ਲੁਧਿਆਣਾ ਦੇ ਡੀਐਮਸੀ ਹਸਪਤਾਲ ’ਚ ਕਰਵਾਇਆ ਗਿਆ ਦਾਖਲ
ਲੁਧਿਆਣਾ/ਬਿਊਰੋ ਨਿਊਜ਼ :
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਯਾਨੰਦ ਮੈਡੀਕਲ ਕਾਲਜ ਲੁਧਿਆਣਾ ’ਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਰੂਟੀਨ ਚੈਕਅਪ ਕੀਤਾ ਗਿਆ। ਉਹ ਪਿਛਲੇ ਦੋ-ਤਿੰਨ ਦਿਨਾਂ ਤੋਂ ਤੇਜ਼ ਬੁਖਾਰ, ਸਰਦੀ ਅਤੇ ਜ਼ੁਕਾਮ ਤੋਂ ਪ੍ਰੇਸ਼ਾਨ ਸਨ ਜਿਸ ਦੇ ਚਲਦਿਆਂ ਡੀਐਮਸੀ ’ਚ ਉਨ੍ਹਾਂ ਦਾ ਰੈਪਿਡ ਟੈਸਟ ਵੀ ਕੀਤਾ ਗਿਆ, ਜਿਸ ’ਚ ਉਹ ਕਰੋਨਾ ਵਾਇਰਸ ਤੋਂ ਪੀੜਤ ਪਾਏ ਗਏ। ਇਸ ਤੋਂ ਬਾਅਦ ਉਨ੍ਹਾਂ ਦਾ ਆਰ ਟੀ ਪੀ ਸੀ ਆਰ ਟੈਸਟ ਕੀਤਾ ਗਿਆ ਜਿਸ ਦੀ ਹਾਲੇ ਰਿਪੋਰਟ ਆਉਣੀ ਬਾਕੀ ਹੈ। 93 ਸਾਲਾ ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਇਸ ਵਾਰ ਫਿਰ ਉਹ ਲੰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ, ਜਿਸ ਦੇ ਚਲਦਿਆਂ ਵਧਦੀ ਉਮਰ ਦੇ ਬਾਵਜੂਦ ਵੀ ਉਹ ਪਿੰਡਾਂ ’ਚ ਜਾ ਕੇ ਲਗਾਤਾਰ ਲੋਕਾਂ ਨੂੰ ਮਿਲ ਰਹੇ ਹਨ। ਉਹ ਹੁਣ ਤੱਕ 50 ਤੋਂ ਵੱਧ ਪਿੰਡਾਂ ’ਚ ਜਾ ਕੇ ਲੋਕਾਂ ਨੂੰ ਮਿਲ ਚੁੱਕੇ ਹਨ ਪ੍ਰੰਤੂ ਹੁਣ ਉਨ੍ਹਾਂ ਦੇ ਬਿਮਾਰ ਹੋਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂਆਂ ਦੀ ਚਿੰਤਾ ਵਧ ਗਈ ਹੈ। ਹਾਲਾਂਕਿ ਕਿਹਾ ਇਹ ਵੀ ਜਾ ਰਿਹਾ ਹੈ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ ਪ੍ਰਕਾਸ਼ ਸਿੰਘ ਬਾਦਲ ਜਲਦੀ ਹੀ ਤੰਦਰੁਸਤ ਹੋ ਜਾਣਗੇ।