ਮੁੱਦਾ ਜਿਊਂਦਾ, ਨਹਿਰ ਦਫ਼ਨ
ਵਿਧਾਨ ਸਭਾ ਨੇ ਸਰਬਸੰਮਤੀ ਨਾਲ ਐਸ ਵਾਈ ਐਲ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਦਾ ਬਿਲ ਕੀਤਾ ਪਾਸ
ਅਕਾਲੀ-ਕਾਂਗਰਸੀ ਇਕ-ਦੂਜੇ ਤੋਂ ਵੀ ਮੂਹਰੇ ਲੰਘ ਪੂਰਨ ਲੱਗੇ ਨਹਿਰ, 200 ਜੇਸੀਬੀ ਮਸ਼ੀਨਾਂ ਲਗਾ ਭਰ ਦਿੱਤੀ ਮਿੱਟੀ
ਸੁਪਰੀਮ ਕੋਰਟ ਦਾ ਹੁਕਮ ਨਹਿਰ ਜਿਉਂ ਦੀ ਤਿਉਂ ਰੱਖੋ ਬਰਕਰਾਰ, ਕਿਸਾਨਾਂ ਨੂੰ ਜ਼ਮੀਨਾਂ ਵਾਪਸ ਕਰਨ ‘ਤੇ ਵੀ ਲਾਈ ਰੋਕ
ਚੰਡੀਗੜ੍ਹ/ਬਿਊਰੋ ਨਿਊਜ਼
ਐਸ ਵਾਈ ਐਲ ਨਹਿਰ ਉਤੇ ਸਿਆਸਤ ਇਸ ਕਦਰ ਭਖੀ ਕਿ ਪੰਜਾਬ ਦੇ ਬਾਕੀ ਸਾਰੇ ਮੁੱਦੇ ਕਿਤੇ ਪਿੱਛੇ ਰਹਿ ਗਏ ਤੇ ਨਹਿਰੀ ਪਾਣੀਆਂ ਦਾ ਮੁੱਦਾ ਜਿਉਂਦਾ ਹੋ ਗਿਆ ਪਰ ਨਹਿਰ ਦਫ਼ਨ ਹੋ ਗਈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਦਾਅ ਨਾਲ ਉਨ੍ਹਾਂ ਸੁੱਕੀ ਨਹਿਰ ਤੋਂ ਹੀ ਅਕਾਲੀ ਦਲ ਦੀ ਮਰ ਰਹੀ ਫਸਲ ਨੂੰ ਸਿੰਜਣਾ ਸ਼ੁਰੂ ਕਰ ਦਿੱਤਾ। ਕਾਂਗਰਸ ਤੋਂ ਵੀ ਦੋ ਕਦਮ ਅੱਗੇ ਵਧਦਿਆਂ ਉਨ੍ਹਾਂ ਇਕ ਪਾਸੇ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਮਤਾ ਕਰਵਾਇਆ ਕਿ ਐਸ ਵਾਈ ਐਲ ਨਹਿਰ ਦੀਆਂ ਜ਼ਮੀਨਾਂ ਕਿਸਾਨਾਂ ਨੂੰ ਮੋੜੀਆਂ ਜਾਣ। ਦੂਜੇ ਪਾਸੇ ਉਨ੍ਹਾਂ ਅਕਾਲੀ ਦਲ ਦੇ ਵਰਕਰਾਂ ਨੂੰ ਨਹਿਰ ਪੂਰਨ ਦੇ ਅੰਦਰਖਾਤੇ ਹੁਕਮ ਦੇ ਦਿੱਤੇ। ਕਾਂਗਰਸ ਕੋਲ ਸਵਾਏ ਅਕਾਲੀ ਦਲ ਦੇ ਪਿੱਛੇ ਲੱਗਣ ਦੇ ਕੋਈ ਚਾਰਾ ਨਹੀਂ ਸੀ। ਉਹ ਬਿਲ ‘ਚ ਵੀ ਨਾਲ ਖੜ੍ਹੇ ਤੇ ਨਹਿਰ ਪੂਰਨ ‘ਚ ਵੀ ਲੱਗ ਗਏ। ਇਸ ਸਭ ਦੇ ਦਰਮਿਆਨ ਹਰਿਆਣਾ ਜਿੱਥੇ ਇਸ ਬਿਲ ਦੇ ਵਿਰੋਧ ਵਿਚ ਆਇਆ ਉਥੇ ਉਨ੍ਹਾਂ ਮੋਦੀ ਸਰਕਾਰ ਤੱਕ ਵੀ ਪਹੁੰਚ ਕੀਤੀ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਨਰਿੰਦਰ ਮੋਦੀ ਦੇ ਧਿਆਨ ਵਿਚ ਸਾਰਾ ਮਸਲਾ ਲਿਆਂਦਾ ਤੇ ਹਰਿਆਣਾ ਸਰਕਾਰ ਸੁਪਰੀਮ ਕੋਰਟ ਵਿਚ ਵੀ ਪਹੁੰਚ ਗਈ। ਸੁਪਰੀਮ ਕੋਰਟ ਨੇ ਐਸ ਵਾਈ ਐਲ ਮਾਮਲੇ ‘ਤੇ ਪੰਜਾਬ ਨੂੰ ਝਟਕਾ ਦਿੰਦਿਆਂ ਨਹਿਰ ਭਰਨ ਦੇ ਕੰਮ ‘ਤੇ ਕਾਨੂੰਨੀ ਰੋਕ ਲਗਾ ਕੇ ਹਦਾਇਤ ਕੀਤੀ ਕਿ ਨਹਿਰ ਨੂੰ ਜਿਉਂ ਦੀ ਤਿਉਂ ਰਹਿਣ ਦਿੱਤਾ ਜਾਵੇ। ਕੋਰਟ ਨੇ ਕਿਸਾਨਾਂ ਨੂੰ ਜ਼ਮੀਨ ਵਾਪਸ ਕਰਨ ‘ਤੇ ਵੀ ਰੋਕ ਲਗਾਈ ਪਰ ਤਦ ਤੱਕ ਅਕਾਲੀ ਤੇ ਕਾਂਗਰਸੀਆਂ ਨੇ 200 ਤੋਂ ਵੱਧ ਜੇਸੀਬੀ ਮਸ਼ੀਨਾਂ ਲਗਾ ਕੇ ਅੱਧੀ ਤੋਂ ਵੱਧ ਨਹਿਰ ਪੱਧਰੀ ਕਰ ਦਿੱਤੀ ਸੀ।
ਅਕਾਲੀ ਲੀਡਰ ਤੇ ਵਰਕਰ ਜਿੱਥੇ ਨਹਿਰ ਪੂਰਨ ‘ਚ ਜੁਟੇ ਉਥੇ ਕਾਂਗਰਸੀ ਵਿਧਾਇਕਾਂ ਤੇ ਵਰਕਰਾਂ ਨਾਲ ਮਹਾਰਾਣੀ ਪ੍ਰਨੀਤ ਕੌਰ ਨੇ ਵੀ ਕਹੀ ਚੁੱਕ ਲਈ ਤਾਂ ਜੋ ਕਿਤੇ ਸਾਰਾ ਲਾਹਾ ਅਕਾਲੀ ਦਲ ਹੀ ਨਾ ਲੈ ਜਾਵੇ।
Home / ਹਫ਼ਤਾਵਾਰੀ ਫੇਰੀ / ਐਸ ਵਾਈ ਐਲ : ਜਦੋਂ ਤੱਕ ਸੁਪਰੀਮ ਕੋਰਟ ਦਾ ਹੁਕਮ ਆਇਆ ਤਦ ਤੱਕ ਪੂਰ ਦਿੱਤੀ ਅੱਧੀ ਤੋਂ ਵੱਧ ਨਹਿਰ
Check Also
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ …