਤਾ ਹੈ ਪਰ ਬਿੱਲ ਵਿਚ ਮੁਸਲਿਮ ਭਾਈਚਾਰੇ ਦਾ ਨਾਂ ਸ਼ਾਮਲ ਕਰਨ ਲਈ ਵੀ ਆਖਿਆ ਹੈ। ਇਸ ਮੌਕੇ ਉਨ੍ਹਾਂ ਕਾਂਗਰਸ ਨੂੰ ਵੀ ਕਰੜੇ ਹੱਥੀਂ ਲਿਆ ਅਤੇ ਖਾਸ ਕਰ ਕੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਾਇਆ ਕਿ ਗੁਟਕੇ ਦੀ ਸਹੁੰ ਚੁਕ ਕੇ ਵੀ ਸੂਬੇ ਦਾ ਕੋਈ ਫਿਕਰ ਨਹੀਂ ਕੀਤਾ।
ਚੋਣ ਮਗਰੋਂ ਉਨ੍ਹਾਂ ਸਮੂਹ ਆਗੂਆਂ ਤੇ ਡੈਲੀਗੇਟਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਮੱਥਾ ਵੀ ਟੇਕਿਆ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਸਵੇਰੇ ਪਾਰਟੀ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਡੈਲੀਗੇਟ ਇਜਲਾਸ ਵਿਚ 500 ਤੋਂ ਵੱਧ ਡੈਲੀਗੇਟ ਹਾਜ਼ਰ ਹੋਏ। ਇਜਲਾਸ ਵਿਚ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨਹੀਂ ਪੁੱਜੇ ਪਰ ਉਨ੍ਹਾਂ ਦਾ ਡੈਲੀਗੇਟਾਂ ਪ੍ਰਤੀ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ।
ਪਾਰਟੀ ਸੰਵਿਧਾਨ ‘ਚ ਸੋਧਾਂ ਨੂੰ ਪ੍ਰਵਾਨਗੀ : ਪਾਰਟੀ ਦੇ ਸਕੱਤਰ ਜਨਰਲ ਡਾ. ਦਲਜੀਤ ਸਿੰਘ ਚੀਮਾ ਨੇ ਇਜਲਾਸ ਦੀ ਕਾਰਵਾਈ ਦੀ ਸ਼ੁਰੂ ਕਰਦਿਆਂ ਪਾਰਟੀ ਦੇ ਸੰਵਿਧਾਨ ਵਿੱਚ ਕੁਝ ਸੋਧਾਂ ਅਤੇ ਵਿੱਤੀ ਮਾਮਲਿਆਂ ਦੀ ਰਿਪੋਰਟ ਆਦਿ ਨੂੰ ਇਜਲਾਸ ‘ਚ ਰੱਖਿਆ, ਜਿਸ ਨੂੰ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ ਗਈ। ਸੰਵਿਧਾਨ ‘ਚ ਕੀਤੀ ਸੋਧ ਮੁਤਾਬਕ ਹੁਣ ਪਾਰਟੀ ਦੇ ਅਹੁਦੇਦਾਰਾਂ ਦੀ ਗਿਣਤੀ ਵਧਾ ਕੇ 74 ਕਰਨ ਦਾ ਫ਼ੈਸਲਾ ਕੀਤਾ ਗਿਆ, ਜਿਸ ਤਹਿਤ ਸਰਪ੍ਰਸਤ ਅਤੇ ਪ੍ਰਧਾਨ ਤੋਂ ਬਾਅਦ 8 ਸੀਨੀਅਰ ਮੀਤ ਪ੍ਰਧਾਨ, 12 ਜੂਨੀਅਰ ਮੀਤ ਪ੍ਰਧਾਨ, ਸਕੱਤਰ ਜਨਰਲ 1 ਅਤੇ 8 ਸਕੱਤਰ ਸਮੇਤ ਕੁਲ 74 ਅਹੁਦੇਦਾਰ ਹੋਣਗੇ। ਵਰਕਿੰਗ ਕਮੇਟੀ ਮੈਂਬਰਾਂ ਦੀ ਗਿਣਤੀ 101 ਹੋਵੇਗੀ। ਸਰਕਲ ਇਕਾਈ ਦੀ ਥਾਂ ਹੁਣ ਪਿੰਡਾਂ ਵਿੱਚ 25 ਹਜ਼ਾਰ ਵੋਟਾਂ ਤੱਕ ਨੂੰ ਇੱਕ ਇਕਾਈ ਬਣਾਇਆ ਜਾਵੇਗਾ। 50 ਹਜ਼ਾਰ ਵੋਟਾਂ ਵਾਲੇ ਕਸਬਿਆਂ ਵਿੱਚ ਸ਼ਹਿਰੀ ਪ੍ਰਧਾਨ ਨਿਯੁਕਤ ਹੋਵੇਗਾ। ਇਸੇ ਤਰ੍ਹਾਂ 50 ਹਜ਼ਾਰ ਵੋਟਾਂ ਵਾਲੇ ਸ਼ਹਿਰਾਂ ‘ਚ ਚਾਰ ਵਾਰਡਾਂ ਨੂੰ ਇਕੱਠਾ ਕਰ ਕੇ ਪ੍ਰਧਾਨ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਬਾਹਰਲੇ ਸੂਬਿਆਂ ਜਿਥੇ ਸਿੱਖਾਂ ਦੀ ਗਿਣਤੀ ਘੱਟ ਹੈ, ਉਥੇ ਸਪੈਸ਼ਲ ਇਨਵਾਈਟੀ ਬਣਾਏ ਜਾਣਗੇ। ਅਜਿਹੇ 25 ਸਪੈਸ਼ਲ ਇਨਵਾਈਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਢੀਂਡਸਾ ਪਰਿਵਾਰ ਰਿਹਾ ਗ਼ੈਰਹਾਜ਼ਰ : ਸਥਾਪਨਾ ਦਿਵਸ ਸਮਾਗਮ ਵਿੱਚ ਢੀਂਡਸਾ ਪਰਿਵਾਰ ਦੀ ਗ਼ੈਰਹਾਜ਼ਰੀ ਰੜਕਦੀ ਰਹੀ। ਖਾਸ ਕਰ ਕੇ ਪਰਮਿੰਦਰ ਸਿੰਘ ਢੀਂਡਸਾ ਵੀ ਸਮਾਗਮ ਵਿੱਚ ਨਹੀਂ ਸ਼ਾਮਲ ਹੋਏ, ਜਿਸ ਬਾਰੇ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਕੋਈ ਜ਼ਰੂਰੀ ਕੰਮ ਸੀ ਅਤੇ ਸਮਾਗਮ ‘ਚ ਨਾ ਆਉਣ ਸਬੰਧੀ ਉਸ ਨੇ ਅਗਾਊਂ ਪ੍ਰਵਾਨਗੀ ਲਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਢੀਂਡਸਾ ਪੂਰੀ ਤਰ੍ਹਾਂ ਪਾਰਟੀ ਦੇ ਨਾਲ ਹਨ। ਪਰ ਸੁਖਦੇਵ ਸਿੰਘ ਢੀਂਡਸਾ ਦੀ ਗ਼ੈਰਹਾਜ਼ਰੀ ਬਾਰੇ ਉਨ੍ਹਾਂ ਕੋਈ ਟਿੱਪਣੀ ਨਹੀਂ ਕੀਤੀ।

ਬਲਕਾਰ ਸਿੱਧੂ ਪ੍ਰਧਾਨ ਤੇ ਦੀਪਕ ਚਨਾਰਥਲ ਬਣੇ ਜਨਰਲ ਸਕੱਤਰ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੀ ਸਰਬਸੰਮਤੀ ਨਾਲ ਹੋਈ ਚੋਣ
ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਬਲਕਾਰ ਸਿੱਧੂ ਨੂੰ ਮੁੜ ਪ੍ਰਧਾਨ ਅਤੇ ਦੀਪਕ ਸ਼ਰਮਾ ਚਨਾਰਥਲ ਨੂੰ ਜਨਰਲ ਸਕੱਤਰ ਥਾਪਿਆ ਗਿਆ। ਪੰਜਾਬ ਕਲਾ ਭਵਨ ਵਿਖੇ ਆਯੋਜਿਤ ਹੋਏ ਪੰਜਾਬੀ ਲੇਖਕ ਸਭਾ ਦੇ ਆਮ ਇਜਲਾਸ ਵਿਚ ਨਵੀਂ ਚੁਣੀ ਗਈ ਟੀਮ ਦਾ ਮੁੱਖ ਚੋਣ ਅਧਿਕਾਰੀ ਪ੍ਰਿੰਸੀਪਲ ਗੁਰਦੇਵ ਕੌਰ ਪਾਲ ਹੁਰਾਂ ਨੇ ਐਲਾਨ ਕਰਦਿਆਂ ਦੱਸਿਆ ਕਿ ਸਭਾ ਦੇ ਸਰਬਸੰਮਤੀ ਨਾਲ ਚੁਣੇ ਗਏ 8 ਅਹੁਦੇਦਾਰਾਂ ਵਿਚ ਬਲਕਾਰ ਸਿੱਧੂ ਨੂੰ ਪ੍ਰਧਾਨ, ਡਾ. ਅਵਤਾਰ ਸਿੰਘ ਪਤੰਗ ਨੂੰ ਸੀਨੀਅਰ ਮੀਤ ਪ੍ਰਧਾਨ, ਡਾ. ਗੁਰਮੇਲ ਸਿੰਘ ਅਤੇ ਮਨਜੀਤ ਕੌਰ ਮੀਤ ਨੂੰ ਮੀਤ ਪ੍ਰਧਾਨ, ਦੀਪਕ ਸ਼ਰਮਾ ਚਨਾਰਥਲ ਨੂੰ ਜਨਰਲ ਸਕੱਤਰ, ਪਾਲ ਅਜਨਬੀ ਤੇ ਜਗਦੀਪ ਕੌਰ ਨੂਰਾਨੀ ਨੂੰ ਸਕੱਤਰ ਅਤੇ ਹਰਮਿੰਦਰ ਕਾਲੜਾ ਨੂੰ ਵਿੱਤ ਸਕੱਤਰ ਚੁਣਿਆ ਗਿਆ ਹੈ। ਧਿਆਨ ਰਹੇ ਕਿ ਪੰਜਾਬੀ ਲੇਖਕ ਸਭਾ ਦੇ ਇਨ੍ਹਾਂ ਅਹੁਦਿਆਂ ਲਈ ਹੋਰ ਕਿਸੇ ਵੀ ਵਿਅਕਤੀ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਤੇ ਸਮੂਹ ਮੈਂਬਰਾਂ ਨੇ ਇਸੇ ਟੀਮ ਵਿਚ ਭਰੋਸਾ ਜਿਤਾਉਂਦਿਆਂ ਸਰਬਸੰਮਤੀ ਨਾਲ ਇਹ ਚੋਣ ਕੀਤੀ ਅਤੇ ਸਮੁੱਚੀ ਚੋਣ ਪ੍ਰਕਿਰਿਆ ਨੂੰ ਮੁੱਖ ਚੋਣ ਅਧਿਕਾਰੀ ਗੁਰਦੇਵ ਕੌਰ ਪਾਲ ਅਤੇ ਸਹਾਇਕ ਚੋਣ ਅਧਿਕਾਰੀ ਡਾ. ਬਲਦੇਵ ਸਿੰਘ ਖਹਿਰਾ ਵੱਲੋਂ ਬੜੇ ਹੀ ਸੁਚੱਜੇ ਤੇ ਪਾਰਦਰਸ਼ੀ ਢੰਗ ਨਾਲ ਨਿਭਾਇਆ ਗਿਆ। ਪੰਜਾਬੀ ਲੇਖਕ ਸਭਾ ਦੇ ਆਮ ਇਜਲਾਸ ਵਿਚ ਸਭ ਤੋਂ ਪਹਿਲਾਂ ਸ਼ੰਗਾਰਾ ਸਿੰਘ ਭੁੱਲਰ ਹੁਰਾਂ ਦੇ ਸਦੀਵੀ ਵਿਛੋੜੇ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਇਸ ਉਪਰੰਤ ਪ੍ਰਧਾਨਗੀ ਮੰਡਲ ਜਿਸ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੌਜੂਦਾ ਪ੍ਰਧਾਨ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਬਤੌਰ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਸਰਬਜੀਤ ਸਿੰਘ, ਸੁਸ਼ੀਲ ਦੁਸਾਂਝ, ਗੁਰਦੇਵ ਕੌਰ ਪਾਲ ਤੇ ਬਲਦੇਵ ਸਿੰਘ ਖਹਿਰਾ ਸ਼ਾਮਲ ਸਨ। ਉਨ੍ਹਾਂ ਦਾ ਸਵਾਗਤ ਫੁੱਲਾਂ ਨਾਲ ਕੀਤਾ ਗਿਆ ਤੇ ਸ਼ਬਦਾਂ ਨਾਲ ਸਮੂਹ ਮੈਂਬਰਾਂ ਦਾ ਸਵਾਗਤ ਬਲਕਾਰ ਸਿੱਧੂ ਹੁਰਾਂ ਨੇ ਕੀਤਾ।
ਇਸ ਉਪਰੰਤ ਵਿੱਤੀ ਰਿਪੋਰਟ ਪੁਰਾਣੇ ਵਿੱਤ ਸਕੱਤਰ ਪਾਲ ਅਜਨਬੀ ਹੁਰਾਂ ਵੱਲੋਂ ਪੇਸ਼ ਕੀਤੀ ਗਈ ਤੇ ਫਿਰ ਦੋ ਵਰ੍ਹਿਆਂ ਦੀ ਕਾਰਗੁਜ਼ਾਰੀ ਦੀ ਵਿਸਥਾਰਤ ਰਿਪੋਰਟ ਦੀਪਕ ਸ਼ਰਮਾ ਚਨਾਰਥਲ ਹੁਰਾਂ ਨੇ ਪੜ੍ਹਦਿਆਂ ਦੱਸਿਆ ਕਿ ਜਨਵਰੀ 2018 ਤੋਂ ਲੈ ਕੇ ਦਸੰਬਰ 2019 ਤੱਕ ਲੇਖਕ ਸਭਾ ਨੇ 24 ਮਹੀਨਿਆਂ ਦੇ ਵਕਫ਼ੇ ਵਿਚ ਕੁੱਲ 44 ਸਮਾਗਮ ਕਰਵਾਏ ਜਿਨ੍ਹਾਂ ਵਿਚ ਕਿਤਾਬ ਲੋਕ ਅਰਪਣ, ਵਿਚਾਰ-ਚਰਚਾ, ਪੰਜਾਬੀ ਕਵੀ ਦਰਬਾਰ, ਤ੍ਰੈਭਾਸ਼ੀ ਕਵੀ ਦਰਬਾਰ, ਸਨਮਾਨ ਸਮਾਰੋਹ, ਸੈਮੀਨਾਰ, ਰੂ-ਬ-ਰੂ, ਨਾਟਕ ਜਿੱਥੇ ਸ਼ਾਮਲ ਹਨ, ਉਥੇ ਮਾਂ ਬੋਲੀ ਪੰਜਾਬੀ ਦੇ ਸਨਮਾਨ ਦੀ ਬਹਾਲੀ ਖਾਤਰ ਵਿੱਢੇ ਸੰਘਰਸ਼ਾਂ ਵਿਚ ਪੰਜਾਬੀ ਲੇਖਕ ਸਭਾ ਮੋਹਰੀ ਭੂਮਿਕਾ ਨਿਭਾਉਂਦੀ ਰਹੀ। ਆਪਣੀ ਰਿਪੋਰਟ ਵਿਚ ਦੀਪਕ ਸ਼ਰਮਾ ਚਨਾਰਥਲ ਹੁਰਾਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨਾਲ ਜਿੱਥੇ ਸਾਂਝ ਦਾ ਜ਼ਿਕਰ ਕੀਤਾ, ਉਥੇ ਹੀ ਸਭਾ ਨੂੰ ਮਿਲ ਰਹੇ ਉਚੇਚੇ ਸਹਿਯੋਗ ਲਈ ਪੰਜਾਬ ਸਾਹਿਤ ਅਕਾਦਮੀ, ਪੰਜਾਬ ਕਲਾ ਪਰਿਸ਼ਦ, ਕੇਂਦਰੀ ਪੰਜਾਬੀ ਲੇਖਕ ਸਭਾ, ਪਿਊਪਲ ਕਨਵੈਨਸ਼ਨ ਸੈਂਟਰ, ਗਾਂਧੀ ਸਮਾਰਕ ਨਿਧੀ ਤੇ ਬਲਵਿੰਦਰ ਸਿੰਘ ਉਤਮ ਰੈਸਟੋਰੈਂਟ ਦਾ ਵੀ ਧੰਨਵਾਦ ਕੀਤਾ। ਆਉਂਦੇ ਸਮੇਂ ਵਿਚ ਤੇਰਾ ਸਿੰਘ ਚੰਨ ਅਤੇ ਸੰਤੋਖ ਸਿੰਘ ਧੀਰ ਹੁਰਾਂ ਦੀਆਂ ਸ਼ਤਾਬਦੀਆਂ ਮਨਾਉਣ ਦਾ ਫੈਸਲਾ ਲੈਣ ਦੇ ਨਾਲ-ਨਾਲ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਤੇ ਸਨਮਾਨ ਦੀ ਬਹਾਲੀ ਲਈ ਹੋਰ ਤਕੜੇ ਹੋ ਕੇ ਲੜਨ ਦਾ ਅਹਿਦ ਵੀ ਲਿਆ। ਇਨ੍ਹਾਂ ਦੋਵਾਂ ਰਿਪੋਰਟਾਂ ਨੂੰ ਸਮੁੱਚੇ ਹਾਊਸ ਨੇ ਬਾਹਾਂ ਖੜ੍ਹੀਆਂ ਕਰਕੇ ਪਾਸ ਕੀਤਾ।
ਇਸ ਮੌਕੇ ਸਰਬਸੰਮਤੀ ਨਾਲ ਚੁਣੀ ਗਈ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੀ ਸਮੁੱਚੀ ਟੀਮ ਦਾ ਸਵਾਗਤ ਪ੍ਰਧਾਨਗੀ ਮੰਡਲ ਵੱਲੋਂ ਜਿੱਥੇ ਹਾਰ ਪਾ ਕੇ ਕੀਤਾ ਗਿਆ, ਉਥੇ ਹੀ ਸਭਾ ਦੇ ਮੈਂਬਰਾਂ ਨੇ ਲੱਡੂ ਵੰਡ ਕੇ ਸਭ ਨੂੰ ਵਧਾਈ ਦਿੱਤੀ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਡਾ. ਸਰਬਜੀਤ ਸਿੰਘ ਤੇ ਸੁਸ਼ੀਲ ਦੁਸਾਂਝ ਹੁਰਾਂ ਨੇ ਵੀ ਸਭਾ ਦੀ ਕਾਰਗੁਜ਼ਾਰੀ ਨੂੰ ਤਸੱਲੀਜਨਕ ਦੱਸਦਿਆਂ ਕੁਝ ਵਡਮੁੱਲੇ ਸੁਝਾਅ ਦਿੱਤੇ ਤੇ ਨਵੀਂ ਟੀਮ ਨੂੰ ਵਧਾਈ ਦਿੱਤੀ। ਮੰਚ ਤੋਂ ਆਪਣੇ ਵਿਚਾਰ ਬਲਕਾਰ ਸਿੱਧੂ, ਡਾ. ਅਵਤਾਰ ਸਿੰਘ ਪਤੰਗ, ਪਾਲ ਅਜਨਬੀ ਹੁਰਾਂ ਨੇ ਜਿੱਥੇ ਸਾਂਝੇ ਕੀਤੇ, ਉਥੇ ਹੀ ਸਭਨਾਂ ਦਾ ਧੰਨਵਾਦ ਡਾ. ਗੁਰਮੇਲ ਸਿੰਘ ਹੁਰਾਂ ਨੇ ਕੀਤਾ। ਇਸ ਆਮ ਇਜਲਾਸ ਵਿਚ ਉਚੇਚੇ ਤੌਰ ‘ਤੇ ਸ਼ਾਮਲ ਹੋਣ ਪਹੁੰਚੇ ਸਿਰੀ ਰਾਮ ਅਰਸ਼, ਰਜਿੰਦਰ ਕੌਰ, ਭਗਤ ਰਾਮ ਰੰਘਾੜਾ, ਡਾ. ਅਮਰ ਜਯੋਤੀ, ਡਾ. ਗੁਰਮਿੰਦਰ ਸਿੱਧੂ, ਕੰਵਲ ਦੁਸਾਂਝ, ਜੈ ਸਿੰਘ ਛਿੱਬਰ, ਮਨਮੋਹਨ ਸਿੰਘ ਕਲਸੀ, ਭੁਪਿੰਦਰ ਸਿੰਘ ਮਲਿਕ, ਬਹਾਦਰ ਸਿੰਘ ਗੋਸਲ, ਕਸ਼ਮੀਰ ਕੌਰ ਸੰਧੂ, ਗੁਰਦਰਸ਼ਨ ਮਾਵੀ, ਜੈਨਿੰਦਰ ਚੌਹਾਨ, ਸੰਜੀਵਨ ਸਿੰਘ, ਸੁਖਵਿੰਦਰ ਸਿੱਧੂ, ਡਾ. ਪੰਨਾ ਲਾਲ, ਜਗਦੀਪ ਸਿੱਧੂ, ਦਰਸ਼ਨ ਤ੍ਰਿਊਣਾ ਆਦਿ ਸਣੇ ਪਹੁੰਚੇ ਹੋਰ ਮੈਂਬਰਾਂ ਦਾ ਮੰਚ ਤੋਂ ਉਚੇਚਾ ਧੰਨਵਾਦ ਕੀਤਾ ਗਿਆ। ਸਭਨਾਂ ਮੈਂਬਰਾਂ ਨੇ ਸਰਬਸੰਮਤੀ ਨਾਲ ਚੁਣੇ ਗਏ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ।

Check Also

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਲਗਾਇਆ ਵੱਡਾ ਆਰੋਪ

ਕਿਹਾ : ਸੀਐਮ ਮਾਨ ਨੇ ਬੇਨਾਮੀ ਸੰਪਤੀ ਆਪਣੀ ਮਾਤਾ ਦੇ ਨਾਂ ਕਰਵਾਈ ਜਲੰਧਰ/ਬਿਊਰੋ ਨਿਊਜ਼ : …