Breaking News
Home / ਹਫ਼ਤਾਵਾਰੀ ਫੇਰੀ / ਸਭ ਤੋਂ ਵੱਡਾ ਸਵਾਲ : ਇਬ ਕੌਨ ਆਵੇਗਾ ਝੁਲਸੇ ਹਰਿਆਣੇ ਮੇਂ

ਸਭ ਤੋਂ ਵੱਡਾ ਸਵਾਲ : ਇਬ ਕੌਨ ਆਵੇਗਾ ਝੁਲਸੇ ਹਰਿਆਣੇ ਮੇਂ

haryana mapਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਸਰਕਾਰ ਦੀ ਯੋਜਨਾ ਨੂੰ ਲੱਗਾ ਝਟਕਾ
7 ਤੋਂ 9 ਮਾਰਚ ਤੱਕ ਗੁੜਗਾਉਂ ਵਿਚ ਹੈ ਹੈਪਨਿੰਗ ਹਰਿਆਣਾ ਸਮਿਟ
2 0ਹਜ਼ਾਰ ਕਰੋੜ ਦਾ ਉਦਯੋਗਿਕ ਨੁਕਸਾਨ ਹੋਇਆ ਅੰਦੋਲਨ ਵਿਚ
ਹੈਪਨਿੰਗ ਹਰਿਆਣਾ ਸਮਿਟ ਤੈਅ ਪ੍ਰੋਗਰਾਮ ਦੇ ਅਨੁਸਾਰ ਹੀ ਹੋਵੇਗਾ। ਇਸ ਨੂੰ ਰੱਦ ਜਾਂ ਮੁਲਤਵੀ ਕਰਨ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ।   – ਰਾਮਬਿਲਾਸ ਸ਼ਰਮਾ, ਕੈਬਨਿਟ ਮੰਤਰੀ, ਹਰਿਆਣਾ
ਚੰਡੀਗੜ੍ਹ/ਬਿਊਰੋ ਨਿਊਜ਼
ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਜਾਟ ਅੰਦੋਲਨ ਦੀ ਹਿੰਸਾ ਨੇ ਹਰਿਆਣਾ ਨੂੰ ਫਿਲਹਾਲ ਵਿਕਾਸ ਦੀ ਪਟੜੀ ਤੋਂ ਉਤਾਰ ਦਿੱਤਾ ਹੈ। ਸਾੜ ਫੂਕ ਅਤੇ ਲੁੱਟ ਖਸੁੱਟ ਨੇ ਪ੍ਰਦੇਸ਼ ਦੇ ਜ਼ਿਆਦਾਤਰ ਵੱਡੇ ਸ਼ਹਿਰਾਂ ਦੀ ਇਸ ਤਰ੍ਹਾਂ ਦੀ ਹਾਲਤ ਬਣਾ ਦਿੱਤੀ ਕਿ ਇੱਥੇ ਰਹਿਣ ਵਾਲੇ ਲੋਕ ਵੀ ਭੈਅ ਭੀਤ ਹਨ। ਇਕ ਹਫਤੇ ਤੱਕ ਚੱਲੇ ਇਸ ਅੰਦੋਲਨ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਉਦਯੋਗ ਜਗਤ ਨੂੰ ਪਹੁੰਚਿਆ ਹੈ। ਹਰਿਆਣਾ ਸਰਕਾਰ ਦੇ ‘ਹੈਪਨਿੰਗ ਹਰਿਆਣਾ’ ‘ਤੇ ਇਸ ਦਾ ਸਿੱਧਾ ਅਸਰ ਹੋਣ ਦਾ ਖਦਸ਼ਾ ਵਧ ਗਿਆ ਹੈ। ਪਿਛਲੇ ਸਾਲ ਨਵੀਂ ਉਦਯੋਗ ਨੀਤੀ ਲਿਆਉਣ ਤੋਂ ਬਾਅਦ ਸੂਬੇ ਵਿਚ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਸਰਕਾਰ ਦਿਨ-ਰਾਤ ਮਿਹਨਤ ਕਰ ਰਹੀ ਸੀ। ਇਸੇ ਕੜੀ ਤਹਿਤ ਆਉਂਦੀ 7, 8 ਅਤੇ 9 ਮਾਰਚ ਨੂੰ ਗੁੜਗਾਉਂ ਵਿਚ ਹੈਪਨਿੰਗ ਹਰਿਆਣਾ ਸਮਿਟ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰ ਰਾਖਵੇਂਕਰਨ ਅੰਦੋਲਨ ਦੀ ਅੱਗ ਵਿਚ ਸੂਬਾ ਜਿਸ ਤਰ੍ਹਾਂ ਨਾਲ ਝੁਲਸਿਆ ਹੈ, ਉਸ ਨਾਲ ਸਰਕਾਰ ਦੀ ਚਿੰਤਾ ਵਧ ਗਈ ਹੈ। ਇਹ ਵੱਡਾ ਸਵਾਲ ਹੈ ਕਿ ਜਾਟ ਅੰਦੋਲਨ ਦੀ ਅੱਗ ਵਿਚ ਝੁਲਸੇ ਸ਼ਹਿਰਾਂ ਵਿਚ ਹੁਣ ਕੌਣ ਨਿਵੇਸ਼ ਕਰਨ ਦੀ ਹਿੰਮਤ ਲੈ ਕੇ ਹਰਿਆਣਾ ਆਵੇਗਾ। ਐਸੋਚੈਮ ਦੇ ਅਨੁਸਾਰ ਅੰਦੋਲਨ ਦੇ ਕਾਰਨ ਉਦਯੋਗਾਂ ਦਾ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜਦਕਿ ਪੀਐਚਡੀ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਨੇ ਅੰਦੋਲਨ ਨਾਲ 34 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਹੈ। ਸੀਆਈਆਈ ਵੀ ਉਦਯੋਗ ਜਗਤ ਦੇ ਹੋਏ ਨੁਕਸਾਨ ਤੋਂ ਚਿੰਤਤ ਹੈ। ਅੰਦੋਲਨ ਦੇ ਕਾਰਨ ਗੁੜਗਾਉਂ ਵਿਚ ਜਿੱਥੇ ਆਟੋ ਮੋਬਾਇਲ ਦੀਆਂ ਕੰਪਨੀਆਂ ‘ਤੇ ਜਿੰਦਰੇ ਲਟਕ ਗਏ ਹਨ, ਉਥੇ ਰੋਹਤਕ, ਝੱਜਰ, ਬਹਾਦੁਰਗੜ੍ਹ, ਹਿਸਾਰ, ਭਿਵਾਨੀ, ਜੀਂਦ, ਗੋਹਾਨਾ, ਸੋਨੀਪਤ, ਕੈਥਲ, ਕਰਨਾਲ ਅਤੇ ਪਾਣੀਪਤ ਵਿਚ ਉਦਯੋਗ ਅਤੇ ਵਪਾਰਕ ਗਤੀਵਿਧੀਆਂ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕੀਆਂ ਹਨ। ਖਾਸ ਗੱਲ ਇਹ ਹੈ ਕਿ ਇਹ ਸਾਰੇ ਜ਼ਿਲ੍ਹੇ ਸੂਬੇ ਵਿਚ ਮੱਧ ਅਤੇ ਛੋਟੇ ਉਦਯੋਗਾਂ ‘ਚ ਪ੍ਰਮੁੱਖ ਥਾਂ ਦੇ ਰੂਪ ਵਿਚ ਪਹਿਚਾਣ ਬਣਾ ਚੁੱਕੇ ਹਨ। ਪਾਣੀਪਤ ਵਿਚ ਟੈਕਸਟਾਈਲ ਅਤੇ ਪੈਟਰੋਕੈਮੀਕਲ ਇੰਡਸਟਰੀ, ਫਰੀਦਾਬਾਦ ਵਿਚ ਲਾਈਟ ਇੰਜੀਨੀਅਰਿੰਗ ਗੁਡਜ਼ ਕੰਪਨੀ, ਗੁੜਗਾਉਂ ਵਿਚ ਆਟੋ ਪਾਰਟ ਇੰਡਸਟਰੀ, ਸੋਨੀਪਤ, ਮੇਵਾਤ ਵਿਚ ਫਾਰਮਾਸਿਊਟੀਕਲ ਇੰਡਸਟਰੀ, ਰਾਈ ਵਿਚ ਪ੍ਰਿਟਿੰਗ ਇੰਡਸਟਰੀ ਅਤੇ ਰੋਜਕਾ ਮੇਵ ਵਿਚ ਮਾਰਬਲ ਅਤੇ ਸਟੋਨ ਕਟਿੰਗ ਇੰਡਸਟਰੀ ਨੂੰ ਜਾਟ ਅੰਦੋਲਨ ਨਾਲ ਗਹਿਰਾ ਝਟਕਾ ਲੱਗਾ ਹੈ।
ਨਿਵੇਸ਼ ‘ਤੇ ਚਿੰਤਾ ਬਰਕਰਾਰ
ਅੰਦੋਲਨ ਦੇ ਚੱਲਦਿਆਂ ਗੁੜਗਾਉਂ ਵਿਚ ਮਾਰੂਤੀ ਸੁਜੂਕੀ ਦੇ ਦੋਵੇਂ ਪਲਾਂਟ ਬੰਦ ਹੋ ਚੁੱਕੇ ਹਨ। ਇਸ ਇਕਾਈ ਨੂੰ ਮਾਲ ਸਪਲਾਈ ਕਰਨ ਵਾਲੀਆਂ ਕਰੀਬ 300 ਵੈਂਡਰ ਕੰਪਨੀਆਂ ਵੀ ਆਰਥਿਕ ਸੰਕਟ ਵਿਚ ਫਸ ਗਈਆਂ ਹਨ। ਸਰਕਾਰ ਇਸੇ ਸ਼ਹਿਰ ਵਿਚ ਹੈਪਨਿੰਗ ਹਰਿਆਣਾ ਸਮਿਟ ਆਯੋਜਿਤ ਕਰਨ ਦੀ ਤਿਆਰੀ ਕਰ ਚੁੱਕੀ ਹੈ। ਸਮਿਟ ਵਿਚ ਦੇਸ਼ ਵਿਦੇਸ਼ ਦੇ ਉਦਮੀਆਂ ਅਤੇ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਗਿਆ ਹੈ। ਪਰ ਮੌਜੂਦਾ ਹਾਲਾਤ ਵਿਚ ਕਿੰਨੇ ਨਿਵੇਸ਼ਕ ਸੂਬੇ ਵਿਚ ਨਿਵੇਸ਼ ਕਰਨ ਵਿਚ ਰੁਚੀ ਦਿਖਾਉਣਗੇ, ਇਸ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਦੀ ਚਿੰਤਾ ਵਧਣ ਲੱਗ ਗਈ ਹੈ।
ਸਾਈਡ ਇਫੈਕਟ
ਕੀਮਤਾਂ : ਸਬਜ਼ੀਆਂ ਅਤੇ ਰੋਜ਼ਾਨਾ ਦੀਆਂ ਦੂਸਰੀਆਂ ਵਸਤੂਆਂ ਦੀਆਂ ਕੀਮਤਾਂ ‘ਤੇ ਅਸਰ ਪੈਣ ਲੱਗਾ ਹੈ। ਹਰਿਆਣਾ ਤੋਂ ਇਲਾਵਾ ਗੁਆਂਢੀ ਰਾਜਾਂ ਵਿਚ ਵੀ ਕੀਮਤਾਂ ਵਧਣਗੀਆਂ।
ਆਵਾਜਾਈ : ਰੋਡਵੇਜ਼ ਨੂੰ 15 ਕਰੋੜ ਦਾ ਨੁਕਸਾਨ ਹੋਇਆ ਹੈ।  33 ਬੱਸਾਂ ਫੂਕ ਦਿੱਤੀਆਂ ਗਈਆਂ ਹਨ। ਜਦਕਿ ਕਰੀਬ ਸੌ ਬੱਸਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।
ਉਦਯੋਗਿਕ ਉਤਪਾਦਨ : ਸੂਬੇ ਵਿਚ ਜ਼ਿਆਦਾਤਰ ਉਦਯੋਗਿਕ ਇਕਾਈਆਂ ਵਿਚ ਉਤਪਾਦਨ ਠੱਪ ਹੈ। ਸਾੜਫੂਕ ਦੇ ਕਾਰਨ ਕਈ ਇਕਾਈਆਂ ਨੂੰ ਪਟੜੀ ‘ਤੇ ਆਉਣ ਵਿਚ ਮਹੀਨਿਆਂ ਬੱਧੀ ਸਮਾਂ ਲੱਗੇਗਾ।
ਸਿੱਖਿਆ ਸੰਸਥਾਵਾਂ : ਰਾਖਵੇਂਕਰਨ ਦੀ ਅੱਗ ਵਿਚ ਕਈ ਸਿੱਖਿਆ ਸੰਸਥਾਵਾਂ ਵੀ ਝੁਲਸੀਆਂ ਹਨ। ਕਈ ਦਿਨਾਂ ਤੋਂ ਪੜ੍ਹਾਈ ਠੱਪ ਹੈ। ਕਈ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਸੜਕਾਂ ਅਤੇ ਰੇਲ ਟਰੈਕ : ਅੰਦੋਲਨ ਨਾਲ ਕਈ ਜਗ੍ਹਾ ਸੜਕਾਂ ਅਤੇ ਰੇਲ ਟਰੈਕ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੀ ਮੁਰੰਮਤ ਨੂੰ ਕਾਫੀ ਸਮਾਂ ਲੱਗੇਗਾ ਅਤੇ ਲੱਖਾਂ ਦਾ ਖਰਚ ਵੀ ਆਵੇਗਾ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …