Breaking News
Home / ਪੰਜਾਬ / ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਨੇ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ

ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਨੇ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ

ਦੋਵਾਂ ਦੇਸ਼ਾਂ ਵਿਚਾਲੇ ਅਮਨ ਤੇ ਸ਼ਾਂਤੀ ਲਈ ਕੀਤੀ ਅਰਦਾਸ
ਅੰਮ੍ਰਿਤਸਰ/ਬਿਊਰੋ ਨਿਊਜ਼ : ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਮੱਥਾ ਟੇਕਦਿਆਂ ਦੋਵਾਂ ਮੁਲਕਾਂ ‘ਚ ਅਮਨ ਸ਼ਾਂਤੀ ਅਤੇ ਤਰੱਕੀ ਦੀ ਅਰਦਾਸ ਕੀਤੀ ਗਈ।
ਚੜ੍ਹਦੇ ਪੰਜਾਬ ਵੱਲੋਂ ਕਥਾਕਾਰ ਦੀਪ ਦੇਵਿੰਦਰ ਸਿੰਘ ਅਤੇ ਸ਼ਾਇਰ ਦੇਵ ਦਰਦ ਦੀ ਅਗਵਾਈ ਵਿੱਚ ਗਏ ਗਜ਼ਲਗੋ ਐੱਸ. ਨਸੀਮ, ਅਰਤਿੰਦਰ ਸੰਧੂ, ਕਾਲਮ ਨਵੀਸ ਮਨਮੋਹਨ ਸਿੰਘ ਢਿੱਲੋਂ, ਸ਼ੇਲਿੰਦਰਜੀਤ ਰਾਜਨ, ਹਰਜੀਤ ਸੰਧੂ, ਮਨਜੀਤ ਸਿੰਘ ਵੱਸੀ, ਰਾਜਖੁਸ਼ਵੰਤ ਸਿੰਘ ਸੰਧੂ ਅਤੇ ਪ੍ਰਤੀਕ ਸਹਿਦੇਵ ਜਦਕਿ ਲਹਿੰਦੇ ਪੰਜਾਬ ਤੋਂ ਪ੍ਰਮੁੱਖ ਗ਼ਲਪਕਾਰ ਤੇ ਸ਼ਾਇਰ ਅਹਿਸਾਨ ਬਾਜਵਾ ਦੀ ਅਗਵਾਈ ‘ਚ ਫਕੀਰ ਸਈਅਦ ਸੈਫੂਦੀਨ, ਯਈਆ ਉਲ ਸਰਾਏ, ਅਹਿਮਦ ਰਜ਼ਾ, ਮੀਆਂ ਆਸਿਫ਼ ਅਲੀ, ਮੁਹੰਮਦ ਆਸਿਫ਼, ਅਹਿਮਦ ਹੁਸੈਨ, ਸਮਰੀਨਾ ਆਸਿਫ਼ ਆਦਿ ਸਾਹਿਤਕ ਸ਼ਖਸ਼ੀਅਤਾਂ ਨੇ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਤਾਮੀਰ ਕੀਤੇ ਭਾਈ ਅਜਿਤਾ ਜੀ ਬਾਜ਼ਾਰ ਅੰਦਰ ਆਮ ਲੋਕਾਂ ਦੀ ਹਾਜ਼ਰੀ ‘ਚ ਸਾਹਿਤਕਾਰਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਇੱਕ ਭਾਸ਼ਾ, ਇੱਕ ਸੱਭਿਆਚਾਰ ਤੇ ਇੱਕੋ ਜਿਹੀ ਜ਼ਿੰਦਗੀ ਬਸਰ ਵਾਲੇ ਲੋਕਾਂ ਨੂੰ ਬਾਬੇ ਨਾਨਕ ਦੀ ਇਸ ਧਰਤੀ ਤੋਂ ਮਨੁੱਖੀ ਸਾਂਝ ਦਾ ਨਵਾਂ ਅਧਿਆਏ ਸ਼ੁਰੂ ਕਰਨ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ। ਉਨ੍ਹਾਂ ਦੋਹਾਂ ਸਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਲਾਂਘੇ ਹੋਰ ਖੋਲ੍ਹਣੇ ਚਾਹੀਦੇ ਹਨ। ਸਾਹਿਤਕਾਰਾਂ ਵੱਲੋਂ ਸ਼ਬਦ ਅਤੇ ਸੰਵਾਦ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਹਿੱਤ ਦੋਹਾਂ ਪੰਜਾਬਾਂ ਦੇ ਅਦਬੀ ਲੋਕਾਂ ਦੀ ਸਾਹਿਤਕ ਮਿਲਣੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕਰਵਾਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਜੋ ਇਹ ਪਵਿੱਤਰ ਅਸਥਾਨ ਭਾਈਚਾਰਕ ਸਾਂਝ ਵਜੋਂ ਵੀ ਦੁਨੀਆਂ ਭਰ ਵਿੱਚ ਜਾਣਿਆ ਜਾ ਸਕੇ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …