ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਨੇ ਕੀਤਾ ਸਵਾਗਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਉਨ੍ਹਾਂ ਦੇ ਪੁੱਤਰ ਯਾਦਵਿੰਦਰ ਸਿੰਘ ਕੰਗ ਅਤੇ ਅਮਰਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਧਿਆਨ ਰਹੇ ਕਿ ਲੰਘੇ ਕੱਲ੍ਹ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਘਰ ਈਡੀ ਦੀ ਰੇਡ ਦੇ ਮਾਮਲੇ ‘ਚ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਇਸ ਮੌਕੇ ਉਨ੍ਹਾਂ ਨੇ ਪਾਰਟੀ ‘ਤੇ ਟਿਕਟਾਂ ਵੇਚਣ ਦਾ ਆਰੋਪ ਲਗਾਉਂਦਿਆਂ ਕਿਹਾ ਸੀ ਕਿ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਸਲਾਹ ਕਰਕੇ ਅਜ਼ਾਦ ਚੋਣ ਲੜਨਗੇ। ਕੰਗ ਨੇ ਅੱਗੇ ਕਿਹਾ ਕਿ ਉਹ ਹਲਕਾ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਵਿਚ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਚੋਣ ਪ੍ਰਚਾਰ ਕਰਨਗੇ ਅਤੇ ਚੰਨੀ ਨੂੰ ਦੋਵਿਆਂ ਹਲਕਿਆਂ ਤੋਂ ਚੰਨੀ ਨੂੰ ਜਿੱਤਣ ਨਹੀਂ ਦੇਣਗੇ।
ਜਗਮੋਹਨ ਸਿੰਘ ਕੰਗ ਦੇ ਬੇਟੇ ਯਾਦਵਿੰਦਰ ਸਿੰਘ ਕੰਗ ਨੇ ਕਿਹਾ ਕਿ ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ ਅਤੇ ਖਰੜ ਤੋਂ ਕਾਂਗਰਸੀ ਉਮੀਦਵਾਰ ਵਿਜੇ ਕੁਮਾਰ ਟਿੰਕੂ ਨੂੰ ਹਰਾਉਣ ਲਈ ਹਰ ਸੰਭਵ ਯਤਨ ਕਰਨਗੇ।