ਮਾਲ ਵਿਭਾਗ ਨੇ ਇੱਕ ਦਿਨ ਵਿੱਚ 31 ਹਜ਼ਾਰ ਤੋਂ ਵੱਧ ਇੰਤਕਾਲ ਨਿਪਟਾਏ, ਮੁੱਖ ਮੰਤਰੀ ਵੱਲੋਂ15 ਨੂੰ ਮੁੜ ਕੈਂਪ ਲਾਉਣਦਾ ਐਲਾਨ
ਚੰਡੀਗੜ੍ਹ, ਮੋਗਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ 6 ਜਨਵਰੀ ਨੂੰ ਲਗਾਏ ਗਏ ਵਿਸ਼ੇਸ਼ ਇੰਤਕਾਲ ਕੈਂਪਾਂ ਦੀ ਸਫਲਤਾ ਨੂੰ ਦੇਖਦਿਆਂ 15 ਜਨਵਰੀ ਨੂੰ ਮੁੜ ਵਿਸ਼ੇਸ਼ ਇੰਤਕਾਲ ਕੈਂਪ ਲਗਾਉਣ ਦਾ ਐਲਾਨ ਕੀਤਾ ਹੈ। ਮਾਨ ਨੇ ਕਿਹਾ ਕਿ ਲੰਘੇ ਸ਼ਨਿੱਚਰਵਾਰ ਨੂੰ ਲਗਾਏ ਗਏ ਕੈਂਪਾਂ ਨੂੰ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਨ੍ਹਾਂ ਕੈਂਪਾਂ ਵਿੱਚ ਇੰਤਕਾਲ ਦੇ 31,000 ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। ਸੂਬਾ ਸਰਕਾਰ ਆਉਣ ਵਾਲੇ ਸਮੇਂ ਵਿੱਚ ਵੀ ਆਮ ਲੋਕਾਂ ਦੀ ਸਹੂਲਤ ਲਈ ਅਜਿਹੇ ਲੋਕ ਪੱਖੀ ਉਪਰਾਲੇ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ 15 ਜਨਵਰੀ ਨੂੰ ਸੂਬੇ ਭਰ ਵਿੱਚ ਅਜਿਹਾ ਕੈਂਪ ਲਗਾਇਆ ਜਾਵੇਗਾ ਤਾਂ ਕਿ ਬਕਾਇਆ ਕੇਸਾਂ ਦਾ ਵੀ ਨਿਪਟਾਰਾ ਕੀਤਾ ਜਾ ਸਕੇ। ਭਗਵੰਤ ਮਾਨ ਨੇ ਲੋਕਾਂ ਨੂੰ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਪੰਜਾਬ ਵਿੱਚ ਮਾਲ ਵਿਭਾਗ ਨੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ ਇਕ ਦਿਨ ਵਿੱਚ 31 ਹਜ਼ਾਰ 538 ਇੰਤਕਾਲ ਨਿਪਟਾ ਕੇ ਨਵੀਂ ਮਿਸਾਲ ਕਾਇਮ ਕੀਤੀ ਹੈ। ਦੂਜੇ ਪਾਸੇ ਕਰੀਬ ਡੇਢ ਸਾਲ ਤੋਂ ਸੂਬੇ ਵਿੱਚ ਲੱਖਾਂ ਦੀ ਗਿਣਤੀ ਵਿਚ ਬੰਦ ਪਏ ‘ਟੈਕਸਟ ਐਂਟਰੀ ਇੰਤਕਾਲ’ ਉੱਤੇ ਕਿਸਾਨ ਤੇ ਆਮ ਲੋਕ ਸੁਆਲ ਚੁੱਕ ਰਹੇ ਹਨ। ਇੰਤਕਾਲਾਂ ਦੀਆਂ ਸ਼ਿਕਾਇਤਾਂ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੈਲਪਲਾਈਨ ਨੰਬਰ 8184900002 ਅਤੇ ਐੱਨਆਰਆਈਜ਼ ਲਈ 9464100168 ਨੰਬਰ ਜਾਰੀ ਕੀਤਾ ਹੈ।
ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਕਿਹਾ ਕਿ ਸਰਕਾਰ ਨੂੰ ਸੂਬਾ ਭਰ ਦੇ ਪਿੰਡਾਂ ਵਿੱਚ ਡੇਢ ਸਾਲ ਤੋਂ ਬੰਦ ਜ਼ਮੀਨੀ ‘ਟੈਕਸਟ ਐਂਟਰੀ ਇੰਤਕਾਲ’ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜ਼ਮੀਨਾਂ ਖਰੀਦ ਕੇ ਰਜਿਸਟਰੀਆਂ ਵੀ ਕਰਵਾ ਲਈਆਂ। ਇੰਤਕਾਲ ਲਈ ਸਰਕਾਰੀ ਫੀਸ ਵੀ ਭਰ ਦਿੱਤੀ ਪਰ ਪਟਵਾਰੀ ਟੈਕਸਟ ਐਂਟਰੀ ਇੰਤਕਾਲ ਨਾ ਹੋਣ ਦੀ ਗੱਲ ਆਖ ਰਹੇ ਹਨ। ਇਸ ਕਾਰਨ ਖਰੀਦਦਾਰ ਜ਼ਮੀਨ ਦੇ ਮਾਲ ਰਿਕਾਰਡ ਵਿੱਚ ਮਾਲਕ ਨਹੀਂ ਬਣ ਸਕੇ। ਕਿਸਾਨ ਲਿਮਟਾਂ ਬਣਾਉਣ ਲਈ ਖੱਜਲ ਹੋ ਰਹੇ ਹਨ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜਿ ਵਿਚ 5 ਜਨਵਰੀ ਤੱਕ 2284 ਇੰਤਕਾਲ ਮਾਮਲੇ ਬਕਾਇਆ ਸਨ, ਜਿਨ੍ਹਾਂ ਵਿੱਚੋਂ 838 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਬਾਕੀ ਰਹਿੰਦੇ ਇੰਤਕਾਲ ਵੀ ਜਲਦੀ ਨਿਪਟਾਉਣ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਰੈਵੇਨਿਊ ਅਫ਼ਸਰ ਐਸੋਸੀਏਸਨ ਸੂਬਾ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੇ ਕਿਹਾ ਕਿ ਮਾਲ ਵਿਭਾਗ ਦੇ ਅਧਿਕਾਰੀਆਂ, ਕਾਨੂੰਗੋ, ਪਟਵਾਰੀਆਂ ਨੇ ਸ਼ਨਿਚਰਵਾਰ ਨੂੰ ਸੂਬੇ ਭਰ ਵਿੱਚ ਪੈਂਡਿੰਗ (ਲੰਬਿਤ) ਇੰਤਕਾਲ ਨਿਪਟਾਉਣ ਲਈ ਕਾਫ਼ੀ ਮਿਹਨਤ ਕੀਤੀ।