9.8 C
Toronto
Tuesday, October 28, 2025
spot_img
Homeਪੰਜਾਬਸੁਖਦੇਵ ਸਿੰਘ ਢੀਂਡਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

ਸੁਖਦੇਵ ਸਿੰਘ ਢੀਂਡਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

ਕੇਂਦਰ ਸਰਕਾਰ ਨੂੰ ਸੁਝਾਏ 12 ਨੁਕਾਤੀ ਮੁੱਦਿਆਂ ‘ਤੇ ਚਰਚਾ ਕੀਤੀ :ਢੀਂਡਸਾ
ਪਟਿਆਲਾ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਅਤੇ ਪੰਥਕ ਮੁੱਦਿਆਂ ਤੋਂ ਇਲਾਵਾ ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਉਨ੍ਹਾਂ ਆਪਣੀ ਪਾਰਟੀ ਦੇ ਭਾਜਪਾ ਨਾਲ ਗੱਠਜੋੜ ਹੋਣ ਮੌਕੇ ਪਾਰਟੀ ਵੱਲੋਂ ਪੇਸ਼ ਕੀਤੇ ਗਏ 12 ਨੁਕਾਤੀ ਮੁੱਦਿਆਂ ਬਾਰੇ ਵੀ ਚਰਚਾ ਕੀਤੀ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ‘ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਯਕੀਨੀ ਬਣਾਉਣਾ, ਸਿੱਖਾਂ ਦੀ ਕਾਲੀ ਸੂਚੀ ਰੱਦ ਕਰਨਾ, ਪੰਜਾਬ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦੇਣਾ, ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮੁਆਫੀ, ਜੰਮੂ ਕਸ਼ਮੀਰ ਦੇ ਪੈਟਰਨ ‘ਤੇ ਉਦਯੋਗਾਂ ਨੂੰ ਵਿਸ਼ੇਸ਼ ਰਿਆਇਤਾਂ ਦੇਣ, ਪੰਜਾਬ ਲਈ ਵੱਡੇ ਪ੍ਰੋਜੈਕਟ ਅਤੇ ਪਾਕਿਸਤਾਨ ਨਾਲ ਵਪਾਰ ਖੋਲ੍ਹਣ ਸਮੇਤ ਕਈ ਹੋਰ ਅਹਿਮ ਮਸਲੇ ਸ਼ਾਮਲ ਹਨ। ਅਕਾਲੀ ਦਲ ਸੰਯੁਕਤ ਦੇ ਬੁਲਾਰੇ ਵੱਲੋਂ ਪਟਿਆਲਾ ‘ਚ ਜਾਰੀ ਕੀਤੇ ਗਏ ਬਿਆਨ ਦੌਰਾਨ ਢੀਂਡਸਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਹੱਲ ਕਰਵਾਉਣ ਸਬੰਧੀ ਹਾਂ-ਪੱਖੀ ਸੰਕੇਤ ਦਿੱਤਾ।
ਢੀਂਡਸਾ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਵੱਲੋਂ ਜਿਸ ਟਵੀਟ ‘ਚ ਉਨ੍ਹਾਂ (ਢੀਂਡਸਾ) ਨਾਲ ਮੀਟਿੰਗ ਕਰਨ ਦਾ ਸੁਭਾਗ ਪ੍ਰਾਪਤ ਹੋਣ ਦੀ ਗੱਲ ਲਿਖੀ ਹੈ, ਉਸ ਵਿਚ ਹੀ ਪ੍ਰਧਾਨ ਮੰਤਰੀ ਨੇ ਇਹ ਗੱਲ ਵੀ ਆਖੀ ਕਿ ‘ਪੰਜਾਬ ਦੇ ਵੱਖ ਵੱਖ ਮੁੱਦਿਆਂ ਬਾਰੇ ਢੀਂਡਸਾ ਦੇ ਵਿਚਾਰ ਸੁਣ ਕੇ ਬਹੁਤ ਵਧੀਆ ਲੱਗਿਆ ਹੈ।’ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੇ ਵਿਚਾਰਾਂ ਵਿੱਚੋਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਪ੍ਰਤੀ ਉਨ੍ਹਾਂ ਦਾ ਜਜ਼ਬਾ ਝਲਕਦਾ ਹੈ। ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਪ੍ਰਤੀ ਦਿਖਾਈ ਸੰਜੀਦਗੀ ਦੀ ਸ਼ਲਾਘਾ ਕਰਦਿਆਂ ਢੀਂਡਸਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਗੱਲਬਾਤ ਵਿੱਚੋਂ ਉਨ੍ਹਾਂ ਨੂੰ ਪੰਜਾਬ, ਖਾਸ ਕਰਕੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਤੇ ਪੰਜਾਬ ਪ੍ਰਤੀ ਉਨ੍ਹਾਂ ਦਾ ਪਿਆਰ ਮਹਿਸੂਸ ਹੋਇਆ ਹੈ। ਉਨ੍ਹਾਂ ਟਵੀਟ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ।
ਵਿਜੇ ਸਾਂਪਲਾ ਵਲੋਂ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ
ਫਗਵਾੜਾ : ਐਸ.ਸੀ. ਕਮਿਸ਼ਨ ਦੇ ਕੌਮੀ ਚੇਅਰਮੈਨ ਵਿਜੈ ਸਾਂਪਲਾ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਜੈ ਸਾਂਪਲਾ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਬਣੇ ਹਨ, ਜਿਸ ਕਾਰਨ ਉਨ੍ਹਾਂ ਇਹ ਅਸਤੀਫ਼ਾ ਦਿੱਤਾ ਹੈ। ਉੱਧਰ ਰਾਸ਼ਟਰਪਤੀ ਨੇ ਵੀ ਵਿਜੇ ਸਾਂਪਲਾ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।

 

RELATED ARTICLES
POPULAR POSTS