‘ਪੰਥ ਜਾਂ ਪੰਜਾਬ ਖ਼ਿਲਾਫ਼ ਸਾਜ਼ਿਸ਼ ਘੜ੍ਹਨ ਬਾਰੇ ਸੋਚ ਵੀ ਨਹੀਂ ਸਕਦਾ’
ਲੰਬੀ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ 23 ਮਾਰਚ ਨੂੰ ਫਰੀਦਕੋਟ ਅਦਾਲਤ ‘ਚ ਪੇਸ਼ ਹੋਣ ਤੋਂ ਪਹਿਲਾਂ ਪੰਜਾਬੀਆਂ ਦੇ ਨਾਮ ਖੁੱਲ੍ਹਾ ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਉਨ੍ਹਾਂ ਆਪਣੀ 95 ਸਾਲਾ ਜ਼ਿੰਦਗੀ ਦੇ 70 ਸਾਲ ਲੰਮੇ ਸਿਆਸੀ ਸਫਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਗੁਰੂ ਦੀ ਮਿਹਰ ਤੇ ਸੰਗਤ ਦੇ ਆਸ਼ੀਰਵਾਦ ਸਦਕਾ ਮਾਨਵਤਾ ਦੀ ਸੇਵਾ ਲਈ ਵੱਕਾਰੀ ਰੁਤਬੇ ਹਾਸਲ ਹੋਏ। ਅਜਿਹੇ ‘ਚ ਉਹ ਮੁੱਖ ਮੰਤਰੀ ਦੇ ਉੱਚ ਪੱਧਰੀ ਵਕਾਰੀ ਅਹੁਦੇ ‘ਤੇ ਹੁੰਦਿਆਂ ਪੰਥ ਜਾਂ ਪੰਜਾਬ ਖ਼ਿਲਾਫ਼ ਸਾਜਿਸ਼ ਘੜਨੀ ਤਾਂ ਇੱਕ ਪਾਸੇ ਕਦੀ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਭਗਵੰਤ ਮਾਨ ਸਰਕਾਰ ‘ਤੇ ਗੰਭੀਰ ਆਰੋਪ ਲਾਉਂਦਿਆਂ ਕਿਹਾ, ”ਸਰਕਾਰ ਇਸ ਹੱਦ ਤੱਕ ਡਿੱਗ ਗਈ ਹੈ ਕਿ ਸਾਰੇ ਕਾਇਦੇ-ਕਾਨੂੰਨ ਛਿੱਕੇ ਟੰਗ ਕੇ ਮੇਰੇ ‘ਤੇ ਇਰਾਦਾ ਕਤਲ ਦੀਆਂ ਧਾਰਾਵਾਂ ਲੁਆ ਕੇ ਸਾਜਿਸ਼ ਰਚਣ ਦਾ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ।” ਉਨ੍ਹਾਂ ਭਗਵੰਤ ਮਾਨ ਦੀ ਇਸ ਕਾਰਵਾਈ ਨੂੰ ਲੋਕਤੰਤਰ ਲਈ ਬੇਹੱਦ ਘਾਤਕ ਅਤੇ ਮੁੱਖ ਮੰਤਰੀ ਦੇ ਸੰਵਿਧਾਨਕ ਅਹੁਦੇ ਨੂੰ ਕਲੰਕਿਤ ਕਰਨ ਦੀ ਕੋਝੀ ਸਾਜਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਾਬਕਾ ਕਾਂਗਰਸ ਸਰਕਾਰ ਤੇ ‘ਆਪ’ ਸਰਕਾਰ ਨਿਰਪੱਖ ਜਾਂਚ ਦੀ ਜਗ੍ਹਾ ‘ਸਿਆਸਤ’ ਕਰਦੀਆਂ ਆ ਰਹੀਆਂ ਹਨ। ਇਹ ਕੇਸ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਵੱਡੀ ਸਾਜਿਸ਼ ਹੈ। ਸਮੂਹ ਪੰਥ ਪ੍ਰਸਤਾਂ ਅਤੇ ਸਮੂਹ ਪੰਜਾਬੀਆਂ ਨੂੰ ਇਕਜੁੱਟ ਹੋ ਕੇ ਇਨ੍ਹਾਂ ਸਾਜਿਸ਼ਾਂ ਖਿਲਾਫ ਡਟ ਕੇ ਖੜ੍ਹਨਾ ਚਾਹੀਦਾ ਹੈ। ਪੱਤਰ ਵਿੱਚ ਉਨ੍ਹਾਂ ਕਿਹਾ, ”ਕਿਸੇ ਵੀ ਤਰ੍ਹਾਂ ਦਾ ਦਬਾਅ ਮੈਨੂੰ ਝੁਕਾਅ ਨਹੀਂ ਸਕਦਾ।”
Check Also
ਸ਼ੋ੍ਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਤੋਂ ਪਰਉਪਕਾਰ ਸਿੰਘ ਘੁੰਮਣ ਨੂੰ ਬਣਾਇਆ ਉਮੀਦਵਾਰ
‘ਆਪ’ ਦੇ ਸੰਜੀਵ ਅਰੋੜਾ ਅਤੇ ਕਾਂਗਰਸ ਭਾਰਤ ਭੂਸ਼ਣ ਆਸ਼ੂ ਨਾਲ ਹੋਵੇਗਾ ਮੁਕਾਬਲਾ ਲੁਧਿਆਣਾ/ਬਿਊਰੋ ਨਿਊਜ਼ : …