-10 C
Toronto
Sunday, January 25, 2026
spot_img
Homeਪੰਜਾਬਹਰਿਆਣਾ ਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਲਈ 21 ਅਕਤੂਬਰ ਨੂੰ ਪੈਣਗੀਆਂ ਵੋਟਾਂ

ਹਰਿਆਣਾ ਤੇ ਮਹਾਰਾਸ਼ਟਰ ‘ਚ ਵਿਧਾਨ ਸਭਾ ਲਈ 21 ਅਕਤੂਬਰ ਨੂੰ ਪੈਣਗੀਆਂ ਵੋਟਾਂ

ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਵੱਲੋਂ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਦਿੱਲੀ ਸਥਿਤ ਕਮਿਸ਼ਨ ਦੇ ਦਫ਼ਤਰ ‘ਚ ਕੀਤਾ ਗਿਆ। ਦੋਵਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਵੋਟਾਂ 21 ਅਕਤੂਬਰ ਨੂੰ ਪੈਣਗੀਆਂ ਤੇ ਚੋਣ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਚੋਣਾਂ ਦਾ ਐਲਾਨ ਹੁੰਦੇ ਹੀ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰਨ ਦੀ ਆਖ਼ਰੀ ਤਾਰੀਕ 4 ਅਕਤੂਬਰ ਹੈ ਤੇ ਪਰਚਿਆਂ ਦੀ ਪੜਤਾਲ 5 ਅਕਤੂਬਰ ਨੂੰ ਕੀਤੀ ਜਾਵੇਗੀ। ਉਮੀਦਵਾਰ ਆਪਣਾ ਨਾਂ 7 ਅਕਤੂਬਰ ਤੱਕ ਵਾਪਸ ਲੈ ਸਕਣਗੇ। ਅਰੋੜਾ ਨੇ ਦੱਸਿਆ ਕਿ ਚੋਣਾਂ ਲਈ ਨੋਟੀਫਿਕੇਸ਼ਨ 27 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਦੋਵਾਂ ਰਾਜਾਂ ਦੀਆਂ ਮੌਜੂਦਾ ਸਰਕਾਰਾਂ ਨਵੀਆਂ ਯੋਜਨਾਵਾਂ ਦਾ ਐਲਾਨ ਨਹੀਂ ਕਰ ਸਕਦੀਆਂ ਤੇ ਨਵੇਂ ਪ੍ਰਾਜੈਕਟ ਸ਼ੁਰੂ ਜਾਂ ਉਦਘਾਟਨ ਨਹੀਂ ਕੀਤੇ ਜਾ ਸਕਦੇ। ਚੋਣਾਂ ਦੌਰਾਨ ਦੋਵਾਂ ਰਾਜਾਂ ਵਿੱਚ ਕੇਂਦਰੀ ਯੋਜਨਾਵਾਂ ਦਾ ਐਲਾਨ ਵੀ ਨਹੀਂ ਕੀਤਾ ਜਾ ਸਕੇਗਾ। ਅਰੋੜਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਉੱਪਰ ਵੀ ਚੋਣ ਕਮਿਸ਼ਨ ਦੀ ਨਜ਼ਰ ਰਹੇਗੀ। ਅਰੋੜਾ ਨੇ ਕਿਹਾ ਕਿ ਈਵੀਐਮਜ਼ ਦੀ 24 ਘੰਟੇ ਸੁਰੱਖਿਆ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਦੇ ਅਗਲੇ ਦਿਨ ਤੋਂ ਉਮੀਦਵਾਰਾਂ ਨੂੰ 14 ਦਿਨ ਤੱਕ ਚੋਣ ਪ੍ਰਚਾਰ ਦੀ ਇਜਾਜ਼ਤ ਮਿਲੇਗੀ। ਚੋਣ ਮੁਹਿੰਮ ਦੇ ਖ਼ਤਮ ਹੋਣ ਤੋਂ ਬਾਅਦ ਤੀਜੇ ਦਿਨ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਵੋਟਾਂ ਪੁਆਉਣ ਲਈ ਇੱਕ ਦਿਨ ਰਾਖਵਾਂ ਰੱਖਿਆ ਹੈ। ਹਰਿਆਣਾ ਵਿੱਚ 1.28 ਕਰੋੜ ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ ਜਦਕਿ ਮਹਾਰਾਸ਼ਟਰ ਵਿੱਚ 8.94 ਕਰੋੜ ਵੋਟਰ ਇਸ ਵਾਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਹਰਿਆਣਾ ਵਿੱਚ 1 ਲੱਖ 30 ਹਜ਼ਾਰ ‘ਈਵੀਐੱਮਜ਼’ ਲਾਈਆਂ ਜਾਣਗੀਆਂ ਜਦਕਿ ਮਹਾਰਾਸ਼ਟਰ ਵਿੱਚ 1 ਲੱਖ 80 ਹਜ਼ਾਰ ‘ਈਵੀਐਮਜ਼’ ਦੀ ਵਰਤੋਂ ਕੀਤੀ ਜਾਵੇਗੀ। ਮੌਜੂਦਾ ਹਰਿਆਣਾ ਸਰਕਾਰ ਦਾ ਕਾਰਜਕਾਲ 2 ਨਵੰਬਰ ਤੇ ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 9 ਨਵੰਬਰ ਨੂੰ ਖ਼ਤਮ ਹੋਵੇਗਾ।

RELATED ARTICLES
POPULAR POSTS