27.2 C
Toronto
Sunday, October 5, 2025
spot_img
Homeਪੰਜਾਬਪੰਜਾਬ ਨੂੰ ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ ਲੋੜ : ਰਾਹੁਲ ਗਾਂਧੀ

ਪੰਜਾਬ ਨੂੰ ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ ਲੋੜ : ਰਾਹੁਲ ਗਾਂਧੀ

ਕਿਹਾ : ਚਰਨਜੀਤ ਸਿੰਘ ਚੰਨੀ ਵਿਚ ਪੰਜਾਬ ਨੂੰ ਸਹੀ ਰਸਤਾ ਦਿਖਾਉਣ ਦੀ ਕਾਬਲੀਅਤ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹੁਸ਼ਿਆਰਪੁਰ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਸਭ ਤੋਂ ਜ਼ਿਆਦਾ ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ ਲੋੜ ਹੈ ਅਤੇ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ ਜੋ ਰਾਜ ਵਿਚ ਸਦਭਾਵਨਾ ਅਤੇ ਏਕਤਾ ਬਣਾਈ ਰੱਖ ਸਕਦੀ ਹੈ। ਜ਼ਿਲ੍ਹੇ ਦੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਰੋਸ਼ਨ ਗਰਾਊਂਡ ਵਿਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਕੋਈ ਪ੍ਰਯੋਗਸ਼ਾਲਾ ਨਹੀਂ ਹੈ ਜਿੱਥੇ ਕਿਸੇ ਹੋਰ ਪਾਰਟੀ ਨੂੰ ਮੌਕਾ ਦੇ ਕੇ ਕੋਈ ਪ੍ਰਯੋਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਇਸ ਨੂੰ ਇੱਥੇ ਸਰਕਾਰ ਚਲਾਉਣ ਦਾ ਤਜਰਬਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਅਜਿਹੀ ਪਾਰਟੀ ਹੈ ਜਿਹੜੀ ਸਭ ਜਾਤੀਆਂ, ਧਰਮਾਂ ਤੇ ਸੋਚ ਵਾਲੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਭਾਜਪਾ ਅਰਬਪਤੀਆਂ ਦੀ ਸਰਕਾਰ ਚਲਾ ਰਹੀ ਹੈ ਪਰ ਪਾਰਟੀ ਸੂਬੇ ਵਿਚ ਗਰੀਬਾਂ ਦੀ ਸਰਕਾਰ ਚਲਾਏਗੀ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਵਿਚ ਪੰਜਾਬ ਨੂੰ ਸਹੀ ਰਸਤਾ ਦਿਖਾਉਣ ਦੀ ਕਾਬਲੀਅਤ ਹੈ। ਆਮ ਆਦਮੀ ਪਾਰਟੀ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਵਿਚ ‘ਆਪ’ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ। ਦਿੱਲੀ ਵਿਚ ਮੁਹੱਲਾ ਕਲੀਨਿਕ ਕਾਂਗਰਸ ਵੱਲੋਂ ਖੋਲ੍ਹੇ ਜਾਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਨੂੰ ਇਹ ਚਲਾਉਣੇ ਨਹੀਂ ਆਏ ਜਿਸ ਦਾ ਸਬੂਤ ਕਰੋਨਾ ਕਾਲ ਵਿਚ ਆਕਸੀਜਨ ਅਤੇ ਇਲਾਜ ਖੁਣੋਂ ਮਰ ਗਏ ਮਰੀਜ਼ਾਂ ਤੋਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਸਮੇਂ ਵਿਚ ਕਾਂਗਰਸ ਵਰਕਰਾਂ ਨੇ ਹੀ ਲੋਕਾਂ ਦਾ ਸਾਥ ਦਿੱਤਾ ਸੀ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੋ-ਚਾਰ ਅਰਬਪਤੀ ਮਿੱਤਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਧੰਨਵਾਦੀ ਹਨ। ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ‘ਤੇ ਮਾਫ਼ੀਆ ਰਾਜ ਖਤਮ ਕਰਕੇ ਲੋਕਾਂ ਦਾ ਡਕਾਰਿਆ ਪੈਸਾ ਵਾਪਸ ਲੈ ਕੇ ਲੋਕ ਭਲਾਈ ਲਈ ਖਰਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਦਲਿਤ ਨੂੰ ਮੁੱਖ ਮੰਤਰੀ ਬਣਾ ਕੇ ਰਾਹੁਲ ਗਾਂਧੀ ਨੇ ਇਤਿਹਾਸ ਸਿਰਜਿਆ ਹੈ।

 

RELATED ARTICLES
POPULAR POSTS