ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਧਰਮਸੋਤ ਨੂੰ ਕੀਤਾ ਗਿਆ ਸੀ ਗਿ੍ਫ਼ਤਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਜੰਗਲਾਤ ਵਿਭਾਗ ਨਾਲ ਜੁੜੇ ਕਰੋੜਾਂ ਰੁਪਏ ਦੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਗਿ੍ਰਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਈਡੀ ਵੱਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ’ਚ ਈਡੀ ਨੇ ਧਰਮਸੋਤ ਦਾ ਰਿਮਾਂਡ ਲੈਣ ਲਈ ਕਈ ਤਰਕ ਦਿੱਤੇ। ਇਸ ਮੌਕੇ ਈਡੀ ਨੇ ਕਿਹਾ ਕਿ ਇਨ੍ਹਾਂ ਦੇ ਬੈਂਕ ਖਾਤਿਆਂ, ਪ੍ਰਾਪਰਟੀ ਅਤੇ ਹੋਰ ਚੀਜ਼ਾਂ ਦੀ ਪੜਤਾਲ ਕਰਨੀ ਹੈ ਜਦਕਿ ਇਸ ਤੋਂ ਇਲਾਵਾ ਕਈ ਹੋਰ ਚੀਜ਼ਾਂ ਦੀ ਜਾਂਚ ਵੀ ਇਨ੍ਹਾਂ ਖਿਲਾਫ ਫਿਲਹਾਲ ਚੱਲ ਰਹੀ ਹੈ। ਅਦਾਲਤ ਨੇ ਸਾਰੇ ਤੱਥਾਂ ਨੂੰ ਸੁਣਨ ਤੋਂ ਬਾਅਦ ਧਰਮਸੋਤ ਨੂੰ ਦੋ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ। ਪੇਸ਼ੀ ਭੁਗਤਣ ਆਏ ਸਾਬਕਾ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਧਿਆਨ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਲੰਘੇ ਸੋਮਵਾਰ ਨੂੰ ਗਿ੍ਰਫ਼ਤਾਰ ਕੀਤਾ ਸੀ। ਉਨ੍ਹਾਂ ਨੂੰ ਜੰਗਲਾਤ ਘੁਟਾਲਾ ਮਾਮਲੇ ਅਤੇ ਆਮਦਨ ਤੋਂ ਵੱਧ ਸੰਪਤੀ ਬਣਾਉਣ ਦੇ ਮਾਮਲੇ ’ਚ ਪੁੱਛਗਿੱਛ ਕਰਨ ਲਈ ਈਡੀ ਨੇ ਜਲੰਧਰ ਬੁਲਾਇਆ ਸੀ। ਜਦਕਿ ਇਸ ਤੋਂ ਪਹਿਲਾਂ ਨਵੰਬਰ 2023 ’ਚ ਈਡੀ ਨੇ ਧਰਮਸੋਤ ਤੋਂ ਇਲਾਵਾ ਸੰਗਤ ਸਿੰਘ ਗਿਲਜੀਆਂ ਸਮੇਤ ਜੰਗਲਾਤ ਵਿਭਾਗ ਦੇ ਕੁੱਝ ਠੇਕੇਦਾਰਾਂ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਘਰ ਵੀ ਰੇਡ ਕੀਤੀ ਸੀ।