Breaking News
Home / ਨਜ਼ਰੀਆ / ਦੁਨੀਆ ਦੀਆਂ ਨਜ਼ਰਾਂ ਟੋਕੀਓ ਦੀਆਂ ਉਲੰਪਿਕ ਖੇਡਾਂ ਵੱਲ

ਦੁਨੀਆ ਦੀਆਂ ਨਜ਼ਰਾਂ ਟੋਕੀਓ ਦੀਆਂ ਉਲੰਪਿਕ ਖੇਡਾਂ ਵੱਲ

ਪ੍ਰਿੰ. ਸਰਵਣ ਸਿੰਘ
ਉਲੰਪਿਕ ਖੇਡਾਂ ਦੀ ਮਸ਼ਾਲ ਯੂਨਾਨ ਤੋਂ ਜਪਾਨ ਯਾਨੀ ਏਥਨਜ਼ ਤੋਂ ਟੋਕੀਓ ਪੁੱਜ ਚੁੱਕੀ ਹੈ। 1896 ਤੋਂ 2021 ਤੱਕ ਸਵਾ ਸੌ ਸਾਲਾਂ ਦੇ ਸਫ਼ਰ ਦੌਰਾਨ 28 ਵਾਰ ਉਲੰਪਿਕ ਖੇਡਾਂ ਹੋਈਆਂ ਹਨ। ਪਹਿਲੀ ਤੇ ਦੂਜੀ ਵਿਸ਼ਵ ਜੰਗ ਕਾਰਨ ਤਿੰਨ ਵਾਰ ਇਹ ਖੇਡਾਂ ਨਹੀਂ ਸੀ ਹੋ ਸਕੀਆਂ। 32ਵੀਆਂ ਉਲੰਪਿਕ ਖੇਡਾਂ ਜੋ 2020 ਵਿਚ 24 ਜੁਲਾਈ ਤੋਂ 9 ਅਗਸਤ ਤੱਕ ਹੋਣੀਆਂ ਸਨ ਕੋਵਿਡ-19 ਕਰਕੇ ਮੁਲਤਵੀ ਹੋ ਗਈਆਂ ਸਨ। ਉਹ ਹੁਣ 23 ਜੁਲਾਈ 2021 ਤੋਂ 8 ਅਗਸਤ 2021 ਤੱਕ ਜਪਾਨ ਦੇ ਸ਼ਹਿਰ ਟੋਕੀਓ ਵਿਚ ਹੋ ਰਹੀਆਂ ਹਨ। ਕੋਵਿਡ ਤੋਂ ਸੁਰੱਖਿਆ ਰੱਖਦਿਆਂ ਉਹਨਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਅਗਲੇ ਤਿੰਨ ਕੁ ਹਫ਼ਤੇ ਵਿਸ਼ਵ ਭਰ ਦੇ ਮੀਡੀਏ ਦਾ ਧਿਆਨ ਟੋਕੀਓ ‘ਤੇ ਟਿਕਿਆ ਰਹੇਗਾ।
ਮਾਡਰਨ ਉਲੰਪਿਕ ਖੇਡਾਂ 1896 ਵਿਚ ਏਥਨਜ਼ ਤੋਂ ਸ਼ੁਰੂ ਹੋਈਆਂ ਸਨ। 1900 ਵਿਚ ਪੈਰਿਸ, 1904 ਸੇਂਟ ਲੂਈਸ, 1908 ਲੰਡਨ ਤੇ 1912 ਸਟਾਕਹੋਮ ਵਿਚ ਹੋਣ ਪਿੱਛੋਂ 1916 ਵਿਚ ਹੋ ਨਹੀਂ ਸਕੀਆਂ ਕਿਉਂਕਿ ਵਿਸ਼ਵ ਜੰਗ ਲੱਗ ਗਈ ਸੀ। 1920 ਵਿਚ ਐਂਟਵਰਪ, 1924 ਪੈਰਿਸ, 1928 ਐਮਸਟਰਡਮ, 1932 ਲਾਸ ਏਂਜਲਸ ਤੇ 1936 ਬਰਲਿਨ ਵਿਚ ਹੋਈਆਂ। 1940 ਤੇ 1944 ਦੀਆਂ ਖੇਡਾਂ ਦੂਜੀ ਵਿਸ਼ਵ ਜੰਗ ਦੀ ਭੇਟ ਚੜ੍ਹ ਗਈਆਂ। 1948 ਵਿਚ ਲੰਡਨ, 1952 ਹੈਲਸਿੰਕੀ, 1956 ਮੈਲਬੌਰਨ, 1960 ਰੋਮ ਤੇ 1964 ਵਿਚ ਪਹਿਲੀ ਵਾਰ ਏਸ਼ੀਆ ਦੇ ਸ਼ਹਿਰ ਟੋਕੀਓ ਵਿਚ ਹੋਈਆਂ। 1968 ਵਿਚ ਮੈਕਸੀਕੋ, 1972 ਮਿਊਨਿਖ, 1976 ਮੌਂਟਰੀਅਲ, 1980 ਮਾਸਕੋ, 1984 ਲਾਸ ਏਂਜਲਸ, 1988 ਸਿਓਲ, 1992 ਬਾਰਸੀਲੋਨਾ, 1996 ਐਟਲਾਂਟਾ, 2000 ਸਿਡਨੀ, 2004 ਏਥਨਜ਼, 2008 ਬੀਜਿੰਗ, 2012 ਵਿਚ ਲੰਡਨ ਤੇ 2016 ਵਿਚ ਰੀਓ ਡੀ ਜਨੀਰੋ ਵਿਚ ਉਲੰਪਿਕ ਖੇਡਾਂ ਵਿਚ ਹੋਈਆਂ। ਵਿਸ਼ਵ ਦੀ ਸਭ ਤੋਂ ਵੱਧ ਆਬਾਦੀ ਵਾਲੇ ਮਹਾਂਦੀਪ ਏਸ਼ੀਆ ਵਿਚ ਉਲੰਪਿਕ ਖੇਡਾਂ ਕੇਵਲ 3 ਵਾਰ ਹੋਈਆਂ ਹਨ। ਪਹਿਲੀ ਵਾਰ ਟੋਕੀਓ, ਦੂਜੀ ਵਾਰ ਸਿਓਲ ਤੇ ਤੀਜੀ ਵਾਰ ਬੀਜਿੰਗ। 2016 ਦੀਆਂ ਉਲੰਪਿਕ ਖੇਡਾਂ ਪਹਿਲੀ ਵਾਰ ਦੱਖਣੀ ਅਮਰੀਕਾ ਦੇ ਕਿਸੇ ਸ਼ਹਿਰ ਵਿਚ ਹੋਈਆਂ। 2020 ਦੀਆਂ ਖੇਡਾਂ ਦੂਜੀ ਵਾਰ ਟੋਕੀਓ ਵਿਚ ਹੋਣੀਆਂ ਸਨ ਜੋ ਕੋਵਿਡ-19 ਕਰਕੇ 2021 ‘ਚ ਪਾ ਦਿੱਤੀਆਂ ਗਈਆਂ। 2024 ਦੀਆਂ ਉਲੰਪਿਕ ਖੇਡਾਂ ਪੈਰਿਸ ਵਿਚ ਹੋਣਗੀਆਂ ਤੇ 2028 ਦੀਆਂ ਲਾਸ ਏਂਜਲਸ। ਭਾਰਤ ਨੇ ਉਲੰਪਿਕ ਖੇਡਾਂ ਕਰਾਉਣ ਦੀ ਕਦੇ ਪੇਸ਼ਕਸ਼ ਹੀ ਨਹੀਂ ਕੀਤੀ ਹਾਲਾਂ ਕਿ ਆਬਾਦੀ ਪੱਖੋਂ ਇਹ ਵਿਸ਼ਵ ਦਾ ਦੂਜਾ ਵੱਡਾ ਦੇਸ਼ ਹੈ ਜਿਸ ਵਿਚ ਦੁਨੀਆ ਦੀ ਛੇਵਾਂ ਹਿੱਸਾ ਆਬਾਦੀ ਵਸਦੀ ਹੈ। ਲੰਡਨ ਐਸਾ ਸ਼ਹਿਰ ਹੈ ਜਿਥੇ ਇਹ ਖੇਡਾਂ ਤਿੰਨ ਵਾਰ ਹੋਈਆਂ। ਪੈਰਿਸ ਤੇ ਲਾਸ ਏਂਜਲਸ ਵਿਚ ਦੋ-ਦੋ ਵਾਰ ਉਲੰਪਿਕ ਖੇਡਾਂ ਹੋਈਆਂ।
23 ਜੁਲਾਈ 2021 ਨੂੰ ਕੁਲ ਦੁਨੀਆ ਦੀਆਂ ਨਜ਼ਰਾਂ ਟੋਕੀਓ ਦੇ ਸ਼ਾਨਦਾਰ ਨੈਸ਼ਨਲ ਸਟੇਡੀਅਮ ‘ਤੇ ਟਿਕੀਆਂ ਹੋਣਗੀਆਂ। ਉਸ ਦਿਨ 32ਵੀਆਂ ਉਲੰਪਿਕ ਖੇਡਾਂ ਦਾ ਉਦਘਾਟਨੀ ਸਮਾਰੋਹ ਹੋਵੇਗਾ ਜਿਸ ਵਿਚ ਦੋ ਸੌ ਤੋਂ ਵੱਧ ਮੁਲਕਾਂ ਦੇ ਗਿਆਰਾਂ ਹਜ਼ਾਰ ਤੋਂ ਵੱਧ ਚੋਟੀ ਦੇ ਖਿਡਾਰੀ ਮਾਰਚ ਪਾਸਟ ਕਰਨਗੇ। ਭਾਰਤੀ ਦਲ ਦੇ ਝੰਡਾਬਰਦਾਰ ਮੈਰੀ ਕਾਮ ਤੇ ਮਨਪ੍ਰੀਤ ਸਿੰਘ ਮਿੱਠਾਪੁਰ ਹੋਣਗੇ। ਦੋ ਅਰਬ ਤੋਂ ਵੱਧ ਲੋਕ ਇਹ ਖੇਡਾਂ ਇੰਟਰਨੈੱਟ ਰਾਹੀਂ ਵੇਖਣਗੇ। ਉਲੰਪਿਕ ਖੇਡਾਂ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ ਹੈ ਜੋ ਚਾਰ ਸਾਲਾਂ ਬਾਅਦ ਲੱਗਦੈ। ਪੰਜਾਂ ਮਹਾਂਦੀਪਾਂ ਦੇ 207 ਦੇਸ਼ਾਂ ਦਾ ਸਾਂਝਾ ਖੇਡ ਮੇਲਾ! ਇਸ ਵਿਚ ਵਿਸ਼ਵ ਭਰ ਦੀ ਜੁਆਨੀ ਦਾ ਜ਼ੋਰ ਭਿੜੇਗਾ। ਨਿਤਾਰੇ ਹੋਣਗੇ ਕਿ ਜ਼ੋਰ ਜੁਗਤ ਦੀਆਂ ਖੇਡਾਂ ‘ਚ ਕੌਣ ਸਭ ਤੋਂ ਤਕੜਾ ਹੈ? ਕਿਹੜਾ ਦੇਸ਼ ਕਿੰਨੇ ਮੈਡਲ ਜਿੱਤਦੈ ਤੇ ਕੌਣ ਦੁਨੀਆ ‘ਤੇ ਲੱਤ ਫੇਰਦੈ? ਪਹਿਲਾਂ ਤਕੜੇ ਮਾੜੇ ਦਾ ਨਿਰਣਾ ਜੰਗ ਦੇ ਮੈਦਾਨ ‘ਚ ਹੁੰਦਾ ਸੀ ਹੁਣ ਉਲੰਪਿਕ ਖੇਡਾਂ ਵਿਚ ਹੁੰਦੈ।
ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਭਰੇ ਮਨ ਨਾਲ ਕਿਹਾ ਹੈ ਕਿ ਕੋਵਿਡ ਕਾਰਨ ਇਨ੍ਹਾਂ ਖੇਡਾਂ ਨੂੰ ਵੇਖਣ ਲਈ ਐਤਕੀਂ ਦਰਸ਼ਕ ਸਟੇਡੀਅਮਾਂ ਵਿਚ ਨਹੀਂ ਜਾ ਸਕਣਗੇ। ਕੇਵਲ ਖਿਡਾਰੀ ਤੇ ਪ੍ਰਬੰਧਕ ਹੀ ਕੋਵਿਡ ਹਦਾਇਤਾਂ ਦਾ ਪਾਲਣ ਕਰਦੇ ਹੋਏ ਖੇਡ ਮੈਦਾਨਾਂ ਵਿਚ ਹਾਜ਼ਰ ਹੋਣਗੇ। ਜੇਤੂ ਖਿਡਾਰੀਆਂ ਨਾਲ ਵਿਸ਼ੇਸ਼ ਵਿਅਕਤੀ ਹੱਥ ਨਹੀਂ ਮਿਲਾਉਣਗੇ ਤੇ ਨਾ ਹੀ ਆਪਣੇ ਹੱਥੀਂ ਮੈਡਲ ਪਹਿਨਾਉਣਗੇ। ਮੈਡਲ ਸੈਰੇਮਨੀ ਵੇਲੇ ਜੇਤੂ ਖਿਡਾਰੀ ਟ੍ਰੇਅ ਵਿਚੋਂ ਖ਼ੁਦ ਮੈਡਲ ਚੁੱਕ ਕੇ ਆਪਣੇ ਗਲ਼ਾਂ ਵਿਚ ਪਾਉਣਗੇ। ਜੇਤੂ ਖਿਡਾਰੀਆਂ ਦੇ ਦੇਸ਼ਾਂ ਦੇ ਝੰਡੇ ਪਹਿਲਾਂ ਵਾਂਗ ਹੀ ਝੁਲਾਏ ਜਾਣਗੇ ਅਤੇ ਉਹਨਾਂ ਦੇ ਕੌਮੀ ਗੀਤਾਂ ਦੀਆਂ ਧੁਨਾਂ ਗੂੰਜਣਗੀਆਂ। ਉਹ ਸਾਰਾ ਕੁਝ ਦੁਨੀਆ ਭਰ ਦੇ ਦਰਸ਼ਕ ਟੀਵੀ ਤੇ ਹੋਰ ਸਾਧਨਾਂ ਤੋਂ ਵੇਖ ਸਕਣਗੇ। ਉਦਘਾਟਨੀ ਸਮਾਰੋਹ ਚੜ੍ਹਦੇ ਸੂਰਜ ਦੀ ਧਰਤੀ ਜਪਾਨ ਦੇ ਸਮੇਂ ਅਨੁਸਾਰ ਸ਼ਾਮ 8 ਵਜੇ ਤੋਂ 12 ਵਜੇ ਤਕ ਹੋਵੇਗਾ। ਕੈਨੇਡਾ/ਅਮਰੀਕਾ ਵਿਚ ਉਸ ਸਮੇਂ ਸਵੇਰਾ ਹੋਵੇਗਾ ਅਤੇ ਭਾਰਤ ਸਣੇ ਬਹੁਤ ਸਾਰੇ ਦੇਸ਼ਾਂ ਵਿਚ ਦੁਪਹਿਰਾ।
ਭਾਰਤੀ ਦਲ 228 ਜਣਿਆਂ ਦਾ ਹੋਵੇਗਾ ਜਿਸ ਵਿਚ 67 ਮਰਦ ਤੇ 52 ਔਰਤਾਂ ਸਮੇਤ 119 ਖਿਡਾਰੀ ਹੋਣਗੇ। ਉਹ 18 ਸਪੋਰਟਸ ਦੇ 69 ਈਵੈਂਟਾਂ ਵਿਚ ਭਾਗ ਲੈਣਗੇ। ਉਲੰਪਿਕ ਖੇਡਾਂ ਵਿਚ ਜਿੱਤਣ ਲਈ ਮੈਡਲਾਂ ਦੇ 339 ਸੈੱਟ ਹੋਣਗੇ ਯਾਨੀ ਹਜ਼ਾਰ ਤੋਂ ਵੱਧ ਮੈਡਲ ਪਰ ਭਾਰਤੀ ਖਿਡਾਰੀ ਜੇਕਰ ਦਸ ਬਾਰਾਂ ਮੈਡਲ ਵੀ ਜਿੱਤ ਗਏ ਤਾਂ ਵੱਡੀ ਪ੍ਰਾਪਤੀ ਮੰਨੀ ਜਾਵੇਗੀ। ਉਂਜ ਭਾਰਤੀ ਖੇਡ ਅਧਿਕਾਰੀਆਂ ਦੇ ਅਨੁਮਾਨ ਅਨੁਸਾਰ ਐਤਕੀਂ ਭਾਰਤ ਦੇ ਖਿਡਾਰੀਆਂ ਦੀ ਪ੍ਰਫਾਰਮੈਂਸ ਚੰਗੀ ਹੈ ਤੇ ਉਹ 10 ਗੋਲਡ, 5 ਚਾਂਦੀ ਤੇ 5 ਕਾਸੀ ਦੇ ਮੈਡਲ ਜਿੱਤ ਸਕਦੇ ਹਨ। ਜੇ ਅਜਿਹਾ ਹੋ ਜਾਵੇ ਤਾਂ ਕਿਆ ਬਾਤਾਂ!
ਕੁਝ ਸ਼ੂਟਰਾਂ ਸਣੇ ਤੀਰਅੰਦਾਜ਼ ਦੀਪਿਕਾ ਕੁਮਾਰੀ, ਮੁੱਕੇਬਾਜ਼ ਮੈਰੀ ਕਾਮ ਤੇ ਅਮਿਤ ਪੰਘਾਲ, ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ, ਪਹਿਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ, ਜੈਵਲਿਨ ਥਰੋਅਰ ਨੀਰਜ ਚੋਪੜਾ ਤੇ ਸ਼ਿਵਪਾਲ, ਟੈਨਿਸ ਖਿਡਾਰਨ ਸਾਨੀਆ ਮਿਰਜ਼ਾ, ਮਨਪ੍ਰੀਤ ਦੀ ਹਾਕੀ ਟੀਮ ਤੇ ਵੇਟ ਲਿਫਟਰ ਮੀਰਾ ਬਾਈ ਚੰਨੂੰ ਤੋਂ ਗੋਲਡ ਮੈਡਲਾਂ ਦੀ ਆਸ ਰੱਖੀ ਜਾ ਰਹੀ ਹੈ। ਮਨੀਪੁਰ ਦੀ ਮੀਰਾ ਬਾਈ 49 ਕਿਲੋਗਰਾਮ ਵਜ਼ਨ ਵਿਚ ਵਿਸ਼ਵ ਚੈਂਪੀਅਨ ਹੈ ਜਿਸ ਨੇ 86 ਕਿਲੋਗਰਾਮ ਦੀ ਸਨੈਚ ਤੇ 119 ਕਿਲੋ ਦੀ ਜਰਕ ਲਾ ਕੇ 205 ਕਿਲੋਗਰਾਮ ਦਾ ਰਿਕਾਰਡ ਰੱਖਿਆ ਹੈ। ਉਸ ਨੇ ਆਪਣੇ ਵਜ਼ਨ ਤੋਂ ਢਾਈ ਗੁਣਾਂ ਵੱਧ ਵਜ਼ਨ ਬਾਹਾਂ ਉਤੇ ਤੋਲ ਦਿੱਤਾ ਹੈ। ਉਸ ਤੋਂ ਗੋਲਡ ਮੈਡਲ ਜਿੱਤਣ ਦੀ ਪੂਰੀ ਆਸ ਹੈ।
ਭਾਰਤ ਦੇ ਖਿਡਾਰੀ ਦਲ ਵਿਚ ਸਭ ਤੋਂ ਵੱਧ ਗਿਣਤੀ ਹਾਕੀ ਦੇ ਖਿਡਾਰੀਆਂ/ਖਿਡਾਰਨਾਂ ਦੀ ਹੈ ਜੋ 36 ਹਨ। 25 ਅਥਲੀਟ, 15 ਸ਼ੂਟਰ, 9 ਮੁੱਕੇਬਾਜ਼ ਤੇ 7 ਪਹਿਲਵਾਨ ਹਨ। ਮੈਰਾਜ ਅਹਿਮਦ ਖਾਨ 45 ਸਾਲਾਂ ਦਾ ਹੈ ਤੇ ਦਿਵਿਆਸ਼ ਸਿੰਘ ਪੰਵਾਰ 18 ਸਾਲਾਂ ਦਾ। ਭਾਰਤੀ ਖਿਡਾਰੀਆਂ ਦੀ ਔਸਤ ਉਮਰ 27 ਸਾਲ ਹੈ। ਕਦੇ ਉਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮਾਂ ਸਰਦਾਰੀ ਸੀ। ਭਾਰਤ ਨੇ ਹੁਣ ਤਕ ਜਿੱਤੇ ਕੁਲ 28 ਮੈਡਲਾਂ ਵਿਚੋਂ 11 ਮੈਡਲ ਕੇਵਲ ਹਾਕੀ ਦੀ ਖੇਡ ਰਾਹੀਂ ਜਿੱਤੇ ਸਨ। ਪਰ 1980 ਤੋਂ ਬਾਅਦ ਭਾਰਤੀ ਹਾਕੀ ਟੀਮ ਕਦੇ ਵੀ ਜਿੱਤ ਮੰਚ ‘ਤੇ ਨਹੀਂ ਚੜ੍ਹ ਸਕੀ। ਇਥੋਂ ਤਕ ਕਿ ਬੀਜਿੰਗ ਦੀਆਂ ਉਲੰਪਿਕ ਖੇਡਾਂ ਵਿਚ ਹਿੱਸਾ ਲੈਣ ਲਈ ਕੁਆਲੀਫਾਈ ਵੀ ਨਹੀਂ ਸੀ ਕਰ ਸਕੀ। ਉਦੋਂ ਕੈਨੇਡਾ ਦੀ ਹਾਕੀ ਟੀਮ ਕੁਆਲੀਫਾਈ ਕਰ ਗਈ ਸੀ ਜਿਸ ਵਿਚ ਚਾਰ ਖਿਡਾਰੀ ਪੰਜਾਬੀ ਮੂਲ ਦੇ ਸਨ। ਇਸ ਵੇਲੇ 10 ਪੰਜਾਬੀ ਖਿਡਾਰੀਆਂ ਨਾਲ ਲੈਸ ਭਾਰਤੀ ਹਾਕੀ ਟੀਮ ਵਿਸ਼ਵ ਦੀਆਂ 4 ਚੋਟੀ ਦੀਆਂ ਟੀਮਾਂ ਵਿਚ ਗਿਣੀ ਜਾਂਦੀ ਹੈ। ਆਸ ਰੱਖੀ ਜਾ ਰਹੀ ਹੈ ਕਿ ਵਿਕਟਰੀ ਸਟੈਂਡ ‘ਤੇ ਚੜ੍ਹੇਗੀ। ਔਰਤਾਂ ਦੀ ਭਾਰਤੀ ਹਾਕੀ ਟੀਮ 1980 ਤੋਂ 36 ਸਾਲਾਂ ਬਾਅਦ ਰੀਓ-2016 ਦੀਆਂ ਉਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਸਕੀ ਸੀ ਪਰ ਜਿੱਤ-ਮੰਚ ‘ਤੇ ਨਹੀਂ ਚੜ੍ਹ ਸਕੀ। ਐਤਕੀਂ ਉਹਦੇ ਤੋਂ ਵੀ ਆਸ ਉਮੀਦ ਹੈ।
ਇਸ ਵਾਰ ਮਰਦਾਂ ਦੀ ਭਾਰਤੀ ਹਾਕੀ ਟੀਮ ਵਿਚ ਪੰਜਾਬੀ ਖਿਡਾਰੀ ਅੱਧੋਂ ਵੱਧ ਹਨ। ਔਰਤਾਂ ਦੀ ਹਾਕੀ ਟੀਮ ਵਿਚ ਹਰਿਆਣੇ ਦੀਆਂ ਖਿਡਾਰਨਾਂ ਅੱਧੋਂ ਵੱਧ ਹਨ। ਭਾਰਤ ਦੇ ਕੁਲ ਖਿਡਾਰੀਆਂ ਵਿਚ ਸਭ ਤੋਂ ਵੱਧ ਖਿਡਾਰੀ ਹਰਿਆਣੇ ਦੇ ਹਨ ਜੋ 1966 ਤੋਂ ਪਹਿਲਾਂ ਪੰਜਾਬ ਦੇ ਗਿਣੇ ਜਾਂਦੇ ਸਨ। ਖੇਡਾਂ ਵਿਚ ਪਹਿਲਾਂ ਪੰਜਾਬ ਚੋਟੀ ‘ਤੇ ਹੁੰਦਾ ਸੀ ਹੁਣ ਹਰਿਆਣਾ ਚੋਟੀ ‘ਤੇ ਹੈ। ਅਸਲ ਵਿਚ ਹਰਿਆਣਾ ਸਰਕਾਰ ਖੇਡ ਖਿਡਾਰੀਆਂ ਵੱਲ ਵਧੇਰੇ ਧਿਆਨ ਦਿੰਦੀ ਹੈ ਜਦ ਕਿ ਪੰਜਾਬ ਸਰਕਾਰ ਅਵੇਸਲੀ ਹੈ। ਹਰਿਆਣੇ ਨੇ ਆਪਣੇ ਉਲੰਪੀਅਨ ਖਿਡਾਰੀਆਂ ਨੂੰ ਤਿਆਰੀ ਲਈ ਪੰਦਰਾਂ ਪੰਦਰਾਂ ਲੱਖ ਰੁਪਏ ਦਿੱਤੇ ਜਦ ਕਿ ਪੰਜਾਬ ਨੇ ਪੰਜ ਪੰਜ ਲੱਖ ਦਿੱਤੇ। ਹਰਿਆਣਾ ਆਪਣੇ ਉਲੰਪਿਕ ਜੇਤੂ ਖਿਡਾਰੀਆਂ ਨੂੰ ਗੋਲਡ ਮੈਡਲ ਲਈ ਛੇ ਕਰੋੜ, ਸਿਲਵਰ ਮੈਡਲ ਲਈ ਚਾਰ ਕਰੋੜ ਤੇ ਬਰਾਂਜ਼ ਮੈਡਲ ਲਈ ਤਿੰਨ ਕਰੋੜ ਦੇ ਇਨਾਮ ਦੇਵੇਗਾ। ਪੰਜਾਬ ਆਪਣੇ ਜੇਤੂਆਂ ਨੂੰ ਗੋਲਡ ਮੈਡਲ ਦੇ ਸਵਾ ਦੋ ਕਰੋੜ, ਸਿਲਵਰ ਦੇ ਡੇਢ ਕਰੋੜ ਤੇ ਬਰਾਂਜ਼ ਦੇ ਇਕ ਕਰੋੜ ਹੀ ਦੇਵੇਗਾ। ਹਰਿਆਣੇ ਵਿਚ ਖਿਡਾਰੀਆਂ ਨੂੰ ਚੰਗੀਆਂ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ ਜਦ ਕਿ ਪੰਜਾਬ ਵਿਚ ਖਿਡਾਰੀਆਂ ਲਈ ਨੌਕਰੀਆਂ ਨਾਮਾਤਰ ਹਨ। ਸਾਡੇ ਆਪਣੇ ਪਿੰਡ ਚਕਰ ਦੇ ਇਕ ਗਰੀਬ ਕਿਸਾਨ ਦੀ 26 ਸਾਲਾ ਮੁੱਕੇਬਾਜ਼ ਲੜਕੀ ਸਿਮਰਨਜੀਤ ਕੌਰ ਬਾਠ ਟੋਕੀਓ ਉਲੰਪਿਕਸ ਵਿਚ ਭਾਗ ਲੈ ਰਹੀ ਹੈ ਪਰ ਅਜੇ ਤਕ ਕੋਈ ਨੌਕਰੀ ਨਹੀਂ ਮਿਲੀ। ਹਰਿਆਣੇ ‘ਚ ਜੰਮਦੀ ਤਾਂ ਸੰਭਵ ਸੀ ਹੁਣ ਨੂੰ ਡੀਐਸਪੀ ਲੱਗੀ ਹੁੰਦੀ!
ਭਾਰਤੀ ਦਲ ਵਿਚ ਪੰਜਾਬ ਦੇ 16 ਖਿਡਾਰੀ ਹਨ। ਉਨ੍ਹਾਂ ਸੋਲਾਂ ਵਿਚੋਂ ਪੰਜਾਬ ਵਿਚ ਇਕੋ ਹੀ ਨੌਕਰੀ ਕਰਦਾ ਹੈ ਜਦ ਕਿ ਬਾਕੀ ਖਿਡਾਰੀ ਪੰਜਾਬੋਂ ਬਾਹਰ ਨੌਕਰੀਆਂ ਕਰਨ ਲਈ ਮਜਬੂਰ ਹਨ ਜਾਂ ਅਜੇ ਵੀ ਬੇਰੁਜ਼ਗਾਰ ਹਨ। ਹਾਕੀ ਦਾ ਕੈਪਟਨ ਮਨਪ੍ਰੀਤ ਸਿੰਘ ਹੀ ਪੰਜਾਬ ਪੁਲਿਸ ਵਿਚ ਡੀਐਸਪੀ ਹੈ। ਹਰਮਨਪ੍ਰੀਤ ਸਿੰਘ ਤੇ ਵਰੁਣ ਕੁਮਾਰ ਭਾਰਤ ਪੈਟਰੋਲੀਅਮ ਵਿਚ, ਸਿਮਰਨਜੀਤ ਸਿੰਘ, ਦਿਲਪ੍ਰੀਤ ਸਿੰਘ, ਕ੍ਰਿਸ਼ਨ ਕੁਮਾਰ ਪਾਠਕ ਤੇ ਹਾਰਦਿਕ ਸਿੰਘ ਇੰਡੀਅਨ ਆਇਲ ਦਿੱਲੀ ਵਿਚ, ਗੁਰਜੰਟ ਸਿੰਘ ਤੇ ਮਨਦੀਪ ਸਿੰਘ ਓਐਨਜੀ ਦੇਹਰਾਦੂਨ, ਰੁਪਿੰਦਰਪਾਲ ਸਿੰਘ ਇੰਡੀਅਨ ਓਵਰਸੀਜ਼ ਬੈਂਕ ਚੈਨਈ, ਸ਼ਮਸ਼ੇਰ ਸਿੰਘ ਪੰਜਾਬ ਨੈਸ਼ਨਲ ਬੈਂਕ ਦਿੱਲੀ, ਗੁਰਜੀਤ ਕੌਰ ਰੇਲਵੇ, ਤੇਜਿੰਦਰਪਾਲ ਸਿੰਘ ਤੂਰ ਨੇਵੀ, ਕਮਲਪ੍ਰੀਤ ਕੌਰ ਰੇਲਵੇ ਤੇ ਗੁਰਪ੍ਰੀਤ ਸਿੰਘ ਫੌਜ ਵਿਚ ਨੌਕਰੀ ਕਰਦੇ ਹਨ। ਸਿਮਰ ਚਕਰ ਨੂੰ ਅਜੇ ਤਕ ਕਿਤੇ ਵੀ ਨੌਕਰੀ ਨਹੀਂ ਮਿਲੀ ਜਦ ਕਿ ਉਲੰਪਿਕ ਖੇਡਾਂ ਲਈ ਕੁਆਲੀਫਾਈ ਕਰਨਾ ਖੇਡ ਖੇਤਰ ਵਿਚ ਬੜੀ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ।
ਹਾਕੀ ਦੇ ਮੈਚ 24 ਜੁਲਾਈ ਤੋਂ ਸ਼ੁਰੂ ਹੋ ਜਾਣਗੇ ਜੋ 6 ਅਗੱਸਤ ਤਕ ਚੱਲਣਗੇ। ਭਾਰਤ ਦਾ ਪਹਿਲਾ ਮੈਚ 24 ਜੁਲਾਈ ਨੂੰ ਨੀਦਰਲੈਂਡ, ਦੂਜਾ 25 ਨੂੰ ਆਸਟ੍ਰੇਲੀਆ, ਤੀਜਾ 27 ਨੂੰ ਸਪੇਨ, ਚੌਥਾ 29 ਨੂੰ ਅਰਜਨਟੀਨਾ ਤੇ ਪੰਜਵਾਂ 30 ਜੁਲਾਈ ਨੂੰ ਜਪਾਨ ਵਿਰੁਧ ਖੇਡਿਆ ਜਾਵੇਗਾ। ਫਿਰ ਕੁਆਟਰ ਫਾਈਨਲ, ਸੈਮੀ ਫਾਈਨਲ ਤੇ ਫਾਈਨਲ ਮੈਚ ਹੋਣਗੇ। ਐਤਕੀਂ ਪਾਕਿਸਤਾਨ ਦੀ ਹਾਕੀ ਟੀਮ ਉਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ। ਹਾਕੀ ਦੇ ઑਗੋਲ ਕਿੰਗ਼ ਕਹੇ ਜਾਂਦੇ ਪਾਕਿਸਤਾਨ ਦੇ ਵੈਟਰਨ ਖਿਡਾਰੀ ਹਸਨ ਸਰਦਾਰ ਨੇ ਕਿਹਾ ਹੈ ਕਿ ਮੈਂ ਭਾਰਤੀ ਹਾਕੀ ਟੀਮ ਨੂੰ ਬੈਕਅੱਪ ਕਰਾਂਗਾ। ਭਾਰਤੀ ਹਾਕੀ ਦੀ ਜਿੱਤ ਮੈਨੂੰ ਆਪਣੀ ਜਿੱਤ ਮਹਿਸੂਸ ਹੋਵੇਗੀ। ਕਦੇ ਅਸੀਂ ਇਕ ਸਾਂ ਤੇ ਹੁਣ ਗੁਆਂਢੀ ਹਾਂ। ਖਿਡਾਰੀਆਂ ਦੀਆਂ ਅਜਿਹੀਆਂ ਭਾਵਨਾਵਾਂ ਦੀ ਕਦਰ ਕਰਨੀ ਬਣਦੀ ਹੈ ਜਿਸ ਨਾਲ ਗੁਆਂਢੀ ਮੁਲਕਾਂ ਦੇ ਸੰਬੰਧ ਸੁਖਾਵੇਂ ਹੋਣ। ਟੋਕੀਓ ਉਲੰਪਿਕਸ ਦਾ ਉਦੇਸ਼ ਹੈ ઑਯੂਨਿਟੀ ਇਨ ਇਮੋਸ਼ਨ਼।
1981 ਵਿਚ ਮੈਂ ઑਬੰਬਈ ਦਾ ਵਰਲਡ ਹਾਕੀ ਕੱਪ ਕਵਰ ਕਰਨ ਗਿਆ ਤਾਂ ਭਾਰਤੀ ਟੀਮ ਕੁਆਟਰ ਫਾਈਨਲ ਵਿਚ ਹਾਰ ਗਈ। ਲਹੌਰੀਏ ਭਾਊ ਜਿਹੜੇ ਰੋਜ਼ ਹੱਸ ਹੱਸ ਮਿਲਦੇ ਸਨ, ਉੱਦਣ ਉਹ ਵੀ ਉਦਾਸ ਦਿਸੇ। ਅਸੀਂ ਤਾਂ ਖ਼ੈਰ ਉਦਾਸ ਹੋਣਾ ਹੀ ਸੀ। ਮੈਂ ਲਹੌਰੀਆਂ ਤੋਂ ਪੁੱਛਿਆ, ”ਭਾਊ, ਹਾਰੇ ਅਸੀਂ, ਤੁਸੀਂ ਕਿਉਂ ਉਦਾਸ ਓਂ?” ਉਨ੍ਹਾਂ ਜਵਾਬ ਦਿੱਤਾ, ”ਭਾਅ ਧਾਡੀ ਟੀਮ ਤਕੜੀ ਸੀ ਪਰ ਕਿਸਮਤ ਦਗਾ ਦੇ ਗਈ। ਅਹੀਂ ਤਾਂ ਲਅ੍ਹੌਰੋਂ ਆਏ ਈ ਇੰਡੀਆ ਤੇ ਪਾਕਿਸਤਾਨ ਦਾ ਫਾਈਨਲ ਮੈਚ ਵੇਖਣ ਸਾਂ। ਹੁਣ ‘ਤੇ ਫਾਈਨਲ ਦਾ ਕੋਈ ਸੁਆਦ ਈ ਨੲ੍ਹੀਂ ਆਉਣਾ।”
ਮੈਂ ਮਨ ‘ਚ ਕਿਹਾ, ”ਸ਼ਰੀਕ ਦਾ ਰਿਸ਼ਤਾ ਵੀ ਕਿਆ ਰਿਸ਼ਤਾ ਐ! ਮੋਹ ਵੀ ਪੁੱਜ ਕੇ ਤੇ ਵੈਰ ਵੀ ਪੁੱਜ ਕੇ!
ਭਾਰਤ ਦੇ ਆਜ਼ਾਦ ਹੋਣ ਪਿੱਛੋਂ ਜਿੰਨੀਆਂ ਵੀ ਉਲੰਪਿਕ ਖੇਡਾਂ ਹੋਈਆਂ ਮੇਰੀ ਸੁਰਤ ‘ਚ ਹੋਈਆਂ। 1948 ਵਿਚ ਲੰਡਨ ਦੀਆਂ ਉਲੰਪਿਕ ਖੇਡਾਂ ਸਮੇਂ ਮੈਂ ਅੱਠ ਸਾਲ ਦਾ ਸਾਂ। ਭਾਰਤ ਵੱਲੋਂ ਹਰ ਵਾਰ ਹੀ ਚੋਖੇ ਮੈਡਲ ਜਿੱਤਣ ਦੀ ਆਸ ਰੱਖੀ ਜਾਂਦੀ ਰਹੀ ਪਰ ਖੀਸੇ ਖਾਲੀ ਹੀ ਰਹੇ। ਕਈ ਵਾਰ ਤਾਂ ਇਕ ਮੈਡਲ ਵੀ ਨਾ ਜਿੱਤ ਹੋਇਆ। 2016 ਵਿਚ ਰੀਓ ਦੀਆਂ ਉਲੰਪਿਕ ਖੇਡਾਂ ਵਿਚ ਭਾਰਤ ਦੇ 117 ਖਿਡਾਰੀ ਗਏ ਸਨ। ਆਸ ਸੀ ਦਰਜਨ ਕੁ ਮੈਡਲ ਤਾਂ ਜਿੱਤਣਗੇ ਹੀ, ਪਰ ਦੇਸ਼ ਦੀ ਸਵਾ ਸੌ ਕਰੋੜ ਆਬਾਦੀ ਹੁੰਦਿਆਂ ਰੀਓ ਉਲੰਪਿਕਸ ਤੋਂ ਮੈਡਲ ਸਿਰਫ਼ ਦੋ ਮਿਲੇ ਸਨ। ਇਕ ਸਿਲਵਰ ਤੇ ਇਕ ਬਰਾਂਜ਼। ਉਂਜ ઑਭਾਰਤ ਮਹਾਨ਼ ਦੇ ਵਿਸ਼ੇਸ਼ਣਾਂ ਨਾਲ ਭਾਰਤ ਦੀਆਂ ਪਾਠ ਪੁਸਤਕਾਂ ਭਰੀਆਂ ਪਈਆਂ ਹਨ!
ਰੀਓ-2016 ਵਿਚ ਅਮਰੀਕਾ ਨੇ 46 ਸੋਨੇ, 37 ਚਾਂਦੀ, 38 ਤਾਂਬੇ, ਬਰਤਾਨੀਆ 27, 13, 17, ਚੀਨ 26, 18, 26, ਰੂਸ 19, 18, 19, ਜਰਮਨੀ 17, 19, 15, ਜਪਾਨ 12, 8, 21, ਫਰਾਂਸ 10, 18, 14, ਦੱਖਣੀ ਕੋਰੀਆ 9, 3, 9, ਇਟਲੀ 8, 12, 8 ਤੇ ਆਸਟ੍ਰੇਲੀਆ ਨੇ 8, 11, 8, ਤਗਮੇ ਜਿੱਤੇ ਸਨ। 59 ਦੇਸ਼ ਐਸੇ ਸਨ ਜਿਨ੍ਹਾਂ ਨੇ 1 ਜਾਂ ਵੱਧ ਗੋਲਡ ਮੈਡਲ ਹਾਸਲ ਕੀਤੇ। 73 ਮੁਲਕਾਂ ਨੇ ਚਾਂਦੀ ਤੇ 87 ਮੁਲਕਾਂ ਦੇ ਖਿਡਾਰੀਆਂ ਨੇ ਕਾਸੀ ਦੇ ਮੈਡਲ ਜਿੱਤੇ ਸਨ। ਇਉਂ 87 ਮੁਲਕਾਂ ਦੇ ਖਿਡਾਰੀ ਜਿੱਤ-ਮੰਚ ‘ਤੇ ਚੜ੍ਹੇ। ਦੁਨੀਆ ਦੇ 206 ਮੁਲਕਾਂ ਤੇ 1 ਰੀਫਿਊਜ਼ੀ ਦਲ ‘ਚੋਂ 120 ਦੇਸ਼ ਖਾਲੀ ਹੱਥ ਰਹੇ। ਉਥੇ 48% ਮੈਡਲ ਯੂਰਪ, 22% ਅਮਰੀਕਾ, 21% ਏਸ਼ੀਆ, 5% ਅਫਰੀਕਾ ਤੇ 5% ਓਸ਼ਨੀਆ ਮਹਾਂਦੀਪ ਦੇ ਖਿਡਾਰੀਆਂ ਨੇ ਜਿੱਤੇ ਸਨ।
ਅਮਰੀਕਾ ਦੇ ਇਕੋ ਤੈਰਾਕ ਮਾਈਕਲ ਫੈਲਪਸ ਨੇ 28 ਮੈਡਲ ਜਿੱਤੇ ਹਨ ਜਦ ਕਿ ਭਾਰਤ ਦੇ ਸਾਰੇ ਖਿਡਾਰੀ ਸਾਰੀਆਂ ਉਲੰਪਿਕ ਖੇਡਾਂ ‘ਚੋਂ ਹੁਣ ਤਕ ਮਸੀਂ 28 ਮੈਡਲ ਜਿੱਤ ਸਕੇ ਹਨ। ਜੇ ਅਮਰੀਕਾ ਦੇ ਜਿੱਤੇ ਕੁਲ ਮੈਡਲਾਂ ਦੀ ਗਿਣਤੀ ਕਰਨੀ ਹੋਵੇ ਤਾਂ 2520 ਹੋ ਚੁੱਕੀ ਹੈ। ਸੁਆਲ ਹੈ ਜੇ ਮਾਈਕਲ ਫੈਲਪਸ ਭਾਰਤ ਵਿਚ ਜੰਮਿਆ ਹੁੰਦਾ ਤਾਂ ਕੀ ਹੁੰਦਾ? ਜਵਾਬ ਹੈ ਜਾਂ ਭਾਰਤ ਦੇ 28+28 = 56 ਮੈਡਲ ਹੋ ਜਾਂਦੇ ਜਾਂ ਭਾਰਤੀ ਅਧਿਕਾਰੀ ਉਹਨੂੰ ਵੀ ਲੈ ਬਹਿੰਦੇ! ਜਿਹੜੇ ਭਾਰਤੀ ਅਧਿਕਾਰੀ ਮੈਰਾਥਨ ਲਾ ਰਹੀ ਤਿਹਾਈ ਭਾਰਤੀ ਕੁੜੀ ਨੂੰ ਮੌਕੇ ‘ਤੇ ਪਾਣੀ ਵੀ ਨਹੀਂ ਪੁਚਾ ਸਕੇ, ਉਹਨਾਂ ਨੇ ਮਾਈਕਲ ਫੈਲਪਸ ਨਾਲ ਕਿਹੜਾ ਘੱਟ ਕਰਨੀ ਸੀ?
ਏਸ਼ੀਆ ਦੇ ਦੇਸ਼ ਚੀਨ ਤੇ ਕੋਰੀਆ 1951 ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਸਮੇਂ ਭਾਰਤ ਤੋਂ ਪਿੱਛੇ ਸਨ ਪਰ ਹੁਣ ਕਿਤੇ ਅੱਗੇ ਹਨ। ਜਪਾਨ ਬਰਾਬਰੀ ‘ਤੇ ਸੀ ਜੋ ਕਿਤੇ ਅੱਗੇ ਨਿਕਲ ਗਿਐ। ਇਹ ਭਾਰਤ ਹੀ ਹੈ ਜੋ ਅੱਗੇ ਵਧਦਾ ਪਿੱਛੇ ਮੁੜਿਆ। ਭਾਰਤ ਨੇ ਬੀਜਿੰਗ-2008 ਤੋਂ 3 ਮੈਡਲ ਜਿੱਤੇ ਸਨ, ਲੰਡਨ-2012 ਤੋਂ 6 ਪਰ ਰੀਓ-2016 ਤੋਂ ਸਿਰਫ਼ 2 ਹੀ ਜਿੱਤ ਸਕਿਆ। ਬ੍ਰਿਟਿਸ਼ ਇੰਡੀਆ ਤੇ ਆਜ਼ਾਦ ਭਾਰਤ ਨੇ ਉਲੰਪਿਕ ਖੇਡਾਂ ‘ਚੋਂ ਹੁਣ ਤੱਕ 9 ਗੋਲਡ, 7 ਸਿਲਵਰ ਤੇ 12 ਬਰਾਂਜ਼ ਮੈਡਲ ਜਿੱਤੇ ਹਨ। ਗੋਲਡ ਮੈਡਲਾਂ ਵਿਚ 8 ਹਾਕੀ ਦੇ ਹਨ ਤੇ 1 ਸ਼ੂਟਿੰਗ ਦਾ। ਸਿਲਵਰ ਤੇ ਬਰਾਂਜ ਮੈਡਲ ਹਾਕੀ, ਸ਼ੂਟਿੰਗ, ਕੁਸ਼ਤੀ, ਮੁੱਕੇਬਾਜ਼ੀ, ਟੈਨਿਸ, ਵੇਟ ਲਿਫਟਿੰਗ ਤੇ ਬੈਡਮਿੰਟਨ ਦੇ ਹਨ। ਫਿਰ ਵੀ ਭਾਰਤ ਪਰਬਤ ਜੇਡੀਆਂ ਆਸਾਂ ਲਾਈ ਬੈਠਾ ਹੈ।
ਉਲੰਪਿਕ ਖੇਡਾਂ ਦੇ ਆਪਸ ਵਿਚ ਪ੍ਰੋਏ ਪੰਜ ਚੱਕਰ ਪੰਜਾਂ ਮਹਾਂਦੀਪਾਂ ਦੀ ਨੁਮਾਇੰਦਗੀ ਕਰਦੇ ਹਨ। ਬੀਜਿੰਗ ਦੀਆਂ ਖੇਡਾਂ ਵਿਚ 43 ਵਿਸ਼ਵ ਰਿਕਾਰਡ ਟੁੱਟੇ ਸਨ ਤੇ ਲੰਡਨ ਵਿਚ 30 ਟੁੱਟੇ। ਰੀਓ ਵਿਚ 65 ਓਲੰਪਿਕ ਤੇ 19 ਵਰਲਡ ਰਿਕਾਰਡ ਟੁੱਟੇ। ਮਿਲਖਾ ਸਿੰਘ ਨੇ ਰੋਮ ‘ਚ 400 ਮੀਟਰ ਦੀ ਦੌੜ 45.6 ਸੈਕੰਡ ਵਿਚ ਲਾਈ ਸੀ। ਰੀਓ ‘ਚ ਦੱਖਣੀ ਅਫਰੀਕਾ ਦਾ ਦੌੜਾਕ ਵਾਨ ਇਹ ਦੌੜ 43.03 ਸੈਕੰਡ ਵਿਚ ਲਾ ਕੇ 43 ਸੈਕੰਡ ਦੀ ਹੱਦ ਤੋੜਨ ਦੇ ਨੇੜੇ ਪਹੁੰਚ ਗਿਐ! ਚੀਨ ਦਾ ਲੌਂਗ ਕਿੰਗ 56 ਕਿਲੋ ਵਜ਼ਨ ਵਿਚ 307 ਕਿਲੋਗਰਾਮ ਭਾਰ ਚੁੱਕਣ ਦਾ ਵਿਸ਼ਵ ਰਿਕਾਰਡ ਰੱਖ ਗਿਐ! ਮਨੁੱਖ ਦਿਨੋ ਦਿਨ ਹੋਰ ਤਕੜਾ ਤੇ ਜੁਗਤੀ ਹੋ ਰਿਹੈ ਜਿਸ ਕਰਕੇ ਕੋਈ ਵੀ ਰਿਕਾਰਡ ਸਦੀਵੀ ਨਹੀਂ। ਹਰੇਕ ਉਲੰਪਿਕਸ ਵਿਚ ਨਵੇਂ ਤੋਂ ਨਵੇਂ ਰਿਕਾਰਡ ਹੁੰਦੇ ਹਨ। ਉਲੰਪਿਕ ਖੇਡਾਂ ਦਾ ਮਾਟੋ ਹੀ ਹੈ: ਹੋਰ ਤੇਜ਼, ਹੋਰ ਉੱਚਾ, ਹੋਰ ਅੱਗੇ! ਵੇਖਾਂਗੇ ਕੋਵਿਡ ਦੇ ਕਹਿਰ ਵਿਚ ਹੋ ਰਹੀਆਂ ਟੋਕੀਓ ਦੀਆਂ ਉਲੰਪਿਕ ਖੇਡਾਂ ਵਿਚ ਕਿੰਨੇ ਰਿਕਾਰਡ ਟੁੱਟਣਗੇ ਤੇ ਭਾਰਤ ਐਤਕੀਂ ਕਿੰਨੇ ਮੈਡਲ ਜਿੱਤੇਗਾ? ਉਨ੍ਹਾਂ ਵਿਚ ਕਿੰਨੇ ਪੰਜਾਬੀ ਹੋਣਗੇ ਤੇ ਕਿੰਨੇ ਹਰਿਆਣਵੀ? ਤੇ ਉਸ ਪਿੱਛੋਂ ਪੰਜਾਬ ਸਰਕਾਰ ਪੰਜਾਬ ਦੀ ਜੁਆਨੀ ਦਾ ਕੀ ਕਰੇਗੀ?
[email protected]

Check Also

ਫੈਡਰਲ ਚੋਣਾਂ : ਲੋਕ ਪੱਖੀ ਨੀਤੀਆਂ, ਬਹੁਮੱਤੀਆਂ ਹੀ ਕੀਤੀਆਂ

ਹਰਬੰਸ ਸਿੰਘ ਜੰਡਾਲੀ 416-804-1999 ਫੈਡਰਲ ਸਰਕਾਰ ਦੀਆਂ ਚੋਣਾਂ 20 ਸਤੰਬਰ ਨੂੰ ਹੋਣ ਜਾ ਰਹੀਆਂ ਹਨ। …