ਕਿਹਾ : ਪੰਜਾਬ ਸ਼ਾਂਤੀ ਵਾਲਾ ਸੂਬਾ ਬੇਖੌਫ ਹੋ ਕੇ ਆਉਣ ਲੋਕ
ਤਲਵੰਡੀ ਸਾਬੋ/ਬਿਊਰੋ ਨਿਊਜ਼ : ਤਖਤ ਸ੍ਰੀ ਦਮਦਮ ਸਾਹਿਬ ਤਲਵੰਡੀ ਸਾਬੋ ਵਿਖੇ ਅੱਜ ਖਾਲਸੇ ਦਾ ਸਾਜਨਾ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵੀ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਈਆਂ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਦੇ ਵੱਡੀ ਗਿਣਤੀ ਵਿਚ ਦਮਦਮਾ ਸਾਹਿਬ ਵਿਖੇ ਪਹੁੰਚਣ ’ਤੇ ਧੰਨਵਾਦ ਕੀਤਾ। ਸਿੱਖ ਕੌਮ ਦੇ ਨਾਂ ਜਾਰੀ ਸੰਦੇਸ਼ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਅਮਨ ਸ਼ਾਂਤੀ ਵਾਲੀ ਸੂਬਾ ਹੈ ਅਤੇ ਇਥੇ ਕੋਈ ਟਕਰਾਅ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਇਥੇ ਦੋ ਭਾਈਚਾਰਿਆਂ ’ਚ ਤਲਵਾਰਾਂ ਚੱਲੀਆਂ ਹਨ ਅਤੇ ਨਾ ਹੀ ਕੋਈ ਪੰਜਾਬ ਸਰਕਾਰ ਟਕਰਾਅ ਹੋਇਆ ਪ੍ਰੰਤੂ ਫਿਰ ਵੀ ਪੰਜਾਬ ਨੂੰ ਗੜਬੜੀ ਵਾਲਾ ਸੂਬਾ ਕਹਿਣਾ ਬਿਲਕੁਲ ਵੀ ਠੀਕ ਨਹੀਂ। ਜਥੇਦਾਰ ਨੇ ਕਿਹਾ ਕਿ ਜਿਨ੍ਹਾਂ ਸੂਬਿਆਂ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ ਉਨ੍ਹਾਂ ਸੂਬਿਆਂ ਨੂੰ ਛੱਡ ਕੇ ਪੰਜਾਬ ਨੂੰ ਗੜਬੜੀ ਵਾਲਾ ਰਾਜ ਦੱਸਿਆ ਜਾ ਰਿਹਾ ਹੈ। ਪੰਜਾਬ ਦਾ ਮਾਹੌਲ ਬਿਲਕੁਲ ਸ਼ਾਂਤ ਅਤੇ ਇਥੇ ਹਰ ਰੋਜ਼ ਅਮਨ ਸ਼ਾਂਤੀ ਦੇ ਲਈ ਅਰਦਾਸ ਕੀਤੀ ਜਾਂਦੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਦੁਨੀਆ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਖੌਫ ਹੋ ਕੇ ਪੰਜਾਬ ਆਉਣ। ਖਾਲਸਾ ਪੰਥ ਦਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਪਵਿੱਤਰ ਤਿਉਹਾਰ ਅੱਜ ਦੇਸ਼ਾਂ ਵਿਦੇਸ਼ਾਂ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ।