ਦਰਸ਼ਨ ਸਿੰਘ ਕਿੰਗਰਾ
ਪੁਰਾਤਨ ਸਮੇਂ ਵਿਚ ਪੰਜਾਬ ਦੀਆਂ ਸ਼ੁਕੀਨ ਮੁਟਿਆਰਾਂ ਆਪਣੇ ਪਹਿਰਾਵੇ ਲਈ ਅਨੇਕਾਂ ਵੰਨਗੀਆਂ ਦੇ ਕੱਪੜੇ ਵਰਤਦੀਆਂ ਰਹੀਆਂ ਹਨ ਜਿਵੇਂ ਖੱਦਰ, ਲੱਠਾ, ਸੂਸੀ, ਲਿਲਣ, ਮਲਮਲ, ਕਰੇਬ, ਪਾਪਲੀਨ, ਗਬਰੂਨ, ਮਖਮਲ, ਟਸਰ, ਅਤਲਸ, ਲੇਡੀਮਿੰਟਨ, ਪਲਿਸਟਰ, ਖਾਸਾ, ਕਾਨਵੇਜ਼, ਟੈਰੀ ਰੁਬੀਆ, ਗੁੰਮਟੀ, ਗੌਰਨਟ, ਚਿਕਨ, ਬਨਾਤ, ਪਲੱਛ, ਬਾਫਤਾ, ਸਾਟਨ, ਛੀਂਟ, ਕਾਲੀ ਸੂਫ਼ ਆਦਿ। ਪਰ ਕਾਲੀ ਸੂਫ਼ ਅਤੇ ਛੀਂਟ ਪੰਜਾਬਣਾਂ ਦਾ ਮਨਭਾਉਂਦਾ ਕੱਪੜਾ ਸੀ। ਖਾਸ ਕਰਕੇ ਛੀਂਟ ਨੇ ਤਾਂ ਹਰ ਪੰਜਾਬੀ ਔਰਤ ਦਾ ਦਿਲ ਜਿੱਤ ਲਿਆ ਸੀ। ਰੰਗ-ਬਰਿੰਗੇ ਫੁੱਲਾਂ ਦੇ ਛਾਪੇ ਵਾਲੀ ਦਿਲਕਸ਼ ਛੀਂਟ ਨੂੰ ਦੇਖ ਕੇ ਮੁਟਿਆਰਾਂ ਨੂੰ ਅਜੀਬ ਜਿਹਾ ਨਸ਼ਾ ਚੜ੍ਹ ਜਾਂਦਾ ਸੀ :
ਜੱਟੀ ਹੱਟੀ ਤੇ ਸ਼ਰਾਬਣ ਹੋਈ,
ਸੱਪ ਰੰਗੀ ਛੀਂਟ ਦੇਖ ਕੇ …
ਗਿਆਰ੍ਹਵੀਂ ਸਦੀ ਵਿੱਚ ਕੇਰਲਾ ਪ੍ਰਾਂਤ ਦੇ ਸ਼ਹਿਰ ਕਾਲੀਕਟ ਜਿਸ ਨੂੰ ਹੁਣ ਕੋਜੀਕੋਡ ਕਿਹਾ ਜਾਂਦਾ ਹੈ, ਵਿੱਚ ਇਕ ਖਾਸ ਕਿਸਮ ਦਾ ਛਾਪੇਦਾਰ ਕੱਪੜਾ ਤਿਆਰ ਕੀਤਾ ਜਾਣ ਲੱਗਾ, ਜਿਸ ਨੂੰ ਛੀਂਟ ਕਿਹਾ ਜਾਂਦਾ ਸੀ। ਕਿਉਂਕਿ ਛੀਂਟ ਕਾਲੀਕਟ ਸ਼ਹਿਰ ਵਿਚ ਤਿਆਰ ਹੁੰਦੀ ਸੀ, ਇਸ ਲਈ ਇਸ ਨੂੰ ਬਦੇਸ਼ੀ ਵਪਾਰੀ ਕੈਲੀਕੋ ਵੀ ਕਹਿੰਦੇ ਸਨ। ਬਾਰ੍ਹਵੀਂ ਸਦੀ ਦੇ ਮਸ਼ਹੂਰ ਲਿਖਾਰੀ ਹੇਮ ਚੰਦਰ ਨੇ ਆਪਣੀ ਇਕ ਲਿਖਤ ਵਿਚ ਕੰਵਲ ਫੁੱਲ ਦੇ ਛਾਪੇ ਵਾਲੀ ਛੀਂਟ ਦਾ ਵਰਨਣ ਕੀਤਾ ਹੈ। ਛੀਂਟ ਦਾ ਕੱਪੜਾ ਤਿਆਰ ਕਰਨ ਲਈ ਸੂਰਤ ਦੇ ਇਲਾਕੇ ਵਿੱਚ ਪੈਦਾ ਹੋਣ ਵਾਲੀ ਵਧੀਆ ਕਿਸਮ ਦੀ ਕਪਾਹ ਤੋਂ ਤਿਆਰ ਕੀਤੇ ਸੂਤ ਦੀ ਵਰਤੋਂ ਹੀ ਕੀਤੀ ਜਾਂਦੀ ਸੀ। ਉਤਰੀ ਕੇਰਲਾ ਅਤੇ ਕਰਨਾਟਕ ਦੇ ਸਮੁੰਦਰੀ ਕੰਢੇ ‘ਤੇ ਰਹਿਣ ਵਾਲੇ ਮਲਿਆਲੀ ਜਾਤੀ ਦੇ ਸਾਲੀਆ ਜਾਂ ਸਾਲੀ ਜੁਲਾਹੇ ਹੀ ਛੀਂਟ ਦਾ ਕੱਪੜਾ ਹੱਥ ਖੱਡੀਆਂ ‘ਤੇ ਬੁਣਦੇ ਸਨ। ਛੀਂਟ ਦੀ ਦਸਤਕਾਰੀ ਨਾਲ ਜੁੜੇ ਹੋਏ ਬਹੁਤ ਸਾਰੇ ਪਰਿਵਾਰ ਸੂਤ ਕੱਤਣ ਦਾ ਕੰਮ ਕਰਦੇ ਸਨ।
ਸ਼ੁਰੂ-ਸ਼ੁਰੂ ਵਿੱਚ ਛੀਂਟ ਤਿਆਰ ਕਰਨ ਲਈ ਕੱਪੜੇ ਉਤੇ ਹੱਥ ਨਾਲ ਪੇਂਟ ਕਰਕੇ ਵੱਡੇ-ਵੱਡੇ ਫੁੱਲ ਬੂਟਿਆਂ ਦੇ ਨਮੂਨੇ ਬਣਾਏ ਜਾਂਦੇ ਸਨ। ਫਿਰ ਬਾਅਦ ਵਿਚ ਲੱਕੜੀ ਦੇ ਬਣੇ ਠੱਪੇ (ਸੰਚੇ) ਨਾਲ ਦਿਲਕਸ਼ ਤੇ ਸਮੁੰਦਰ ਨਮੂਨੇ ਬਣਾਏ ਜਾਣ ਲੱਗੇ। ਛੀਂਟ ਨੂੰ ਪਹਿਨਣ ਵਾਲੇ ਕੱਪੜੇ ਤਿਆਰ ਕਰਨ ਲਈ ਵੀ ਵਰਤਿਆ ਜਾਂਦਾ ਸੀ ਤੇ ਇਸ ਤੋਂ ਚਾਦਰਾਂ, ਪਰਦੇ, ਰਜ਼ਾਈਆਂ, ਗਦੈਲੇ ਵੀ ਬਣਾਏ ਜਾਂਦੇ ਸਨ :
ਕੋਈ ਛੀਂਟ ਰਜ਼ਾਈਆਂ ਦੀ,
ਅੱਖੀਆਂ ਨਾ ਭਰ ਸੋਹਣੀਏ,
ਨਹੀਂ ਸੀ ਨੀਤ ਜੁਦਾਈਆਂ ਦੀ …
ਹੌਲੀ-ਹੌਲੀ ਛੀਂਟ ਸਾਰੇ ਭਾਰਤ ਵਿਚ ਹਰਮਨ ਪਿਆਰੀ ਹੋ ਗਈ ਤੇ ਉਸ ਦੀਆਂ ਦੂਰ-ਦੂਰ ਤੱਕ ਧੁੰਮਾਂ ਪੈ ਗਈਆਂ।
ਪੰਦਰ੍ਹਵੀਂ ਸਦੀ ਵਿੱਚ ਛੀਂਟ ਮਿਸਰ ਦੇ ਬਜ਼ਾਰਾਂ ਵਿੱਚ ਧੜਾਧੜ ਵਿਕਣ ਲੱਗੀ। ਕੁਝ ਸਮੇਂ ਬਾਅਦ ਇਸ ਨੇ ਅਰਬ, ਇਰਾਨ, ਮਲੇਸ਼ੀਆ ਆਦਿ ਦੇਸ਼ਾਂ ਦੀਆਂ ਮੰਡੀਆਂ ਵਿੱਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਦੂਰ ਦੁਰਾਡੀਆਂ ਥਾਵਾਂ ਤੋਂ ਬਦੇਸ਼ੀ ਵਪਾਰੀ ਹੁੰਮ ਹੁੰਮਾ ਕੇ ਛੀਂਟ ਖਰੀਦਣ ਲਈ ਕਾਲੀਕਟ ਪਹੁੰਚਣ ਲੱਗੇ। ਜਦੋਂ ਡੱਚ, ਪੁਰਤਗਾਲੀ ਤੇ ਫਰਾਂਸੀਸੀ ਵਪਾਰੀਆਂ ਨੂੰ ਪਤਾ ਲੱਗਿਆ ਕਿ ਛੀਂਟ ਨਿਰਯਾਤ ਕਰਨਾ ਅੰਨ੍ਹੇ ਮੁਨਾਫੇ ਵਾਲਾ ਕਾਰੋਬਾਰ ਹੈ ਤਾਂ ਉਨ੍ਹਾਂ ਨੇ ਵੀ ਯੂਰਪ ਦੀਆਂ ਮੰਡੀਆਂ ਵਿਚ ਛੀਂਟ ਦਾ ਕੱਪੜਾ ਵੇਚ ਕੇ ਆਪਣੇ ਹੱਥ ਰੰਗਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦਿਨਾਂ ਵਿਚ ਛੀਂਟ ਬਹੁਤ ਹੀ ਮਹਿੰਗੀ ਵਿਕਦੀ ਸੀ ਤੇ ਮਿਲਦੀ ਵੀ ਘੱਟ ਸੀ। ਈਸਟ ਇੰਡੀਆ ਕੰਪਨੀ ਵੀ ਪਿੱਛੇ ਨਾ ਰਹੀ ਤੇ ਉਸ ਨੇ ਵੀ ਭਾਰਤ ਵਿਚੋਂ ਛੀਂਟ ਲਿਜਾ ਕੇ ਇੰਗਲੈਂਡ ਵੇਚਣੀ ਸ਼ੁਰੂ ਕਰ ਦਿੱਤੀ। ਦਿਨੋਂ ਦਿਨ ਛੀਂਟ ਦਾ ਕੱਪੜਾ ਇਟਲੀ, ਫਰਾਂਸ, ਹਾਲੈਂਡ, ਇੰਗਲੈਂਡ ਆਦਿ ਦੇਸ਼ਾਂ ਵਿਚ ਹਰਮਨ ਪਿਆਰਾ ਹੁੰਦਾ ਗਿਆ ਤੇ ਇਸ ਦੀ ਮੰਗ ਵਧਦੀ ਗਈ। ਸਤਾਰ੍ਹਵੀਂ ਸਦੀ ਦੇ ਅਖੀਰ ਵਿਚ ਦਸ ਲੱਖ ਤੋਂ ਵੀ ਵਧੇਰੇ ਛੀਂਟ ਦੇ ਥਾਨ ਫਰਾਂਸ ਤੇ ਹਾਲੈਂਡ ਨੂੰ ਨਿਰਯਾਤ ਕੀਤੇ ਜਾਣ ਲੱਗੇ। ਇਨੇ ਹੀ ਛੀਂਟ ਦੇ ਥਾਨ ਫਰਾਂਸ ਤੇ ਹਾਲੈਂਡ ਨੂੰ ਨਿਰਯਾਤ ਕੀਤੇ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਛੀਂਟ ਦੀ ਸਾਰੀ ਦੁਨੀਆ ਵਿਚ ਚੜ੍ਹਤ ਸੀ ਤੇ ਸਾਰੀ ਦੁਨੀਆ ਦੀਆਂ ਸ਼ੁਕੀਨ ਔਰਤਾਂ ਛੀਂਟ ਤੋਂ ਤਿਆਰ ਕੀਤੇ ਹੋਏ ਕੱਪੜੇ ਪਹਿਨਣ ਦੀਆਂ ਦੀਵਾਨੀਆਂ ਸਨ।
ਅਠਾਰ੍ਹਵੀਂ ਸਦੀ ਵਿਚ ਊਨੀ ਕੱਪੜਾ ਤਿਆਰ ਕਰਨ ਵਿਚ ਇੰਗਲੈਂਡ ਦੀ ਸਾਰੀ ਦੁਨੀਆ ਵਿਚ ਝੰਡੀ ਸੀ। ਯੂਰਪ ਦੀਆਂ ਮੰਡੀਆਂ ਵਿਚ ਇੰਗਲੈਂਡ ਦੇ ਬਣੇ ਊਨੀ ਕੱਪੜੇ ਧੜਾਧੜ ਵਿਕਦੇ ਸਨ। ਊਨੀ ਕੱਪੜੇ ਦੇ ਅੰਗਰੇਜ਼ ਉਤਪਾਦਾਂ ਨੂੰ ਆਪਣੇ ਮਾਲ ਉਤੇ ਬਹੁਤ ਮਾਣ ਸੀ, ਪਰ ਭਾਰਤ ਦੀ ਬਣੀ ਛੀਂਟ ਨੇ ਉਨ੍ਹਾਂ ਦੇ ਇਸ ਘਮੰਡ ਨੂੰ ਚਕਨਾਚੂਰ ਕਰ ਦਿੱਤਾ ਤੇ ਉਨ੍ਹਾਂ ਦੇ ਊਨੀ ਕੱਪੜੇ ਦਾ ਵਪਾਰ ਢਹਿੰਦੀਆਂ ਕਲਾਂ ਵੱਲ ਜਾਣ ਲੱਗਾ। ਇਹ ਦੇਖ ਕੇ ਅੰਗਰੇਜ਼ ਕਾਰਖਾਨੇਦਾਰਾਂ ਦੇ ਹੋਸ਼ ਉਡ ਗਏ ਤੇ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇੰਗਲੈਂਡ ਦੀਆਂ ਮੰਡੀਆਂ ਵਿਚ ਛੀਂਟ ਦੀ ਵਿਕਰੀ ਰੋਕਣ ਲਈ ਉਨ੍ਹਾਂ ਨੇ ਰਲ ਕੇ ਸਰਕਾਰ ਉਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਊਨੀ ਕੱਪੜੇ ਦੇ ਬਹੁਤ ਕਾਰਖਾਨੇ ਪੂਰਬੀ ਤੇ ਦੱਖਣੀ ਇੰਗਲੈਂਡ ਦੇ ਇਲਾਕੇ ਵਿਚ ਸਨ। ਇਸ ਲਈ ਇੰਗਲੈਂਡ ਦੀ ਪਾਰਲੀਮੈਂਟ ਨੇ ਅਠਾਰ੍ਹਵੀਂ ਸਦੀ ਦੇ ਸ਼ੁਰੂ ਵਿਚ ਇਕ ਕਾਨੂੰਨ ਪਾਸ ਕਰਕੇ ਪੂਰਬੀ ਤੇ ਦੱਖਣੀ ਇੰਗਲੈਂਡ ਵਿਚ ਛਾਪੇਦਾਰ ਕੱਪੜੇ ਨੂੰ ਨਿਰਯਾਤ ਕਰਨ ‘ਤੇ ਰੋਕ ਲਾ ਦਿੱਤੀ। ਇਸ ਨਾਲ ਪਹਿਲਾਂ ਪਹਿਲ ਛੀਂਟ ਦੇ ਵਪਾਰ ‘ਤੇ ਬਹੁਤ ਬੁਰਾ ਪ੍ਰਭਾਵ ਪਿਆ। ਪਰ ਇਸ ਕਾਨੂੰਨ ਵਿਚ ਕਈ ਚੋਰ ਮੋਰੀਆਂ ਸਨ। ਹੌਲੀ-ਹੌਲੀ ਛੀਂਟ ਦੇ ਵਪਾਰ ਵਿਚ ਫਿਰ ਵਾਧਾ ਹੋਣ ਲੱਗਾ। ਸਤਾਰਾਂ ਸੌ ਵੀਹ ਵਿਚ ਛੀਂਟ ਦਾ ਵਪਾਰ ਪਹਿਲਾਂ ਵਾਂਗ ਹੀ ਪ੍ਰਫੁਲਤ ਹੋ ਗਿਆ। ਇਹ ਦੇਖ ਕੇ ਅੰਗਰੇਜ਼ ਕਾਰਖਾਨੇਦਾਰ ਬੁਖਲਾ ਗਏ। ਮਜਬੂਰ ਹੋ ਕੇ ਪਾਰਲੀਮੈਂਟ ਨੇ ਇਕ ਹੋਰ ਸਖਤ ਕਾਨੂੰਨ ਪਾਸ ਕਰ ਦਿੱਤਾ, ਜਿਸ ਅਧੀਨ ਛੀਂਟ ਪਹਿਨਣ ਵਾਲੇ ਵਿਅਕਤੀਆਂ ਨੂੰ ਭਾਰੀ ਜੁਰਮਾਨੇ ਕੀਤੇ ਜਾਣ ਲੱਗੇ। ਇੰਗਲੈਂਡ ਦੀ ਦੇਖਾ-ਦੇਖੀ ਫਰਾਂਸ ਨੇ ਵੀ ਭਾਰਤ ਤੋਂ ਛੀਂਟ ਮੰਗਵਾਉਣ ‘ਤੇ ਰੋਕ ਲਾ ਦਿੱਤੀ।
ਉਨ੍ਹਾਂ ਸਮਿਆਂ ਵਿਚ ਅੰਗਰੇਜ਼ ਤੇ ਫਰਾਂਸੀਸੀ ਉਦਯੋਗਪਤੀ ਛੀਂਟ ਬਨਾਉਣ ਦੀ ਤਕਨੀਕ ਤੋਂ ਅਣਜਾਣ ਸਨ ਅਤੇ ਨਾ ਹੀ ਉਨ੍ਹਾਂ ਦੀਆਂ ਕੱਪੜਾ ਮਿੱਲਾਂ ਛੀਂਟ ਤਿਆਰ ਕਰਨ ਦੇ ਯੋਗ ਸਨ। ਉਹ ਛੀਂਟ ਬਨਾਉਣ ਦੇ ਗੁੱਝੇ ਢੰਗ ਤਰੀਕਿਆਂ ਨੂੰ ਜਾਨਣ ਲਈ ਤਰਲੋ ਮੱਛੀ ਹੋ ਰਹੇ ਸਨ। ਉਨ੍ਹਾਂ ਨੇ ਆਪਣੇ ਉਦੇਸ਼ ਦੀ ਪੂਰਤੀ ਲਈ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਵਰਤਣੇ ਸ਼ੁਰੂ ਕਰ ਦਿੱਤੇ। ਆਖਰ ਛੀਂਟ ਬਨਾਉਣ ਦਾ ਰਾਜ਼ ਉਨ੍ਹਾਂ ਦੇ ਹੱਥ ਆ ਹੀ ਗਿਆ।
ਫਰਾਂਸ ਦੀ ਸਮੁੰਦਰੀ ਫੌਜ ਦਾ ਇਕ ਚੁਸਤ ਚਲਾਕ ਅਫਸਰ ਐਮ. ਡੇਬੀਅਊਲੀਓ ਉਨ੍ਹਾਂ ਦਿਨਾਂ ਵਿਚ ਪਾਂਡੀਚੀਰੀ (ਭਾਰਤ) ਵਿੱਚ ਤਾਇਨਾਤ ਸੀ। ਉਸ ਸ਼ਾਤਰ ਦਿਮਾਗ ਅਫਸਰ ਨੇ ਦਿਨ ਰਾਤ ਇਕ ਕਰਕੇ ਆਪਣੇ ਸਰੋਤਾਂ ਰਾਹੀਂ ਛੀਂਟ ਤਿਆਰ ਕਰਨ ਦਾ ਗੁਰ ਅਤੇ ਛੀਂਟ ਦੇ ਅਸਲੀ ਨਮੂਨੇ ਪ੍ਰਾਪਤ ਕਰ ਲਏ ਅਤੇ ਆਪਣੀ ਇਕੱਤਰ ਕੀਤੀ ਹੋਈ ਜਾਣਕਾਰੀ ਚਿੱਠੀਆਂ ਰਾਹੀਂ ਆਪਣੇ ਇਕ ਦੋਸਤ ਕੈਮਿਸਟ ਨੂੰ ਫਰਾਂਸ ਭੇਜ ਦਿੱਤੀ। ਉਸ ਦੀਆਂ ਚਿੱਠੀਆਂ ਅਤੇ ਉਸ ਵਲੋਂ ਭੇਜੇ ਗਏ ਛੀਂਟ ਦੇ ਨਮੂਨੇ ਅੱਜ ਵੀ ਪੈਰਿਸ ਦੇ ਅਜਾਇਬ ਘਰ ਵਿਚ ਦੇਖੇ ਜਾ ਸਕਦੇ ਹਨ। ਇਸ ਤਰ੍ਹਾਂ ਫਰਾਂਸੀਸੀ ਕੱਪੜੇ ਨੂੰ ਰੰਗਣ ਦੀ ਵਿਧੀ ਅਤੇ ਛੀਂਟ ਤਿਆਰ ਕਰਨ ਦੇ ਹਰੇਕ ਪੜਾਅ ਦਾ ਭੇਤ ਜਾਣ ਗਏ। ਇਕ ਹੋਰ ਫਰਾਂਸੀਸੀ ਪ੍ਰਚਾਰਕ ਫਾਦਰ ਕੋਈਊਰਡੌਕਸ ਨੇ ਵੀ ਭਾਰਤੀਆਂ ਨੂੰ ਕੈਥੋਲਿਕ ਇਸਾਈ ਬਨਾਉਣ ਦੇ ਨਾਲ-ਨਾਲ ਛੀਂਟ ਤਿਆਰ ਕਰਨ ਦੇ ਢੰਗ ਨੂੰ ਵੀ ਵਿਸਥਾਰ ਨਾਲ ਲਿਖ ਕੇ ਫਰਾਂਸ ਭੇਜਿਆ।
ਇਸੇ ਤਰ੍ਹਾਂ ਹੀ ਅੰਗਰੇਜ਼ ਵੀ ਛੀਂਟ ਬਨਾਉਣ ਦੀ ਤਕਨੀਕ ਹਾਸਲ ਕਰਨ ਵਿਚ ਸਫਲ ਹੋ ਗਏ। ਸਤਾਰ੍ਹਵੀਂ ਸਦੀ ਦੇ ਅੱਧ ਤੱਕ ਫਰਾਂਸੀਸੀ ਅਤੇ ਅੰਗਰੇਜ਼ੀ ਕੱਪੜਾ ਮਿੱਲਾਂ ਨੇ ਛੀਂਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ-ਪਹਿਲ ਯੂਰਪੀਅਨ ਉਦਯੋਗਪਤੀ ਭਾਰਤ ਤੋਂ ਚੁਰਾਏ ਹੋਏ ਨਮੂਨੇ ਹੀ ਵਰਤਦੇ ਰਹੇ ਤੇ ਫਿਰ ਉਨ੍ਹਾਂ ਨੇ ਆਪਣੇ ਤਿਆਰ ਕੀਤੇ ਹੋਏ ਮੌਲਿਕ ਨਮੂਨਿਆਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ।
1783 ਈਸਵੀ ਵਿਚ ਥਾਮਸ ਬਿੱਲ ਨਾਂ ਦੇ ਅੰਗਰੇਜ਼ ਨੇ ਤਾਂਬੇ ਦੇ ਰੋਲਰ ਦੀ ਸਹਾਇਤਾ ਨਾਲ ਛਾਪਣ ਦਾ ਤਰੀਕਾ ਲੱਭ ਲਿਆ, ਜਿਸ ਨਾਲ ਛੀਂਟ ਤਿਆਰ ਕਰਨੀ ਬਹੁਤ ਸੌਖੀ ਹੋ ਗਈ ਤੇ ਇਸ ਦੇ ਉਤਪਾਦਨ ਵਿਚ ਬਹੁਤ ਵਾਧਾ ਹੋ ਗਿਆ। ਉਨੀਵੀਂ ਸਦੀ ਦੇ ਅਖੀਰ ਤੱਕ ਇੰਗਲੈਂਡ ਵਿਚ ਅਨੇਕਾਂ ਕੰਪਨੀਆਂ ਛੀਂਟ ਤਿਆਰ ਕਰਨ ਲੱਗੀਆਂ ਤੇ ਉਨ੍ਹਾਂ ਦੇ ਆਪਸੀ ਮੁਕਾਬਲੇ ਨੇ ਇਸ ਵਪਾਰ ਵਿਚ ਹੁੰਦੇ ਅੰਨ੍ਹੇ ਮੁਨਾਫੇ ਨੂੰ ਘਟਾ ਦਿੱਤਾ। ਉਨ੍ਹਾਂ ਸਮਿਆਂ ਵਿਚ ਭਾਰਤ ਵਿਚ ਗੂੜ੍ਹੀ ਪਿੱਠਭੂਮੀ ਤੇ ਵੱਡੇ ਆਕਾਰ ਦੇ ਨਮੂਨਿਆਂ ਵਾਲੀ ਛੀਂਟ ਦਾ ਬਹੁਤ ਰਿਵਾਜ਼ ਸੀ। ਪਰ ਯੂਰਪ ਵਾਸੀ ਕਰੀਮ ਰੰਗ ਦੀ ਪਿੱਠਭੂਮੀ ਵਾਲੀ ਤੇ ਛੋਟੇ ਆਕਾਰ ਦੇ ਸੰਘਣੇ ਨਮੂਨਿਆਂ ਵਾਲੀ ਛੀਂਟ ਨੂੰ ਪਸੰਦ ਕਰਦੇ ਸਨ।
ਅੰਗਰੇਜ਼ ਵਪਾਰੀਆਂ ਨੇ ਇੰਗਲੈਂਡ ਦੇ ਕਾਰਖਾਨਿਆਂ ਦੀ ਬਣੀ ਹੋਈ ਛੀਂਟ ਨੂੰ ਭਾਰਤ ਦੀਆਂ ਮੰਡੀਆਂ ਵਿਚ ਧੜਾਧੜ ਵੇਚਣਾ ਸ਼ੁਰੂ ਕਰ ਦਿੱਤਾ। ਭਾਰਤ ਦੀ ਮਹਿੰਗੀ ਛੀਂਟ ਇੰਗਲੈਂਡ ਦੀ ਸਸਤੀ ਤੇ ਤਰ੍ਹਾਂ ਤਰ੍ਹਾਂ ਦੇ ਦਿਲਕਸ਼ ਨਮੂਨਿਆਂ ਵਾਲੀ ਛੀਂਟ ਦਾ ਮੁਕਾਬਲਾ ਨਾ ਕਰ ਸਕੀ। ਹੌਲੀ-ਹੌਲੀ ਭਾਰਤ ਵਿਚ ਛੀਂਟ ਦਾ ਉਦਯੋਗ ਢਹਿੰਦੀਆਂ ਕਲਾਂ ਵੱਲ ਜਾਣਾ ਸ਼ੁਰੂ ਹੋ ਗਿਆ ਤੇ ਆਖਿਰ ਦਮ ਤੋੜ ਕੇ ਠੱਪ ਹੋ ਗਿਆ।
ਪੁਰਾਣੇ ਸਮਿਆਂ ਵਿਚ ਪੰਜਾਬ ਦੇ ਕੁਝ ਕਸਬੇ ਅਤੇ ਪਿੰਡ ਛੀਂਟਾਂ ਛਾਪਣ ਲਈ ਬਹੁਤ ਪ੍ਰਸਿੱਧ ਸਨ। ਨਾਭੇ ਤੋਂ ਨੌਂ ਮੀਲ ਦੂਰ ਵਸਦੇ ਮਨਸੂਰ ਪਿੰਡ ਦੀ ਛੀਂਟ ਐਨੀ ਮਸ਼ਹੂਰ ਸੀ ਕਿ ਇਸ ਪਿੰਡ ਦਾ ਨਾਂ ਵੀ ਛੀਂਟਾਂ ਵਾਲੀ ਪੈ ਗਿਆ। ਇਸੇ ਤਰ੍ਹਾਂ ਹੀ ਸੁਲਤਾਨਪੁਰ ਵਿਚ ਵੀ ਬਹੁਤ ਹੀ ਦਿਲਕਸ਼ ਅਤੇ ਨਿਵੇਕਲੀ ਕਿਸਮ ਦੀਆਂ ਛੀਂਟਾਂ ਤਿਆਰ ਹੁੰਦੀਆਂ ਸਨ। ਲਹਿੰਦੇ ਪੰਜਾਬ ਦੇ ਮੁਲਤਾਨ ਸ਼ਹਿਰ ਦੀ ਛੀਂਟ ਵੀ ਪੰਜਾਬੀ ਮੁਟਿਆਰਾਂ ਵਿਚ ਬਹੁਤ ਹਰਮਨ ਪਿਆਰੀ ਸੀ :
ਕਮੀਜ਼ਾਂ ਛੀਂਟ ਦੀਆਂ, ਮੁਲਤਾਨੋਂ ਆਈਆਂ ਨੀ,
ਮਾਵਾਂ ਆਪਣੀਆਂ ਜਿਨ੍ਹਾਂ ਸੱਧਰਾਂ ਲਾਹੀਆਂ ਨੀ।
ਕਮੀਜ਼ਾਂ ਛੀਂਟ ਦੀਆਂ ਮੁਲਤਾਨੋਂ ਆਈਆਂ ਨੀ,
ਸੱਸਾਂ ਪਰਾਈਆਂ ਨੀ ਜਿਨ੍ਹਾਂ ਗਲੋਂ ਲੁਹਾਈਆਂ ਨੀ।
ਉਨ੍ਹਾਂ ਸਮਿਆਂ ਵਿਚ ਛੀਂਟ ਬਹੁਤ ਮਹਿੰਗੀ ਵਿਕਦੀ ਸੀ। ਇਸ ਲਈ ਕੋਈ ਹੌਸਲੇ ਵਾਲਾ ਹੀ ਖਰੀਦ ਕਸਦਾ ਸੀ :
ਝਾਮਾਂ …ਝਾਮਾਂ…ਝਾਮਾਂ
ਛੀਂਟ ਖਰੀਦ ਦੀਆਂ, ਬਈ ਜਿਗਰੇ ਵਾਲੀਆਂ ਮਾਵਾਂ,
ਜੁੱਤੀ ਮੇਰੀ ਮਖਮਲ ਦੀ, ਅੱਡੀਆਂ ਕੂਚ ਕੇ ਪਾਮਾਂ,
ਮਿੱਤਰਾਂ ਦੇ ਹਲ ਵਗਦੇ, ਕਿਹੜੇ ਰਾਹ ਮੁਕਲਾਵੇ ਜਾਮਾਂ,
ਨਾਲ ਮਝੇਰੂ ਦੇ ਭੁੱਲ ਕੇ ਲੈ ਲੀਆ ਲਾਮਾਂ …
ਕੋਈ ਪ੍ਰੇਮੀ ਆਪਣੀ ਪ੍ਰੇਮਕਾ ਦੀ ਰੀਝ ਪੂਰੀ ਕਰਨ ਲਈ ਉਸ ਨੂੰ ਛੀਂਟ ਦੀ ਕੁੜਤੀ ਸੁਗਾਤ ਵਜੋਂ ਦਿੰਦਾ। ਪਰ ਇਹ ਗੱਲ ਗੁੱਝੀ ਨਾ ਰਹਿੰਦੀ :
ਰਾਈ … ਰਾਈ … ਰਾਈ
ਖਾਈ ਦੇ ਕੋਲ ਦੀਨਾ ਸੁਣੀਂਦਾ,
ਪੱਤੋ ਦੇ ਕੋਲ ਖਾਈ,
ਬੁਲਾਂ ਉੱਤੇ ਦੰਦਾਸਾ ਮਲਿਆ,
ਰੰਗਲੀ ਮਹਿੰਦੀ ਲਾਈ,
ਪੈਲਾਂ ਪਾ ਪਾ ਤੁਰੇਂ ਰਕਾਨੇ
ਜਿਵੇਂ ਤੁਰੇ ਮੁਰਗਾਈ,
ਬਾਹਾਂ ਦੇ ਵਿੱਚ ਛਣਕੇ ਚੂੜਾ,
ਝਾਂਜਰ ਦੇਵੇ ਦੁਹਾਈ,
ਦੱਸ ਨੀਂ ਭਰਮਾਂ ਪਿੱਟੀਏ
ਕਿੱਥੋਂ ਕੁੜਤੀ ਛੀਂਟ ਦੀ ਪਾਈ…
ਕੁਪੱਤੀ ਸੱਸ ਦੀ ਸਤਾਈ ਹੋਈ ਕੋਈ ਨੂੰਹ ਸੱਸ ਤੋਂ ਖਹਿੜਾ ਛੁਡਾਉਣ ਲਈ ਤਰ੍ਹਾਂ ਤਰ੍ਹਾਂ ਦੇ ਉਪਾਅ ਸੋਚਦੀ। ਆਖਰ ਉਹ ਇਸ ਤਕਰੀਬ ਨੂੰ ਸੱਚ ਕਰਨਾ ਲੋਚਦੀ ਕਿ ਸੱਸ ਨੂੂੰ ਛੀਂਟ ਦੇ ਸੋਹਣੇ ਕੱਪੜੇ ਪਹਿਨਾ ਕੇ ਮੁਕਲਾਵੇ ਤੋਰ ਦਿੱਤ ਜਾਵੇ :
ਕੋਰੀ ਕੋਰੀ ਛੀਂਟ ਦੀ ਸੁੱਥਣ ਸਮਾਦੇ,
ਉੱਤੇ ਪਵਾ ਦੇ ਮੋਰਨੀਆਂ,
ਵੇ ਮੈਂ ਸੱਸ ਮੁਕਲਾਵੇ ਤੋਰਨੀਆਂ
ਤੇਰੀ ਬੇਬੇ ਮੁਕਲਾਵੇ ਤੋਰਨੀਆਂ…
ਸ਼ੁਕੀਨ ਮੁਟਿਆਰਾਂ ਹਾਰ-ਸ਼ਿੰਗਾਰ ਲਾ ਕੇ ਸੋਹਣੇ ਸੋਹਣੇ ਛੀਂਟ ਦੇ ਸੂਟ ਪਹਿਨਦੀਆਂ ਤੇ ਇਕੱਠੀਆਂ ਹੋ ਕੇ ਖੂਹੀ ਤੋਂ ਪਾਣੀ ਭਰਨ ਜਾਂਦੀਆਂ :
ਆ ਨੀ ਜੈ ਕੁਰੇ ਪਾਣੀ ਨੂੰ ਚੱਲੀਏ,
ਈਸੋ ਹਾਕਾਂ ਮਾਰੇ,
ਖੂਹੀ ਸਾਡੀ ਤੇ ਛੀਂਟ ਲਿਸ਼ਕਦੀ,
ਇਕੋ ਬਾਣਾ ਪਾਈਏ,
ਦੁਖੱਲੀਆਂ ਜੁੱਤੀਆਂ ਤਿਰਮਚੀ ਲਹਿੰਗੇ,
ਉੱਤੇ ਬਦਾਮੀ ਚਾਹੀਏ,
ਜਿਸ ਘਰ ਦਿਉਰ ਨਹੀਂ,
ਨਿਜ ਮੁਕਲਾਵੇ ਜਾਈਏ.. .
ਕੋਈ ਮੁਟਿਆਰ ਛੀਂਹ ਦੀ ਸੋਹਣੀ ਕੁੜਤੀ ਨੂੰ ਬੜੇ ਸ਼ੌਕ ਨਾਲ ਪਾਉਂਦੀ ਤੇ ਰੀਝ ਨਾਲ ਹੰਢਾਉਂਦੀ :
ਝਾਮਾਂ.. . ਝਾਮਾਂ.. . ਝਾਮਾਂ…
ਕੁੜਤੀ ਛੀਂਟ ਦੀਏ,
ਤੈਨੂੰ ਰੀਝਾਂ ਨਾਲ ਹੰਢਾਮਾਂ,
ਲੋਗੜੀ ਦਾ ਫੁੱਲ ਬਣ ਕੇ,
ਮੈਂ ਪਿੰਡ ਸਹੁਰਿਆਂ ਦੇ ਜਾਮਾਂ,
ਮੂਹਰੇ ਲੱਗ ਮਿੱਤਰਾਂ,
ਮੈਂ ਮਗਰ ਮੇਲ੍ਹ ਦੀ ਆਮਾਂ,
ਜਾਕਟ ਲਿਆ ਮਿੱਤਰਾਂ,
ਕੁੜਤੀ ਹੇਠ ਦੀ ਪਾਮਾਂ੩.. .
ਛੀਂਟ ਦੀ ਕੁੜਤੀ ਪਹਿਨਣ ਦੀ ਸ਼ੁਕੀਨ ਕੋਈ ਮੁਟਿਆਰ ਸਹੁਰੇ ਪਰਿਵਾਰ ਤੋਂ ਚੋਰੀ ਆਪਣਾ ਸ਼ੌਕ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਪਰ ਉਸ ਦੀ ਚੋਰੀ ਫੜੀ ਜਾਂਦੀ :
ਰਾਈ.. .ਰਾਈ.. .
ਸਿਖਰ ਦੁਪਹਿਰੇ ਛੋਲੇ ਵੇਚੇ,
ਹੱਟ ਬਾਣੀਏ ਦੀ ਆਈ,
ਦੋ ਆਨਿਆਂ ਦੀ ਲੈ ਲੀ ਲੋਗੜੀ,
ਦੁਆਨੀ ਦਾ ਰੰਗ ਲਿਆਈ,
ਦੋਨੋਂ ਚੀਜ਼ਾਂ ਪਹਿਲਾਂ ਲੈ ਲੀਆਂ,
ਪਿੱਛੋਂ ਛੇ ਗਜ ਛੀਂਟ ਕਢਾਈ,
ਚੁਆਨੀ ਦੇ ਉਹਨੂੰ ਬਟਣ ਲੱਗੇ ਸੀ,
ਠਿਆਨੀ ਲੱਗੀ ਸਮਾਈ,
ਜਿੱਦੇਂ ਦੀ ਉਹ ਰੱਖੀ ਸਮਾ ਕੇ,
ਅੰਗ ਮੂਲ ਨਾ ਲਾਈ,
ਦਰਜੀ ਲਾਲ ਸਿਉਂ ਬੈਠਾ ਹੱਟੀ ‘ਤੇ
ਪੁੱਛ ਲੈ ਰਾਈ ਰਾਈ,
ਔਖਾ ਹੋਮੇਂਗਾ, ਕਿਉਂ ਜਾਨੈਂ ਝਮਲਾਈ.. .
ਵਾਰਿਸ ਸ਼ਾਹ ਆਪਣੇ ਪ੍ਰਸਿੱਧ ਕਿੱਸੇ ”ਹੀਰ” ਵਿਚ ਹੀਰ ਦੇ ਦਾਜ ਦਹੇਜ ਦੀ ਗੱਲ ਕਰਨ ਲੱਗਾ ਛੀਂਟ ਬਾਰੇ ਵੀ ਲਿਖਦਾ ਹੈ :
ਦਾਜ ਸਿਉਂ ਕੇ ਵਿਚ ਸੰਦੂਕ ਬੱਧੇ,
ਸੁਣ ਕੀ ਕੀ ਦਾਜ ਰੰਗਾਇਓ ਨੇ।
ਬੰਦ ਆਰਸੀ ਨਾਲ ਅੰਗੂਠੀਆਂ ਦੇ,
ਛੱਲੇ ਬਹੁਤ ਤਬੀਤੜੀ ਪਾਇਓ ਨੇ।
ਲਾਲ ਲੁੰਗੀਆਂ ਅਤੇ ਮਲਾਹੀ ਲਾਚੇ,
ਖੇਸ ਰੇਸ਼ਮੀ ਨਾਲ ਸਲਾਰੀਆਂ ਨੇ।
ਮਾਣਕ ਚੌਕ ਪਟਾਗਲਾ ਡੋਰੀਏ ਸਨ,
ਬੂੰਦਾਂ ਉੜਦ ਛੀਂਟਾਂ ਪੰਜਤਾਰੀਆਂ ਨੇ।
ਪੁਰਾਣੇ ਸਮਿਆਂ ਵਿਚ ਮਾਲਵੇ ਦੇ ਕੁਝ ਪਿੰਡਾਂ ਵਿਚ ਵੀ ਛੀਂਟ ਛਾਪਣ ਦਾ ਕੰਮ ਹੁੰਦਾ ਸੀ ਜਿਨ੍ਹਾਂ ਵਿਚੋਂ ਮੋਗਾ ਜ਼ਿਲ੍ਹੇ ਦੇ ਪਿੰਡ ਪੱਤੋ ਹੀਰਾ ਸਿੰਘ ਵੀ ਇਕ ਸੀ। ਇਸ ਪਿੰਡ ਦੇ ਕੁਝ ਦਰਜੀ ਸਿੱਖਾਂ ਦੇ ਪਰਿਵਾਰ ਇਸ ਕਿੱਤੇ ਨਾਲ ਜੁੜੇ ਹੋਏ ਸਨ। ਅੱਜ ਤੋਂ ਲਗਭਗ ਪੰਜ ਦਹਾਕੇ ਪਹਿਲਾਂ ਲੇਖਕ ਨੂੰ, ਇਨ੍ਹਾਂ ਮਿਹਨਤੀ ਪਰਿਵਾਰਾਂ ਦੇ ਕੰਮ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਛੀਂਟਾਂ ਤਿਆਰ ਕਰਨਾ ਬਹੁਤ ਹੀ ਮਿਹਨਤ ਤੇ ਲਗਨ ਵਾਲਾ ਕੰਮ ਸੀ। ਇਹ ਲੋਕ ਰਜ਼ਾਈਆਂ ਤੇ ਤਲਾਈਆਂ (ਗਦੈਲੇ) ਦੇ ਚੰਦਿਆਂ ਲਈ ਵਰਤੀ ਜਾਣ ਵਾਲੀ ਛੀਂਟ ਤਿਆਰ ਕਰਦੇ ਸਨ। ਉਹ ਆਮ ਤੌਰ ‘ਤੇ ਕਾਲੇ, ਪੀਲੇ ਤੇ ਹਰੇ ਰੰਗਾਂ ਦੀ ਵਧੇਰੇ ਵਰਤੋਂ ਕਰਦੇ ਸਨ ਜੋ ਗੂੜ੍ਹੇ, ਤੇਜ਼ ਤੇ ਪੱਕੇ ਹੁੰਦੇ ਸਨ।
ਪੀਲਾ ਤੇ ਕਾਲਾ ਰੰਗ ਉਹ ਦੇਸੀ ਵਿਧੀਆਂ ਨਾਲ ਆਪਣੇ ਹੱਥੀਂ ਘਰ ਹੀ ਤਿਆਰ ਕਰ ਲੈਂਦੇ।
ਕਾਲਾ ਰੰਗ ਬਨਾਉਣ ਲਈ ਪਹਿਲਾਂ ਮਿੱਟੀ ਦੇ ਘੜੇ ਨੂੰ ਪਾਣੀ ਨਾਲ ਅੱਧਾ ਕੁ ਭਰ ਲਿਆ ਜਾਂਦਾ। ਫਿਰ ਉਸ ਵਿਚ ਥੋੜ੍ਹਾ ਜਿਹਾ ਗੁੜ ਤੇ ਥੋੜ੍ਹਾ ਜਿਹਾ ਆਟਾ ਘੋਲਿਆ ਜਾਂਦਾ। ਇਸ ਘੋਲ ਵਿਚ ਲੋਹੇ ਦੀਆਂ ਕੁਝ ਪੱਤੀਆਂ ਨੂੰ ਸੁੱਟ ਕੇ ਘੜੇ ਨੂੰ ਪੰਜ ਦਿਨ ਲਈ ਧੁੱਪੇ ਰੱਖ ਦਿੱਤਾ ਜਾਂਦਾ। ਰਸਾਇਣਕ ਕ੍ਰਿਆ ਨਾਲ ਪੰਜ ਦਿਨਾਂ ਬਾਅਦ ਘੋਲ ਦਾ ਰੰਗ ਗੂੜ੍ਹਾ ਕਾਲਾ ਹੋ ਜਾਂਦਾ। ਇਸ ਤਰ੍ਹਾਂ ਤਿਆਰ ਕੀਤੇ ਹੋਏ ਰੰਗ ਨੂੰ ਚੰਦਿਆਂ ਦੀਆਂ ਕੰਨੀਆਂ ਉਪਰ ਕਾਲੇ ਹਾਸ਼ੀਏ ਉਲੀਕਣ ਲਈ ਵਰਤਿਆ ਜਾਂਦਾ।
ਪੀਲਾ ਰੰਗ ਤਿਆਰ ਕਰਨ ਲਈ ਪਹਿਲਾਂ ਪਾਣੀ ਵਿਚ ਫਟਕੜੀ ਪਾ ਕੇ ਚੰਗੀ ਤਰ੍ਹਾਂ ਉਬਾਲਿਆ ਜਾਂਦਾ। ਫਿਰ ਕੇਸੂਆਂ ਦੇ ਫੁੱਲਾਂ ਨੂੰ ਕੁੱਟ ਕੇ ਇਸ ਉਬਲਦੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ। ਕੁਝ ਦੇਰ ਬਾਅਦ ਪੀਲੇ ਰੰਗ ਦਾ ਘੋਲ ਤਿਆਰ ਹੋ ਜਾਂਦਾ, ਜਿਸ ਨੂੰ ”ਪਾਹ” ਕਿਹਾ ਜਾਂਦਾ। ਇਸ ਘੋਲ ਨੂੰ ਚੰਦਿਆਂ ਦੇ ਵਿਚਕਾਰਲੇ ਹਿੱਸੇ ਦੀ ਛੀਂਟ ਤਿਆਰ ਕਰਨ ਲਈ ਵਰਤਿਆ ਜਾਂਦਾ। ਮਜੀਠੀ ਦੇ ਹਰਾ ਚੰਗਿਆੜਾ (ਗੂੜ੍ਹਾ) ਰੰਗ ਮੋਗੇ ਤੇ ਬਾਘੇ ਪੁਰਾਣੇ ਦੇ ਕਸਬਿਆਂ ਤੋਂ ਖਰੀਦ ਕੇ ਲਿਆਂਦਾ ਜਾਂਦਾ।
ਛੀਂਟ ਦੀ ਪਿੱਠਭੂਮੀ ਤਿਆਰ ਕਰਨ ਲਈ ਫਰਮਾਂਹ ਨੂੰ ਲੱਗਣ ਵਾਲੇ ਗੋਲ ਗੋਲ ਬੇਰਾਂ ਵਰਗੇ ਫਲ ਜਿਨ੍ਹਾਂ ਨੂੰ ”ਮਾਈ” ਕਿਹਾ ਜਾਂਦਾ ਸੀ ਵਰਤੇ ਜਾਂਦੇ ਸਨ। ਛੀਂਟ ਛਾਪਣ ਲਈ ਅੰਬ ਦੀ ਲੱਕੜੀ ਦੇ ਬਣੇ ਠੱਪੇ (ਸੰਚੇ) ਵਰਤੇ ਜਾਂਦੇ ਸਨ, ਜੋ ਲੁਧਿਆਣੇ ਜਾਂ ਦਿੱਲੀ ਤੋਂ ਮੰਗਵਾਏ ਜਾਂਦੇ ਸਨ। ਜਦੋਂ ਛੀਂਟਾਂ ਛਾਪਣ ਦਾ ਕਿੱਤਾ ਲਾਹੇਵੰਦ ਨਾ ਰਿਹਾ ਤਾਂ ਛੀਂਟਾਂ ਛਾਪਣ ਵਾਲੇ ਇਨ੍ਹਾਂ ਕਾਰੀਗਰਾਂ ਦੀ ਨਵੀਂ ਪੀੜ੍ਹੀ ਨੇ ਆਪਣੇ ਪਿਤਾ ਪੁਰਖੀ ਕੰਮ ਨੂੰ ਤਿਆਗ ਕੇ ਨਵੇਂ ਕਿੱਤੇ ਅਪਣਾ ਲਏ।
ਕੋਰੇ ਸੂਤੀ ਕੱਪੜੇ ਉੱਤੇ ਛੀਂਟ ਛਾਪਣ ਦਾ ਕੰਮ ਕਰਨ ਵਾਲੇ ਕਾਮੇ ਨੂੰ ਛਪੇਰਾ ਕਿਹਾ ਜਾਂਦਾ ਹੈ। ਕਰਤਾਰਪੁਰ ਵਿਚ ਸਥਿਤ ਬੀਬੀ ਭਾਨੀ ਦੀ ਸਮਾਧ ਦੀ ਇਕ ਕੰਧ ਉਤੇ ਅਜਿਹੇ ਹੀ ਇਕ ਛਪੇਰੇ ਦਾ ਖ਼ੂਬਸੂਰਤ ਚਿੱਤਰ ਬਣਿਆ ਹੋਇਆ ਹੈ।
ੲੲੲ