-7.1 C
Toronto
Friday, February 6, 2026
spot_img
Homeਪੰਜਾਬ'ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਰੋਲਿਆ'

‘ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਰੋਲਿਆ’

ਕਿਹਾ : ਕੇਂਦਰ ਸਰਕਾਰ ਨੇ ਕਿਸਾਨਾਂ ਦੀ ਖੇਤੀ ਖੋਹਣ ਲਈ ਕਾਨੂੰਨ ਕੀਤੇ ਸਨ ਪਾਸ
ਬਰਨਾਲਾ/ਬਿਊਰੋ ਨਿਊਜ਼ : ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨੂੰ ਖ਼ਤਰਨਾਕ ਤਜ਼ਰਬਿਆਂ ਦੀ ਅੱਗ ਵਿੱਚ ਝੋਕਣ ਤੋਂ ਬਾਜ਼ ਆਵੇ ਨਹੀਂ ਤਾਂ ਸੂਬੇ ਦਾ ਬਹੁਤ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਥਿਰਤਾ ਤੇ ਸ਼ਾਂਤੀ ਦੀ ਇਸ ਸਮੇਂ ਬੇਹੱਦ ਲੋੜ ਹੈ ਅਤੇ ਇਸ ਨੂੰ ਕਾਂਗਰਸ ਹਰ ਹੀਲੇ ਕਾਇਮ ਰੱਖੇਗੀ। ਗਾਂਧੀ ਹਲਕਾ ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਬਾਂਸਲ ਦੇ ਹੱਕ ਵਿੱਚ ਸਥਾਨਕ ਦਾਣਾ ਮੰਡੀ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਹੋਏ ਸਨ।
ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਸੋਚ ਕੇ ਬੋਲਣ ਤੇ ਸੱਚਾਈ ਦੇ ਰਾਹ ‘ਤੇ ਚੱਲਣ’ ਦੇ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ‘ਤੇ ਅਮਲ ਕਰਦਿਆਂ ਉਹ ਕਦੇ ਝੂਠੇ ਦਾਅਵੇ ਤੇ ਵਾਅਦੇ ਨਹੀਂ ਕਰਦੇ ਜਦਕਿ ਪ੍ਰਧਾਨ ਮੰਤਰੀ ਮੋਦੀ ਜੋ ਮੂੰਹ ਆਏ ਬੋਲ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਭਰੋਸਾ ਦਿੱਤਾ ਪਰ ਕਿਸਾਨਾਂ ਦੀ ਖੇਤੀ ਖੋਹਣ ਲਈ ਹੀ ਖੇਤੀ ਕਾਨੂੰਨ ਪਾਸ ਕੀਤੇ ਤੇ ਸਾਲ ਭਰ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ‘ਤੇ ਰੋਲਿਆ ਕਿਉਂਕਿ ਉਹ ਕਿਸਾਨਾਂ ਦੇ ਨਹੀਂ ਪੂੰਜੀਪਤੀਆਂ ਦੇ ਹਿੱਤ ਪਾਲਕ ਹਨ। ਉਨ੍ਹਾਂ ਕਿਹਾ ਕਿ 2013 ਵਿੱਚ ਜਦ ਉਹ ਪੰਜਾਬ ਆਏ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਪੰਜਾਬ ਨੂੰ ਨਸ਼ਿਆਂ ਦਾ ਖਤਰਾ ਹੈ ਪਰ ਉਸ ਸਮੇਂ ਉਨ੍ਹਾਂ ਦਾ ਸਾਰੀਆਂ ਪਾਰਟੀਆਂ ਅਕਾਲੀ-ਭਾਜਪਾ ਤੇ ‘ਆਪ’ ਦੇ ਆਗੂਆਂ ਨੇ ਮਜ਼ਾਕ ਉਡਾਇਆ ਪਰ ਬਾਅਦ ‘ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਜਦਕਿ ਉਨ੍ਹਾਂ ਕੋਈ ਮੁਆਫ਼ੀ ਨਹੀਂ ਮੰਗੀ। ਇਸੇ ਤਰ੍ਹਾਂ ਉਹ ਦੇਸ਼ ਵਿਚ ਕਰੋਨਾ ਦੇ ਵੱਧ ਰਹੇ ਖਤਰੇ ਬਾਰੇ ਬੋਲੇ ਤਾਂ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਫਿਰ ਉਨ੍ਹਾਂ ਦਾ ਮਜ਼ਾਕ ਉਡਾਇਆ। ਇਸ ਤੋਂ ਪਹਿਲਾਂ ਨੋਟਬੰਦੀ ਬਾਰੇ ਵੀ ਦਿੱਤੇ ਸੁਝਾਵਾਂ ਦਾ ਮੋਦੀ ਹਕੂਮਤ ਵੱਲੋਂ ਨਿਰਾਦਰ ਕੀਤਾ ਗਿਆ। ਸਿੱਟੇ ਵਜੋਂ ਨੋਟਬੰਦੀ ਦੌਰਾਨ ਛੋਟੇ ਵਪਾਰੀ, ਕਿਸਾਨ, ਮਜ਼ਦੂਰ, ਮੁਲਾਜ਼ਮਾਂ ਤੇ ਮੱਧਵਰਗੀ ਲੋਕਾਂ ਦਾ ਭਾਰੀ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਨੋਟਬੰਦੀ ਵੀ ਸਿਰਫ਼ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਕੀਤੀ ਗਈ ਸੀ।
ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਕਾਂਗਰਸ
ਧਾਰੀਵਾਲ : ਰਾਹੁਲ ਗਾਂਧੀ ਨੇ ਕਿਹਾ ਭਾਰਤ ਦੇਸ਼ ਕਿਸੇ ਇਕ ਜਾਤ, ਧਰਮ ਜਾਂ ਪ੍ਰਦੇਸ਼ ਦਾ ਨਹੀਂ ਹੈ, ਇਹ ਇਕ ਗੁਲ਼ਦਸਤੇ ਦੀ ਤਰ੍ਹਾਂ ਸਾਡਾ ਸਭ ਦਾ ਸਾਂਝਾ ਹੈ। ਉਹ ਇੱਥੇ ਫਾਦਰ ਜੋਸਫ ਮੈਥਿਊ ਦੀ ਅਗਵਾਈ ਹੇਠ ਕਰਵਾਏ ਗਏ ‘ਪੰਜਾਬ ਸਦਭਾਵਨਾ ਈਸਾਈ ਮਿਲਨ ਸੰਮੇਲਨ’ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਇੱਥੇ ਸੰਤਨੀ ਤਰੇਜਾ ਕੈਥੋਲਿਕ ਚਰਚ ਵਿਖੇ ਨਤਮਸਤਕ ਹੋਏ। ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਹਲਕਾ ਕਾਦੀਆਂ ਤੋਂ ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਮੈਂਬਰ ਰਾਜ ਸਭਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਵਿਧਾਇਕ ਬੀਬੀ ਚਰਨਜੀਤ ਕੌਰ ਬਾਜਵਾ, ਸਾਬਕਾ ਮੰਤਰੀ ਅਸ਼ਵਨੀ ਸੇਖੜੀ ਮੌਜੂਦ ਸਨ। ਫਾਦਰ ਜੋਸਫ ਮੈਥਿਊ ਨੇ ਰਾਹੁਲ ਗਾਂਧੀ ਦਾ ਸੁਆਗਤ ਕਰਦਿਆਂ ਉਨ੍ਹਾਂ ਨੂੰ ਗੁਲ਼ਦਸਤਾ ਭੇਟ ਕੀਤਾ। ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਾਂਗਰਸ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ।

 

RELATED ARTICLES
POPULAR POSTS