Breaking News
Home / ਨਜ਼ਰੀਆ / ਟਰੈਵਲ ਏਜੰਟ

ਟਰੈਵਲ ਏਜੰਟ

ਡਾ. ਰਾਜੇਸ਼ ਕੇ ਪੱਲਣ
ਉੱਤਰੀ ਭਾਰਤ ਦੇ ਸਭ ਤੋਂ ਅਮੀਰ ਪਿੰਡਾਂ ਵਿੱਚੋਂ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਲੋਕ ਬੇਰੁਜ਼ਗਾਰੀ ਕਾਰਨ ਵਿਦੇਸ਼ ਜਾਣ ਲਈ ਹਮੇਸ਼ਾ ਉਤਸੁਕਤ ਰਹਿੰਦੇ ਸਨ। ਉਨ੍ਹਾਂ ਦੇ ਰਿਸ਼ਤੇਦਾਰ ਅਤੇ ਦੋਸਤ ਵਿਦੇਸ਼ ਵਿੱਚ ਵਸੇ ਹੋਣ ਕਾਰਣ ਇਸ ਪਿੰਡ ਦੇ ਵਸਨੀਕ ਵਿਦੇਸ਼ਾਂ ਨੂੰ ਜਾਣ ਲਈ ਸਦਾ ਕਾਹਲੇ ਰਹਿੰਦੇ ਸਨ। ਇੱਕ ਬਹੁਤ ਹੀ ਸ਼ਾਤਰ, ਚੁਸਤ ਅਤੇ ਚਲਾਕ ਆਦਮੀ ਨੇ ਪਿੰਡ ਦੇ ਵਸੀਮੇ ‘ਤੇ ਟ੍ਰੈਵਲ ਏਜੰਸੀ ਦਾ ਕਾਰੋਬਾਰ ਖੋਲ੍ਹ ਲਿਆ। ਉਸਨੂੰ ਪਿੰਡ ਵਿੱਚ ਅਤੇ ਉਸ ਦੇ ਆਲੇ ਦੁਆਲੇ ਪੋਲ ਦੇ ਨਾਂ ਨਾਲ ਲਗਭਗ ਹਰ ਕੋਈ ਜਾਣਦਾ ਸੀ।
ਪੌਲ ਨੇ ਆਪਣਾ ਹਾਈ ਸਕੂਲ ਦਾ ਸਰਟੀਫਿਕੇਟ ਪੂਰਾ ਕਰਨ ਤੋਂ ਬਾਅਦ ਇੱਕ ਨੇੜਲੇ ਪਿੰਡ ਦੀ ਇੱਕ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਜਿੱਥੇ ਉਹ ਹਰ ਰੋਜ਼ ਆਪਣੇ ਦੁਪਹਿਰ ਦੇ ਖਾਣੇ ਦੇ ਡੱਬੇ ਨੂੰ ਆਪਣੀ ਜੰਗਾਲੀ ਸਾਈਕਲ ਦੇ ਹੈਂਡਲ ਨਾਲ ਬੰਨ੍ਹਦਾ ਸੀ। ਉਹ ਖੱਦਰ ਦੇ ਕਪੜੇ ਦੀ ਵਰਦੀ ਪਾਉਂਦਾ ਸੀ। ਉਸਦੇ ਪੈਰਾਂ ਵਿੱਚ ਟੁੱਟੇ ਹੋਏ ਭਾਰੀ ਬੂਟ ਹੁੰਦੇ ਸਨ।
ਇਤਫ਼ਾਕ ਸਦਕਾ ਉਸਦਾ ਵੱਡਾ ਭਰਾ ਯੂ.ਕੇ. ਦੇ ਬਰਮਿੰਘਮ ਸ਼ਹਿਰ ਚਲਾ ਗਿਆ ਜਿੱਥੇ ਪੌਲ ਦੇ ਇਲਾਕੇ ਦੀ ਕਾਫੀ ਜਨਸੰਖਿਆ ਦੀ ਮੌਜੂਦਗੀ ਸੀ।
ਉਸਦਾ ਭਰਾ ਇੱਕ ਫਾਊਂਡਰੀ ਵਿੱਚ ਕਮ ਕਰ ਰਿਹਾ ਸੀ ਅਤੇ ਉਸਦੇ ਉਦਾਰ ਸੁਭਾਅ ਕਾਰਣ ਲੋਕਾਂ ਦੁਆਰਾ ਉਸਨੂੰ ਬਹੁਤ ਪਸੰਦ ਕੀਤਾ ਜਾਂਦਾ ਸੀ। ਉਸ ਦੁਆਰਾ ਪਿੰਡ ਵਾਸੀਆਂ ਦੇ ਰਿਸ਼ਤੇਦਾਰਾਂ ਨੂੰ ਬੈਂਕ ਰੇਟ ਨਾਲੋਂ ਬਿਹਤਰ ਰੇਟ ਮਿਲਦੇ ਸਨ ਅਤੇ ਉਹ ਪੌਂਡ ਕਰੰਸੀ ਦੇ ਰੂਪਾਂਤਰਣ ਦੁਆਰਾ ਵਧੇਰੇ ਰਕਮ ਪ੍ਰਾਪਤ ਕਰਕੇ ਖੁਸ਼ ਹੁੰਦੇ ਸਨ। ਪੌਲ ਦਾ ਭਰਾ ਉਸ ਦੇ ਪਿੰਡ ਅਤੇ ਉਸਦੇ ਆਲੇ ਦੁਆਲੇ ਆਪਣੇ ਰਿਸ਼ਤੇਦਾਰਾਂ ਨੂੰ ਪੈਸੇ ਵੰਡਣ ਲਈ ਅਕਸਰ ਪਿੰਡ ਆਉਂਦਾ ਸੀ। ਉਹ ਆਮ ਤੌਰ ‘ਤੇ ਸਿਵਾਂਜ਼ ਰੀਗ਼ਲ ਸਕਾਚ ਵਿਸਕੀ ਦੀ ਬੋਤਲ ਲਿਆਉਂਦਾ ਸੀ ਜੋ ਉਸ ਨੇ ਪੌਲ ਨਾਲ ਪੀਣੀ ਹੁੰਦੀ ਸੀ। ਇਕ ਰਾਤ ਦੇ ਖਾਣੇ ਦੇ ਸਮੇਂ ਪੌਲ ਨੇ ਆਪਣੇ ਭਰਾ ਨੂੰ ਇੱਕ ਪੱਥਰ ਨਾਲ ਦੋ ਪੰਛੀਆਂ ਨੂੰ ਮਾਰਨ ਵਾਲੀ ਛਲ ਯੋਜਨਾ ਤਹਿਤ ਇੱਕ ਟ੍ਰੈਵਲ ਏਜੰਸੀ ਦਾ ਦਫ਼ਤਰ ਖੋਲ੍ਹਣ ਬਾਰੇ ਦੱਸਿਆ। ਉਸ ਦੇ ਭਰਾ ਨੇ ਉਸ ਨੂੰ ਪੈਸੇ ਉਧਾਰ ਦੇਣ ਦਾ ਵਾਅਦਾ ਕੀਤਾ ਅਤੇ ਪੌਲ ਨੇ ਸਾਹਮਣੇ ਵਾਲੇ ਕਮਰੇ ਵਿੱਚ ਇੱਕ ਦਫ਼ਤਰ ਦੇ ਨਾਲ ਇੱਕ ਟ੍ਰੈਵਲ ਏਜੰਸੀ ਸਥਾਪਤ ਕੀਤੀ। ਪਿਛਲੇ ਕਮਰੇ ਨੂੰ ਸ਼ੀਸ਼ੇ ਦੀ ਖਿੜਕੀ ਨਾਲ ਵੰਡਿਆ ਗਿਆ ਸੀ। ਭੋਲੇ ਭਾਲੇ ਲੋਕਾਂ ਦੀੇ ਵਿਦੇਸ਼ ਜਾਣ ਦੀ ਭੁੱਖ ਨੂੰ ਮਿਟਾਉਣ ਲਈ ਇੱਕ ਟ੍ਰੈਵਲ ਏਜੰਸੀ ਸਥਾਪਤ ਕੀਤੀ ਗਈ। ਪਿਛਲੇ ਕਮਰੇ ਅੱਗੇ ਇੱਕ ਹਵਾਈ ਜਹਾਜ਼ ਦਾ ਚਿੰਨ੍ਹ ਲੋਕਾਂ ਨੂੰ ਭਰਮਾਉਣ ਲਈ ਖਿੜਕੀ ਦੇ ਵਿਚਕਾਰ ਚਾਲਾਕੀ ਨਾਲ ਲਾਇਆ ਗਿਆ ਸੀ।
ਪੌਲ ਨੇ ਕਾਲੇ ਧਨ ਨੂੰ ਸਫੈਦ ਕਰਕੇ ਅਤੇ ਭੋਲੇ ਭਾਲੇ ਪਿੰਡ ਵਾਸੀਆ ਨੂੰ ਵਾਧੂ ਕੀਮਤ ਤੇ ਹਵਾਈ ਟਿਕਟਾਂ ਵੇਚ ਕੇ, ਉਸ ਖੇਤਰ ਦੇ ਮਿਹਨਤੀ ਲੋਕਾਂ ਤੋਂ ਪੈਸੇ ਲੁੱਟਣੇ ਸ਼ੁਰੂ ਕਰ ਦਿੱਤੇ। ਪੈਸਾ ਕਮਾਉਣ ਦਾ ਉਸਦਾ ਲਾਲਚ ਹੋਰ ਵਧਦਾ ਗਿਆ ਅਤੇ ਅਖੀਰ ਵਿੱਚ, ਉਸਨੇ ਖੇਤਰ ਦੇ ਉੱਚੇ ਸਮਾਜਕ ਸਰਕਲਾਂ ਵਿੱਚ ਬਹੁਤ ਉਤਸ਼ਾਹ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਹੁਣ ਉਹ ਥ੍ਰੀ-ਪੀਸ ਸੂਟ ਵਿੱਚ ਫੈਸ਼ਨਦਾਰ ਕੱਪੜੇ ਪਾਉਂਦਾ ਸੀ। ਇੱਕ ਗੁੰਝਲਦਾਰ ਅਤੇ ਗਲਤ ਗੱਠ ਨਾਲ ਟਾਈ ਬੰਨਦਾ ਹੁੰਦਾ ਸੀ। ਮੋਟੀਆਂ ਐਨਕਾਂ ਪਾਉਂਦਾ ਸੀ। ਉਸਦੇ ਮੋਟੇ ਬੁੱਲ੍ਹ ਜਦੋਂ ਅਪਸ ਵਿੱਚ ਵਿਛੜਦੇ ਸਨ ਤਾਂ ਉਪਰਲੇ ਦੰਦ ਪ੍ਰਦਰਸ਼ਤ ਕਰਦੇ ਸਨ ਜਿਨ੍ਹਾਂ ਦੀ ਵਿਚਕਾਰਲੀ ਵਿਕਟ ਲਗਭਗ ਡਿਗੀ ਹੋਈ ਸੀ। ਇੱਕ ਪੇਟੂ ਜਿਹਾ ਉਹ ਸੀ; ਉਸਨੇ ਆਪਣੀ ਗੈਰ ਸਿਹਤਮੰਦ ਜੀਵਨ ਸ਼ੈਲੀ ਕਾਰਨ ਭਾਰ ਬਹੁਤ ਵਧ ਲਿਆ ਸੀ।
ਉਸਨੇ ਇੱਕ ਸਥਾਨਕ ਨਾਮੀ ਫੈਕਟਰੀ ਦੇ ਮਾਲਕ ਨਾਲ ਮੇਲ ਜੋਲ ਕੀਤਾ ਅਤੇ ਦੋਵੇਂ ਇੱਕ ਦੂਜੇ ਦੇ ਨਾਲ ਰਾਤ ਦੇ ਖਾਣੇ ਦੀਆਂ ਪਾਰਟੀਆਂ ਦੇ ਨਾਲ ਸ਼ਰਾਬ ਅਤੇ ਕਾਰੋਬਾਰੀ ਗੱਲਬਾਤ ਦੇ ਨਾਲ ਮਨੋਰੰਜਨ ਕਰਦੇ ਹੁੰਦੇ ਸੀ। ਆਪਣੇ ਭਰਾ ਦੀ ਵਿੱਤੀ ਸਹਾਇਤਾ ਨਾਲ ਪੌਲ ਨੇ ਆਪਣੇ ਟ੍ਰੈਵਲ ਏਜੰਸੀ ਦਫਤਰ ਦੇ ਪਿਛਲੇ ਪਾਸੇ ਇੱਕ ਛੋਟੀ ਜਿਹੀ ਫੈਕਟਰੀ ਸਥਾਪਿਤ ਕੀਤੀ ਜੋ ਕਿ ਅਸਲ ਵਿੱਚ ਇੱਕ ਫੈਕਟਰੀ ਦੀ ਨਕਲ ਸੀ। ਪਰ ਉਸਨੇ ਆਪਣੀ ਫੈਕਟਰੀ ਨੂੰ ਆਪਣੇ ਕਾਲੇ ਧਨ ਨੂੰ ਧੋਣ ਅਤੇ ਆਪਣਾ ਕੰਮ ਚਲਾਉਣ ਲਈ ਚਾਲਾਕੀ ਨਾਲ ਵਰਤਿਆ।
ਵਿਦੇਸ਼ੀ ਮੁਦਰਾ ਨਾਲ ਜੁੜੇ ਇੱਕ ਧੋਖੇਬਾਜ਼ ਜ਼ਮੀਨੀ ਸੌਦੇ ਵਿੱਚ ਪੌਲ ਨੇ ਇੱਕ ਅਮੀਰ ਪੇਂਡੂ ਨਾਲ ਝਗੜਾ ਕਰ ਲਿਆ ਜਿਸ ਨੇ ਵਿਜੀਲੈਂਸ ਵਿਭਾਗ ਵਿੱਚ ਉਸਦੇ ਵਿਦੇਸ਼ੀ ਮੁਦਰਾ ਸੌਦਿਆ ਦੀ ਜਾਂਚ ਲਈ ਸ਼ਿਕਾਇਤ ਦਰਜ ਕਰਵਾਈ। ਪਰ ਉਸਦੀ ਵਿਸ਼ੇਸ਼ ਵਿਅੰਗਾਤਮਕ ਹਾਸੇ ਦੀ ਧੁਨ ਵਿੱਚ ਪੌਲ ਹਰੇਕ ਨੂੰ ਮਖੌਲ ਕਰਦਾ ਸੀ ਅਤੇ ਬਹੁਤ ਜ਼ਿਆਦਾ ਹੰਕਾਰ ਨਾਲ ਭਰੇ ਹੋਏ ਅੰਦਾਜ਼ ਨਾਲ ਸਮਾਜ ਵਿੱਚ ਵਿਚਰਦਾ ਸੀ। ਉਸਨੇ ਬਹੁਤ ਸਾਰੇ ਨਿਰਦੋਸ਼ ਪੇਂਡੂਆਂ ਨੂੰ ਨੁਕਸਾਨ ਪਹੁੰਚਾਇਆ। ਉਸਦੇ ਪਿੰਡ ਦਾ ਇੱਕ ਇਮਾਨਦਾਰ ਪੋਸਟਮਾਸਟਰ ਵੀ ਉਸ ਦੇ ਮਖੌਲ ਦਾ ਪਾਤਰ ਬਣ ਗਿਆ ਜੋ ਉਸ ਉੱਤੇ ਹੋਏ ਹਮਲੇ ਦੀ ਇੱਕ ਲੜੀ ਤੋਂ ਬਚ ਨਹੀਂ ਸਕਿਆ ਅਤੇ ਦਿਮਾਗ ਦੀ ਮਰਜ਼ ਦਾ ਸ਼ਿਕਾਰ ਹੋ ਗਿਆ। ਫੇਰ ਪੌਲ ਨੇ ਆਪਣੇ ਪਿੰਡ ਦੇ ਇੱਕ ਇਮਾਨਦਾਰ ਮੈਡੀਕਲ ਡਾਕਟਰ ਦੇ ਖਿਲਾਫ ਬੇਤੁਕੀਆਂ ਸ਼ਿਕਾਇਤਾਂ ਦਰਜ ਕਰਕੇ ਡਾਕਟਰ ਨੂੰ ਉਸਦੀ ਸਰਕਾਰੀ ਨੌਕਰੀ ਤੋਂ ਮੁਅੱਤਲ ਕਰਾ ਦਿੱਤਾ।
ਪੌਲ ਨੂੰ ਬਹੁਤ ਹੀ ਚਲਾਕ ਸ਼ਤਰੰਜ ਖਿਡਾਰੀ ਵਾਂਗ ਆਪਣੀਆ ਚਾਲਾਂ ਦੀ ਚੁਸਤ ਯੋਜਨਾ ਬਣਾਉਣ ਦੀ ਆਦਤ ਸੀ। ਉਸਨੇ ਨੇ ਅਪਣੀ ਸ਼ਰਾਬ ਦੀ ਲਤ ਨੂੰ ਦੁਨਿਆਵੀ ਸ਼ਤਰੰਜ ਬੋਰਡ ਤੇ ਆਪਣੀ ਹੇਰਾਫੇਰੀ ਦੀਆਂ ਚਾਲਾਂ ਚਲਾਉਣ ਲਈ ਇੱਕ ਸਾਧਨ ਵਜੋਂ ਵਰਤਿਆ ਜਿੱਥੇ ਆਖਰਕਾਰ ਉਹ ਪੌਲ ਹੀ ਸੀ ਜੋ ਦੂਜੇ ਖਿਡਾਰੀਆਂ ਨੂੰ ਅਕਸਰ ਮਾਤ ਦੇ ਜਾਂਦਾ ਸੀ। ਇਸਦੇ ਲਈ ਉਸਨੇ ਕਈ ਲੋਕਾਂ ਨੂੰ ਮੋਹਰੇ ਵਜੋਂ ਵਰਤਿਆ ਜਿਸ ਵਿੱਚ ਇੱਕ ਅਪਾਹਜ ਬੈਂਕ ਮੈਨੇਜਰ ਵੀ ਸ਼ਾਮਲ ਸੀ। ਬੈਂਕ ਮੈਨੇਜਰ ਉੱਤੇ ਪ੍ਰਵਾਸੀਆ ਨੇ ਭਰੋਸਾ ਕੀਤਾ ਅਤੇ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾ ਕਰਾਉਣ ਲਈ ਅੰਨ੍ਹੇ ਵਿਸ਼ਵਾਸ ਵਿੱਚ ਉਸਨੂੰ ਪੈਸੇ ਭੇਜੇ। ਪੌਲ ਨੇ ਪ੍ਰਵਾਸੀਆਂ ਦੇ ਖਾਤਿਆਂ ਦੀ ਇੱਕ ਸੂਚੀੇ ਡਾਟਾ-ਡੂਡਲਿੰਗ ਦੁਆਰਾ ਉਸ ਅਪਾਹਜ ਬੈਂਕ ਮੈਨੇਜਰ ਕੋਲੋਂ ਪ੍ਰਾਪਤ ਕੀਤੀ । ਜੋ ਪ੍ਰਵਾਸੀ ਮਰ ਚੁੱਕੇ ਸੀ ਉਹਨਾਂ ਦੇ ਕੋ-ਹੋਲਡਰ ਆਪਣੇ ਮਰੇ ਹੋਏ ਬੈਂਕ ਖਾਤਿਆਂ ਨੂੰ ਬਚਾਉਣ ਦੀ ਵਿਵਸਥਾ ਦਾ ਕੋਈ ਵਿਕਲਪ ਨਾ ਹੋਣ ਦੇ ਕਾਰਨ ਪੌਲ ਦੀ ਸਕੀਮ ਦਾ ਸੌਖਾ ਨਿਸ਼ਾਨਾ ਬਣ ਗਏ। ਪੌਲ ਨੈ ਬੈਂਕ ਮੈਨੇਜਰ ਦੇ ਦੇਹਾਂਤ ਹੋਣ ਤੱਕ ਜਾਲ੍ਹਸਾਜ਼ ਦਾ ਚੌਖਾ ਕਾਰੋਬਾਰ ਕੀਤਾ।
ਲੋਕਾਂ ਨੂੰ ਲੁਭਾਉਣ ਅਤੇ ਲੁੱਟਣ ਦੇ ਸਪੱਸ਼ਟ ਉਦੇਸ਼ ਨਾਲ ਪੌਲ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰਦਾ ਸੀ। ਮ੍ਰਿਤਕ ਖਾਤਾ ਧਾਰਕਾਂ ਦੇ ਰਿਸ਼ਤੇਦਾਰਾਂ ਨੂੰ ਬੈਂਕ ਮੈਨੇਜਰ ਦੀ ਮਿਲੀਭੁਗਤ ਨਾਲ ਉਨ੍ਹਾਂ ਨਾਲ ਧੋਖਾ ਵੀ ਕਰਦਾ ਸੀ।
ਇੱਕ ਸਾਧਾਰਨ, ਗਰੀਬ ਦਰਜ਼ੀ ਜਿਸਦਾ ਮਾਮੂਲੀ ਕੰਮ ਕਾਰ ਸੀ, ਉਹ ਪੌਲ ਦੀ ਗਲੀ ਵਿੱਚ ਰਹਿੰਦਾ ਸੀ। ਉਸਦੀ ਪਤਨੀ, ਗਜੀਰੋ, ਨਿੱਕੇ ਅਤੇ ਤਿੱਖੀਆਂ ਅੱਖਾਂ ਵਾਲੀ ਇੱਕ ਚਲਾਕ ਔਰਤ ਸੀ। ਪੌਲ ਦੀ ਆਪਣੀ ਪਤਨੀ ਇੱਕ ਭੜਕੀਲੀ, ਸਖਤ ਨੱਕ ਵਾਲੀ, ਨਿਰਦਈ ਅਤੇ ਅਵਆਗਿਆਕਾਰੀ ਨੂੰਹ ਸੀ। ਪੌਲ ਦੀ ਮਾਂ ਉਸਨੂੰ ਪਸੰਦ ਨਹੀਂ ਕਰਦੀ ਹੁੰਦੀ ਸੀ। ਪੌਲ ਆਪਣੀ ਧਾਰਮਿਕ ਮਾਂ ਨੂੰ ਅਪਣੀ ਸੁਸਤ ਪਤਨੀ ਤੋਂ ਅਲੱਗ ਰੱਖਣਾ ਚਾਹੁੰਦਾ ਸੀ। ਇਸ ਲਈ ਉਸਨੇ ਗਜੀਰੋ ਦੀਆਂ ਸੇਵਾਵਾਂ ਇੱਕ ਰਸੋਈਏ ਵਜੋਂ ਲਈਆ ਪਰ ਗਜੀਰੋ ਨੇ ਇਸ ਖਾਣਾ ਪਕਾਉਣ ਦੇ ਕੰਮ ਵਿੱਚ ਇੱਕ ਹੌਰ ਮੌਕਾ ਵੇਖਿਆ ਅਤੇ ਪੌਲ ਦੀ ਕਮਜ਼ੋਰੀਆਂ ‘ਤੇ ਖੇਡਣਾ ਸ਼ੁਰੂ ਕਰ ਦਿੱਤਾ। ਕਿਉਂਕਿ ਗਜੀਰੋ ਇੱਕ ਚਲਾਕ ਔਰਤ ਸੀ, ਉਸਨੇ ਪੌਲ ਨੂੰ ਸਿਰਫ ਖਾਣਾ ਪਕਾਉਣ ਨਾਲੋਂ ਕਿਤੇ ਜ਼ਿਆਦਾ ਸੇਵਾਵਾਂ ਪ੍ਰਦਾਨ ਕੀਤੀਆਂ। ਸੌਦੇਬਾਜ਼ੀ ਵਿੱਚ ਗਜੀਰੋ ਨੇ ਕਕੈਈ ਵਾਂਗ ਆਪਣੇ ਪੁੱਤਰ ਗੋਜਾ ਨੂੰ ਪੌਲ ਦੇ ਦਫਤਰ ਵਿੱਚ ਨਿਯੁਕਤ ਕਰਵਾ ਲਿਆ। ਲੰਮੇਂ ਸਮੇ ਤੱਕ ਦੋਵਾਂ ਨੇ ਆਪਣੇ ਘਿਨਾਉਣੇ ਡਿਜ਼ਾਈਨ ਵਿੱਚ ਇੱਕ ਦੂਜੇ ਦੀ ਸਹਾਇਤਾ ਕੀਤੀ। ਪੌਲ ਨੇ ਗਜੀਰੋ ਦੀ ਇਕਲੌਤੀ ਧੀ ਦੇ ਵਿਆਹ ਦੇ ਸਾਰੇ ਖਰਚੇ ਚੁੱਕਣ ਦਾ ਵਾਅਦਾ ਵੀ ਕੀਤਾ।
ਪੌਲ ਵਿੱਚ ਇੱਕ ਸ਼ਾਤਰ ਸਾਜ਼ਿਸ਼ਕਾਰ ਸੀ ਜਿਸਦਾ ਮੈਕਿਆਵੇਲੀਅਨ ਦਿਮਾਗ 24×7 ਸਰਗਰਮ ਰਹਿੰਦਾ ਸੀ। ਉਸਨੇ ਅਪਣੇ ਆਪ ਨੂੰ ਇੱਕ ਪਰਉਪਕਾਰੀ ਦੇ ਰੂਪ ਵਿੱਚ ਪੇਸ਼ ਕਰਕੇ ਇੱਕ ਸੰਤ ਦੇ ਆਸ਼ੀਰਵਾਦ ਨਾਲ ਆਪਣੀ ਮਸ਼ਹੂਰੀ ਦੇ ਗ੍ਰਾਫ ਨੂੰ ਉਤਾਂਹ ਚੁੱਕਣ ਬਾਰੇ ਸੋਚਿਆ। ਉਸ ਸੰਤ ਨੂੰ ਉਹ ਆਪਣੇ ਘਰ ਬੁਲਾਉਂਦਾ ਸੀ ਜਿੱਥੇ ਗਜੀਰੋ ਸਮੇਤ ਬਹੁਤ ਸਾਰੇ ਗੁਆਂਢੀ ਵੀ ਉਸ ਸੰਤ ਦੀ ਸੇਵਾ ਵਿੱਚ ਰੁੱਝੇ ਹੁੰਦੇ ਸਨ। ਪੌਲ ਨੇ ਉਸ ਦੀ ਚਾਲਾਕੀ ਨਾਲ ਗੁੰਦੀ ਹੋਈ ਬੱਲੇ ਬੱਲੇ ਨੂੰ ਚਾਰੇ ਪਾਸੇ ਵਧਾ ਦਿੱਤਾ ਅਤੇ ਉਸਨੇ ਆਪਣੇ ਵਿੱਤੀ ਟੀਚਿਆਂ ਨੂੰ ਅੱਗੇ ਵਧਾਉਣ ਲਈ ਸੰਤ ਦੀ ਸੰਗਤ ਦਾ ਨਾਜਾਇਜ਼ ਫਾਇਦਾ ਲਿਆ। ਇਹਨਾਂ ਧਾਰਮਿਕ ਸਮਾਗਮਾਂ ਵਿੱਚੋਂ ਇੱਕ ਸੈਸ਼ਨ ਦੌਰਾਨ, ਇੱਕ ਗਰੀਬ ਪੁਜਾਰੀ ਆਪਣੀ ਹੈਰਾਨਕੁਨ ਸੁੰਦਰ ਧੀ ਰਿੰਪੀ ਦੇ ਨਾਲ ਪੌਲ ਦੇ ਘਰ ਆਇਆ। ਪੌਲ ਦੀ ਬੁਰੀ ਨਜ਼ਰ ਉਸ ‘ਤੇ ਪਈ ਅਤੇ ਪੁਜਾਰੀ ਨੂੰ ਦੁਬਾਰਾ ਆਪਣੇ ਘਰ ਬੁਲਾਇਆ। ਪੁਜਾਰੀ ਅਤੇ ਉਸਦੀ ਧੀ ਦੋਵੇ ਪੌਲ ਦੇ ਘਰ ਨਿਯਮਤ ਹੋ ਗਈਆਂ।
ਇੱਕ ਵਾਰ ਧੁੰਦ ਵਾਲੀ ਸ਼ਾਮ ਨੂੰ, ਪੌਲ ਨੇ ਆਪਣਾ ਸਕੂਟਰ ਪੁਜਾਰੀ ਦੀ ਕੋਠੀ ਦੇ ਸਾਹਮਣੇ ਖੜ੍ਹਾ ਕਰ ਦਿੱਤਾ। ਆਪਣਾ ਹੈਲਮੇਟ ਆਪਣੇ ਸਕੂਟਰ ਦੇ ਹੈਂਡਲ ਉੱਤੇ ਲਟਕਾਇਆ ਅਤੇ ਅੰਦਰ ਚਲਾ ਗਿਆ। ਇੱਕ ਆਮ ਗੱਲਬਾਤ ਵਿੱਚ, ਉਸਨੇ ਪੁਜਾਰੀ ਨੂੰ ਆਪਣੀ ਧੀ ਦਾ ਵਿਆਹ ਕਰਨ ਬਾਰੇ ਸੋਚਣ ਲਈ ਕਿਹਾ ਜੋ ਤੇਜ਼ੀ ਨਾਲ ਜਵਾਨ ਹੋ ਰਹੀ ਸੀ। ਪੁਜਾਰੀ ਨੇ ਰਿਸ਼ ਦੀ ਗੁੰਝ ਬਾਰੇ ਰੋਸ ਪ੍ਰਗਟ ਕੀਤਾ। ਪੁਜਾਰੀ ਨੇ ਪੌਲ ਨੂੰ ਦੱਸਿਆ ਕਿ ਇੱਕ ਵਾਰ ਰਿੰਪੀ ਬਾਰੇ ਇੱਕ ਸ਼ਾਦੀ ਦਾ ਪ੍ਰਸਤਾਵ ਸੀ, ਪਰ ਉਨ੍ਹਾਂ ਨੇ ਦਾਜ ਦੀ ਮੋਟੀ ਰਕਮ ਦੀ ਮੰਗ ਕਰ ਦਿੱਤੀ, ਜੋ ਉਹ ਬਰਦਾਸ਼ਤ ਨਹੀ ਕਰ ਸਕਿਆ। ਇਸ ਸਥਿਤੀ ਵਿੱਚ ਕੁਝ ਚਲਾਕੀਪੂਰਨ ਡਿਜ਼ਾਇਨ ਦੀ ਕਲਪਨਾ ਕਰਦਿਆਂ ਪੌਲ ਨੇ ਪੁਜਾਰੀ ਨੂੰ ਉਸਦੀ ਧੀ ਦੇ ਵਿਆਹ ਕਰਨ ਲਈ ਆਪਣੀ ਪੂਰੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਹੈਦਰਾਬਾਦ ਵਿੱਚ ਆਪਣੀ ਟ੍ਰੈਵਲ ੲੈਜੰਸੀ ਦੇ ਦਫਤਰ ਦੇ ਪੰਦਰਵਾੜੇ ਦੌਰੇ ਦੌਰਾਨ, ਇੱਕ ਬਹੁਤ ਹੀ ਨਿਮਰ ਗ੍ਰੈਜੂਏਟ ਸਥਾਨਕ ਅਖਬਾਰ ਵਿੱਚ ਇਸ਼ਤਿਹਾਰ ਦੇ ਜਵਾਬ ਵਿੱਚ ਨੌਕਰੀ ਦੀ ਭਾਲ ਵਿੱਚ ਪੌਲ ਦੇ ਕੋਲ ਆਇਆ। ਪੌਲ ਨੇ ਉਸ ਗ੍ਰੈਜੂਏਟ ਦੀਆਂ ਅੱਖਾਂ ਵਿੱਚ ਨੌਕਰੀ ਲਈ ਸਮਰਪਣ ਪੜ੍ਹਿਆ ਅਤੇ ਉਸਨੂੰ ਨੌਕਰੀ ‘ਤੇ ਰੱਖ ਲਿਆ।
ਪੰਜਾਬ ਵਿੱਚ ਆਪਣੇ ਦਫਤਰ ਵਾਪਸ ਆਉਂਦੇ ਹੋਏ, ਉਸਨੇ ਰਿੰਪੀ ਦਾ ਵਿਆਹ ਨਵੇਂ ਮੁਲਾਜ਼ਮ ਨਾਲ ਕਰਨ ਦੀ ਯੋਜਨਾ ਬਣਾਈ। ਉਸਨੇ ਇਸ ਗੱਲ ਨੂੰ ਪੁਜਾਰੀ ਨਾਲ ਸਾਂਝਾ ਕੀਤਾ ਜੋ ਬਹੁਤ ਖੁਸ਼ ਹੋਇਆ ਅਤੇ ਆਪਣੀ ਰੱਜ ਕੇ ਸੋਹਣੀ ਧੀ ਨੂੰ ਵਿਸ਼ਵਾਸ ਵਿੱਚ ਲਏ ਬਗੈਰ ਤੁਰੰਤ ਪ੍ਰਸਤਾਵ ਨਾਲ ਸਹਿਮਤ ਹੋ ਗਿਆ। ਪੌਲ ਨੇ ਵਿਆਹ ਦਾ ਸਾਰਾ ਖਰਚਾ ਚੁੱਕਿਆ ਅਤੇ ਰਿੰਪੀ ਵਿਆਹ ਤੋਂ ਬਾਅਦ ਹੈਦਰਾਬਾਦ ਚਲੀ ਗਈ।
ਪੌਲ ਜਦੋਂ ਵੀ ਹੈਦਰਾਬਾਦ ਜਾਂਦਾ ਸੀ, ਉਹ ਉਸ ਪਰਿਵਾਰ ਦੇ ਨਾਲ ਰਹਿੰਦਾ ਸੀ। ਕਿਸੇ ਕੰਮ ਨੂੰ ਕਰਾਉਣ ਦੇ ਬਹਾਨੇ, ਪੌਲ ਨੇ ਰਿੰਪੀ ਦੇ ਪਤੀ ਨੂੰ ਕਾਲੀ, ਹਨ੍ਹੇਰੀ, ਸ਼ੂਕਦੀ ਰਾਤ ਨੂੰ ਨਾਲ ਲੱਗਦੇ ਸ਼ਹਿਰ ਭੇਜ ਦਿੱਤਾ। ਉਸ ਤੋਂ ਬਾਅਦ, ਪੌਲ ਨੇ ਆਪਣਾ ਸਾਟਿਨ ਦਾ ਕਾਲੇ ਰੰਗ ਦਾ ਨਾਈਟ ਸੂਟ ਪਾ ਲਿਆ। ਅੱਧੀ ਰਾਤ ਨੂੰ ਪੌਲ ਰਿੰਪੀ ਦੇ ਬੈਡਰੂਮ ਵਿਚ ਜਾ ਵੜਿਆ ਅਤੇ ਉਸਨੇ ਆਪਣੇ ਆਪ ਨੂੰ ਅਸਲੀ ਰੰਗਾਂ ਵਿੱਚ ਦਿਖਾਉਣਾ ਸ਼ੁਰੂ ਕਰ ਦਿੱਤਾ।
ਅਗਲੀ ਸਵੇਰ, ਰਿੰਪੀ ਤਾਹਾਂ ਮਾਰ-ਮਾਰ ਕੇ ਰੋ ਰਹੀ ਸੀ।
ਪੌਲ ਨੇ ਰਿੰਪੀ ਦੇ ਲੰਮੇ ਖੁੱਲ੍ਹੇ ਵਾਲਾਂ ਨੂੰ ਲਪੇਟਣਾ ਸ਼ੂਰੂ ਕਰ ਦਿੱਤਾ ਅਤੇ ਰਿੰਪੀ ਨਾਲ ਵਾਅਦਾ ਕੀਤਾ ਕਿ ਜੇ ਉਹ ਭਵਿੱਖ ਵਿੱਚ ਵੀ ਉਸਦਾ ਸਾਥ ਦੇਵੇਗੀ ਤਾਂ ਉਸਨੂੰ ਅਤੇ ਉਸਦੇ ਪਤੀ ਦੋਵਾਂ ਨੂੰ ਵਿਦੇਸ਼ ਭੇਜ ਦੇਵੇਗਾ।
ਇਸ ਮੁਲਾਕਾਤ ਤੋਂ ਬਾਅਦ, ਪੌਲ ਆਪਣੇ ਉੱਤਰ ਭਾਰਤੀ ਦਫਤਰ ਵਿੱਚ ਵਾਪਸ ਚਲਾ ਗਿਆ ਅਤੇ ਇੱਕ ਟੈਲੀਫੋਨ ਐਕਸਚੇਂਜ ਨੂੰ ਦਫਤਰ ਦੀ ਕੁਝ ਜਗ੍ਹਾ ਕਿਰਾਏ ‘ਤੇ ਦੇਣ ਦੀ ਸਾਜਿਸ਼ ਰਚੀ, ਅਤੇ ਲਗਭਗ ਹਰ ਰਾਤ, ਉਹ ਕਿਸੇ ਨਾ ਕਿਸੇ ਬਹਾਨੇ ਰਿੰਪੀ ਦੇ ਪਤੀ ਨੂੰ ਫੋਨ ਕਰਨ ਲੱਗ ਪਿਆ। ਉਸਦਾ ਅਸਲ ਮਕਸਦ ਰਿੰਪੀ ਨਾਲ ਮੁਲਾਇਮ, ਮੁਲਾਇਮ ਗੱਲਾਂ ਕਰਨ ਦਾ ਹੁੰਦਾ ਸੀ।
ਮੋਬਾਇਲ ਫੋਨ ਉਸ ਦਹਾਕੇ ਵਿੱਚ ਨਾ ਹੋਣ ਕਾਰਨ ਪੌਲ ਆਪਣੀਆਂ ਸਾਰੀਆਂ ਅੰਤਰਰਾਸ਼ਟਰੀ ਕਾਲਾਂ ਦਾ ਵੀ ਇਕ ਕਰਮਚਾਰੀ ਦੁਆਰਾ ਗੈਰ-ਡਿਜੀਟਲ ਟੈਲੀਫੋਨ ਐਕਸਚੇਂਜ ਵਿਚ ਘੁਟਾਲਾ ਕਰਿਆ ਕਰਦਾ ਸੀ।
ਇਨ੍ਹਾਂ ਵਿੱਚੋਂ ਇੱਕ ਗੱਲਬਾਤ ਦੇ ਦੌਰਾਨ, ਪੌਲ ਦੀ ਭਤੀਜੀ, ਬਬਲੀ, ਅਚਾਨਕ ਕਿਸੇ ਹੋਰ ਕਮਰੇ ਵਿੱਚ ਦੂਜੇ ਫੌਨ ਤੋਂ ਇਨ੍ਹਾਂ ਰੌਚਕ ਗੱਲਾਂ ਨੂੰ ਸੁਣਦੀ ਰਹੀ ਅਤੇ ਹੁਣ ਉਸਨੇ ਆਪਣੇ ਤਾਏ ਦੀ ਕਰਤੂਤ ਦਾ ਵੀ ਪਤਾ ਲਗਾਇਆ ਜੋ ਅਕਸਰ ਉਨ੍ਹਾ ਨਾਲ ਚਾਲਾਂ ਖੇਡਦਾ ਹੁੰਦਾ ਸੀ।
ਬਬਲੀ ਦੇ ਪਿਤਾ ਆਸਟ੍ਰੇਲੀਆ ਗਏ ਹੋਏ ਸਨ। ਉਹ ਕਾਲਜ ਜਾਣ ਵਾਲੀ ਇੱਕ ਸਾਧਾਰਨ ਵਿਦਿਆਰਥਣ ਸੀ ਜੋ ਕਿ ਉਚੇਰੇ ਸ਼ਿਸ਼ਟਾਚਾਰ ਅਤੇ ਸ਼ਾਨਦਾਰ ਦਿਮਾਗ ਦੀ ਮਾਲਕ ਸੀ। ਉਸ ਨੂੰ ਸੋਹਣੇ ਸੋਹਣੇ ਬੇਦਾਗ ਕੱਪੜੇ ਪਾਉਣ ਦਾ ਸ਼ੌਕ ਸੀ। ਸਿਰਫ ਆਪਣੀ ਪੁਨੀਤ, ਪ੍ਰਬ ਭਾਵਨਾ ਨੂੰ ਸੰਤੁਸ਼ਟ ਕਰਨ ਲਈ, ਨਾ ਕਿ ਕਿਸੇ ਘਟੀਆ ਉਦੇਸ਼ ਲਈ। ਜਦੋਂ ਉਹ ਸੁੰਦਰ ਕੱਪੜੇ ਪਾਉਂਦੀ ਸੀ ਤਾਂ ਪੌਲ ਹਮੇਸ਼ਾਂ ਉਸ ਨਾਲ ਕਠੋਰ ਹੁੰਦਾ ਸੀ ਉਸ ਨੂੰ ਟਾਈਟਸ ਪਹਿਨਣ ਦੀ ਇਜਾਜ਼ਤ ਨਹੀ ਸੀ ਦਿੰਦਾ। ਉਸ ਨੂੰ ਕਦੇ ਵੀ ਉਸਦੇ ਤਾਏ ਦੀ ਸੰਗਤ ਤੋਂ ਬਿਨਾਂ ਇਕੱਲੇ ਆਪਣੇ ਦੋਸਤਾਂ ਨੂੰ ਮਿਲਣ ਦੀ ਇਜਾਜ਼ਤ ਨਹੀ ਦਿੱਤੀ ਜਾਂਦੀ ਸੀ। ਪੌਲ ਬਬਲੀ ਦੀਆਂ ਕੋਮਲ ਭਾਵਨਾਵਾਂ ਨੂੰ ਮਿੱਧਦਾ ਰਹਿੰਦਾ ਸੀ। ਬਬਲੀ ਦੀਆਂ ਸਿਰਫ ਦੋ ਭੈਣਾਂ ਹੀ ਸਨ ਅਤੇ ਉਸਦੇ ਪਿਤਾ ਕੋਲ ਦਿੱਲੀ ਅਤੇ ਆਸਟ੍ਰੇਲੀਆ ਵਿੱਚ ਅਥਾਹ ਸੰਪਤੀ ਸੀ।
ਪੌਲ ਦੇ ਦੋ ਪੁੱਤਰ ਸਨ ਅਤੇ ਉਸਨੇ ਬਬਲੀ ਦੇ ਪਿਤਾ ਨੂੰ ਆਪਣੇ ਛੋਟੇ ਬੇਟੇ ਨੂੰ ਗੋਦ ਲੈਣ ਦਾ ਲਾਲਚ ਦਿੱਤਾ। ਪੌਲ ਬਬਲੀ ਅਤੇ ਉਸ ਦੀਆਂ ਭੈਣਾਂ ਨਾਲ ਭਰਾਤਰੀ ਰਿਸ਼ਤਾ ਵਧਾ ਕੇ ਆਪਣੇ ਭਰਾ ਲਈ ਪਿਆਰ ਦਾ ਦਿਖਾਵਾ ਕਰ ਰਿਹਾ ਸੀ ਪਰ ਉਸਦੇ ਅਵਚੇਤਨ ਮਨ ਵਿੱਚ ਉਸਨੇ ਆਪਣੇ ਭਰਾ ਦੀ ਮਿਹਨਤ ਨਾਲ ਕਮਾਈ ਗਈ ਸਾਰੀ ਜਾਇਦਾਦ ਨੂੰ ਹੜੱਪਣ ਦੀ ਤੀਬਰ ਇੱਛਾ ਨੂੰ ਪਾਲ ਰੱਖਿਆ ਹੌਇਆ ਸੀ।
ਹੌਲੀ ਹੌਲੀ, ਬਬਲੀ ਨੂੰ ਉਸਦੀ ਨਵੀਂ ਦੋਸਤ ਰਿੰਪੀ ਦੁਆਰਾ ਉਸਦੇ ਤਾਏ ਦੀਆਂ ਘਿਣਾਉਣੀਆਂ ਸਾਜਿਸ਼ਾਂ ਬਾਰੇ ਹੋਰ ਪਤਾ ਲੱਗਿਆ, ਜੋ ਖੁਦ ਪੌਲ ਦੇ ਭੱਦੇ ਚਾਲ-ਚਲਣ ਦਾ ਸ਼ਿਕਾਰ ਬਣੀ ਹੋਈ ਸੀ। ਹਾਲਾਂਕਿ ਲਬਲੀ ਇਹ ਸਭ ਕੁੱਝ ਆਪਣੇ ਪਿਤਾ ਨੂੰ ਦੱਸਣਾ ਚਾਹੁੰਦੀ ਸੀ ਪਰ ਉਹ ਅਜਿਹਾ ਨਹੀਂ ਕਰ ਸਕੀ ਕਿਉਂਕਿ ਉਸ ਨੂੰ ਉਸ ਦੇ ਚਰਿੱਤਰਹੀਣ ਤਾਏ ਨੇ ਆਪਣੇ ਪਿਤਾ ਨਾਲ ਟੈਲੀਫੋਨ ‘ਤੇ ਗੱਲ ਕਰਨ ਜਾਂ ਉਸ ਨੂੰ ਚਿੱਠੀ ਲਿਖਣ ਦੀ ਇਜਾਜ਼ਤ ਕਦੇ ਵੀ ਨਹੀ ਦਿੱਤੀ ਸੀ। ਜਦੋਂ ਬਬਲੀ ਆਸਟਰੇਲੀਆ ਪਹੁੰਚੀ ਤਾਂ ਉਹ ਆਪਣੇ ਪਿਤਾ ਨੂੰ ਸਭ ਕੁਝ ਦੱਸਣਾ ਚਾਹੁੰਦੀ ਸੀ ਪਰ ਉਸਦੇ ਮਾਪਿਆਂ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਸੀ। ਪਰ ਫੇਰ ਵੀ ਬਬਲੀ ਨੇ ਕਈ ਕੁਝ ਅਪਣੇ ਮਾਪਿਆਂ ਨੂੰ ਦੱਸ ਹੀ ਦਿੱਤਾ। ਜਦੋਂ ਬਬਲੀ ਦੇ ਪਿਤਾ ਨੂੰ ਉਸਦੇ ਭਰਾ ਦੇ ਭੇਦਭਾਵ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਨਿਰਾਸ਼ ਹੋ ਗਿਆ ਅਤੇ ਉਸ ਨੇ ਤੁਰੰਤ ਆਪਣੇ ਭਰਾ ਨਾਲ ਸਾਰੇ ਸਬੰਧ ਤੋੜ ਦਿੱਤੇ ਅਤੇ ਆਪਣੇ ਭਰਾ ਦੇ ਪੁੱਤਰ ਨੂੰ ਵੀ ਲਾਂਭੇ ਕਰ ਦਿੱਤਾ। ਅਜਿਹਾ ਹੋਣ ਤੋਂ ਬਾਅਦ, ਪੌਲ ਦੇ ਰਿਸ਼ਤੇ ਅਪਣੇ ਭਰਾ ਨਾਲ ਹੋਰ ਤਣਾਅਪੂਰਨ ਹੋ ਗਏ ਅਤੇ ਬਾਅਦ ਵਿੱਚ ਉਸਦੀ ਜਾਇਦਾਦ ਨੂੰ ਗਬਨ ਕਰਨ ਦੀਆਂ ਉਸ ਦੀਆਂ ਸਾਰੀਆਂ ਸਕੀਮਾਂ ਤਹਿਸ ਨਹਿਸ ਹੋ ਗਈਆਂ।
ਇਸ ਦੌਰਾਨ, ਬਬਲੀ ਨੇ ਆਸਟ੍ਰੇਲੀਆ ਵਿੱਚ ਪਾਇਲਟ ਬਣਨ ਲਈ ਡਿਗਰੀ ਪ੍ਰਾਪਤ ਕਰਨ ਲਈ ਇੱਕ ਨਾਮਵਰ ਏਰੋਨੌਟਿਕਲ ਇੰਸਟੀਚਿਊਟ ਵਿੱਚ ਦਾਖਲਾ ਲੈ ਲਿਆ।
ਬਬਲੀ ਨੇ ਇੱਕ ਰਾਤ ਜਦੋਂ ਰਿੰਪੀ ਨਾਲ ਫੋਨ ਉੱਤੇ ਗੱਲ ਕੀਤੀ ਤਾਂ ਉਸਨੇ ਪੌਲ ਦੀਆਂ ਕਈ ਹੋਰ ਸਾਜਿਸ਼ਾ ਬਾਰੇ ਖੁਲਾਸਾ ਕੀਤਾ ਕਿ ਕਿਵੇਂ ਰਿੰਪੀ ਨੂੰ ਬਬਲੀ ਦੀ ਮਾਂ ਨੂੰ ਨੁਕਸਾਨ ਪਹੁੰਚਾਉਣ ਲਈ ਵਰਤਿਆ ਗਿਆ ਸੀ ਜਦੋਂ ਬਬਲੀ ਦੀ ਮਾਂ ਗਰਭਵਤੀ ਹੁੰਦੀ ਸੀ। ਜਦੋਂ ਵੀ ਬਬਲੀ ਦੀ ਮਾਂ ਆਸਟ੍ਰੇਲੀਆ ਵਿੱਚ ਗਰਭਵਤੀ ਹੁੰਦੀ ਸੀ ਤਾਂ ਪੌਲ ਨੇ ਰਿੰਪੀ ਦੁਆਰਾ ਉਸਦੀ ਗਰਭ ਅਵਸਥਾ ਨੂੰ ਪਿਘਲਾਣ ਲਈ ਨਕਾਰਾਤਮਕ ਸ਼ਕਤੀਆਂ ਦੇ ਪ੍ਰਯੋਗ ਨਾਲ ਕਾਲਾ ਜਾਦੂ ਕਰਵਾਇਆ। ਰਿੰਪੀ ਨੇ ਉਸਦੇ ਇਸ ਘਿਣਾਉਣੇ ਕੰਮ ਵਿੱਚ ਆਪਣੀ ਮਿਲੀਭੁਗਤ ਲਈ ਬਬਲੀ ਕੋਲੋਂ ਮੁਆਫੀ ਵੀ ਮੰਗੀ। ਬਬਲੀ ਚੁੱਪ ਜਿਹੀ ਹੋ ਗਈ। ਉਸ ਨੇ ਰਿੰਪੀ ਨਾਲ ਕੋਈ ਵੀ ਨਾਰਾਜ਼ਗੀ ਦਾ ਪ੍ਰਗਟਾਵਾ ਵੀ ਨਹੀਂ ਕੀਤਾ।
ਬਬਲੀ ਦੇ ਆਸਟ੍ਰੇਲੀਆ ਜਾਣ ਤੋਂ ਬਾਅਦ, ਪੌਲ ਨੇ ਆਪਣੇ ਲੈਣਦਾਰਾਂ ਦੇ ਸਖਤ ਡਰ ਨਾਲ ਆਪਣੇ ਜੱਦੀ ਪਿੰਡ ਤੋਂ ਆਪਣੇ ਹੈਦਰਾਬਾਦ ਦਫਤਰ ਵੱਲ ਭੱਜਣ ਦਾ ਫੈਸਲਾ ਕੀਤਾ। ਉਸਦੇ ਪੁਰਾਣੇ ਦੋਸਤ ਅਤੇ ਰਿਸ਼ਤੇਦਾਰ ਉਸ ਤੋ ਆਪਣੇ ਬਕਾਏ ਦੀ ਮੰਗ ਕਰ ਰਹੇ ਸਨ। ਪੌਲ ਨੇ ਬਹੁਤ ਸਾਰੀ ਵਿਦੇਸ਼ੀ ਮੁਦਰਾ ਨਾਰਥ ਕੈਰੋਲਾਈਨਾ ਵਿੱਚ ਆਪਣੇ ਪੁੱਤਰਾਂ ਦੀ ਇਮੀਗਰੇਸ਼ਨ ਕਰਾਉਣ ਖਾਤਰ ਵੱਖ-ਵੱਖ ਸਰੋਤਾਂ ਤੋਂ ਉਧਾਰ ਲਈ ਹੋਈ ਸੀ। ਉਸਨੇ ਆਪਣੇ ਪੁਰਾਣੇ ਦੋਸਤਾਂ ਦੀ ਮਦਦ ਪ੍ਰਾਪਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਵੀ ਉਸਦੀ ਸਹਾਇਤਾ ਲਈ ਨਹੀ ਆਇਆ।
ਜਦੋਂ ਉਹ ਆਪਣੇ ਹੈਦਰਾਬਾਦ ਦਫਤਰ ਗਿਆ ਹੋਇਆ ਸੀ ਤਾਂ ਇੱਕ ਨਿਪੁੰਨ ਜਾਂਚ ਏਜੰਸੀ ਦੁਆਰਾ ਉਸਦੇ ਨਿਵਾਸ ਅਤੇ ਉਸਦੇ ਜੱਦੀ ਪਿੰਡ ਵਿੱਚ ਉਸਦੇ ਦਫਤਰ ਦੇ ਅਹਾਤੇ ਉਤੇ ਛਾਪੇਮਾਰੀ ਕੀਤੀ ਗਈ। ਉਸਦੇ ਕੰਪਿਊਟਰ ਦੀ ਹਾਰਡ ਡਰਾਈਵ ਵਿਚਲੀਆਂ ਫਾਈਲਾਂ ਵਿੱਚ ਬਹੁਤ ਸਾਰੇ ਸੱਕੀ ਦਸਤਾਵੇਜ਼ ਮਿਲੇ। ਏਜੰਸੀ ਪਹਿਲਾਂ ਹੀ ਉਸਦੇ ਘੁਟਾਲਿਆਂ ਅਤੇ ਮਨੀ- ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕਰ ਚੁੱਕੀ ਸੀ ਅਤੇ ਉਸਨੂੰ ਗੰਭੀਰ ਅਪਰਾਧਾਂ ਦੇ ਲਈ ਦੋਸ਼ੀ ਪਾਇਆ ਗਿਆ ਸੀ। ਪੁਲਿਸ ਨੇ ਉਸਦੇ ਵਿਰੁੱਧ ਪੂਰੇ ਦੇਸ਼ ਵਿੱਚ ਸਰਚ ਵਾਰੰਟ ਜਾਰੀ ਕਰ ਦਿੱਤੇ। ਜਦੋਂ ਪੌਲ ਨੂੰ ਗਜੀਰੋ ਦੇ ਤਤਕਾਲ ਫੋਨ ਕਾਲ ਤੋਂ ਛਾਪੇਮਾਰੀ ਬਾਰੇ ਪਤਾ ਲੱਗਿਆ, ਤਾਂ ਉਸਦੀ ਸਾਰੀ ਹਉਮੈਂ ਚਕਨਾਚੂਰ ਹੋ ਗਈ। ਉਹ ਗੁੰਮ-ਸੁੰਮ ਹੋ ਗਿਆ।
ਇਸ ਮੌਕੇ ‘ਤੇ ਉਹ ਚੋਰੀ-ਚੋਰੀ ਗੁਪਤ ਰੂਪ ਵਿੱਚ ਹੈਦਰਾਬਾਦ ਦੇ ਆਪਣੇ ਦਫਤਰ ਤੋਂ ਨਵੀਂ ਦਿੱਲੀ ਲਈ ਰਵਾਨਾ ਹੋ ਗਿਆ। ਆਪਣੇ ਐਮ.ਪੀ.ਦੇ ਸੰਪਰਕ ਨੂੰ ਮਿਲਣ ਤੋਂ ਬਾਅਦ, ਉਸਨੇ ਆਪਣੇਂ ਬਾਰੇ ਇੱਕ ਝੂੱਠੀ ਕਹਾਣੀ ਘੜ ਲਈ ਅਤੇ ਐਮ.ਪੀ. ਨੂੰ ਬੇਨਤੀ ਕੀਤੀ ਕਿ ਉਹ ਉਸਦੇ ਲਈ ਡਿਪਲੋਮੈਟ ਵੀਜ਼ਾ ਦਾ ਪ੍ਰਬੰਧ ਕਰੇ। ਉਸ ਦੀਆ ਬੇਨਤੀਆਂ ਤੋ ਪ੍ਰਭਾਵਿਤ ਹੋਏ ਸੰਸਦ ਮੈਂਬਰ ਨੇ ਆਪਣੇ ਕੋਟੇ ਦੁਆਰਾ ਪੌਲ ਲਈ ਮਨੁੱਖਤਾ ਦੇ ਅਧਾਰ ‘ਤੇ ਤੁਰੰਤ ਅਮਰੀਕਾ ਜਾਣ ਲਈ ਵੀਜ਼ਾ ਦਾ ਪ੍ਰਬੰਧ ਕੀਤਾ।
ਇੱਕ ਠੰਡੀ ਅਤੇ ਗਰਜਵੀਂ ਰਾਤ ਦੇ ਵਿਚਕਾਰ, ਉਹ ਚੋਰੀ-ਛਿੱਪੇ ਅਮਰੀਕਾ ਦੇ ਲਈ ਇੱਕ ਫਲਾਈਟ ਫੜਨ ਲਈ ਨੇੜਲੇ ਹਵਾਈ ਅੱਡੇ ‘ਤੇ ਗਿਆ। ਇੱਕ ਪੁਖ਼ਤਾ ਸੁਰਾਗ਼ ਦੇ ਆਧਾਰ ‘ਤੇ ਪੁਲਿਸ ਨੂੰ ਪੌਲ ਦੀ ਰਵਾਨਗੀ ਦੀਆਂ ਯੋਜਨਾਵਾਂ ਬਾਰੇ ਪਤਾ ਲੱਗਾ ਅਤੇ ਉਸਨੂੰ ਨਵੀਂ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ। ਹਵਾਈ ਅੱਡੇ ਤੇ ਉਸਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਹੱਥਕੜੀ ਲਗਾ ਦਿੱਤੀ ਗਈ।
ਪੁਲਿਸ ਦੇ ਨਾਲ ਢਿੱਲੀ ਚਾਲ ਦੇ ਨਾਲ ਲਾੱਕ-ਅਪ ਵੱਲ ਜਾਂਦੇ ਹੋਏ ਪੌਲ ਨੇ ਬਬਲੀ ਨੂੰ ਵੇਖਿਆ ਜਿਸਦਾ ਪਲੇਨ ਹੁਣੇ ਹੁਣੇ ਆਸਟ੍ਰੇਲੀਆ ਤੋਂ ਦਿੱਲੀ ਹਵਾਈ ਅੱਡੇ ‘ਤੇ ਉਤਰਿਆ ਸੀ। ਬਬਲੀ ਦੇ ਮੋਢੇ ‘ਤੇ ਜਾਮਨੀ ਰੰਗ ਦਾ ਲੂਈ ਵੂਟੌਨ ਬੈਗ ਲਟਕਾਇਆ ਹੋਇਆ ਸੀ ਅਤੇ ਉਹ ਸ਼ਾਨਦਾਰ ਨੇਵੀ-ਬਲੂ ਡਰੈਸ ਦੇ ਲੇਪਲ ਉੱਪਰ ਪਾਇਲਟ ਵਾਲਾ ਬੈਜ ਸਜਾਏ ਹੋਏ ਚੋਖੇ ਮਾਣ ਨਾਲ ਲਾਊਜ਼ ਵੱਲ ਜਾ ਰਹੀ ਸੀ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …