ਗੁਰੂ ਰਵਿਦਾਸ ਜੀ ਦਾ ਆਗਮਨ ਉਸ ਸਮੇਂ ਹੋਇਆ ਜਦੋਂ ਸਮਾਜ ਦੇ ਸਮਾਜਕ, ਰਾਜਨੀਤਕ ਹਾਲਤ ਬਹੁਤ ਭੈੜੇ ਸਨ। ਆਪਣੇ ਆਪ ਨੂੰ ਧਾਰਮਕ ਤੇ ਸਮਾਜਕ ਅਖਵਾਉਂਦੇ ਆਗੂ ਚਰਿਤ੍ਰਹੀਣਤਾ ਦੀਆਂ ਨੀਵਾਣਾਂ ਵਿਚ ਵਹਿ ਗਏ ਸਨ। ਰਾਜਸੀ ਸ਼ਕਤੀ ਵੱਡੇ ਜਗੀਰਦਾਰਾਂ, ਭੂਮੀਪਤੀਆਂ ਦੇ ਹੱਥਾਂ ਵਿਚ ਸੀ, ਜੋ ਰਾਜ-ਭਾਗ ਦੇ ਨਸ਼ੇ ਨਾਲ ਗੁੱਟ ਸਨ। ਅਜਿਹੇ ਸਮੇਂ ਜਦੋਂ ਲੋਕ ਕਰਮ-ਕਾਂਡਾਂ ਵਿਚ ਫਸ ਕੇ ਅੰਧ-ਵਿਸ਼ਵਾਸੀ ਹੋ ਚੁੱਕੇ ਸਨ। ਰਾਜਿਆਂ ਤੇ ਅਮੀਰਾਂ ਵਲੋਂ ਗਰੀਬਾਂ, ਨਿਤਾਣਿਆਂ ਉੱਤੇ ਜੋ ਜ਼ੁਲਮ ਹੁੰਦੇ ਸਨ ਉਹ ‘ਰੱਬ ਦੀ ਰਜ਼ਾ’, ‘ਪਿਛਲੇ ਜਨਮਾਂ ਦਾ ਫਲ’ ਆਖ ਕੇ ਜਰੀ ਜਾ ਰਹੇ ਸਨ। ਕਿਉਂਕਿ ਚਾਨਣ ਦੀ ਅਣਹੋਂਦ ਉਨ੍ਹਾਂ ਨੂੰ ਹਨੇਰ ਢੋਈ ਜਾਣ ਲਈ ਮਜਬੂਰ ਕਰੀ ਜਾ ਰਹੀ ਸੀ। ਇਸ ਨੂੰ ਮਨੁੱਖੀ ਜ਼ਿੰਦਗੀ ਕਹੀ ਜਾਣਾ ਐਵੇਂ ਦਿਲ ਨੂੰ ਝੂਠਾ ਧਰਵਾਸ ਦੇਣ ਵਾਲੀ ਗੱਲ ਹੀ ਸੀ। ਉਸ ਸਮੇਂ ਦੀ ਦਸ਼ਾ ਬਿਆਨ ਕਰਦਿਆਂ ਸਿਰੀ ਰਾਮ ਅਰਸ਼ ਆਪਣੀ ਪੁਸਤਕ ‘ਤੁਮ ਚੰਦਨ’ ਵਿਚ ਲਿਖਦੇ ਹਨ :
ਵਹਿਮਾਂ ਭਰਮਾਂ ਵਿਚ ਗ੍ਰਸੇ ਸਨ, ਏਥੇ ਕੁੱਲ ਨਰ ਨਾਰੀ
ਕੂੜ ਤੇ ਭੇਖਾਂ ਦੀ ਕਾਇਮ ਸੀ ਥਾਂ ਥਾਂ ‘ਤੇ ਸਰਦਾਰੀ
ਭਗਤੀ ਲਹਿਰ ਦਾ ਆਰੰਭ ਅਨਿਆਂ ਅਤੇ ਮਨੁੱਖਾਂ ਦੇ ਦਰਮਿਆਨ ਪਾਈਆਂ ਵੰਡੀਆਂ ਦੇ ਖਿਲਾਫ ਸੀ। ਇਸ ਲਹਿਰ ਦੇ ਆਗੂਆਂ ਵਲੋਂ ਲੋਕਾਂ ਅੰਦਰ ਆਤਮ ਵਿਸ਼ਵਾਸ ਪੈਦਾ ਕਰਨ ਦਾ ਜਤਨ ਕੀਤਾ ਗਿਆ। ਸ਼ੁਰੂ ਵਿਚ ਭਾਵੇਂ ਤੋਰ ਮੱਠੀ ਹੀ ਸੀ ਪਰ ਬਾਅਦ ਵਿਚ ਕਾਫੀ ਲੋਕ ਇਸ ਲਹਿਰ ਨਾਲ ਜੁੜਦੇ ਗਏ। ਇਸੇ ਲਹਿਰ ਅਧੀਨ ਰਾਮਾਨੁਜ ਵਰਗੇ ਬੁੱਧੀਮਾਨ ਵਲੋਂ ਲੋਕਾਂ ਦੀ ਅੰਤਰ ਆਤਮਾ ਨੂੰ ਟੁੰਬਣ ਦਾ ਜਤਨ ਆਰੰਭਣਾਂ ਅਤੇ ਉਸ ਜਤਨ ਨੂੰ ਲਹਿਰ ਬਨਾਉਣ ਵਲ ਵਧਾਉਣਾ ਉਨ੍ਹਾਂ ਦਾ ਜੀਵਨ ਆਦਰਸ਼ ਹੋ ਗਿਆ ਸੀ।
ਆਮ ਤੌਰ ਤੇ ਰਾਮਾਨੰਦ ਜੀ ਨੂੰ ਹੀ ਰਵਿਦਾਸ ਜੀ ਦਾ ਗੂਰੂ ਮੰਨਿਆ ਜਾਂਦਾ ਹੈ ਪਰ ਕੁੱਝ ਲੋਕ ਇਸ ਨਾਲ ਸਹਿਮਤ ਨਹੀਂ। ਕਈ ਲੋਕ ਹੋਰ ਗੱਲਾਂ ਵੀ ਲਿਖਦੇ ਹਨ ਜੋ ਮੰਨਣਯੋਗ ਨਹੀਂ। ਭੁਲੇਖਾ ਪਾਊ ਲੋਕ ਤਾਂ ਅਸਲੋਂ ਹੀ ਨਾ ਮੰਨਣਯੋਗ ਰਵਿਦਾਸ ਜੀ ਦੇ ਸਮਕਾਲੀ ਅਤੇ ਗੁਰਭਾਈ ਕਬੀਰ ਜੀ ਨੂੰ ਹੀ ਰਵਿਦਾਸ ਜੀ ਦਾ ਗੁਰੂ ਲਿਖ ਗਏ ਹਨ। ਜਦੋਂ ਕਿ ਕਬੀਰ ਜੀ ਰਾਮਾਨੰਦ ਦੇ 12 ਪ੍ਰਮੱਖ ਚੇਲਿਆਂ ਵਿਚੋਂ ਹੀ ਸਨ ਅਤੇ ਗੁਰੂ ਰਵਿਦਾਸ ਜੀ ਤੋਂ ਛੋਟੀ ਉਮਰ ਦੇ ਸਨ। ਗੁਰੂ ਰਵਿਦਾਸ ਜੀ ਅਜਿਹੇ ਦਾਰਸ਼ਨਿਕ ਸਨ ਜਿਨ੍ਹਾਂ ਨੇ ਨਵੀਂ ਸੋਚ ਤੇ ਨਵੇਂ ਫਲਸਫੇ ਨੂੰ ਜਨਮ ਦਿੱਤਾ ਜੋ ਸਮੇਂ ਦੀ ਉਂਗਲ ਫੜਕੇ ਸਮੇਂ ਦੀ ਅਗਵਾਈ ਕਰਦੀ ਸੀ। ਝੂਠੇ ਕਰਮਕਾਂਡਾਂ, ਪਾਖੰਡਾਂ ਤੇ ਅੰਧ ਵਿਸ਼ਵਾਸਾਂ ਤੋਂ ਦੂਰ ਮਨੁੱਖੀ ਮੋਹ ਦਾ ਪ੍ਰਚਾਰ ਕਰਨਾ ਉਸ ਸੋਚ ਦਾ ਮਨੋਰਥ ਸੀ। ਮਨੁੱਖ ਨੂੰ ਉਸਦੀ ਜਨਮ ਜਾਤ, ਬਰਾਦਰੀ ਕਰਕੇ ਨਹੀਂ ਸਗੋਂ ਉਸਦੇ ਕੰਮਾਂ ਕਰਕੇ ਚੰਗਾ ਜਾਂ ਬੁਰਾ, ਖਰਾ ਜਾਂ ਖੋਟਾ ਮਿੱਥਣਾ ਬਣਦਾ ਹੈ। ਅਖੌਤੀ ਉੱਚੀ ਜਾਤ ਬ੍ਰਾਹਮਣ ਆਪਣੇ ਆਪ ਨੂੰ ਰੱਬ ਦੇ ਨੇੜੇ ਦੱਸਦੇ ਸਨ। ਪਰ, ਗੁਰੂ ਰਵਿਦਾਸ ਜੀ ਨੇ ਇਸ ਨੂੰ ਬੇਹੂਦਾ ਦੱਸਦਿਆਂ ਰੱਦ ਕੀਤਾ ਤੇ ਸਾਰੇ ਮਨੁੱਖਾਂ ਦੇ ਬਰਾਬਰ ਹੋਣ ਦੀ ਗੱਲ ਵਾਰ ਵਾਰ ਦੁਹਰਾਈ, ਅਤੇ ਕਿਹਾ :-
ਏਕੇ ਮਾਟੀ ਕੇ ਸਭਿ ਭਾਂਡੇ, ਸਭਕਾ ਏਕੈ ਸਿਰਜਨਹਾਰਾ।
ਇਸ ਕਰਕੇ ਹੀ ਅਖੌਤੀ ਉੱਚ ਜਾਤੀਆਂ ਵਾਲੇ ਕਾਫੀ ਸਾਰੇ ਜੋ ਵੱਡੀਆਂ ਜਾਇਦਾਦਾਂ ਦੇ ਮਾਲਕ ਸਨ ਅਤੇ ਨਾਲ ਹੀ ਰਾਜ ਭਾਗ ‘ਤੇ ਵੀ ਕਾਬਜ਼ ਸਨ ਦੇ ਬੇਹੂਦਗੀ ਭਰੇ ਗੁੱਸੇ ਦਾ ਰਵਿਦਾਸ ਜੀ ਨੂੰ ਵਾਰ ਵਾਰ ਸ਼ਿਕਾਰ ਹੋਣਾ ਪਿਆ। ਕਈ ਵਾਰ ਕਰੜੀਆਂ ਪ੍ਰੀਖਿਆਵਾਂ ਵਿਚੋਂ ਗੁਜ਼ਰਨਾ ਪਿਆ ਪਰ ਉਨ੍ਹਾਂ ਨੇ ਕਦੇ ਵੀ ਹੌਸਲਾ ਨਾ ਹਾਰਿਆ ਤੇ ਸੱਚ ਦਾ ਪੱਲਾ ਨਾ ਛੱਡਿਆ। ਸਦਾ ਹੀ ਮੁਸੀਬਤਾਂ ਦਾ ਸਾਹਸ ਅਤੇ ਦਲੇਰੀ ਨਾਲ ਮੁਕਾਬਲਾ ਕੀਤਾ। ਹਰ ਵਾਰ ਹੀ ਹੋਰ ਜ਼ਿਆਦਾ ਲੋਕਾਂ ਦਾ ਵਿਸ਼ਵਾਸ ਜਿੱਤਦੇ ਰਹੇ। ਮਨੂੰ ਵਲੋਂ ”ਖੋਜੀ” ਵਰਣ ਵੰਡ (ਮਨੁੱਖਾਂ ਵਿਚਕਾਰ ਵਿਤਕਰੇ ਅਤੇ ਵਿੱਥਾਂ ਵਾਲੀ ਬਾਂਦਰ ਵੰਡ) ਦੇ ਆਸਰੇ ਜਾਤ-ਪਾਤ ਵਰਗਾ ਸਮਾਜੀ ਕੋਹੜ ਪੈਦਾ ਹੋਇਆ ਅਤੇ ਇਸਦੇ ਸਦਕਾ ਬ੍ਰਾਹਮਣਵਾਦ ਵਰਗੇ ਭੈੜ ਜਾਂ ਸਮਾਜੀ ਕੈਂਸਰ ਨੇ ਜਨਮ ਲਿਆ। ਜਿਸ ਬ੍ਰਾਹਮਣਵਾਦ ਨੇ ਝੂਠ ਦੀ ਗੁੰਡਾਗਰਦੀ ਭਰੀ ਦਹਿਸ਼ਤ ਦੇ ਸਹਾਰੇ ਆਮ ਲੋਕਾਂ ਨੂੰ ਗਧੀਗੇੜ ‘ਚ ਪਾ ਕੇ ਆਪਣੇ ਤੋਰੀ-ਫੁਲਕੇ ਨੂੰ ਮਹਿਫੂਜ਼ ਰੱਖਿਆ। ਪਰ, ਗੁਰੂ ਸਾਹਿਬ ਦੀ ਤਿੱਖੀ ਸੂਝ ਨੇ ਇਨ੍ਹਾਂ ‘ਗੁੱਝੇ ਭੇਦਾਂ’ ਦੀ ਰਮਜ਼ ਪਛਾਣੀ ਤੇ ਡਟਵਾਂ ਵਿਰੋਧ ਕੀਤਾ। ਇਸ ਸੱਚ ਦੇ ਸਦਕਾ ਹੀ ਕੁੱਝ ਸਮੇਂ ਬਾਅਦ ਗੁਰੂ ਰਵਿਦਾਸ ਜੀ ਨਾਲ ਲੋਕਾਂ ਦੀ ਵੱਧ ਗਿਣਤੀ ਜੁੜਨ ਲੱਗ ਪਈ। ਰਵਿਦਾਸ ਜੀ ਦੇ ਆਗਮਨ ਬਾਰੇ ਭਾਈ ਗੁਰਦਾਸ ਜੀ ਦਸਵੀਂ ਵਾਰ ਵਿਚ ਲਿਖਦੇ ਹਨ :-
ਭਗਤੁ ਭਗਤੁ ਜਗਿ ਵਜਿਆ ਚਹੁ ਚਕਾਂ ਦੇ ਵਿਚਿ ਚਮਿਰੇਟਾ ॥
ਪਾਹਣਾ ਗੰਢੇ ਰਾਹ ਵਿਚ ਕੁਲਾ ਧਰਮ ਢੋਇ ਢੇਰ ਸਮੇਟਾ ॥
ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ॥
ਚਹੁੰ ਵਰਨਾ ਉਪਦੇਸ ਦਾ ਗਿਆਨ ਧਿਆਨ ਕਰ ਭਗਤ ਸਹੇਟਾ ॥
ਭਾਈ ਕਾਹਨ ਸਿੰਘ ਰਵਿਦਾਸ ਜੀ ਬਾਰੇ ਆਪਣੇ ‘ਮਹਾਨ ਕੋਸ਼’ (ENCYCLOPEDIA OF SIKH LITRATURE) ਵਿਚ ਲਿਖਦੇ ਹਨ, ‘ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ। ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ। ਰਵਿਦਾਸ ਕਬੀਰ ਦਾ ਸਮਕਾਲੀ ਸੀ ਇਸ ਨੂੰ ਬਹੁਤ ਪੁਸਤਕਾਂ ਵਿਚ ਰੈਦਾਸ ਵੀ ਲਿਖਿਆ ਹੋਇਆ ਹੈ। ਰਵਿਦਾਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ’ ਕਬੀਰ ਜੀ ਆਪਣੇ ਸਮਕਾਲੀ ਰਵਿਦਾਸ ਜੀ ਬਾਰੇ ਇੰਜ ਲਿਖਦੇ ਹਨ :-
ਹਰਿ ਸੋ ਹੀਰਾ ਛਾਡਿ ਕੇ ਕਰਹਿ ਆਨ ਕੀ ਆਸ।
ਤੇ ਨਰ ਦੋਜਕ ਜਾਹਿਗੇ ਸਤਿ ਭਾਖੇ ਰਵਿਦਾਸ॥
ਕਬੀਰ ਜੀ ਨੇ ਆਪਣੀ ਬਾਣੀ ਵਿਚ ਇਹ ਵੀ ਫ਼ਰਮਾਇਆ ਹੈ :-
ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭੁ ਬੰਦੇ
ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ ।
ਏਸੇ ਨੂੰ ਹੀ ਰਵਿਦਾਸ ਜੀ ਦੀ ਬਾਣੀ ਵਿਚੋਂ ਦੇਖਦਿਆ ਹੇਠਾਂ ਲਿਖਿਆ ਵਿਚਾਰ ਲੱਭਦਾ ਹੈ :-
ਏਕੇ ਮਾਟੀ ਕੇ ਸਭਿ ਭਾਂਡੇ ਸਭਕਾ ਏਕੈ ਸਿਰਜਣਹਾਰਾ ।
ਉਸ ਵੇਲੇ ਦੀਆਂ ਅਖੌਤੀ ਉੱਚੀਆਂ ਜਾਤਾਂ ਨੇ ਆਪਣੇ ਆਪ ਨੂੰ ਸਮਾਜ ਦਾ ਪਵਿੱਤਰ ਤੇ ਸੁਪਰ ਅੰਗ ਆਖਣਾ ਸ਼ੁਰੂ ਕਰ ਦਿੱਤਾ। ਆਪਣੇ ਆਪ ਨੂੰ ਉੱਚਾ ਹੋਣ ਦਾ ਧੋਖੇ ਭਰਿਆ, ਝੂਠਾ ਬਹਾਨਾ ਲਾ ਕੇ ਸਮਾਜ ਦੇ ਕਮਜ਼ੋਰ ਵਰਗ ਭਾਵ ਗਰੀਬਾਂ (ਸ਼ੂਦਰਾਂ) ਨੂੰ ਗਿਆਨ ਦੇ ਸਰੋਤਾਂ ਅਤੇ ਗਿਆਨ ਦੇ ਭੰਡਾਰਾਂ ਤੋਂ ਸਦਾ ਹੀ ਦੂਰ ਰੱਖਿਆ। ਪੜ੍ਹਨਾ-ਲਿਖਣਾ ਜਾਂ ਮਹਾਂਪੁਰਸ਼ਾਂ ਦੀਆਂ ਪਵਿੱਤਰ ਲਿਖਤਾਂ ਸ਼ੂਦਰਾਂ ਲਈ ਵਰਜਿਤ ਕਰ ਦਿੱਤੀਆਂ ਗਈਆਂ। ਕੋਈ ਵੇਦਾਂ ਆਦਿ ਦਾ ਪਾਠ ਸੁਣਦਾ ਤਾਂ ਉਸਦੇ ਕੰਨਾਂ ਵਿਚ ਸਿੱਕਾ ਢਾਲਿਆ ਜਾਂਦਾ। ਉਨ੍ਹਾਂ ਨੂੰ ਸਮਾਜ ਦਾ ਗੰਦ ਆਖਿਆ ਜਾਣ ਲੱਗਾ। ਰਹਿਣ ਵਾਸਤੇ ਪਿੰਡਾਂ ਸ਼ਹਿਰਾਂ ਤੋਂ ਬਾਹਰ ਵੱਖਰੀਆਂ ਬਸਤੀਆਂ ਵਲ ਧੱਕੇ ਗਏ।
ਸਹੂਲਤਾਂ ਰਹਿਤ, ਨਫਰਤਾਂ ਭਰੇ ਜੀਵਨ ਨੇ ਇਸ ਵਰਗ ਅੰਦਰ ਸਦਾ ਲਈ ਹੀਣ ਭਾਵਨਾ ਪੈਦਾ ਕਰ ਦਿੱਤੀ। ਇਸੇ ਊਚ-ਨੀਚ ਦੇ ਵਿਤਕਰੇ ਭਰੇ ਅਮਲ ਨੇ ਮਨੁੱਖਾਂ ਅੰਦਰ ਪਾੜੇ ਤੇ ਅਤੇ ਛੋਟੇ ਵੱਡੇ ਵਾਲੀਆਂ ਵਿੱਥਾਂ ਪੈਦਾ ਕਰ ਦਿੱਤੀਆਂ, ਜੋ ਅਜੋਕੇ ਸਮਾਜ ਅੰਦਰ ਵੀ ਵੱਖੋ-ਵੱਖ ਰੂਪਾਂ ਵਿਚ ਵੇਖੇ ਜਾ ਸਕਦੇ ਹਨ। ਰਵਿਦਾਸ ਜੀ ਨਫਰਤ ਦੀ ਥਾਂ ਦੋਸਤੀ ਤੇ ਮੁਹੱਬਤ ਦਾ ਪ੍ਰਚਾਰ ਕਰਦੇ ਹੋਏ ਕਹਿੰਦੇ ਹਨ :-
ਮੁਸਲਮਾਨ ਸੋਂ ਦੋਸਤੀ, ਹਿੰਦੂ ਸੇ ਕਰ ਪ੍ਰੀਤ
ਰਵਿਦਾਸ ਜੋਤਿ ਸਭ ਰਾਮ ਕੀ, ਸਭ ਹੈ ਆਪਣੇ ਮੀਤ ……..
ਮੰਦਿਰ ਮਸਜਿਦ ਦੋ ਏਕ ਹੈਂ
ਇਨ ਮਹਿ ਅੰਤਰ ਨਾਹਿ ।
ਰਵਿਦਾਸ ਰਾਮ ਰਹਿਮਾਨ ਕਾ
ਝਗੜਾ ਕੋਊ ਨਾਹਿ ।
ਰਵਿਦਾਸ ਹਮਾਰੋ ਰਾਮ ਜੋਇ
ਸੋਈ ਹੈ ਰਹਿਮਾਨ ।
ਕਾਬਾ ਕਾਸੀ ਜਾਨੀਹਿ
ਦੋਉ ਏਕ ਸਮਾਨ ॥
ਜਾਤ-ਪਾਤ ਦੇ ਬ੍ਰਾਹਮਣੀ ਵਿਚਾਰਾਂ ਦਾ ਭਾਂਡਾ ਉਦੋਂ ਫੁੱਟਦਾ ਹੈ ਜਦੋਂ ਰਵਿਦਾਸ ਜੀ ਦੇ ਇਹ ਵਿਚਾਰ ਪੜ੍ਹਦੇ ਹਾਂ :-
ਰਵਿਦਾਸ ਜਨਮ ਕੇ ਕਾਰਨੈ, ਹੋਤ ਨਾ ਕੋਊ ਨੀਚ
ਨਰ ਕੂੰ ਨੀਚ ਕਰ ਡਾਰਿਹੌ, ਓਛੈ ਕਰਮ ਕੌ ਕੀਚ।
…….
ਊਂਚੇ ਕੁਲ ਕੇ ਕਾਰਨੇ, ਬ੍ਰਾਹਮਣ ਕੋਯ ਨ ਹੋਯ
ਜਉ ਜਾਨਹਿ ਬ੍ਰਹਮ ਆਤਮਾ, ਰਵਿਦਾਸ ਬ੍ਰਾਹਮਨ ਸੋਇ।
ਉਸ ਸਮੇਂ ਦੀ ਸਥਿਤੀ ਨੂੰ ਪੇਸ਼ ਕਰਦਿਆਂ ਪਾਖਰ ਸਿੰਘ ਨੇ ਆਪਣੀ ਪੁਸਤਕ ”ਮਨੁੱਖਤਾ ਦਾ ਚਾਨਣ ਮੁਨਾਰਾ- ਗੁਰੂ ਰਵਿਦਾਸ” ਵਿਚ ਲਿਖਿਆ ਹੈ ਕਿ ‘ਉਨ੍ਹਾਂ ਤੋਂ ਵਗਾਰ ਲਈ ਜਾਂਦੀ ਸੀ ਤੇ ਇਨਕਾਰ ਕਰਨ ਵਾਲਿਆਂ ਉੱਤੇ ਅਕਹਿ ਤੇ ਅਸਹਿ ਜੁਲਮ ਢਾਏ ਜਾਂਦੇ ਸਨ। ਸਮੁਚੇ ਹਾਲਤ ਦਾ ਸਰਵੇਖਣ ਕਰਨ ਤੋਂ ਬਾਅਦ ਗੁਰੂ ਰਵਿਦਾਸ ਜੀ ਨੇ ਜਾਤ ਅਭਿਮਾਨੀਆਂ ਨੂੰ ਵੰਗਾਰਿਆ ਅਤੇ ਪੀੜਤ ਲੋਕਾਂ ਲਈ ਜੀਵਨ ਭਰ ਸੰਘਰਸ਼ ਕਰਨ ਦਾ ਦ੍ਰਿੜ ਨਿਸਚਾ ਕੀਤਾ। ਵੱਖ ਵੱਖ ਧਰਮਾਂ, ਰੰਗਾਂ ਤੇ ਜਿਣਸਾਂ ਦੇ ਮਨੁੱਖਾਂ ਨੂੰ ਏਕਤਾ ਦੀ ਲੜੀ ਵਿਚ ਪਰੋ ਕੇ Fatherhood of God ‘ਇਕ ਰੱਬ ਸਭ ਦਾ ਪਿਤਾ’ ਅਤੇ Brotherhood of Man ‘ਸਾਰੇ ਮਨੁੱਖ ਭਰਾ ਭਰਾ ਹਨ’ ਦਾ ਸੰਦੇਸ਼ ਦਿੱਤਾ। ਗੁਰੂ ਰਵਿਦਾਸ ਦੇ ਸਮੇਂ ਅੱਤਿਆਚਾਰਾਂ ਦੀ ਹੱਦ ਹੋ ਗਈ ਸੀ ਜੇ ਕਮਜ਼ੋਰ ਜਾਂ ਗਰੀਬ ਆਦਮੀ ਤੋਂ ਕੋਈ ਗਲਤੀ ਹੋ ਜਾਂਦੀ ਤਾਂ ਉਸਨੂੰ ਵੱਧ ਤੋਂ ਵੱਧ ਅਣਮਨੁੱਖੀ ਸਜ਼ਾ ਦਿੱਤੀ ਜਾਂਦੀ। ਕਿਸੇ ਬ੍ਰਾਹਮਣ ਦੇ ਨੇੜਿਉਂ ਹੋ ਕੇ ਲੰਘਣਾ ਜਾਂ ਬ੍ਰਾਹਮਣ ਨੂੰ ਧਰਮ ਸਬੰਧੀ ਕੁੱਝ ਕਹਿਣਾ ਜਾਂ ਅਖੌਤੀ ਉੱਚੀ ਜਾਤ ਦੇ ਕਿਸੇ ਵੱਡੇ ਜਾਂ ਛੋਟੇ ਕੰਮ ਤੋਂ ਇਨਕਾਰ ਕਰਨਾ ਇਹ ਗਲਤੀਆਂ ਜਾਂ ਬਦਤਮੀਜ਼ੀਆਂ ਗਿਣੀਆਂ ਜਾਂਦੀਆਂ ਸਨ। ਪਰ ਅਖੌਤੀ ਜਾਤਾਂ ਨਾਲ ਸਬੰਧਤ ਭਾਵ ਬ੍ਰਾਹਮਣਾਂ ਨੂੰ ਵੱਡੇ ਤੋਂ ਵੱਡਾ ਗੁਨਾਹ, ਗਲਤੀ ਅਤੇ ਪਾਪ ਵੀ ਬਖਸ਼ ਦਿੱਤਾ ਜਾਂਦਾ ਸੀ। ਇਨ੍ਹਾਂ ਹੀ ਬੇਇਨਸਾਫੀਆਂ ਨੇ ਗੁਰੂ ਜੀ ਦੇ ਮਨ ਅੰਦਰ ਆਪਣੇ ਮਾਰਗ ਪ੍ਰਤੀ ਦ੍ਰਿੜਤਾ ਪੈਦਾ ਕੀਤੀ। ਉਨ੍ਹਾਂ ਸੰਘਰਸ਼ਮਈ ਜੀਵਨ ਤੋਂ ਭੱਜਣ ਦਾ ਜਤਨ ਨਾ ਕੀਤਾ ਸਗੋਂ ਘਰ-ਬਾਰ ਛੱਡਕੇ ਤੁਰੇ ਫਿਰਦੇ ਸਾਧਾਂ ਨੂੰ ਜੀਵਨ ਤੋਂ ਉਪਰਾਮ ਹੋ ਚੁੱਕੇ ਵਿਅਕਤੀ ਦੱਸਿਆ ਅਤੇ ਆਪ ਖੁਦ ਗ੍ਰਿਹਸਥ ਦਾ ਜੀਵਨ ਬਿਤਾਇਆ। ਆਪਣੇ ਜੀਵਨ ਤਜ਼ਰਬੇ ਨੂੰ ਫਿਲਾਸਫੀ ਵਿਚ ਬਦਲਿਆ ਅਤੇ ਜੀਵੇ ਜਾ ਰਹੇ ਵਿਦਰੋਹ ਨੂੰ ਆਪਣੇ ਲੋਕਾਂ ‘ਚ ਰਹਿ ਕੇ ਬਾਣੀ ਰੂਪੀ ਸ਼ਬਦਾਂ ਵਿਚ ਢਾਲਿਆ ਜਿਸ ਵਿਚ ਉਨ੍ਹਾਂ ਨੇ ਪ੍ਰਭੂ ਪ੍ਰੇਮ ਦੇ ਨਾਲ ਹੀ ਸਮਾਜਿਕ ਅਤੇ ਰਾਜਨੀਤਕ ਵਿਤਕਰਿਆਂ ਦੇ ਖਿਲਾਫ ਘੋਲ ਦਾ ਸੱਦਾ ਦਿੱਤਾ, ਜੋ ਤਕੜੇ ਵਲੋਂ ਮਾੜੇ ‘ਤੇ ਕੀਤੇ ਜਾ ਰਹੇ ਜਬਰ, ਅਨਿਆਂ ਦੇ ਖਿਲਾਫ ਵਿਦਰੋਹ ਸੀ ਅਤੇ ਆਪ ਇਸ ਦੀ ਅਗਵਾਈ ਕੀਤੀ।
(ਬਾਕੀ ਅਗਲੇ ਹਫਤੇ)
Check Also
ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼
ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …