ਸ਼ਾਮਲਾਟ ਜ਼ਮੀਨਾਂ ਹੜੱਪਣ ਵਿਰੁੱਧ 4 ਜਨਵਰੀ ਤੋਂ ਸ਼ੁਰੂ ਹੋਵੇਗਾ ਅੰਦੋਲਨ : ਸਿਮਰਜੀਤ ਬੈਂਸ
ਚੰਡੀਗੜ੍ਹ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਚੰਡੀਗੜ੍ਹ ਇੱਥੇ ਐਲਾਨ ਕੀਤਾ ਕਿ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਨੂੰ ਲੈਂਡ ਬੈਂਕਾਂ ਦੇ ਨਾਂ ਹੇਠ ਹੜੱਪਣ ਵਿਰੁੱਧ ਪਾਰਟੀ ਵੱਲੋਂ ਅਗਲੇ ਮਹੀਨੇ ਚਾਰ ਜਨਵਰੀ ਤੋਂ ਅੰਦੋਲਨ ਵਿੱਢਿਆ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਕਿਸੇ ਪਿੰਡ ਦੀ ਇਕ ਇੰਚ ਜ਼ਮੀਨ ਵੀ ਲੈਂਡ ਬੈਂਕਾਂ ਲਈ ਐਕੁਆਇਰ ਕਰ ਕੇ ਦਿਖਾਉਣ। ਉਨ੍ਹਾਂ ਦੱਸਿਆ ਕਿ ‘ਸਾਡੀ ਪੰਚਾਇਤ, ਸਾਡੀ ਜ਼ਮੀਨ’ ਅੰਦੋਲਨ ਖੰਨਾ ਨੇੜਲੇ ਪਿੰਡ ਭਮੱਦੀ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਸੂਬੇ ਭਰ ਵਿਚ ਕੀਤਾ ਜਾਵੇਗਾ। ਬੈਂਸ ਨੇ ਕਿਹਾ ਕਿ ਸਰਕਾਰ ਪਿਛਲੇ ਅਰਸੇ ਵਿਚ ਬੰਦ ਹੋਈਆਂ ਅਠਾਰਾਂ ਹਜ਼ਾਰ ਤੋਂ ਵੱਧ ਸਨਅਤੀ ਇਕਾਈਆਂ ਨੂੰ ਚਲਾਉਣ ਦਾ ਯਤਨ ਕਿਉਂ ਨਹੀਂ ਕਰ ਰਹੀ। ਇਨ੍ਹਾਂ ਸਨਅਤੀ ਇਕਾਈਆਂ ਦੀ ਜ਼ਮੀਨ ਬੇਕਾਰ ਪਈ ਹੈ ਤੇ ਨਵੇਂ ਲੈਂਡ ਬੈਂਕ ਬਣਾਉਣ ਦੀ ਥਾਂ ਜੇ ਇਨ੍ਹਾਂ ਦੀ ਜ਼ਮੀਨ ਹੀ ਵਰਤੀ ਜਾਵੇ ਤਾਂ ਹੋਰ ਜ਼ਮੀਨ ਐਕੁਆਇਰ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਫਿਰ ਵੀ ਪੰਜਾਬ ਸਰਕਾਰ ਜ਼ਮੀਨ ਐਕੁਆਇਰ ਕਰਨਾ ਚਾਹੁੰਦੀ ਹੈ ਤਾਂ ਉਹ 2013 ਦੇ ਭੂਮੀ ਗ੍ਰਹਿਣ ਐਕਟ ਦੀਆਂ ਸ਼ਰਤਾਂ ਮੁਤਾਬਕ ਐਕੁਆਇਰ ਕਰੇ। ਉਨ੍ਹਾਂ ਕਿਹਾ ਕਿ ਪਾਰਟੀ ਜ਼ਮੀਨਾਂ ਬਚਾਉਣ ਲਈ ਅੰਦੋਲਨ ਦੇ ਨਾਲ-ਨਾਲ ਅਦਾਲਤਾਂ ਦਾ ਵੀ ਸਹਾਰਾ ਲਵੇਗੀ ਤੇ ਮਾਣਹਾਨੀ ਦਾ ਕੇਸ ਵੀ ਪਾਵੇਗੀ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਨੂੰ ਲੰਮੇ ਅਰਸੇ ਤੋਂ ਕਿਸਾਨ ਵਾਹ ਰਹੇ ਹਨ ਅਤੇ ਉਨ੍ਹਾਂ ਨੂੰ ਉਜਾੜ ਕੇ ਜ਼ਮੀਨਾਂ ਲੈਂਡ ਬੈਂਕ ਦੇ ਨਾਂ ਕੁਝ ਪਰਿਵਾਰਾਂ ਨੂੰ ਦੇਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਦਰਅਸਲ ਸੂਬੇ ਦੀਆਂ ਦੋ ਵੱਡੀਆਂ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੇ ਉਨ੍ਹਾਂ ਵਿਚੋਂ ਵੀ ਦੋ ਪਰਿਵਾਰ ਜ਼ਮੀਨ ਹੜੱਪਣ ਦੀ ਝਾਕ ਵਿਚ ਹਨ। ਇਸ ਮੌਕੇ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਦੇ ਪਿੰਡਾਂ ਸਿਹਰਾ, ਸਿਹਰੀ, ਆਕੜੀ, ਪਾਬੜਾ, ਤਖ਼ਤੂਮਾਜਰਾ ਦੇ ਲੋਕ ਹਾਜ਼ਰ ਸਨ, ਜਿਹੜੇ ਪਿਛਲੇ ਪੰਜਾਹ-ਸੱਠ ਸਾਲਾਂ ਤੋਂ ਸ਼ਾਮਲਾਟ ਜ਼ਮੀਨਾਂ ਠੇਕੇ ‘ਤੇ ਲੈ ਕੇ ਖੇਤੀ ਕਰ ਰਹੇ ਹਨ ਤੇ ਉਨ੍ਹਾਂ ਦੇ ਨਾਂ ‘ਤੇ ਹੀ ਇਨ੍ਹਾਂ ਜ਼ਮੀਨਾਂ ਦੀਆਂ ਗਿਰਦਾਵਰੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਪਿੰਡਾਂ ਦੀ ਇਕ ਹਜ਼ਾਰ ਏਕੜ ਜ਼ਮੀਨ ਜਾਪਾਨੀ ਕੰਪਨੀ ਨੂੰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਉਹ ਇਸ ਦਾ ਡਟ ਕੇ ਵਿਰੋਧ ਕਰਨਗੇ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …