ਹਰਦੇਵ ਸਿੰਘ ਧਾਲੀਵਾਲ
ਭਾਰਤ ਵਰਸ਼ ਇੱਕ ਦੁਨੀਆਂ ਦੀ ਸਭ ਤੋਂ ਮੋਹਰੀ ਜਮਹੂਰੀਅਤ ਹੈ। ਇਸ ਦੀ ਵਿਲੱਖਣਤਾ ਇਸ ਵਿੱਚ ਇਹ ਹੈ ਕਿ ਦੇਸ਼ ਵਿੱਚ ਹਿੰਦੂ, ਮੁਸਲਮਾਨ, ਸਿੱਖ, ਇਸਾਈ, ਬੋਧੀ ਤੇ ਪਾਰਸੀ ਵੀ ਹਨ, ਹੋਰ ਛੋਟੇ-ਛੋਟੇ ਫਿਰਕੇ ਵੀ ਹੋਣਗੇ। ਆਮ ਲੋਕ ਪਿਆਰ ਤੇ ਸਤਿਕਾਰ ਨਾਲ ਰਹਿੰਦੇ ਹਨ, ਕਿਸੇ ਫਿਰਕੇ ਦੀ ਦੂਜੇ ਨਾਲ ਵੱਡੀ ਰੰਜਸ਼ ਨਹੀਂ, ਨਾ ਹੀ ਕੋਈ ਧਰਮ ਕਿਸੇ ਧਰਮ ਵਿੱਚ ਦਖਲ ਦਿੰਦਾ ਹੈ। ਧਰਮ ਦੇ ਨਾਂ ਤੇ ਕੋਈ ਵੱਡਾ ਝਗੜਾ ਨਹੀਂ। ਧਰਮ ਦੇ ਅਧਾਰ ਤੇ ਕੁੱਝ ਸ਼ਰਾਰਤੀ ਲੋਕ ਕਈ ਵਾਰੀ ਜ਼ਹਿਰ ਘੋਲ ਦਿੰਦੇ ਹਨ। ਭਾਰਤ ਪਾਕਿਸਤਾਨ ਦੀ ਵੰਡ ਤਾਂ ਧਰਮ ਦੇ ਅਧਾਰ ਤੇ ਹੀ ਹੋਈ, ਪਰ ਅੱਜ ਵੀ ਭਾਰਤ ਵਰਸ਼ ਵਿੱਚ ਪਾਕਿਸਤਾਨ ਤੋਂ ਵੱਧ ਮੁਸਲਮਾਨ ਹਨ, ਜਿਹੜੇ ਵੰਡ ਸਮੇਂ ਪਾਕਿਸਤਾਨ ਨਹੀਂ ਗਏ। ਦੇਸ਼ ਦੀ ਅਜ਼ਾਦੀ ਵਿੱਚ 80 ਪ੍ਰਤੀਸ਼ਤ ਸਿੱਖਾਂ ਦੀਆਂ ਕੁਰਬਾਨੀਆਂ ਹਨ। ਸ਼ਰਾਭਾ, ਭਗਤ ਸਿੰਘ ਤੇ ਊਧਮ ਸਿੰਘ ਦੇ ਨਾਂ ਭਾਵੇਂ ਅੱਗੇ ਹਨ, ਪਰ ਪਗੜੀ ਸੰਭਾਲ ਜੱਟਾ ਵਾਲਾ ਅਜੀਤ ਸਿੰਘ ਸਭ ਤੋਂ ਮੋਹਰੀ ਸੀ। ਭਾਰਤ ਲਈ ਉਹਦੀ ਸੋਚ ਵੀ ਜਾਇਜ ਸੀ, ਪਰ ਉਸ ਇਨਸ਼ਾਨ ਨੇ ਅੰਗਰੇਜ਼ ਸਰਕਾਰ ਤੋਂ ਮੁਆਫੀ ਨਹੀਂ ਮੰਗੀ, ਜਦੋਂ ਕਿ ਕਈ ਵੱਡੇ-ਵੱਡੇ ਲੀਡਰ ਕੁਡਾਈ ਕੁਡਾਲ ਦੀ ਜੇਲ੍ਹ ਤੋਂ ਬਚਣ ਲਈ ਮੁਆਫੀਆਂ ਮੰਗ ਗਏ ਸਨ, ਪਰ ਉਸ ਨੇ ਸਾਰੀ ਉਮਰ ਉੱਥੇ ਹੀ ਬਿਤਾਈ। 1947 ਨੂੰ ਅਜ਼ਾਦੀ ਸਮੇਂ ਰਿਹਾਅ ਹੋ ਕੇ ਡਲਹੌਜੀ ਪੁੱਜਿਆ ਤਾਂ ਉੱਥੇ ਉਸੇ ਰਾਤ ਚੜ੍ਹਾਈ ਕਰ ਗਏ। ਉੱਥੇ ਛੋਟਾ ਜਿਹਾ ਸਮਾਰਕ ਹੈ। ਸਾਰੀ ਉਮਰ ਜੇਲ੍ਹ ਦੇ ਲੇਖੇ ਲਾਉਣ ਵਾਲੇ ਨੂੰ ਲੋਕ ਘੱਟ ਹੀ ਜਾਣਦੇ ਹਨ। ਅਸੀਂ ਇਨ੍ਹਾਂ ਸ਼ਹੀਦਾਂ ਨੂੰ ਪਾਰਟੀਆਂ ਤੇ ਧਰਮਾਂ ਵਿੱਚ ਵੰਡ ਲੈਂਦੇ ਹਾਂ, ਜਦੋਂ ਕਿ ਉਨ੍ਹਾਂ ਨੇ ਦੇਸ਼ ਤੇ ਕੌਮ ਲਈ ਅਹੂਤੀ ਦਿੱਤੀ।
ਰਾਸ਼ਟਰੀਆ ਸੇਵਕ ਸੰਘ ਕੱਟੜ ਹਿੰਦੂ ਜਮਾਤ ਹੈ। ਇਸ ਨੇ ਅਜ਼ਾਦੀ ਵਿੱਚ ਕੋਈ ਹਿੱਸਾ ਨਹੀਂ ਪਾਇਆ, ਪਰ ਉਹਦਾ ਆਸ਼ਾ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਮੰਨਿਆ ਜਾਏ। ਸ੍ਰੀ ਭਗਵਤ ਮੁੱਖੀ ਆਰ.ਐਸ.ਐਸ. ਤਾਂ ਕਹਿ ਚੁੱਕੇ ਹਨ ਕਿ ਭਾਰਤ ਦਾ ਹਰ ਵਾਸੀ ਹਿੰਦੂ ਹੈ, ਭਾਵੇਂ ਉਹ ਕਿਸੇ ਧਰਮ ਦਾ ਹੋਵੇ। ਇਨ੍ਹਾਂ ਨੇ ਲਵਜਹਾਦ, ਘਰ ਵਾਪਸੀ ਆਦਿ ਕਈ ਨਾਅਰੇ ਦਿੱਤੇ ਤੇ ਕਈਆਂ ਦੇ ਧਰਮ ਤਬਦੀਲ ਕਰਵਾਏ। ਬੀ.ਜੇ.ਪੀ.ਦੇ 2-3 ਮੁੱਖੀ ਮੁਸਲਮਾਨ ਲੀਡਰਾਂ ਦੇ ਘਰ ਹਿੰਦੂ ਔਰਤਾਂ ਹਨ, ਉਹ ਆਪਣੀ ਥਾਂ ਸਥਿਰ ਹਨ। ਮੁਸਲਮਾਨ ਧਰਮ ਕੱਟੜ ਹੈ। ਇਸੇ ਤਰ੍ਹਾਂ ਆਰ.ਐਸ.ਐਸ. ਵਿਸ਼ਵ ਹਿੰਦੂ ਪ੍ਰੀਸ਼ਦ ਤੇ ਹਿੰਦੂ ਸੰਗਠਨਾਂ ਨੂੰ ਇਨ੍ਹਾਂ ਦੀ ਪ੍ਰਗਤੀ ਜਚਦੀ ਨਹੀਂ। ਉਹ ਨਹੀਂ ਚਾਹੁੰਦੇ ਕਿ ਹਿੰਦੂ ਔਰਤਾਂ ਮੁਸਲਮਾਨ ਨਾਲ ਜਾਂ ਮੁਸਲਮਾਨ ਔਰਤ ਹਿੰਦੂ ਨਾਲ ਸ਼ਾਦੀ ਕਰਨ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸ੍ਰੀ ਤੋਗੜੀਆ ਕਹਿੰਦੇ ਹਨ ਕਿ ਵਿਧਾਨ ਵਿੱਚੋਂ ਧਰਮ ਨਿਰਪੱਖ ਦੇਸ਼ ਦਾ ਲਫ਼ਜ਼ ਹਟਾ ਕੇ ਭਾਰਤ ਹਿੰਦੂ ਰਿਪਬਲਿਕ ਕਰ ਦੇਣਾ ਚਾਹੀਦਾ ਹੈ। ਅਜਿਹਾ ਹੋਣ ਨਾਲ ਹਿੰਦੂ ਤੋਂ ਬਿਨਾਂ ਦੇਸ਼ ਦਾ ਪ੍ਰਧਾਨ ਮੰਤਰੀ, ਮੰਤਰੀ, ਜਸਟਿਸ, ਜਿਲ੍ਹਾ ਅਧਿਕਾਰੀ ਤੇ ਪੁਲਿਸ ਮੁੱਖੀ ਹਿੰਦੂ ਹੀ ਬਣ ਸਕਣਗੇ। ਮੁਸਲਮਾਨ ਇਹ ਬਰਦਾਸਤ ਕਰਨ ਲਈ ਤਿਆਰ ਨਹੀਂ। ਕੋਈ ਘੱਟ ਗਿਣਤੀ ਵੀ ਇਹ ਨਹੀਂ ਚਾਹੁੰਦੀ। ਹਿੰਦੂ ਸੰਗਠਨ ਨਹੀਂ ਚਾਹੁੰਦੇ ਕਿ ਮੁਸਲਮਾਨ, ਦਲਿੱਤ ਤੇ ਹੋਰ ਜਾਤਾਂ ਇਕੱਠੇ ਨਾ ਹੋਣ।
ਪਿਛਲੇ ਇੱਕ ਮਹੀਨੇ ਤੋਂ ਦੇਸ਼ ਵਿੱਚ ਤਿੰਨ ਤਲਾਕ ਤੇ ਬਹਿਸਾਂ ਚੱਲਦੀਆਂ ਹਨ। ਮੁਸਲਮਾਨ ਆਪਣੀ ਔਰਤ ਨੂੰ ਤਿੰਨ ਵਾਰੀ ਤਲਾਕ ਕਹਿ ਦੇਵੇ ਤਾਂ ਉਹ ਤਲਾਕ ਮੰਨਿਆ ਜਾਂਦਾ ਹੈ। ਇਸਲਾਮ ਵਿੱਚ ਧਾਰਮਿਕ ਰਿਵਾਇਤਾਂ ਅਨੁਸਾਰ ਇਹੋ ਹੀ ਪ੍ਰਚਾਰ ਹੈ। ਜੇਕਰ ਖੁੱਲ੍ਹੇ ਤੌਰ ਤੇ ਸੋਚਿਆ ਜਾਏ ਤਾਂ ਇਹ ਤਿੰਨ ਵਾਰੀ ਤਲਾਕ ਕਹਿਣ ਤੇ ਤਲਾਕ ਮੰਨਿਆ ਜਾਣਾ ਔਰਤ ਲਈ ਧੋਖਾ ਹੈ। ਘਰ ਵਿੱਚ ਸਧਾਰਨ ਤਕਰਾਰ ਸੰਭਵ ਹਨ, ਪਰ ਸਧਾਰਨ ਰੁਸੇਵੇ ਕਾਰਨ ਇਹ ਤਲਾਕ ਤੱਕ ਪੁੱਜ ਜਾਂਦੀ ਹੈ, ਜਦੋਂ ਕਿ ਹਰੇਕ ਜੋੜੇ ਦੇ ਕਈ-ਕਈ ਬੱਚੇ ਹਨ। ਉਨ੍ਹਾਂ ਦਾ ਭਵਿੱਖ ਤਾਂ ਮਾਂ ਨਾਲ ਹੀ ਹੈ। ਪਰ ਮਾਪੇ ਅੱਡ ਹੋ ਗਏ, ਬੱਚਿਆਂ ਦਾ ਕੀ ਹੋਏਗਾ? ਇਸਲਾਮ ਅਨੁਸਾਰ ਮੁਸਲਮਾਨ ਇੱਕ ਤੋਂ ਵੱਧ ਔਰਤਾਂ ਨਾਲ ਵਿਆਹ ਕਰਵਾ ਸਕਦਾ ਹੈ। ਉਸ ਤੇ ਕੋਈ ਬੰਦਿਸ਼ ਨਹੀਂ। ਦੇਸ਼ ਦਾ ਕਾਨੂੰਨ ਵੀ ਲਾਗੂ ਨਹੀਂ ਹੁੰਦਾ। ਇਹ ਮਸਲਾ ਤਾਂ ਮੁਸਲਮਾਨਾਂ ਦਾ ਹੀ ਹੈ, ਦੂਜੇ ਧਰਮ ਇਸ ਵਿੱਚ ਦਖਲ ਨਹੀਂ ਦੇ ਸਕਦੇ। ਵਿਧਾਨਕ ਤੌਰ ਤੇ ਸਰਕਾਰ ਦਾ ਨਿਰਪੱਖਤਾ ਨਾਲ ਦਖਲ ਦੇਣ ਦਾ ਹੱਕ ਹੈ, ਪਰ ਇਸਲਾਮਿਕ ਤੌਰ ਤੇ ਨਹੀਂ। ਇਸ ਬਾਰੇ ਅਸੀਂ ਕੁੱਝ ਨਹੀਂ ਕਹਿ ਸਕਦੇ, ਪਰ ਗੱਲ ਚੱਲਦੀ ਹੈ, ਕਈ ਮੁਸਲਮਾਨ ਔਰਤਾਂ ਦੇਸ਼ ਦੀ ਪ੍ਰਮੁੱਖ ਅਦਾਲਤ ਸੁਪਰੀਮ ਕੋਰਟ ਤੱਕ ਜਾ ਚੁੱਕੀਆਂ ਹਨ। ਪੰਜ ਵੱਖੋ-ਵੱਖ ਧਰਮਾਂ ਦੇ ਜੱਜਾਂ ਤੇ ਬੈਂਚ ਬਣਾਇਆ ਗਿਆ ਹੈ, ਜਿਸ ਨੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਵੀ ਇਹ ਕੇਸ ਸੁਣਿਆ। ਇਸ ਤੇ ਸੁਪਰੀਮ ਕੋਰਟ ਨੇ ਫੈਸਲਾ ਦੇਣਾ ਹੈ, ਪਰ ਉੱਚ ਅਦਾਲਤ ਨੇ ਮੁੱਢ ਵਿੱਚ ਕਹਿ ਦਿੱਤਾ ਸੀ ਕਿ ਜੇਕਰ ਇਹ ਮਸਲਾ ਧਰਮ ਨਾਲ ਸਬੰਧਤ ਹੋਇਆ ਤਾਂ ਉਹ ਦਖਲ ਨਹੀਂ ਦੇਵੇਗੀ। ਜੇਕਰ ਵਿਧਾਨਕ ਹੋਇਆ ਤਾਂ ਦਖਲ ਦੇ ਸਕਦੀ ਹੈ। ਫੈਸਲਾ ਉੱਚ ਅਦਾਲਤ ਨੇ ਕਰਨਾ ਹੈ, ਸੁਪਰੀਮ ਕੋਰਟ ਨੇ ਕੇਂਦਰ ਤੋਂ ਪੁੱਛਿਆ ਵੀ ਹੈ ਕਿ ਕੀ ਉਹ ਇਸ ਤੇ ਕਾਨੂੰਨ ਬਣਾਉਣ ਨੂੰ ਤਿਆਰ ਹਨ।
ਪਰ ਪਿਛਲੇ ਇੱਕ ਮਹੀਨੇ ਤੋਂ ਮੀਡੀਆ ਤੇ ਪ੍ਰੈਸ ਤਿੰਨ ਤਲਾਕ ਦੇ ਵਿਰੁੱਧ ਲੱਗੇ ਹੋਏ ਹਨ। ਇਸ ਪ੍ਰਚਾਰ ਲਈ ਬੀ.ਜੇ.ਪੀ., ਆਰ.ਐਸ.ਐਸ., ਵਿਸ਼ਵ ਹਿੰਦੂ ਪ੍ਰੀਸ਼ਦ ਤੇ ਹੋਰ ਹਿੰਦੂ ਸੰਗਠਨ ਅੱਗੇ ਹੋ ਕੇ ਪ੍ਰਚਾਰ ਕਰ ਰਹੇ ਹਨ ਤੇ ਆਪਣੇ ਆਪ ਨੂੰ ਉਨ੍ਹਾਂ ਅਬਲਾ ਔਰਤਾਂ ਦੇ ਮਦਤਗਾਰ ਸਾਬਤ ਕਰਦੇ ਹਨ, ਉਨ੍ਹਾਂ ਦੇ ਦਰਦ ਵੰਡਾਏ ਜਾ ਰਹੇ ਹਨ। ਵੱਧ ਤੋਂ ਵੱਧ ਔਰਤਾਂ ਟੀ.ਵੀ. ਸਕਰੀਨ ਤੇ ਪੇਸ਼ ਕੀਤੀਆਂ ਜਾ ਰਹੀਆਂ ਹਨ। ਔਰਤਾਂ ਦੀ ਮਦਤ ਤਾਂ ਜਾਇਜ ਹੈ, ਹੋਣੀ ਵੀ ਚਾਹੀਦੀ ਹੈ। ਇਸ ਦੇ ਪਿੱਛੇ ਹਿੰਦੂ ਪ੍ਰਚਾਰ ਦੀ ਭਾਵਨਾ ਜਾਇਜ ਨਹੀਂ। ਸਾਰੇ ਹਿੰਦੀ ਮੀਡੀਆ ਦੇ ਚੈਨਲ ਤਿੰਨ ਤਲਾਕ ਦੀ ਗੱਲ ਨੂੰ ਮੋਹਰੀ ਰੱਖ ਰਹੇ ਹਨ। ਜਦੋਂ ਕਿ ਮਸਲਾ ਮੁਸਲਮਾਨਾਂ ਦਾ ਹੈ। ਇਸ ਬਾਰੇ ਇਸਲਾਮ ਦੇ ਮੰਨਣ ਵਾਲੇ ਜਾਂ ਸਬੰਧਤ ਹੀ ਰਾਇ ਦੇ ਸਕਦੇ ਹਨ। ਆਜ ਤੱਕ, ਜੀ.ਟੀ.ਵੀ, ਏ.ਬੀ.ਪੀ. ਨਿਊਜ਼, ਇੰਡੀਆ ਟੀ.ਵੀ., ਨਿਊਜ਼ 24, ਆਰ.ਪਾਰ, ਇੰਡੀਅਨ ਨਿਊਜ਼ ਅਕਸਰ ਤਿੰਨ ਤਲਾਕ ਦੀ ਬਹਿਸ਼ ਕਰਾਉਂਦੇ ਨਜ਼ਰ ਆਏ। ਹਿੰਦੂ ਕੱਟੜ ਚੈਨਲਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਉਹ ਮੁਸਲਮਾਨ ਔਰਤਾਂ ਨੂੰ ਹਮਦਰਦੀ ਦਿਖਾ ਕੇ ਅਗਲੀ ਲੋਕ ਸਭਾ ਚੋਣ ਬਾਰੇ ਸੋਚ ਰਹੇ ਹਨ ਤਾਂ ਕਿ ਯੂ.ਪੀ. ਵਾਂਗ ਵੋਟਾਂ ਲੈ ਸਕਣ। ਇਨ੍ਹਾਂ ਦੇ ਐਂਕਰ ਵੀ ਆਰ.ਐਸ.ਐਸ.ਤੇ ਬੀ.ਜੇ.ਪੀ.ਦੇ ਪਰਵਕਤਾਂ ਨਾਲੋਂ ਵੱਧ ਤਲਾਕ ਬਾਰੇ ਬੋਲਦੇ ਹਨ। ਕਈ ਵਿਰੋਧੀ ਲੀਡਰ ਤਾਂ ਚੈਨਲਾਂ ਤੇ ਸਾਫ ਕਹਿ ਰਹੇ ਸਨ ਕਿ ਇਹ ਚੈਨਲਾਂ ਨੇ ਉਹੀ ਗੱਲ ਪ੍ਰਚਾਰਨੀ ਹੈ, ਜਿਹੜੀ ਨਾਗਪੁਰ ਤੋਂ ਇਨ੍ਹਾਂ ਨੂੰ ਕਰਨ ਲਈ ਕਿਹਾ ਜਾਏਗਾ। ਇਸ ਦਾ ਸਿੱਧਾ ਅਰਥ ਆਰ.ਐਸ.ਐਸ.ਵੱਲੋ ਹੈ।
ਆਜ ਤੱਕ ਚੈਨਲ ਤੇ ਦੋ ਕੱਟੜ ਮਹਾਰਥੀ ਸ੍ਰੀ ਸੁਬਰਾਮਨੀਅਮ ਸਵਾਮੀ ਤੇ ਮੁਸਲਮਾਨ ਲੀਡਰ ਉਵੈਸੀ ਦੀ ਬਹਿਸ਼ ਦੇਖਣ ਵਾਲੀ ਸੀ। ਦੋਵੇਂ ਆਪਣੇ ਧਰਮ ਤੇ ਖਿਆਲਾਂ ਦੇ ਕੱਟੜ ਤੇ ਸ਼ਖਤ ਬੋਲਣ ਵਾਲੇ ਹਨ, ਤੇ ਆਪਣਾ ਪੱਖ ਖੁੱਲ੍ਹ ਕੇ ਪੇਸ਼ ਕਰਦੇ ਹਨ। ਦੋਵੇਂ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਹਨ। ਗਰਮ ਕਿਸਮ ਤਾਂ ਹਨ ਹੀ, ਉਨ੍ਹਾਂ ਦੀ ਬਹਿਸ਼ ਸੁਣ ਕੇ ਲੱਗਦਾ ਸੀ ਕਿ ਦੋਵੇਂ ਉਸਾਰੀ ਬਹਿਸ਼ ਤੋਂ ਉਖੜਕੇ ਸ਼ਖਤੀ ਵੱਲ ਆ ਜਾਣਗੇ, ਪਰ ਦੋਵਾਂ ਨੇ ਤਹੁੰਮਲ ਮਿਜਾਜ਼ ਹੋਣ ਦੀ ਗੱਲ ਕੀਤੀ। ਦੋਵੇਂ ਆਪਣੀਆਂ ਦਲੀਲਾਂ ਦੇ ਪੱਕੇ ਤੇ ਹਿੰਦੀ ਤੇ ਉਰਦੂ ਵਿੱਚ ਬੋਲਦੇ ਰਹੇ। ਉਵੈਸ਼ੀ ਤਾਂ ਇੱਥੋਂ ਤੱਕ ਕਹਿ ਗਏ ਕਿ ਸੁਆਮੀ ਜੀ ਤਾਂ ਬਹਿਸ ਕਰ ਰਹੇ ਹਨ ਕਿ ਸ਼ਾਇਦ ਬੀ.ਜੇ.ਪੀ. ਉਨ੍ਹਾਂ ਨੂੰ ਵਿੱਤ ਮੰਤਰੀ ਬਣਾ ਦੇਵੇ। ਇਸ ਤੇ ਸੁਆਮੀ ਬਹੁਤ ਖੁਸ਼ ਹੋਏ ਤਾਂ ਹਾਂ ਵਿੱਚ ਜਵਾਬ ਦਿੱਤਾ। ਉਵੈਸ਼ੀ ਕਹਿੰਦੇ ਸੀ ਕਿ ਤੁਸੀਂ ਮੁਸਲਮਾਨ ਔਰਤਾਂ ਦਾ ਫਿਕਰ ਕਰਦੇ ਹੋ, ਪਰ ਗੁਜਰਾਤ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿੱਚ 30 ਹਜ਼ਾਰ ਔਰਤਾਂ ਬਾਰੇ ਵੀ ਸੋਚੋ? ਜਿਹੜੀਆਂ ਘਟੀਆ ਜਿੰਦਗੀ ਜਿਉਂ ਰਹੀਆਂ ਹਨ। ਬਿੰਦਰਾਬਣ ਦੀਆਂ ਬੀਬੀਆਂ ਦੀ ਵੀ ਗੱਲ ਕਰਨ ਲੱਗੇ, ਜਿਹੜੀਆਂ ਹੇਠਲੀ ਜਿੰਦਗੀ ਜਿਉਂ ਰਹੀਆਂ ਹਨ। ਗੱਲ ਪ੍ਰਤੱਖ ਹੈ ਕਿ ਆਰ.ਐਸ.ਐਸ. ਤੇ ਹਿੰਦੂ ਸੰਗਠਨ ਹੁਣ ਤੋਂ ਹੀ 2019 ਲੋਕ ਸਭਾ ਲਈ ਚਿੰਤਤ ਹਨ ਤੇ ਹਰ ਢੰਗ ਨਾਲ ਪ੍ਰਚਾਰ ਕਰਨਾ ਚਾਹੁੰਦੇ ਹਨ ਕਿ ਤਿੰਨ ਤਲਾਕ ਤੋਂ ਤੰਗ ਮੁਸਲਮਾਨ ਔਰਤਾਂ, ਉਨ੍ਹਾਂ ਪ੍ਰਤੀ ਹਮਦਰਦੀ ਦੇਖਦੀਆਂ ਬੀ.ਜੇ.ਪੀ.ਦੀਆਂ ਸਮਰਥਕ ਬਨਣ। ਉਹ ਤਿੰਨ ਤਲਾਕ ਦੇ ਮਸਲੇ ਤੋਂ ਲਾਭ ਸੋਚਦੇ ਹਨ।
ਇਹ ਗੱਲ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ। ਸਾਰੀ ਬਹਿਸ਼ ਸੁਣੀ ਜਾ ਚੁੱਕੀ ਹੈ। ਕੋਈ ਆਪਣੀ ਜਾਤੀ ਰਇ ਦੇ ਸਕਦਾ ਹੈ, ਪਰ ਅਦਾਲਤ ਦੇ ਆਉਣ ਵਾਲੇ ਫੈਸਲੇ ਵਿੱਚ ਦਖਲ ਬਾਜਵ ਨਹੀਂ। ਮੁਸਲਮਾਨ ਵੀ ਬਹੁਤ ਵਿਦਵਾਨ ਹਨ, ਪੜ੍ਹੀਆਂ ਲਿਖੀਆਂ ਔਰਤਾਂ ਦੇ ਸਮਰਥਕ ਹੋਣਗੇ। ਕਈ ਤਾਂ ਅਕਸਰ ਤਿੰਨ ਤਲਾਕ ਦੇ ਵਿਰੁੱਧ ਹਨ। ਸਾਰੇ ਹਿੰਦੂ ਫਿਰਕੂ ਨਹੀਂ। ਪਰ ਇਸ ਮਸਲੇ ਦਾ ਲਾਭ ਹਿੰਦੂ ਸੰਗਠਨਾਂ ਵੱਲੋਂ ਉਠਾਉਣ ਦੀ ਕੋਸ਼ਿਸ਼ ਹੈ। ਇਹ ਮਸਲਾ ਅਦਾਲਤ ਦੇ ਫੈਸਲੇ ਅਧੀਨ ਪਿਆ ਹੈ। ਉਸ ਸਮੇਂ ਤੱਕ ਕਿਸੇ ਚੈਨਲ ਜਾਂ ਸੰਸਥਾ ਨੂੰ ਅਦਾਲਤ ਤੋਂ ਬਾਹਰ ਕੋਈ ਰਾਇ ਦੇਣੀ ਜਾਇਜ ਨਹੀਂ ਕਿਉਂਕਿ ਦੇਸ਼ ਸਭ ਦਾ ਹੈ। ਮੁਸਲਮਾਨ ਵੀ ਦੇਸ਼ ਦੇ ਵਾਸੀ ਹਨ।