Breaking News
Home / ਪੰਜਾਬ / ਪੰਜਾਬ ਨੂੰ ਬਚਾਉਣ ਲਈ ਇਮਾਨਦਾਰ ਆਗੂ ਚੁਣਨ ਦੀ ਲੋੜ : ਨਵਜੋਤ ਸਿੱਧੂ

ਪੰਜਾਬ ਨੂੰ ਬਚਾਉਣ ਲਈ ਇਮਾਨਦਾਰ ਆਗੂ ਚੁਣਨ ਦੀ ਲੋੜ : ਨਵਜੋਤ ਸਿੱਧੂ

ਕੋਟਸ਼ਮੀਰ ਰੈਲੀ ਦੌਰਾਨ ਸਿਆਸਤਦਾਨਾਂ ‘ਤੇ ਲਾਏ ਪੰਜਾਬ ਨੂੰ ਡੋਬਣ ਦੇ ਆਰੋਪ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ‘ਚ ‘ਜਿੱਤੇਗਾ ਪੰਜਾਬ-ਜਿੱਤੇਗੀ ਕਾਂਗਰਸ’ ਰੈਲੀ ਦੌਰਾਨ ਕਿਹਾ ਕਿ ਜਦੋਂ ਤੱਕ ਚੰਗੇ ਕਿਰਦਾਰ ਵਾਲੀ ਕੋਈ ਸ਼ਖ਼ਸੀਅਤ ਸੂਬੇ ਦੀ ਅਗਵਾਈ ਨਹੀਂ ਕਰੇਗੀ, ਉਦੋਂ ਤੱਕ ਸੂਬਾ ਪੈਰਾਂ ਸਿਰ ਨਹੀਂ ਹੋ ਸਕਦਾ। ਵਿਵਾਦਾਂ ਦੌਰਾਨ ਹੋਈ ਇਸ ਰੈਲੀ ‘ਚ ਨਵਜੋਤ ਸਿੱਧੂ ਨੇ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਹੁਣ ਤੱਕ ਪੰਜਾਬ ਨਾਲ ਧਰੋਹ ਕਮਾਇਆ। ਉਨ੍ਹਾਂ ਕਿਹਾ ਕਿ ਜੀਐਸਟੀ ਅਜਿਹਾ ਜਜ਼ੀਆ ਹੈ ਜੋ ਪਹਿਲਾਂ ਲੋਕਾਂ ਤੋਂ ਉਗਰਾਹ ਕੇ ਰਾਜ ਕੇਂਦਰ ਨੂੰ ਦਿੰਦੇ ਹਨ ਅਤੇ ਫਿਰ ਆਪਣਾ ਹਿੱਸਾ ਲੈਣ ਲਈ ਤਰਲੇ ਕੱਢਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵੀ ਉਨ੍ਹਾਂ ਰਾਜਾਂ ‘ਚੋਂ ਇੱਕ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਭਾਖੜਾ ਡੈਮ ‘ਚ ਪਾਣੀ ਪੰਜਾਬ ਦਾ ਹੈ ਪਰ ਇਸ ਦਾ ਕੰਟਰੋਲ ਕੇਂਦਰ ਕੋਲ ਕਿਉਂ? ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ‘ਤੇ ਵਰ੍ਹਦਿਆਂ ਕਿਹਾ ਕਿ 40 ਸਾਲ ਪੰਥ ਦੇ ਨਾਂਅ ‘ਤੇ ਰਾਜ ਕਰਨ ਵਾਲਿਆਂ ਦੇ ਰਾਜ ਵਿੱਚ ਵੋਟਾਂ ਖ਼ਾਤਰ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ।
ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਖ਼ਰੀਦੇ ਗਏ ਗੋਇੰਦਵਾਲ ਥਰਮਲ ਪਲਾਟ ਨੂੰ ‘ਚਿੱਟਾ ਹਾਥੀ’ ਦੱਸਦਿਆਂ ਕਿਹਾ ਕਿ ਇਸ ‘ਤੇ ਪਹਿਲਾਂ ਹੀ 7-8 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਵਰ੍ਹਦਿਆਂ ਪੰਜਾਬ ਦੇ ਆਬਕਾਰੀ ਖੇਤਰ ‘ਚ ਘਪਲਾ ਕਰਨ ਦਾ ਆਰੋਪ ਲਾਇਆ। ਉਨ੍ਹਾਂ ਕਿਹਾ ਕਿ ਨਵਾਂ ਸਾਲ ਚੜ੍ਹੇ ਨੂੰ ਅਜੇ ਹਫ਼ਤਾ ਨਹੀਂ ਲੰਘਿਆ ਸੀ ਕਿ ਪੰਜਾਬ ਸਰਕਾਰ ਨੇ ਢਾਈ ਹਜ਼ਾਰ ਕਰੋੜ ਦਾ ਕਰਜ਼ਾ ਹੋਰ ਚੁੱਕ ਲਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਂਗਰਸ ਨਹੀਂ ਬਦਲੇਗੀ ਉਦੋਂ ਤੱਕ ਵੋਟਰ ਚੰਗੇ ਕਿਰਦਾਰਾਂ ਨੂੰ ਅੱਗੇ ਨਹੀਂ ਲਿਆਉਣਗੇ ਉਦੋਂ ਤੱਕ ਪੰਜਾਬ ਦਾ ਸਵੈ-ਨਿਰਭਰ ਹੋਣਾ ਮੁਸ਼ਕਿਲ ਹੈ।
ਉਨ੍ਹਾਂ ਆਖਿਆ ਕਿ ਲੋਕਾਂ ਨੂੰ ਪੰਜਾਬ ਦੀ ਅਗਵਾਈ ਲਈ ਅਜਿਹਾ ਇਮਾਨਦਾਰ ਆਦਮੀ ਚੁਣਨਾ ਪਵੇਗਾ ਜਿਸ ਦੀ ਜ਼ੁਬਾਨ ਹੋਵੇ ਅਤੇ ਵਚਨਾਂ ‘ਤੇ ਖੜ੍ਹੇ। ਉਨ੍ਹਾਂ ਬਗ਼ੈਰ ਕਿਸੇ ਦਾ ਨਾਂ ਲਿਆਂ ਕਿਹਾ ਕਿ ‘ਇਹ ਤਾਂ ਸਾਰੇ ਈਡੀ. ਤੋਂ ਹੀ ਡਰ ਜਾਂਦੇ ਐ।’
ਇਸ ਮੌਕੇ ਰੈਲੀ ਦੇ ਮੁੱਖ ਪ੍ਰਬੰਧਕ ਹਰਵਿੰਦਰ ਸਿੰਘ ਲਾਡੀ, ਪ੍ਰਬੰਧਕ ਨਰਾਇਣ ਸਿੰਘ ਖਾਲਸਾ ਕੋਟਸ਼ਮੀਰ, ਸੁਰਜੀਤ ਸਿੰਘ ਧੀਮਾਨ, ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ (ਚਾਰੇ ਸਾਬਕਾ ਵਿਧਾਇਕ), ਸੀਨੀਅਰ ਕਾਂਗਰਸੀ ਆਗੂ ਚਾਨਣ ਸਿੰਘ, ਸਪੋਕਸਪਰਸਨ ਮਨਜੀਤ ਸਿੰਘ ਕੋਟਫੱਤਾ ਸਮੇਤ ਕਈ ਹੋਰ ਆਗੂ ਹਾਜ਼ਰ ਸਨ।
ਨਵਜੋਤ ਸਿੱਧੂ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ
ਤਲਵੰਡੀ ਸਾਬੋ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਵੀ ਹੋਏ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਸਿੱਧੂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਕੀਰਤਨ ਵੀ ਸਰਵਣ ਕੀਤਾ। ਮਗਰੋਂ ਨਵਜੋਤ ਸਿੱਧੂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਰਿਹਾਇਸ਼ ‘ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਜਥੇਦਾਰ ਨਾਲ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਸਮੇਂ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇਸ ਸਮੇਂ ਸਿਰਫ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਲੈਣ ਲਈ ਇਸ ਪਵਿੱਤਰ ਅਸਥਾਨ ‘ਤੇ ਪਹੁੰਚੇ ਹਨ। ਇਸ ਲਈ ਇਸ ਮੌਕੇ ਕਿਸੇ ਵੀ ਤਰ੍ਹਾਂ ਦੀ ਕੋਈ ਰਾਜਸੀ ਗੱਲ ਨਹੀਂ ਕਰਨਗੇ।
ਹਾਈਕਮਾਂਡ ਦੀ ਸਿੱਧੂ ਦੀਆਂ ਗਤੀਵਿਧੀਆਂ ‘ਤੇ ਨਜ਼ਰ
ਬਠਿੰਡਾ : ਪਿੰਡ ਕੋਟਸ਼ਮੀਰ ‘ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ‘ਜਿੱਤੇਗਾ ਪੰਜਾਬ-ਜਿੱਤੇਗੀ ਕਾਂਗਰਸ’ ਬੈਨਰ ਹੇਠ ਕੀਤੀ ਰੈਲੀ ਵਿਵਾਦਾਂ ਦੀਆਂ ਘੁੰਮਣ-ਘੇਰੀਆਂ ਦਰਮਿਆਨ ਸਿਰੇ ਚੜ੍ਹ ਗਈ ਪਰ ਕਾਂਗਰਸ ਹਾਈ ਕਮਾਨ ਨਵਜੋਤ ਸਿੱਧੂ ਦੀਆਂ ਗਤੀਵਿਧੀਆਂ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਵਿੱਚ ਕਸ਼ਮਕਸ਼ ਚੱਲ ਰਹੀ ਹੈ ਅਤੇ ਨਵਜੋਤ ਸਿੱਧੂ ਨੇ ਪੰਜਾਬ ਵਿਚ ਆਪਣੇ ਪੱਧਰ ‘ਤੇ ਰੈਲੀਆਂ ਕਰਨ ਦਾ ਐਲਾਨ ਕੀਤਾ ਹੋਇਆ ਹੈ। ਸੂਤਰ ਦੱਸਦੇ ਹਨ ਕਿ ਹਾਈ ਕਮਾਨ ਕਾਹਲੀ ਵਿੱਚ ਕੋਈ ਫੈਸਲਾ ਨਹੀਂ ਲੈਣਾ ਚਾਹੁੰਦੀ ਅਤੇ ਅਜਿਹੇ ਵਿੱਚ ਹਾਈ ਕਮਾਨ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਗਰਾਊਂਡ ਤਿਆਰ ਕਰਨਾ ਚਾਹੁੰਦੀ ਹੈ ਇਸ ਲਈ ਨਵਜੋਤ ਸਿੱਧੂ ਦੀਆਂ ਰੈਲੀਆਂ ਨੂੰ ਬਹੁਤ ਕਰੀਬ ਤੋਂ ਦੇਖਿਆ ਜਾ ਰਿਹਾ ਹੈ।

ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਇੰਚਾਰਜ ਦਵੇਂਦਰ ਯਾਦਵ ਅੱਗੇ ਹੋਏ ਪੇਸ਼

ਕਿਹਾ : ਅਨੁਸ਼ਾਸਨ ਸਭ ਲਈ ਹੋਵੇ, ਕਿਸੇ ਇਕ ਵਿਅਕਤੀ ਲਈ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਇੰਚਾਰਜ ਦਵੇਂਦਰ ਯਾਦਵ ਅੱਗੇ ਪੇਸ਼ ਹੋਏ। ਮੁਲਾਕਾਤ ਤੋਂ ਬਾਅਦ ਨਵਜੋਤ ਸਿੱਧੂ ਨੇ ਦੱਸਿਆ ਕਿ ਮੈਂ ਪੰਜਾਬ ਕਾਂਗਰਸ ਦੇ ਇੰਚਾਰਜ ਨੂੰ ਕਿਹਾ ਕਿ ਪਾਰਟੀ ਵਿਚ ਅਨੁਸ਼ਾਸਨ ਹੋਣਾ ਬਹੁਤ ਜ਼ਰੂਰੀ ਹੈ ਪ੍ਰੰਤੂ ਇਹ ਕਿਸੇ ਇਕ ਵਿਅਕਤੀ ਲਈ ਨਹੀਂ ਬਲਕਿ ਇਹ ਸਭ ਦੇ ਲਈ ਹੋਣਾ ਚਾਹੀਦਾ ਹੈ। ਸਿੱਧੂ ਨੇ ਦਵੇਂਦਰ ਯਾਦਵ ਨੂੰ ਦੱਸਿਆ ਕਿ ਹੁਸ਼ਿਆਰਪੁਰ ਰੈਲੀ ਦਾ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਸੀ ਪ੍ਰੰਤੂ ਅਚਾਨਕ ਹੀ ਇਸ ਦੌਰਾਨ ਪੰਜਾਬ ਕਾਂਗਰਸ ਮੀਟਿੰਗ ਆ ਗਈ।
ਜੇਕਰ ਉਨ੍ਹਾਂ ਨੂੰ ਮੀਟਿੰਗ ਬਾਰੇ ਪਹਿਲਾਂ ਪਤਾ ਹੁੰਦਾ ਤਾਂ ਉਹ ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ ਰੈਲੀ ਹੁਸ਼ਿਆਰਪੁਰ ‘ਚ ਨਾ ਰੱਖਦੇ। ਸਿੱਧੂ ਨੇ ਦਵੇਂਦਰ ਯਾਦਵ ਕੋਲ ਸ਼ਿਕਾਇਤ ਵੀ ਕੀਤੀ ਕਿ ਪਹਿਲੇ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਉਨ੍ਹਾਂ ਨਾਲ ਕਦੇ ਗੱਲ ਹੀ ਨਹੀਂ ਸੀ ਕੀਤੀ। ਸਿੱਧੂ ਨੇ ਕਾਂਗਰਸ ਪਾਰਟੀ ‘ਚ ਆਪਣੇ ਵਿਰੋਧੀਆਂ ਨੂੰ ਇਸ਼ਾਰਿਆਂ ‘ਚ ਕਿਹਾ ਕਿ ਇਹ ਮੇਰੀ ਨਿੱਜੀ ਲੜਾਈ ਨਹੀਂ ਬਲਕਿ ਇਹ ਵਿਚਾਰਧਾਰਾ ਦੀ ਲੜਾਈ ਹੈ। ਸਿੱਧੂ ਨੇ ਕਿਹਾ ਕਿ ਜੇਕਰ ਤੁਸੀਂ ਹੋਰ ਵਧੀਆ ਕਰ ਸਕਦੇ ਹੋ ਤਾਂ ਮੈਂ ਤੁਹਾਡੇ ਪਿੱਛੇ ਚੱਲਣ ਲਈ ਤਿਆਰ ਹਾਂ। ਜਦਕਿ ਪੰਜਾਬ ਕਾਂਗਰਸ ਦੇ ਕੁੱਝ ਆਗੂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਕਰ ਰਹੇ ਹਨ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …