Breaking News
Home / ਨਜ਼ਰੀਆ / ਕਰਤਾਰਪੁਰ ਲਾਂਘਾ, ਗੁਰੂ ਨਾਨਕ ਲੇਵਾ ਅਤੇ ਸਰਕਾਰਾਂ

ਕਰਤਾਰਪੁਰ ਲਾਂਘਾ, ਗੁਰੂ ਨਾਨਕ ਲੇਵਾ ਅਤੇ ਸਰਕਾਰਾਂ

ਗੁਰਮੀਤ ਸਿੰਘ ਪਲਾਹੀ
ਇਸ ਮਾਮਲੇ ‘ਚ ਹੁਣ ਕੋਈ ਦੋ ਰਾਵਾਂ ਨਹੀਂ ਰਹਿ ਗਈਆਂ ਕਿ ਕਰਤਾਰਪੁਰ ਲਾਂਘਾ ਬਨਣ ਦੇ ਐਲਾਨ ਤੋਂ ਲੈ ਕੇ ਹੁਣ ਇਸ ਦੇ ਬਨਣ ਦੇ ਨੇੜੇ ਪੁੱਜਣ ਤੱਕ ਵੀ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਆਪੋ-ਆਪਣੇ ਦਾਅ ਖੇਡ ਰਹੀਆਂ ਹਨ ਅਤੇ ਸਿਆਸੀ ਧਿਰਾਂ ਇਸਦਾ ਸਿਹਰਾ ਆਪਣੇ ਸਿਰ ਬੰਨ ਕੇ ਦੁਨੀਆ ਨੂੰ ਇਹ ਦਰਸਾਉਣ ਦੇ ਰਾਹ ਤੁਰੀਆਂ ਹੋਈਆਂ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦੇ ਅਸਲ ਪੈਰੋਕਾਰ ਉਹ ਹਨ, ‘ਬਾਬੇ ਨਾਨਕ’ ਦੀ ਰੱਬੀ ਬਾਣੀ ਦੇ ਉਹ ਹੀ ਭਗਤ ਹਨ। ਪਰ ਜਿਸ ਕਿਸਮ ਦੀਆਂ ਖੇਡਾਂ, ਸਰਕਾਰਾਂ ਖੇਡ ਰਹੀਆਂ ਹਨ ਕਿ ਉਹ ਬਾਬਾ ਨਾਨਕ, ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਸਿਧਾਂਤ ਦੇ ਨੇੜੇ-ਤੇੜੇ ਵੀ ਹਨ?
ਭਾਰਤ-ਪਾਕਿਸਤਾਨ ਸਰਕਾਰਾਂ ਹੀ ਨਹੀਂ, ਪੰਜਾਬ ਦੀ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਗੱਲ ਲਈ ਸਿਰ ਤੋੜ ਯਤਨ ਕਰ ਰਹੀ ਹੈ ਕਿ ਉਹਨਾਂ ਗੁਰੂ ਨਾਨਕ ਦੇਵ ਜੀ ਦੇ ਸਮਾਗਮ ਆਪਣੀ ਛੱਤਰ ਛਾਇਆ ਵਿਚ ਮਨਾਉਣੇ ਹਨ ਅਤੇ ‘ਢਾਈ ਪਾ ਖਿਚੜੀ’ ਇੱਕਲਿਆਂ-ਇੱਕਲਿਆਂ ਹੀ ਰਿੰਨਣੀ ਹੈ। ਦੁਨੀਆ ਭਰ ਵਿਚ ਹੀ ਨਹੀਂ, ਦੇਸ਼ ਦੇ ਕੋਨੇ-ਕੋਨੇ ਵਿਚ ਵੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਸਬੰਧੀ ਪ੍ਰਚਾਰ-ਪ੍ਰਸਾਰ ਲਈ ਕਾਰਜ ਆਰੰਭੇ ਗਏ ਹਨ, ਪਰ ਪੰਜਾਬ ਦੀ ਸਰਕਾਰ ਆਪਣੇ ਤੌਰ ‘ਤੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਆਪਣੇ ਤੌਰ ‘ਤੇ ਸੁਲਤਾਨਪੁਰ ਲੋਧੀ ਵਿਖੇ ਪ੍ਰਕਾਸ਼ ਉਤਸਵ ਮਨਾਉਣ ਲਈ ਪ੍ਰੋਗਰਾਮ ਉਲੀਕ ਰਹੀ ਹੈ, ਹਾਲਾਂਕਿ ਇਸ ਸਬੰਧੀ ਆਪਸੀ ਰਾਏ ਨਾਲ ਸਾਂਝੇ ਪ੍ਰੋਗਰਾਮ ਕਰਨ-ਕਰਾਉਣ ਦਾ ਫ਼ੈਸਲਾ ਲਿਆ ਗਿਆ ਸੀ। ਪਰ ਜਾਪਦਾ ਇੰਜ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ‘ਆਕਾ’ ਆਪਣੀ ਹੈਂਕੜ ਛੱਡਣ ਲਈ ਤਿਆਰ ਨਹੀਂ ਹਨ ਅਤੇ ਪੰਜਾਬ ਸਰਕਾਰ ਵੀ ਇਸ ਹੱਥ ਆਏ ਮੌਕੇ ਨੂੰ ਹੱਥੋਂ ਗੁਆਉਣ ਲਈ ਰਾਜੀ ਨਹੀਂ ਹੈ, ਜਿਸ ਵਿੱਚ ਪੰਜਾਬ ਸਰਕਾਰ ਤੇ ਕਾਂਗਰਸ ਨੂੰ ਵਿਸ਼ਵ ਸਾਹਮਣੇ ਆਪਣੇ-ਆਪ ਨੂੰ ਦਿਖਾਉਣ ਦਾ ਚੰਗਾ ਮੌਕਾ ਮਿਲੇਗਾ।
ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਅੱਜ ਸੰਚਾਰ ਦਾ ਯੁੱਗ ਹੈ। ਅੱਜ ਸੋਸ਼ਲ ਮੀਡੀਆ ਅਤੇ ਸੰਚਾਰ ਸਾਧਨਾਂ ਨੇ ਦੁਨੀਆ ਭਰ ਨੂੰ ਆਪਣੇ ਲਪੇਟੇ ਵਿਚ ਲਿਆ ਹੋਇਆ ਹੈ। ਕਰਤਾਰਪੁਰ ਲਾਂਘੇ ਦੀ ਗੱਲ ਚੱਲਣ ਤੋਂ ਪਹਿਲਾਂ ਬਹੁਤ ਘੱਟ ਲੋਕ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਬਾਰੇ ਜਾਣਦੇ ਸਨ, ਹਾਲਾਂਕਿ ਉਹ ਪਹਿਲਾਂ ਵੀ ਪਾਕਿਸਤਾਨ ਵਿੱਚ ਸੀ। ਸ਼ਰਧਾਲੂਆਂ ਨੂੰ ਛੱਡਕੇ ਘੱਟ ਲੋਕ ਬਾਬੇ ਨਾਨਕ ਦੇ ਉਸ ਕਰਤਾਰਪੁਰ ਬਾਰੇ ਜਾਣਦੇ ਸਨ, ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਵਰੇ ਬਿਤਾਏ। ਹੱਥੀਂ ਕਿਰਤ ਕੀਤੀ। ਹੱਲ ਜੋਤਿਆ। ਬੰਦਗੀ ਕੀਤੀ। ਆਪਣੀਆਂ ਜਗਤ ਫੇਰੀਆਂ ਉਪਰੰਤ ਕਰਤਾਰਪੁਰ ਬੈਠ ਕੇ ਸੰਗਤਾਂ ਨੂੰ ਬਾਣੀ ਦਾ ਅਸਲ ਅਰਥ ਸਮਝਾਉਂਦਿਆਂ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ ਦਾ ਸੰਦੇਸ਼ ਸੁਣਾਇਆ। ਪਰ ਅੱਜ ਇਹੋ ਕਰਤਾਰਪੁਰ ਪਾਕਿਸਤਾਨ ਵਿੱਚ ਬੱਚੇ-ਬੱਚੇ ਦੀ ਜੁਬਾਨ ‘ਤੇ ਹੈ ਅਤੇ ਇਥੋਂ ਦੇ ਆਮ ਲੋਕ ‘ਨਵੰਬਰ’ ਦੀ ਉਡੀਕ ਕਰ ਰਹੇ ਹਨ ਜਦੋਂ ਸਿੱਖ ਯਾਤਰੀ ਦੂਰੋਂ-ਦੂਰੋਂ ਇਥੇ ਪੁੱਜਣਗੇ। ਹਾਲਾਂਕਿ ਉਹਨਾ ਦੀ ਪਹੁੰਚ ਬਾਰੇ ਕੋਈ ਨਾ ਕੋਈ ਅੜਿੱਕਾ ਸਰਕਾਰਾਂ ਸ਼ਰਤਾਂ ਲਗਾਕੇ, ਸਰਵਿਸ ਚਾਰਜ ਲਗਾਕੇ ਜਾਂ ਕਿਸੇ ਹੋਰ ਢੰਗ ਨਾਲ ਔਖਾ ਕਰਕੇ ਗੁਰੂ ਨਾਨਕ ਲੇਵਾ ਲੋਕਾਂ ਦੇ ਹਿਰਦੇ ‘ਪੱਛ’ ਰਹੀਆਂ ਹਨ।
ਪਰ ਕੁਝ ਗੱਲਾਂ ਪਾਕਿਸਤਾਨ ਸਰਕਾਰ ਵਲੋਂ ਅਤੇ ਕੁਝ ਭਾਰਤ ਸਰਕਾਰ ਵਲੋਂ ਚੰਗੀਆਂ ਵੀ ਕੀਤੀਆਂ ਜਾ ਰਹੀਆਂ ਹਨ , ਬਾਵਜੂਦ ਇਸ ਗੱਲ ਦੇ ਕਿ ਜੰਮੂ-ਕਸ਼ਮੀਰ ਵਿਚ ਧਾਰਾ 370 ਦੇ ਖ਼ਾਤਮੇ ਦੇ ਬਾਅਦ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਖੜੋਤ ਆ ਗਈ ਹੈ। ਵਪਾਰਕ ਰਿਸ਼ਤੇ ਤਹਿਸ਼-ਨਹਿਸ਼ ਹੋ ਗਏ ਹਨ, ਵਿਸ਼ਵ ਪੱਧਰ ‘ਤੇ ਇੱਕ-ਦੂਜੇ ਦਾ ਭਰਵਾਂ ਵਿਰੋਧ ਕੀਤਾ ਜਾ ਰਿਹਾ ਹੈ, ਇੱਕ-ਦੂਜੇ ਨੂੰ ਭੰਡਿਆ ਜਾ ਰਿਹਾ ਹੈ। ਜੰਗ ਦੀਆਂ, ਅੱਤਵਾਦ ਗਤੀਵਿਧੀਆਂ ਦੀਆਂ, ਪ੍ਰਮਾਣੂ ਹਮਲੇ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਦੋਨੋਂ ਦੇਸ਼ ਕਰਤਾਰਪੁਰ ਲਾਂਘੇ ਦੇ ਸੌਦੇ ਨੂੰ ਆਖ਼ਰੀ ਛੋਹਾਂ ਦੇ ਰਹੇ ਹਨ। ਇਸ ਪਿੱਛੇ ਕਿਹੜੀ ਸਿਆਸਤ ਛੁੱਪੀ ਹੈ, ਇਹ ਤਾਂ ਬਾਅਦ ਵਿਚ ਪਤਾ ਲਗੇਗਾ?
ਪਾਕਸਿਤਾਨ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿੱਚ ਇੱਕ ਪ੍ਰਦਰਸ਼ਨੀ ਲਾਹੌਰ ਸੰਗ੍ਰਿਹਾਲੇ ਵਿਖੇ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਲੋਕ ਪੁੱਜ ਰਹੇ ਹਨ। ਇਸ ਪ੍ਰਦਰਸ਼ਨੀ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਪਾਲਕੀ ਹੈ, ਜਿਸ ਨੂੰ ਸਿੱਖ ਸੰਗਤ ਨੇ ”ਲਾਹੌਰ ਸੰਗ੍ਰਿਹਾਲੇ” ਨੂੰ ਦਾਨ ਦਿੱਤਾ ਹੈ। ਪ੍ਰਦਰਸ਼ਨੀ ਵਿੱਚ ਸਿੱਖ ਧਰਮ ਦੀ ਮਹਾਨਤਾ ਵਾਲੇ ਫੋਟੋ-ਚਿੱਤਰ, ਸਿੱਕੇ, ਸ਼ਾਲ, ਫਰਨੀਚਰ, ਹਥਿਆਰ ਅਤੇ ਬਸਤਰ ਵੀ ਰੱਖੇ ਗਏ ਹਨ।
ਕਰਤਾਰਪੁਰ ਲਾਂਘੇ ਦੇ ਸਬੰਧ ਵਿੱਚ ਬਹੁਤ ਸਾਰਾ ਕੁਝ ਤਹਿ ਕੀਤਾ ਜਾ ਚੁੱਕਾ ਹੈ। ਪਾਕਿਸਤਾਨ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਉਤਸਵਾਂ ਦੇ ਸਮਾਗਮਾਂ ਸਬੰਧੀ ਬਿਨਾਂ ਵੀਜ਼ਾ ਇੰਟਰੀ ਦੇਣ ਲਈ ਰਾਜੀ ਹੋ ਚੁੱਕੀ ਹੈ, ਪਰ ਪ੍ਰਤੀ ਸ਼ਰਧਾਲੂ ਸਰਵਿਸ ਫ਼ੀਸ ਵਜੋਂ 20 ਡਾਲਰ ਦੀ ਰਕਮ ਤਹਿ ਕਰਨਾ ਚਾਹੁੰਦੀ ਹੈ, ਜਿਸ ਨੂੰ ਭਾਰਤ ਸਰਕਾਰ ਵਲੋਂ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਹੈ। ਉਸਦਾ ਕਹਿਣਾ ਹੈ ਕਿ ਇਸ ਰਕਮ ਨੂੰ ਪਹੁੰਚਣ ਵਾਲੀ ਸੰਗਤ ਦੀ ਸੇਵਾ ਸਮੇਤ ਲੰਗਰ, ਪਾਣੀ ਆਦਿ ਲਈ ਖ਼ਰਚੀ ਜਾਏਗੀ। ਵੈਸੇ ਜਿਸ ਢੰਗ ਨਾਲ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਤਨਾਅ ਬਣਿਆ ਹੋਇਆ ਹੈ, ਕਰਤਾਰਪੁਰ ਲਾਂਘੇ ਸਮੇਂ ਆਉਣ ਵਾਲੀ ਗੁਰੂ ਨਾਨਕ ਲੇਵਾ ਸੰਗਤ ਬਿਨਾਂ ਵੀਜ਼ੇ ਤੋਂ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ-ਦੀਦਾਰੇ ਕਰ ਸਕੇਗੀ, ਇਹ ਵੀ ਆਪਣੇ ਆਪ ਵਿੱਚ ਇਕ ਸੁੱਖਦ ਘਟਨਾ ਤਾਂ ਹੈ, ਪਰ ਦੁਨੀਆਂ ਦੇ ਪੰਜਵੇਂ ਸਭ ਤੋਂ ਸੰਗਠਿਤ ਧਰਮ, ”ਸਿੱਖ ਧਰਮ” ਦੇ ਲੋਕਾਂ ਦੀ ਹਮਦਰਦੀ ਹਾਸਲ ਕਰਨ ਦੀ ਵੱਡੀ ਸਿਆਸਤ ਵੀ ਇਸ ਵਿੱਚ ਛੁੱਪੀ ਹੋਈ ਹੈ। ਭਾਵੇਂ ਕਿ ਪਾਕਸਿਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਹਿੰਦੇ ਹਨ ਕਿ ਮੈਂ ਜਾਣਦਾ ਹਾਂ ਕਿ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਸਿੱਖਾਂ ਦੇ ਲਈ ਉਤਨਾ ਹੀ ਪਵਿੱਤਰ ਹੈ, ਜਿੰਨਾ ਕਿ ਮੁਸਲਮਾਨਾਂ ਲਈ ਮੱਕਾ ਅਤੇ ਮਦੀਨਾ। ਉਹਨਾਂ ਵਾਅਦਾ ਵੀ ਕੀਤਾ ਕਿ ਜਿਥੇ ਤੱਕ ਸੰਭਵ ਹੋ ਸਕੇਗਾ, ਮੈਂ ਇਹਨਾਂ ਪਵਿੱਤਰ ਥਾਵਾਂ ਤੱਕ ਸਿੱਖਾਂ ਦੀ ਪਹੁੰਚ ਸੌਖੀ ਬਣਾਵਾਂਗਾ। ਪਰ ਪਾਕਿਸਤਾਨ ਵਿੱਚ ਹੀ ਨਹੀਂ, ਭਾਰਤ ਵਿੱਚ ਵੀ ਘੱਟ ਗਿਣਤੀਆਂ ਜਿਹਨਾਂ ਵਿੱਚ ਸਿੱਖ ਵੀ ਸ਼ਾਮਲ ਹੈ, ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ। ’84 ਵਿਚ ਦਿੱਲੀ ਅਤੇ ਦੇਸ਼ ਦੇ ਹੋਰ ਥਾਵਾਂ ਉਤੇ ਵਾਪਰੀਆਂ ਘਟਨਾਵਾਂ ਅਤੇ ਸਮੇਂ-ਸਮੇਂ ਦੇਸ਼ ਦੇ ਵੱਖੋ-ਵੱਖਰੇ ਭਾਗਾਂ ਵਿਚ ਹੁੰਦੇ ਇਹਨਾਂ ‘ਤੇ ਹਮਲੇ ਕੀ ਇਸ ਤੱਥ ਦੀ ਪੁਸ਼ਟੀ ਨਹੀਂ ਕਰਦੇ? ਸਮੇਂ-ਸਮੇਂ ‘ਤੇ ਵੋਟਾਂ ਦੀ ਸਿਆਸਤ ਕਰਦਿਆਂ ਕਦੇ ਭਾਰਤ ਦੀ ਸਰਕਾਰ ਸਿੱਖਾਂ ਦੀ ਕਾਲੀ ਸੂਚੀ ਵਿੱਚੋਂ ਸਿੱਖਾਂ ਦੇ ਨਾਮ ਖ਼ਤਮ ਕਰ ਦਿੰਦੀ ਹੈ ਅਤੇ ਕਦੇ ਪਾਕਿਸਤਾਨ ਦੀ ਸਰਕਾਰ ਆਪਣੀ ਦਿੱਖ ਵਿਸ਼ਵ ਪੱਧਰ ਤੇ ਸਾਫ਼-ਸੁਥਰੀ ਕਰਨ ਲਈ ਘੱਟ ਗਿਣਤੀ ਲੋਕਾਂ ਪ੍ਰਤੀ ਉਥੋਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਈ ਨਾ ਕੋਈ ਕਦਮ ਪੁੱਟਦੀ ਹੈ। ਹਾਲਾਂਕਿ ਸਿੱਖ ਲੜਕੀਆਂ ਦੇ ਧਰਮ ਬਦਲਣ ਉਪਰੰਤ ਮੁਸਲਮਾਨ ਲੜਕਿਆਂ ਨਾਲ ਜਬਰਦਸਤੀ ਵਿਆਹ ਉਥੋਂ ਦੇ ਸਿੱਖਾਂ ਦੀ ਦਸ਼ਾ ਦੀ ਸਹੀ ਤਸਵੀਰ ਪੇਸ਼ ਕਰਦੇ ਹਨ।
ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਅਮਲ ਵਿਚ ਕੁਝ ਹੋਰ, ਪਰ ਅਸਲ ਵਿੱਚ ਕੁਝ ਹੋਰ ਕਰਦੀਆਂ ਦਿਸਦੀਆਂ ਹਨ। ਭਾਰਤ ਵਿਚਾਲੇ ਸਥਾਨਕ ਸਿਆਸਤਦਾਨਾਂ ਦਾ ਹਾਲ ਵੀ ਇਹਨਾਂ ਤੋਂ ਵੱਖਰਾ ਨਹੀਂ। ਪਿਛਲੇ ਸਮੇਂ ਤੋਂ ਵੋਟਾਂ ਦੀ ਸਿਆਸਤ ਭਾਰਤ ਦੇ ਸਿਆਸਤਦਾਨਾਂ ਤੇ ਸਦਾ ਭਾਰੂ ਨਜ਼ਰ ਆ ਰਹੀ ਹੈ। ਹੋਰ ਮਸਲਿਆਂ, ਮਾਮਲਿਆਂ ਉਤੇ ਤਾਂ ਸਿਆਸਤਦਾਨਾਂ ਸਿਆਸਤ ਕਰਨੀ ਹੀ ਹੈ, ਉਹ ਤਾਂ ‘ਬਾਬੇ ਨਾਨਕ’ ਦੇ ਸਿਧਾਂਤ ਦੇ ਪ੍ਰਚਾਰ, ਪ੍ਰਸਾਰ ਲਈ ਵੀ ਸਿਆਸਤ ਕਰਨ ‘ਤੇ ਲੱਗੇ ਹੋਏ ਹਨ। ਆਪੋ-ਆਪਣੀ ਧਿਰ ਦੇ ”ਵਿਦਵਾਨਾਂ” ਨੂੰ ਲੱਭ ਰਹੇ ਹਨ, ਆਪੋ-ਆਪਣੀ ਧਿਰ ਦੇ ਚਿੰਤਕਾਂ ਤੋਂ ਆਪਣੇ ਲਈ ਬਿਆਨ-ਵਿਖਿਆਨ ਤਿਆਰ ਕਰਵਾ ਰਹੇ ਹਨ। ਸਰਕਾਰੀ/ਗੈਰ-ਸਰਕਾਰੀ, ਪੰਥਕ ਧਿਰਾਂ ਦੇ ਨਾਮ ਉਤੇ ਵੰਡੇ ਇਹ ਕਥਿਤ ਵਿਦਵਾਨ, ਸੂਝਵਾਨ, ਸਿਆਸਤਦਾਨਾਂ ਦੀ ਬੋਲੀ ਬੋਲਦੇ, ਸੱਚ ਬੋਲਣ ਦਾ ਹੀਆ ਹੀ ਨਹੀਂ ਕਰ ਰਹੇ। ਬਾਬੇ ਨਾਨਕ ਦੀ ਬਾਣੀ ”ਸਚੁ ਸੁਣਇਸੀ ਸਚੁ ਕੀ ਬੇਲਾ” ਦੇ ਅਰਥ ਤਾਂ ਭੁੱਲ ਹੀ ਗਏ ਹਨ ਉਹ! ”ਕੂੜ ਫਿਰੇ ਪ੍ਰਧਾਨ ਵੇ ਲਾਲੋ” ਕਹਿਣਾ ਤਾਂ ਉਹਨਾਂ ਦੀ ਜੁਬਾਨ ‘ਤੇ ਆ ਹੀ ਨਹੀਂ ਰਿਹਾ। ਜਾਪਦਾ ਹੈ ਬਾਬੇ ਨਾਨਕ ਦਾ ਪੰਜਾਬ ਜ਼ਿਹਨੀ ਤੌਰ ‘ਤੇ ਕੰਗਾਲ ਤੇ ਗੁਲਾਮ ਹੀ ਹੋ ਗਿਆ ਹੈ। ਕਥਿਤ ਪੰਥਕ ਆਗੂ ਪੰਥ ਵੇਚਕੇ ਕੁਰਸੀਆਂ ਸਾਂਭਣ ਦੇ ਆਹਰ ਵਿੱਚ ਹਨ। ‘ਸਰਕਾਰੀਏ’ ਆਪਣੀ ਚੌਧਰ ਚਮਕਾਉਣ ਦੇ ਰਾਹ ਹਨ। ਇਸ ਸਮੇਂ ਇਹੋ ਜਿਹੀ ਸਥਿਤੀ ਵਿਚ ਕੌਣ ਬੋਲੇ, ਤਕੱੜੀ ‘ਚ ਸੱਚ-ਝੂਠ ਕੌਣ ਤੋਲੇ?
ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਸ਼ਤਾਬਦੀ ਮਨਾਈ ਜਾਏਗੀ। ਮਨਾਈ ਜਾਣੀ ਵੀ ਚਾਹੀਦੀ ਆ। ਬਾਬੇ ਨਾਨਕ ਦੇ ਸੱਚੇ ਬੋਲ ਪੰਜਾਬ ਵਿਚ ਹੀ ਨਹੀਂ, ਦੁਨੀਆਂ ਭਰ ‘ਚ ਸੁਣੇ ਜਾਣੇ ਚਾਹੀਦੇ ਹਨ। ਪਰ ਵੱਡੇ ਸਮਾਗਮ ਰਚਕੇ, ਵੱਡੀਆਂ ਤਰਕੀਬਾਂ ਦਾ ਜੁਗਾੜ ਕਰਕੇ, ਕੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਵਿੱਚੋਂ ਕੁਝ ਸਰਕਾਰੀਏ, ਦਰਬਾਰੀਏ, ਪੰਥਕ ਧਿਰਾਂ ਆਪਣੇ ਪੱਲੇ ਕੁਝ ਬੰਨਣਗੀਆਂ? ਦੂਜੇ ਪਾਸੇ ਪੰਜਾਬ ਦੇ ਲੋਕ ਇਹਨਾਂ ਸਮਾਗਮਾਂ ਤੋਂ ਕੁਝ ਸਿੱਖਣਗੇ? ਜਾਂ ਸਿਰਫ਼ ਸ਼ਰਧਾਵਾਨ ਹੋਕੇ ਨਤਮਸਤਕ ਹੁੰਦੇ ਬਾਬੇ ਨਾਨਕ ਤੋਂ ਬੱਸ ‘ਪਰਿਵਾਰਾਂ ਲਈ ਦਾਨ ਹੀ ਮੰਗਣਗੇ’।
ਬਾਬਾ ਨਾਨਕ ਤਾਂ ਪੰਜਾਬ ਦੇ ਕਣ-ਕਣ ਵਿਚ ਵਸਿਆ ਹੋਇਆ ਹੈ। ਖੇਤਾਂ ਦੀ ਮਿੱਟੀ ਨੂੰ ਹੱਥ ਲਾਉ, ਬਾਬੇ ਨਾਨਕ ਦੀ ਕਿਰਤੀ ਅਵਾਜ਼ ਸੁਣਾਈ ਦੇਵੇਗੀ। ਪੰਜਾਬ ਦਾ ਕਿਸਾਨ ਕਿਰਤ ਕਰਦਿਆਂ ‘ਘਾਲਿ ਖਾਇ ਕਿਛੁ ਹਥਹੁ ਦੇਇ’ ਦਾ ਅਲਾਪ ਕਰਦਾ ਹੈ, ਪਰ ਕਰਜ਼ੇ ਵਿਚ ਗ੍ਰਸਿਆ, ਕਈ ਵੇਰ ਇੰਨਾ ਦੁੱਖੀ ਹੋ ਤੁਰਦਾ ਹੈ ਕਿ ਬਾਬੇ ਨਾਨਕ ਦੇ ਸਿਧਾਂਤ ਨੂੰ ਹੀ ਭੁੱਲ ਬੈਠਦਾ ਹੈ ਮਜ਼ਬੂਰੀ ਵਿੱਚ ਗ੍ਰਹਿਸਥੀ ਜੀਵਨ ਤਿਆਗਣ ਦੇ ਰਾਹ ਪੈ ਕੇ।
ਨਹੀਂ ਤਾਂ ਪੰਜਾਬ ‘ਕੁੜੀਮਾਰ’ ਕਿਉਂ ਅਖਵਾਏ? ਨਹੀਂ ਤਾਂ ਪੰਜਾਬ ਨਸ਼ਈ ਕਿਉਂ ਅਖਵਾਏ? ਨਹੀਂ ਤਾਂ ਪਾਣੀ ਦੀਆਂ ਥੁੜਾਂ ਵਾਲਾ ਪੰਜਾਬ ਕਿਉਂ ਅਖਵਾਏ? ਪੰਜਾਬ ਦਾ ਗੁਰੂ ਨਾਨਕ ਲੇਵਾ ਸ਼ਰਧਾਵਾਨ ਸਿੱਖੀ ਸਿਧਾਤ ਭੁੱਲਕੇ ਪੁਠੇ ਕੰਮੀਂ ਕਿਉਂ ਲੱਗੇ?
ਹਰੇਕ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ ਫ਼ਲਸਫ਼ੇ ਨੂੰ ਮੰਨਣ ਵਾਲੇ ਲੋਕਾਂ ਦੀ ਇਹ ਮਨ ਦੀ ਇੱਛਾ ਹੋਏਗੀ ਕਿ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਜਗਤ ਭਰ ਵਿਚ ਪਹੁੰਚਾਈ ਜਾਵੇ। ਉਹਨਾਂ ਦੇ ਸਿਧਾਂਤ ਨੂੰ ਦੂਰ-ਦੁਰੇਡੇ ਪਹੁੰਚਾਉਣ ਲਈ ਬਾਬੇ ਨਾਨਕ ਦੀ ਬਾਣੀ ਦਾ ਬਾਕੀ ਬੋਲੀਆਂ ਵਿਚ ਉਲਥਾ ਕਰਕੇ ਜਗਤ ਦੇ ਬਾਕੀ ਲੋਕਾਂ ਤੱਕ ਪਹੁੰਚਾਇਆ ਜਾਵੇ। ਬਾਬਾ ਨਾਨਕ ਜੀ ਸਾਰੀ ਜ਼ਿੰਦਗੀ ਇੱਕ ਸਧਾਰਨ ਕਿਰਤੀ ਵਜੋਂ ਜ਼ਿੰਦਗੀ ਵਸਰ ਕਰਦੇ ਰਹੇ ਤੇ ਕਿਰਤ ਕਰਨ, ਵੰਡਕੇ ਛੱਕਣ ਦੀ ਧਾਰਨਾ ਨੂੰ ਚਹੁੰ ਕੂਟਾਂ ਤੱਕ ਪਹੁੰਚਾਉਣ ਲਈ ਆਪਣੀਆਂ ਜਗਤ ਫੇਰੀਆਂ ਦੌਰਾਨ ਹੋਰ ਧਰਮਾਂ ਦੇ ਲੋਕਾਂ ਨਾਲ ਸੰਵਾਦ ਰਚਾਉਂਦੇ ਰਹੇ। ਅੱਜ ਜਦੋਂ ਕਿ ਸੰਵਾਦ ਸਾਡੀ ਜ਼ਿੰਦਗੀ ਅਤੇ ਸਮਾਜ ਵਿੱਚੋਂ ਲਗਾਤਾਰ ਮਨਫ਼ੀ ਹੋ ਰਿਹਾ ਹੈ, ਉਸ ਨੂੰ ਮੁੜ ਜੀਉਂਦਿਆਂ ਕਰਨ ਦੀ ਕੀ ਲੋੜ ਨਹੀਂ? ਕੀ ਹਿੰਦ-ਪਾਕਿ ਸਰਕਾਰਾਂ ਸੰਵਾਦ ਰਾਹੀਂ ਆਪਸੀ ਮਸਲਿਆਂ ਦਾ ”ਸਾਂਝੀਵਾਲਤਾ, ਪਿਆਰ” ਦੇ ਗੁਰੂ ਸਾਹਿਬ ਦੇ ਸੰਦੇਸ਼ ਅਨੁਸਾਰ ਹੱਲ ਨਹੀਂ ਕਰ ਸਕਦੀਆਂ ਤਾਂ ਕਿ ਮੁੜ ਸੰਤਾਲੀ ਨਾ ਵਾਪਰੇ, ਮੁੜ 1971 ਦੀ ਜੰਗ ਨਾ ਹੋਵੇ, ਤਾਂ ਕਿ ਪ੍ਰਮਾਣੂ ਬੰਬਾਂ ਦੇ ਭਿਅੰਕਰ ਬੋਲ ਹਵਾ ਵਿਚ ਨਾ ਗੂੰਜਣ!
ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਮੂੰਹੋਂ ਬੋਲੇ ਬੋਲ ਪੁਗਾਉਣ ਲਈ ਇਸ ਸਾਲ ਨਵੰਬਰ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮਨਾਉਣ ਅਤੇ ਕਰਤਾਰਪੁਰ ਲਾਂਘੇ ਰਾਹੀਂ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਦੀ ਚਰਨ ਛੋਹ ਪ੍ਰਾਪਤ ਅਤੇ ਉਹਨਾਂ ਦੇ ਹੱਥਾਂ ਨਾਲ ਕਿਰਤ ਕਰਨ ਵਾਲੀ ਜ਼ਮੀਨ ‘ਤੇ ਉਸਾਰੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਵਾਉਣ ਉਪਰੰਤ, ਕੀ ਕਰਤਾਰਪੁਰ ਲਾਂਘਾ ਮੁੜ ਦੋਹਾਂ ਸਰਕਾਰਾਂ ਦੀ ਸਿਆਸਤ ਦੀ ਭੇਂਟ ਤਾਂ ਨਹੀਂ ਚੜ ਜਾਏਗਾ?

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …