Breaking News
Home / ਨਜ਼ਰੀਆ / ਨੋਟਾਂ ਦੀ ਬਦਲੀ ਤੇ ਸਾਧਾਰਨ ਲੋਕ

ਨੋਟਾਂ ਦੀ ਬਦਲੀ ਤੇ ਸਾਧਾਰਨ ਲੋਕ

ਹਰਦੇਵ ਸਿੰਘ ਧਾਲੀਵਾਲ
8 ਨਵੰਬਰ ਨੂੰ ਰਾਤ ਦੇ 8 ਵਜੇ ਅਚਾਨਕ ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਕੌਮ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਖਿਆਲ ਸੀ ਕਿ ਸ਼ਾਇਦ ਪ੍ਰਧਾਨ ਮੰਤਰੀ ਪਾਕਿਸਤਾਨ ਨੂੰ ਤਕੜੇ ਢੰਗ ਨਾਲ ਸਮਝਾਉਣਗੇ। ਉਤਸੁਕਤਾ  ਖਤਮ ਹੋ ਗਈ, ਜਦੋਂ ਉਨ੍ਹਾਂ ਨੇ ਅਰਥਵਿਵਸਥਾ ਨੂੰ ਠੀਕ  ਕਰਨ ਦੀ ਗੱਲ ਤੋਰ ਲਈ ਤੇ ਕਿਹਾ ਕਿ 1000 ਤੇ 500 ਦੇ ਨੋਟ ਬੰਦ ਕੀਤੇ ਜਾਂਦੇ ਹਨ। ਬੈਂਕਾਂ ਵਿੱਚ ਨਵੀਂ ਕਰੰਸੀ ਭੇਜੀ ਜਾ ਚੁੱਕੀ ਹੈ। ਵੱਡੇ ਨੋਟ 2,50,000 ਤੱਕ ਬਿਨਾਂ ਕਿਸੇ ਵੇਰਵੇ ਦੇ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਸ ਦੀ ਕੋਈ ਪੁੱਛ ਪੜਤਾਲ ਨਹੀਂ। ਲੋਕ ਵੱਡੇ ਨੋਟ ਦੇ ਕੇ ਛੋਟੇ ਲੈ ਸਕਦੇ ਹਨ। ਪਹਿਲਾਂ  4000 ਤੱਕ ਦੀ ਕਰੰਸੀ ਮਿਲ ਸਕੇਗੀ, ਛੋਟੇ ਨੋਟਾਂ ਦੀ ਕੋਈ ਘਾਟ ਨਹੀਂ ਆਏਗੀ। ਇਹ ਗੱਲ ਠੀਕ ਲੱਗਦੀ ਸੀ ਕਿ ਕਈ ਅਮੀਰ ਤੇ ਵੱਡੇ ਲੋਕਾਂ ਨੇ ਘਰ ਵਿੱਚ ਵੱਡੇ ਬੈੱਡਾਂ, ਅਲਮਾਰੀਆਂ ਤੇ ਲਾਕਰਾਂ ਵਿੱਚ ਅਜਿਹੇ ਪੈਸੇ ਰੱਖੇ ਹੁੰਦੇ ਹਨ। ਇਹ ਸੁਣ ਕੇ ਚੰਗਾ ਲੱਗਿਆ ਕਿ ਵੱਡੀ ਖੇਪ ਜਲਦੀ ਹੀ ਬਾਹਰ ਆ ਜਾਏਗੀ ਤੇ ਇਹ ਗੱਲ ਠੀਕ ਹੈ। ਇਹ ਪੈਸੇ ਰੁਕੇ  ਤੇ ਦੱਬੇ ਬਾਹਰ ਆ ਜਾਣਗੇ। ਇਸ ਵਿੱਚ ਦੇਸ਼ ਦਾ ਭਲਾ ਹੈ। ਮਹਿੰਗਾਈ ਘਟੇਗੀ ਚੀਜ਼ਾਂ ਦੇ ਭਾਅ ਥਾਂ ਸਿਰ ਆ ਜਾਣਗੇ। ਮੇਰੀ 3-4 ਦੋਸਤਾਂ ਨਾਲ ਗੱਲ ਹੋਈ, ਸਾਰੇ ਹੀ ਖੁਸ਼ ਸਨ ਕਿ ਬਾਹਰਲਾ ਕਾਲਾ ਧਨ ਤਾਂ ਨਹੀਂ ਆਇਆ ਦੇਸ਼ ਦੇ ਅੰਦਰਲਾ ਹੀ ਬਾਹਰ ਆ ਜਾਏਗਾ।
ਦੇਸ਼ ਵਿੱਚ ਬਹੁਤ ਲੋਕ ਹਨ। ਅਮੀਰਾਂ ਤੋਂ ਬਿਨਾਂ ਦਰਮਿਆਨੇ ਤੇ ਗਰੀਬ ਲੋਕ ਵੀ ਘਰ ਵਿੱਚ ਪੈਸੇ ਰੱਖ ਲੈਂਦੇ ਹਨ। ਇਹ ਜ਼ਰੂਰੀ ਨਹੀਂ ਸਾਰਾ ਕਾਲਾ ਧਨ ਹੋਵੇ। ਹੁਣ ਬੈਂਕਾਂ ਦੇ ਬਹੁਤ ਖਾਤੇ ਖੁੱਲ੍ਹ ਗਏ ਹਨ, ਪਰ ਕਈ ਲੋਕ ਅਜਿਹੇ ਹਨ ਜੋ ਬੈਂਕਾਂ ਦੇ ਝਮੇਲੇ ਵਿੱਚ ਪੈਣਾ ਨਹੀਂ ਚਾਹੁੰਦੇ, ਘਰ ਦੀਆਂ ਲੋੜਾਂ ਲਈ 15-20 ਹਜ਼ਾਰ ਸਧਾਰਨ ਘਰਾਂ ਵਿੱਚ ਹੋਣਗੇ। ਖਾਂਦੇ ਪੀਂਦੇ ਘਰਾਂ ਵਿੱਚ ਅਕਸਰ ਲੱਖ ਡੇਢ ਲੱਗ ਮਿਲ ਜਾਏਗਾ।  ਮਿਜੀਦਾਰ ਆੜਤੀਏ ਤੋਂ ਪੈਸੇ ਲੈ ਕੇ ਆਉਂਦਾ ਹੈ, ਉਹ ਬਚਦਾ ਪੈਸਾ ਬੈਂਕ ਵਿੱਚ ਨਹੀਂ ਰੱਖਦਾ, ਘਰ ਹੀ ਰੱਖਦਾ ਹੈ। 1947 ਵਿੱਚ ਦੇਸ਼ ਦੀ ਅਬਾਦੀ 36 ਕਰੋੜ ਤੋਂ ਵੱਧ ਸੀ, ਹੁਣ 127 ਕਰੋੜ ਦੇ ਲੱਗਭੱਗ ਹੈ। ਪਰ ਅਬਾਦੀ ਅਨੁਸਾਰ ਸਾਧਨ ਨਹੀਂ ਵਧ ਸਕੇ। ਇਹ ਖ਼ਬਰ ਸਧਾਰਨ ਲੋਕਾਂ ਦੇ ਹਾਵਭਾਵ ਨੂੰ ਖਰਾਬ ਕਰ ਗਈ। ਪ੍ਰਧਾਨ ਮੰਤਰੀ ਨੇ ਕਿਹਾ, ਕਿ ਸਭ ਪ੍ਰਬੰਧ ਕਰ ਲਏ ਹਨ, ਪਰ ਉਹ ਪ੍ਰਬੰਧ ਛੋਟੇ ਪਏ ਲੱਗਦੇ ਹਨ। 9 ਤੇ 10 ਨਵੰਬਰ ਨੂੰ ਟੀ.ਵੀ. ਤੇ ਅਖ਼ਬਾਰਾਂ ਵਿੱਚ ਲੋਕਾਂ ਦੀਆਂ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਦੇਖੀਆਂ ਗਈਆਂ। ਵੱਡੇ ਸ਼ਹਿਰਾਂ ਵਿੱਚ ਵੱਧ ਵੱਡੀਆਂ ਸਨ। ਛੋਟੇ ਸ਼ਹਿਰਾਂ ਵਿੱਚ ਕੁੱਝ ਘੱਟ ਸਨ। ਲੋਕਾਂ ਦੀਆਂ ਲਾਈਨਾਂ ਬਣਾਉਣ ਵਿੱਚ ਸਰਕਾਰੀ ਪ੍ਰਬੰਧ ਪੂਰੇ ਨਹੀਂ ਸਨ, ਔਰਤਾਂ ਦੀ ਕੋਈ ਵੱਖਰੀ ਲਾਈਨ ਬਹੁਤ ਘੱਟ ਸੀ। ਵਡੇਰੀ ਉਮਰ ਦੇ ਇਨਸ਼ਾਨਾਂ ਨੂੰ ਆਮ ਲੋਕਾਂ ਵਿੱਚ ਹੀ ਖੜ੍ਹਾ ਹੋਣਾ ਪਿਆ ਤੇ ਧੱਕੇ ਖਾਧੇ। ਆਮ ਲੋਕ ਉਨ੍ਹਾਂ ਦੇ ਬੁਢਾਪੇ ਦਾ ਮਖੌਲ ਉਡਾ ਰਹੇ ਸਨ। ਜਦੋਂ ਕਿ 3 ਲਾਈਨਾਂ ਬਨਣੀਆਂ ਯੋਗ ਸਨ। ਵੱਡੀ ਉਮਰ ਵਾਲਿਆਂ ਨੂੰ ਤੇ ਔਰਤਾਂ ਨੂੰ ਕੁੱਝ ਵੱਧ ਸਹੂਲਤ ਮਿਲਣੀ ਯੋਗ ਹੈ, ਪਰ ਇਹ ਸਰਕਾਰ ਨਹੀਂ ਕਰ ਸਕੀ। ਕਈ ਸੁਰੱਖਿਆ ਮੁਲਾਜਮਾਂ ਦਾ ਰਵੱਈਆਂ, ਖਾਸ ਕਰਕੇ ਵੱਡੀ ਉਮਰ ਵਾਲਿਆਂ ਨਾਲ ਕੌੜਾ ਸੀ। ਬੈਂਕਾਂ ਦੇ ਅੱਗੇ ਜਿਹੜੇ ਖੜ੍ਹੇ ਸਨ, ਉਨ੍ਹਾਂ ਵਿੱਚੋਂ ਕਈਆਂ ਦੇ ਬੈਂਕਾਂ ਵਿੱਚ ਖਾਤੇ ਹੀ ਨਹੀਂ ਸਨ। ਮੈਨੂੰ ਇੱਕ ਬੈਂਕ ਮੈਨੇਜਰ ਦੱਸ ਰਿਹਾ ਸੀ, ਕਿ ਦਾਣਾ ਮੰਡੀ ਦੇ ਆੜਤੀਆਂ ਨੇ ਆਪਣੇ ਕੋਲੋ ਪੈਸੇ ਦੇ ਕੇ ਬਹੁਤ ਮਜਦੂਰ ਭੇਜ ਦਿੱਤੇ ਹਨ, ਉਨ੍ਹਾਂ ਨੂੰ ਦਿਹਾੜੀ ਮਿਲੇਗੀ। ਪੈਸਾ ਆੜਤੀਆਂ ਦਾ ਹੈ। ਮਮਤਾ ਬੈਨਰਜ਼ੀ ਦੀ ਇਹ ਗੱਲ ਠੀਕ ਹੈ ਕਿ ਲੋਕਾਂ ਨੂੰ ਖੁੱਲ੍ਹਾ ਸਮਾਂ ਮਿਲਣਾ ਚਾਹੀਦਾ ਸੀ, ਤਾਂ ਕਿ ਉਹ ਤਿਆਰੀ ਚੰਗੀ ਤਰ੍ਹਾਂ ਕਰ ਲੈਂਦੇ, ਪੰਜਾਬ ਵਿੱਚ ਕਿਸਾਨਾਂ ਨੂੰ ਝੋਨੇ ਦੇ ਪੈਸੇ ਨਹੀਂ ਮਿਲ ਰਹੇ। ਕਿਸਾਨਾਂ ਦੀਆਂ ਲਿਮਟਾਂ ਵਿੱਚ ਪੈਸੇ ਪਾਉਣੇ ਹਨ, ਨਹੀਂ ਤਾਂ ਵਿਆਜ ਵੱਧ ਜਾਏਗਾ।
ਟੀ.ਵੀ. ਦਿਖਾ ਰਿਹਾ ਸੀ, ਕਿ ਬਾਂਦਰਾ, ਮੁੰਬਈ ਵਿੱਚ ਵੱਡੀਆਂ ਲਾਈਨਾਂ ਸਨ, ਇੱਕ ਛੋਟੇ ਲਾਲ ਖੜ੍ਹਾ ਸੀ, ਛਾਤੀ ਵਿੱਚ ਦਰਦ ਹੋਇਆ, ਉਸ ਨੂੰ ਕੁੱਝ ਲੋਕ ਪ੍ਰਾਈਵੇਟ ਹਸਪਤਾਲ ਲੈ ਗਏ ਤਾਂ ਉਸ ਕੋਲ ਪੈਸੇ ਨਹੀਂ ਸਨ, ਤਾਂ ਦਾਖਲ ਨਾ ਹੋ ਸਕਿਆ, ਜਦੋਂ ਤੱਕ ਸਾਧਾਰਨ ਹਸਪਤਾਲ ਪੁੱਜਿਆ ਉਹਦੀ ਮੌਤ ਹੋ ਗਈ ਸੀ। ਫਿਰੋਜਾਬਾਦ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਕਿਉਂਕਿ ਉਸ ਦੇ ਵਾਰਸਾਂ ਕੋਲ 500 ਤੇ 1000 ਦੋ ਨੋਟ ਹੀ ਸਨ। ਛੋਟੇ ਨੋਟ ਨਾ ਹੋਣ ਕਾਰਨ ਬੱਚੇ ਦੀ ਜਾਨ ਚਲੀ ਗਈ, ਕੋਈ ਅਜਿਹਾ ਆਦਮੀ ਮਦਦ ਲਈ ਨਾ ਵਹੁੜਿਆ। ਇੱਕ ਆਦਮੀ ਟੀ.ਵੀ. ਤੇ 2000 ਰੁਪਏ ਦੇ ਨੋਟ ਦੇ ਰੰਗ ਨੂੰ ਅੰਗੂਠੇ ਨਾਲ ਲਹਿੰਦਾ ਦਿਖਾ ਰਿਹਾ ਸੀ। ਇਸ ਦਾ ਇਤਰਾਜ ਹੋਇਆ, ਵਿੱਤ ਸਕੱਤਰ ਸ਼ਸ਼ੀ ਕਾਂਤ ਦਾਸ ਦਾ ਬਿਆਨ ਆਇਆ ਕਿ ਸਮਝੋ ਇਹ ਅਸਲੀ ਨੋਟ ਹੈ। ਬਦਇੰਤਜਾਮੀ ਤੇ ਲੰਮੀਆਂ ਲਾਈਨਾਂ ਕਾਰਨ 14 ਨਵੰਬਰ ਤੱਕ 14 ਜਾਨਾਂ ਬੇਤੁਕੀ ਮੌਤ ਜਾ ਚੁੱਕੀਆਂ ਸਨ, 18 ਤਾਰੀਖ ਤੱਕ ਇਹ ਅੰਕੜਾ 45 ਨੂੰ ਟੱਪ ਗਿਆ ਹੈ। ਟੀ.ਵੀ. ਦਿਖਾ ਰਹੇ ਸਨ, ਕਈ ਬੀਮਾਰ ਪਿਸ਼ਾਬ ਦੀਆਂ ਥੈਲੀਆਂ ਭਰੀ ਚੁੱਕੀ ਫਿਰਦੇ ਸਨ ਕਿਉਂਕਿ ਉਨ੍ਹਾਂ ਕੋਲ ਲੋੜ ਵਾਲੇ ਪੈਸੇ ਨਹੀਂ ਸੀ। ਇੱਕ ਟੀ.ਵੀ. ਗੋਸਟੀ ਤੇ ਸੰਜੇ ਝਾਅ ਕਾਂਗਰਸ ਦਾ ਨੁਮਾਇੰਦਾ ਕਹਿ ਰਿਹਾ ਸੀ ਕਿ ਮੋਦੀ ਜੀ ਦੀ ਬੰਗਾਲਾ ਫੇਰੀ ਸਮੇਂ ਨੋਟ ਵੱਧ ਬੈਂਕਾਂ ਵਿੱਚੋਂ ਕਢਾਏ ਗਏ।
ਇਹ ਗੱਲ ਵੀ ਕਹਿ ਰਹੇ ਸਨ ਕਿ ਸਤੰਬਰ ਦੇ ਪਿਛਲੇ ਹਫਤੇ ਤਾਕਤਵਰ ਲੋਕਾਂ ਨੇ ਵੱਧ ਤੋਂ ਵੱਧ ਪੈਸੇ ਕਢਾਏ ਤਾਂ ਕਿ ਨਵੀਂ ਖਲਜਗਨ ਤੋਂ ਬਚ ਸਕਣ। ਨਿਊਜ਼ ਇੰਡੀਆ ਚੈਨਲ ਤੋਂ ਇੱਕ ਪ੍ਰੋਗਰਾਮ ਆਉਂਦਾ ਹੈ, ਉਸ ਦੇ ਸੰਚਾਲਕ ਅਮਿਸ਼ ਦੇਵ ਰਾਜ ਹਨ, ਉਹ ਹਰ ਟੀ.ਵੀ. ਗੋਸਟੀ ਵਿੱਚ ਬੀ.ਜੇ.ਪੀ. ਦੇ ਨੁਮਾਇੰਦੇ ਨਾਲੋਂ ਵਧ ਕੇ ਸਰਕਾਰ ਦਾ ਕੰਮ ਕਰਦਾ ਹੈ, ਲੋਕਾਂ ਦੀ ਦਿੱਕਤ ਨੂੰ ਲੁਕਾਉਣ ਦੀ ਕੋਸਿਸ਼ ਵੀ ਕਰਦੇ ਹਨ। ਆਮ ਲੋਕਾਂ ਦੀ ਰਾਇ ਹੈ ਕਿ ਉਹ ਟੀ.ਵੀ. ਰਾਹੀਂ ਆ ਰਹੀ ਹੈ ਕਿ ਉਹ ਬੀ.ਜੇ.ਪੀ. ਨਾਲ ਸਬੰਧਤ ਵਿਅਕਤੀਆਂ ਨੂੰ ਇਹ ਨੋਟ ਬਦਲਣ ਦੀ ਗੱਲ ਦਾ ਪਹਿਲਾਂ ਪਤਾ ਲੱਗ ਗਿਆ ਸੀ। ਬੀ.ਜੇ.ਪੀ. ਜਾਂ ਸਬੰਧਤ ਸੰਗਠਨਾਂ ਨੇ ਇਸ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਹੈ, ਬੀ.ਜੇ.ਪੀ.ਯੂ.ਪੀ. ਦੀ ਚੋਣ ਤੇ ਵਿਸ਼ੇਸ਼ ਅੱਖ ਰੱਖਦੀ ਹੈ। ਕਈ ਕਹਿੰਦੇ ਹਨ ਕਿ ਬੀ.ਜੇ.ਪੀ. ਦੇ ਅਧਿਕਾਰੀਆਂ ਨੂੰ ਪਤਾ ਹੋਣ ਕਾਰਨ 5,88,000 ਕਰੋੜ ਤਾਰੀਖ ਤੋਂ ਪਹਿਲਾਂ ਜਮ੍ਹਾਂ ਹੋਏ। ਸਾਡੇ ਸਾਰੇ ਦੇਸ਼ ਦੀ ਅਵਾਜ਼ ਹੈ ਕਿ ਬੀ.ਜੇ.ਪੀ. ਨੇ ਆਪਣੇ ਪੈਸੇ ਵਾਲਿਆਂ ਨੂੰ ਇਹ ਗੱਲ ਦੱਸ ਦਿੱਤੀ ਸੀ, ਸਧਾਰਨ ਲੋਕਾਂ ਦੀਆਂ ਵਿਆਹ ਸ਼ਾਦੀਆਂ ਰੁਕ ਗਈਆਂ ਹਨ। ਇਸ ਕਰਕੇ ਉਨ੍ਹਾਂ ਨੂੰਵੱਧ ਵਿਆਜ ਚੁੱਕਣਾ ਪਏਗਾ। ਹੁਣ ਕੁੱਝ ਰਿਆਇਤਾਂ ਦਿੱਤੀਆਂ ਹਨ, ਜੋ ਕਾਫੀ ਨਹੀਂ। ਕਈਆਂ ਨੇ ਸ਼ਾਦੀਆਂ 6-6 ਮਹੀਨੇ ਅੱਗੇ ਪਾ ਦਿੱਤੀਆਂ। ਸਰਕਾਰ ਨੂੰ ਇਹ ਪੱਖ ਵਿਚਾਰਨੇ ਚਾਹੀਦੇ ਸੀ। ਪਰ ਬੀ.ਜੇ.ਪੀ. ਦੀ ਸਰਕਾਰ ਲਈ ਤਾਂ ਉੱਤਰ ਪ੍ਰਦੇਸ਼ ਦੀ ਚੋਣ ਜਿੱਤਣਾ ਵੱਡਾ ਵਿਸ਼ਾ ਹੈ। ਕਿਉਂਕਿ ਉੱਥੇ 80 ਦੇ ਕਰੀਬ ਲੋਕ ਸਭਾ ਦੀਆਂ ਸੀਟਾਂ ਹਨ। ਬੀ.ਜੇ.ਪੀ. ਲੋਕ ਸਭਾ ਵਾਲਾ ਮਹੌਲ ਚਾਹੁੰਦੀ ਹੈ, ਜਦੋਂ ਕਿ ਉਹ ਬਹੁਤ ਵੱਧ ਸੀਟਾਂ ਜਿੱਤੀ। ਪ੍ਰਧਾਨ ਮੰਤਰੀ ਇੱਕ ਭਾਸ਼ਣ ਵਿੱਚ ਕਹਿ ਰਹੇ ਸੀ, ”ਅਮੀਰ ਆਦਮੀ ਰੋ ਰਿਹਾ ਹੈ, ਗਰੀਬ ਖੁਸ਼ ਹੋ ਰਿਹਾ ਹੈ।” ਜਦੋਂ ਕਿ ਸਥਿਤੀ ਇਸ ਦੇ ਉਲਟ ਹੈ। ਅਮੀਰ ਤਾਂ ਕੁੱਝ ਨਾ ਕੁੱਝ ਕਰ ਲਵੇਗਾ, ਪਰ ਗਰੀਬ ਲਈ ਪਲ-ਪਲ ਤੇ ਮੁਸ਼ਕਲਾਂ ਹਨ। ਸ੍ਰੀ ਸ਼ਕੀਲ ਅਹਿਮਦ ਪੰਜਾਬ ਕਾਂਗਰਸ ਦੇ ਕੇਂਦਰ ਵੱਲੋਂ ਮੁੱਖੀ ਸਨ, ਉਹ ਇੱਕ ਗੋਸ਼ਟੀ ਵਿੱਚ ਕਹਿ ਰਹੇ ਸੀ ਕਿ 2014 ਦੀ ਚੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਮਨਮੋਹਨ ਸਿੰਘ ਨੇ ਵੱਡੀ ਨੋਟਾਂ ਨੂੰ ਬੰਦ ਕਰਨ ਦੀ ਗੱਲ ਆਖੀ ਸੀ, ਖਾਸ ਕਰਕੇ ਉਹ ਨੋਟ, ਜਿਹੜੇ 2005 ਤੋਂ ਪਹਿਲਾਂ ਬਣੇ ਹੋਣ, ਉਨ੍ਹਾਂ ਤੇ ਪਾਬੰਦੀ ਲੱਗਦੀ ਸੀ ਤਾਂ ਬੀ.ਜੇ.ਪੀ. ਦੇ ਬੁਲਾਰੇ ਸ੍ਰੀਮਤੀ ਮਿਨਾਕਸ਼ੀ ਲੇਖੀ ਨੇ ਇੱਕ ਗੋਸ਼ਟੀ ਵਿੱਚ ਡਟ ਕੇ ਵਿਰੋਧਤਾ ਕੀਤੀ ਸੀ।  ਉਹ ਉਸ ਗੋਸ਼ਟੀ ਦੀ ਫੋਟੋ ਵੀ ਦਿਖਾ ਰਹੇ ਸਨ।  ਸਮਾਂ ਮੰਗ ਕਰਦਾ ਸੀ, ਕਿ ਆਮ ਸਧਾਰਨ ਲੋਕਾਂ ਨੂੰ ਇੱਕ ਮਹੀਨਾ ਪਹਿਲਾਂ ਦੱਸਿਆ ਜਾਂਦਾ ਤਾਂ ਉਹ ਆਪਣੇ ਆਪ ਨੂੰ ਇਸ ਲਈ ਤਿਆਰ ਕਰ ਸਕਦੇ ਸਨ ਤੇ ਵਿਆਹ ਸ਼ਾਦੀਆਂ ਠੀਕ ਹੋ ਜਾਂਦੀਆਂ। ਬੈਂਕਾਂ ਵਿੱਚ ਕਰੰਸ਼ੀ ਬਦਲਣ ਦਾ ਵੱਧ ਸਮਾਂ ਚਾਹੀਦਾ ਸੀ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਟਰੱਕ ਵਰਲਡ 2024 ‘ਚ ਜ਼ੀਰੋ ਐਮੀਸ਼ਨ ਨੂੰ ਕੀਤਾ ਉਤਸ਼ਾਹਿਤ

ਡਰਾਈਵਰਾਂ ਅਤੇ ਓਨਰ ਅਪਰੇਟਰਾਂ ਤੋਂ ਲੈ ਕੇ ਫਲੀਟ ਓਨਰਸ ਅਤੇ ਓਈਐਮ ਤੱਕ, ਪਰਵਾਸੀ ਸਹਾਇਤਾ ਫਾਊਂਡੇਸ਼ਨ …