ਰੋਹਤਕ ਦੀ ਸੋਨਾਰੀਆ ਜੇਲ੍ਹ ‘ਚ ਬੰਦ ਹੈ ਡੇਰਾ ਮੁਖੀ
ਚੰਡੀਗੜ੍ਹ/ਬਿਊਰੋ ਨਿਊਜ਼ : ਰੋਹਤਕ ਦੀ ਸੋਨਾਰੀਆ ਜੇਲ੍ਹ ‘ਚ ਕੈਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਐਮਰਜੈਂਸੀ ਪੈਰੋਲ ਮੰਗੀ ਹੈ। 2017 ਤੋਂ ਰੋਹਤਕ ਜੇਲ੍ਹ ਵਿਚ 20 ਸਾਲ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਮੁਖੀ ਨੇ ਜੇਲ੍ਹ ਅਥਾਰਿਟੀ ਕੋਲ ਪੈਰੋਲ ਲੈਣ ਲਈ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। ਡੇਰਾ ਮੁਖੀ ਨੇ ਬਿਮਾਰ ਮਾਂ ਨਸੀਬ ਕੌਰ ਨੂੰ ਮਿਲਣ ਤੇ ਉਸ ਦੀ ਦੇਖਭਾਲ ਲਈ 21 ਦਿਨ ਦੀ ਪੈਰੋਲ ਮੰਗੀ ਹੈ। ਜੇਲ੍ਹ ਪ੍ਰਸ਼ਾਸਨ ਨੇ ਇਸ ਬਾਰੇ ਹਰਿਆਣਾ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਹੈ ਤੇ ਐਨਓਸੀ ਮੰਗੀ ਗਈ ਹੈ। ਡੇਰਾ ਮੁਖੀ ਦੀ ਬਿਮਾਰ ਮਾਂ ਦੀ ਸਿਹਤ ਸਬੰਧੀ ਦਸਤਾਵੇਜ਼ ਵੀ ਉੱਚ ਅਧਿਕਾਰੀਆਂ ਨੂੰ ਭੇਜੇ ਗਏ ਹਨ। ਸੂਤਰਾਂ ਮੁਤਾਬਕ ਪੈਰੋਲ ਉਤੇ ਫ਼ੈਸਲਾ ਲੈਣ ਤੋਂ ਪਹਿਲਾਂ ਜ਼ਮੀਨੀ ਪੱਧਰ ਉਤੇ ਕਾਨੂੰਨ-ਵਿਵਸਥਾ ਦੀ ਸਮੀਖਿਆ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡੇਰਾ ਮੁਖੀ ਨੂੰ ਅਕਤੂਬਰ, 2020 ਵਿਚ ਮਾਂ ਨੂੰ ਮਿਲਣ ਲਈ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ।