ਜਰਨੈਲ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
(ਕਿਸ਼ਤ 17ਵੀਂ)
ਤਾਜ ਮਹੱਲ ਦੀ ਜਮਨਾ ਦਰਿਆ ਵਾਲ਼ੀ ਸਾਈਡ ‘ਤੇ ਪੱਕੇ ਬੈਂਚ ਬਣੇ ਹੋਏ ਸਨ। ਮੈਂ ਉਨ੍ਹਾਂ ਬੈਂਚਾਂ ‘ਤੇ ਬੈਠ ਕੇ ਜਮਨਾ ਦੇ ਵਿਸ਼ਾਲ ਪਾਣੀ ਦੇ ਦ੍ਰਿਸ਼ ਵੀ ਮਾਣ ਲੈਂਦਾ ਸਾਂ।
ਪੂਰਨਮਾਸ਼ੀ ਦੀ ਰਾਤ ਨੂੰ, ਚੰਨ-ਚਾਨਣੀ ਵਿਚ, ਤਾਜ ਮਹੱਲ ਦੀ ਨਿੰਮ੍ਹੀ-ਨਿੰਮ੍ਹੀ ਲਿਸ਼ਕ ਵਾਲ਼ੀ ਨਿਖਰਵੀਂ ਸੁੰਦਰਤਾ ਨੂੰ ਦੇਖਣ ਲਈ ਲੋਕਾਂ ਦਾ ਮੇਲਾ ਲੱਗ ਜਾਂਦਾ ਹੈ।
ਮੈਂ ਤਾਜ ਮਹੱਲ ਨੂੰ ਹਨ੍ਹੇਰੇ ਵਿਚ ਵੀ ਦੇਖਣਾ ਚਾਹੁੰਦਾ ਸਾਂ। ਇਕ ਸ਼ਾਮ ਦੋਸਤਾਂ ਨੂੰ ਪੁੱਛਿਆ। ਉਨ੍ਹਾਂ ਦਾ ਮੂਡ ਨਹੀਂ ਸੀ। ਮੈਂ ਸਾਈਕਲ ਚੁੱਕਿਆ ਤੇ ਜਾ ਪਹੁੰਚਾ। ਡਿਉੜੀ ਲੰਘ ਕੇ ਮੇਰੇ ਪੈਰ ਰੁਕ ਗਏ। ਫਾਸਲੇ ਤੋਂ ਨਜ਼ਰ ਆਉਂਦਾ ਧੁੰਦਲ਼ਾ ਜਿਹਾ ਤਾਜ ਮਹੱਲ ਡਾਢਾ ਹੀ ਅਨੂਠਾ ਲੱਗਾ। ਮੈਂ ਲਾਗਲੇ ਬੈਂਚ ‘ਤੇ ਬੈਠ ਗਿਆ। ਯਾਤਰੀ ਰੁਖਸਤ ਹੋ ਚੁੱਕੇ ਸਨ। ਤਾਜ ਮਹੱਲ ਦੇ ਅੰਦਰ ਅਤੇ ਚੌਗਿਰਦੇ ਵਿਚ ਸ਼ਾਂਤੀ ਪਸਰੀ ਹੋਈ ਸੀ। ਹੁਣ ਦਾ ਤਾਂ ਪਤਾ ਨਹੀਂ, ਉਦੋਂ ਤਾਜ ਮਹੱਲ ਦੀਆਂ ਕੰਧਾਂ ਅਤੇ ਗੁੰਬਦ ਉੱਤੇ ਕੋਈ ਲਾਈਟ ਨਹੀਂ ਹੁੰਦੀ ਸੀ। ਸੰਘਣੇ ਹਨ੍ਹੇਰੇ ਅਤੇ ਸ਼ਾਂਤ ਵਾਤਾਵਰਣ ਵਿਚ ਤਾਜ ਮਹੱਲ ਦਾ ਅਨੂਠਾ ਆਕਾਰ ਹੱਥਾਂ ਦੀ ਕਿਰਤ ਨਹੀਂ, ਕੁਦਰਤ ਦਾ ਕ੍ਰਿਸ਼ਮਾ ਜਾਪ ਰਿਹਾ ਸੀ।
ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸ ਕ੍ਰਿਸ਼ਮੇ ਨੂੰ ਮੈਂ ਸੁਪਨੇ ਵਿਚ ਦੇਖ ਰਿਹਾ ਹੋਵਾਂ। ਦਰਅਸਲ ਤਾਜ ਮਹੱਲ ਦੇ ਅੰਦਰ-ਬਾਹਰ ਪਸਰੀ ਸ਼ਾਂਤੀ ਦੇ ਅਸਰ ਹੇਠ ਮੇਰੀ ਸਾਰੀ ਦੀ ਸਾਰੀ ਸੋਚ ਕੁਦਰਤ ਦਾ ਕ੍ਰਿਸ਼ਮਾ ਜਾਪਦੇ ਤਾਜ ਮਹੱਲ ‘ਤੇ ਹੀ ਇਕਾਗਰ ਹੋ ਗਈ ਸੀ… ਮਨ-ਤਨ ‘ਤੇ ਸਕੂਨ ਛਾ ਗਿਆ। ਸਕੂਨ-ਸ਼ਾਂਤੀ ‘ਚ ਗੜੂੰਦ, ਪਤਾ ਨਹੀਂ ਮੈਂ ਓਥੇ ਕਿੰਨਾ ਚਿਰ ਬੈਠਾ ਰਹਿੰਦਾ ਜੇ ਮੇਰੇ ਕੰਨਾਂ ਵਿਚ ਗੇਟ ਬੰਦ ਕਰਨ ਵਾਲ਼ੇ ਦੀ ਉੱਚ-ਸੁਰੀ ਆਵਾਜ਼ ਨਾ ਪੈਂਦੀ।
ਸਮੇਂ ਸਮੇਂ ਤਾਜ ਮਹੱਲ ‘ਤੇ ਲੁੱਟ-ਖਸੁੱਟ ਵੀ ਹੁੰਦੀ ਰਹੀ। 18ਵੀਂ ਸਦੀ ਵਿਚ ਆਗਰਾ ਸ਼ਹਿਰ ‘ਤੇ ਹਮਲੇ ਸਮੇਂ, ਭਰਤਪੁਰ ਦੇ ਜਾਟ ਤਾਜ ਮਹੱਲ ਦੇ ਦੋ ਫਾਨੂਸ ਲੈ ਗਏ ਸਨ। ਇਕ ਫਾਨੂਸ ਚਾਂਦੀ ਦਾ ਸੀ ਤੇ ਦੂਜਾ ਕੀਮਤੀ ਪੱਥਰਾਂ ਦਾ। 1857 ਦੇ ਗਦਰ ਸਮੇਂ ਗੋਰੇ ਸੈਨਿਕਾਂ ਨੇ ਤਾਜ ਮਹੱਲ ਵਿਚੋਂ ਕੀਮਤੀ ਪੱਥਰ ਤੇ ਕੁਝ ਹੀਰੇ-ਜਵਾਹਰਾਤ ਉਖੇੜ ਲਏ ਸਨ।
19ਵੀਂ ਸਦੀ ਦੇ ਅਖੀਰ ਵਿਚ ਤਤਕਾਲੀ ਵਾਇਸਰਾਏ ਲਾਰਡ ਕਰਜ਼ਨ ਨੇ ਮੁਰੰਮਤਾਂ ਕਰਵਾ ਕੇ ਤਾਜ ਮਹੱਲ ਦੀ ਸ਼ਾਨ ਮੁੜ ਬਹਾਲ ਕੀਤੀ।
ਆਗਰੇ ਦਾ ਮਸ਼ਹੂਰ ਕਿਲਾ ‘ਆਗਰਾ ਫੋਰਟ’ ਤਾਜ ਮਹੱਲ ਤੋਂ ਉੱਤਰ-ਪੱਛਮ ਵੱਲ ਢਾਈ ਕਿਲੋਮੀਟਰ ਦੇ ਫਾਸਲੇ ‘ਤੇ ਸਥਿਤ ਹੈ। 94 ਏਕੜ ‘ਚ ਫ਼ੈਲੇ ਇਸ ਕਿਲੇ ਦੀਆਂ ਬਾਹਰਲੀਆਂ ਕੰਧਾਂ 70 ਫੁੱਟ ਉੱਚੀਆਂ ਹਨ। ਇਨ੍ਹਾਂ ਚੌੜੀਆਂ ਤੇ ਮਜ਼ਬੂਤ ਕੰਧਾਂ ਵਿਚ ਨਿਗਰਾਨੀ ਵਾਸਤੇ ਬੁਰਜ ਅਤੇ ਅੰਦਰਲੇ ਪਾਸਿਉਂ ਤੋਪਾਂ-ਬੰਦੂਕਾਂ ਦੇ ਗੋਲੇ-ਗੋਲੀਆਂ ਦਾਗਣ ਵਾਸਤੇ ਮਘੋਰੇ ਬਣੇ ਹੋਏ ਹਨ। ਇਹ ਕਿਲਾ ‘ਵਰਲਡ ਹੈਰੀਟੇਜ’ ਦੀ ਸੂਚੀ ਵਿਚ ਸ਼ਾਮਲ ਹੈ।
ਸ਼ਾਹਜਹਾਨ ਦੇ ਪੁੱਤਰ ਔਰੰਗਜੇਬ ਨੇ ਉਸਨੂੰ ਇਸ ਕਿਲੇ ਵਿਚ ਕੈਦ ਕੀਤਾ ਸੀ। ਕਿਲੇ ਦੀ ਉੱਪਰਲੀ ਮੰਜਲ ਦੀ ਇਕ ਦੀਵਾਰ ਵਿਚ ਇਕ ਛੋਟਾ ਜਿਹਾ ਗੋਲ਼ ਦੂਰਬੀਨੀ-ਸ਼ੀਸ਼ਾ ਫਿੱਟ ਕੀਤਾ ਹੋਇਆ ਏ, ਜਿਸ ਵਿਚੋਂ ਤਾਜ ਮਹੱਲ ਬਿਲਕੁਲ ਨਜ਼ਦੀਕ ਨਜ਼ਰ ਆਉਂਦਾ ਹੈ। ਕਹਿੰਦੇ ਹਨ ਕਿ ਕੈਦ ਦੌਰਾਨ ਸ਼ਾਹਜਹਾਨ ਇਸ ਸ਼ੀਸ਼ੇ ਵਿਚੀਂ ਤਾਜ ਮਹੱਲ ਦੇਖਿਆ ਕਰਦਾ ਸੀ। ਉਸਦੀ ਮੌਤ ਇਸ ਕਿਲੇ ਵਿਚ ਹੀ ਹੋਈ।
ਉਪਰੋਕਤ ਦੋ ਸਮਾਰਕਾਂ ਤੋਂ ਇਲਾਵਾ ਇਤਮਾਦ-ਉਦ-ਦਾਉਲਾ, ਸਿਕੰਦਰਾ ਤੇ ਹੋਰ ਸਮਾਰਕਾਂ ‘ਚ ਦੋਸਤਾਂ ਸੰਗ ਗੇੜੇ ਮਾਰਨ ਅਤੇ ਨਵੀਆਂ-ਪੁਰਾਣੀਆਂ ਫਿਲਮਾਂ ਦੇਖਣ ਦਾ ਸ਼ੌਂਕ ਮੇਰੇ ‘ਤੇ ਅਜਿਹਾ ਹਾਵੀ ਹੋਇਆ ਕਿ ਆਸਾਮ ‘ਚ ਸ਼ੁਰੂ ਕੀਤੇ ਨਾਵਲ ਨੂੰ ਅਗਾਂਹ ਤੋਰਨ ਦਾ ਧਿਆਨ ਹੀ ਨਾ ਰਿਹਾ।
ਮਾਰਚ 1966 ‘ਚ ਮਨਜੀਤ ਵਿਆਹ ਕਰਵਾਉਣ ਚਲਾ ਗਿਆ। ਕੁਝ ਦਿਨਾਂ ਬਾਅਦ ਮੈਂ ਵੀ ਦੋ ਮਹੀਨੇ ਦੀ ਛੁੱਟੀ ਲੈ ਕੇ ਪਹੁੰਚ ਗਿਆ। ਰਾਜ ਢਿੱਲੋਂ ਡਿੰਜਨ ਤੋਂ ਬਦਲ ਕੇ ਆਦਮਪੁਰ ਆ ਚੁੱਕਾ ਸੀ। ਉਹ ਕੁਝ ਦਿਨ ਮੇਰੇ ਕੋਲ਼ ਰਿਹਾ। ਉਸਨੂੰ ਸਾਡਾ ਭਰਾਵਾਂ ਤੇ ਬਾਪੂ ਜੀ ਦਾ ਇਕੱਠੇ ਬੈਠ ਕੇ ਪੀਣ-ਖਾਣ ਤੇ ਸਲਾਹਾਂ ਕਰਨ ਦਾ ਸਿਲਸਿਲਾ ਚੰਗਾ ਲੱਗਾ। ਉਸ ਨੂੰ ਸਾਡੇ ਇਲਾਕੇ ‘ਚ ਕਣਕ, ਕਮਾਦ, ਸਰ੍ਹਵਾਂ ਆਦਿ ਦੀਆਂ ਮਾਰੂ ਫ਼ਸਲਾਂ ਦੇਖ ਕੇ ਹੈਰਾਨੀ ਹੋਈ। ਬਾਪੂ ਜੀ ਨੇ ਉਸ ਨੂੰ ਦੱਸਿਆ ਸੀ, ”ਜੁਆਨਾ! ਸਾਡੇ ਇਲਾਕੇ ਨੂੰ ਸੀਰ੍ਹੋਵਾਲ ਕਹਿੰਦੇ ਆ। ਧਰਤੀ ਨੂੰ ਥੋੜ੍ਹਾ ਕੁ ਪੁੱਟੋ, ਹੇਠਾਂ ਪਾਣੀ ਦੀਆਂ ਸੀਰਾਂ ਚੱਲ ਪੈਂਦੀਆਂ ਨੇ। ਹਾੜ੍ਹੀ ਵਾਂਗ ਸਾਉਣੀ ਦੀਆਂ ਕਈ ਫ਼ਸਲਾਂ ਵੀ ਮਾਰੂ ਹੀ ਹੋ ਜਾਂਦੀਆਂ ਆਂ।”
ਮੈਂ ਤੇ ਰਾਜ ਵਿਆਹ ਤੋਂ ਇਕ ਦਿਨ ਪਹਿਲਾਂ ਮਨਜੀਤ ਦੇ ਪਿੰਡ ਪਹੁੰਚ ਗਏ। ਸਾਡੀ ਡਿੰਜਨ ਦੀ ਟੋਲੀ ਦੇ ਚੌਥੇ ਸਾਥੀ ਅਜੀਤ ਨੂੰ ਛੁੱਟੀ ਨਹੀਂ ਸੀ ਮਿਲੀ। ਮਨਜੀਤ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਉਸਦੀ ਬੀਬੀ ਤੇ ਛੋਟੇ ਭਰਾ ਜਸਪਾਲ ਨੇ ਸਾਡਾ ਬਹੁਤ ਚਾਅ ਕੀਤਾ।
ਮਨਜੀਤ ਦਾ ਵਿਆਹ ਰੋਪੜ ਜ਼ਿਲ੍ਹੇ ਦੇ ਪਿੰਡ ਪੰਜੋਲਾ ਦੀ ਮੁਟਿਆਰ ਗੁਰਦੀਪ ਕੌਰ ਨਾਲ਼ ਹੋਇਆ। ਮੈਂ ਸਿਹਰਾ ਪੜ੍ਹਿਆ ਸੀ। ਕੁਝ ਮਹੀਨਿਆਂ ਬਾਅਦ ਮਨਜੀਤ ਸ਼ਹਿਰ ‘ਚ ਛੋਟਾ ਜਿਹਾ ਮਕਾਨ ਕਿਰਾਏ ‘ਤੇ ਲੈ ਕੇ ਪਤਨੀ ਨਾਲ਼ ਰਹਿਣ ਲੱਗ ਪਿਆ।
ਨਵੀਆਂ ਬੈਰਕਾਂ ਬਣ ਗਈਆਂ ਸਨ। ਦੁਮੰਜਲੀਆਂ ਬੈਰਕਾਂ ਵਿਚ ਅਸੀਂ ਉੱਪਰ ਵਾਲ਼ੇ ਹਿੱਸੇ ‘ਚ ਡੇਰੇ ਲਾ ਲਏ। ਸਾਡੇ ਬਲਾਕ ਵਿਚ ਮੱਛਰ, ਹਰਭਜਨ, ਵਰਿੰਦਰ ਕੁਮਾਰ ਤੇ ਮੈਥੋਂ ਸਿਵਾ, ਇਕ ਕੇਰਲੀਅਨ, ਇਕ ਮਰਾਠੀ ਤੇ ਦੋ ਬੰਗਾਲੀ ਸਨ।
ਮੇਰਾ ਮਨ ਇਕੱਲਤਾ ਚਾਹੁਣ ਲੱਗ ਪਿਆ ਸੀ। ਸ਼ਾਮ ਨੂੰ ਮੈਂ ਆਪਣੇ ਮੂਡ ਅਨੁਸਾਰ ਇਕੱਲਾ ਹੀ ਸੈਰ ਕਰਨ ਚਲਾ ਜਾਂਦਾ… ਰਚਨਾਤਮਕ ਅਮਲ ਸ਼ੁਰੂ ਹੋ ਗਿਆ ਸੀ।
ਇਕ ਰਾਤ ਜਦੋਂ ਸਾਰੇ ਸੌਂ ਗਏ, ਮੈਂ ਮਲਕ ਦੇਣੀ ਨਾਵਲ ਵਾਲ਼ਾ ਕਾਗਜਾਂ ਦਾ ਪੁਲੰਦਾ ਉਠਾਇਆ ਤੇ ਪਿਛਲੇ ਵਰਾਂਡੇ ਦੇ ਕੋਨੇ ਵਾਲ਼ੀ ਲਾਈਟ ਜਗਾ ਲਈ। ਕੁਰਸੀ ਤੇ ਛੋਟਾ ਜਿਹਾ ਮੇਜ਼ ਡਾਹ ਕੇ ਨਾਵਲ ਨੂੰ ਅਗਾਂਹ ਤੋਰ ਲਿਆ। ਦਿਨ ਵੇਲੇ ਇਕੱਲਤਾ ਸੰਭਵ ਨਹੀਂ ਸੀ। ਸੋ ਮੈਂ ਕੁਝ ਸਮਾਂ ਰਾਤਾਂ ਨੂੰ ਲਾ ਲੈਂਦਾ ਤੇ ਕੁਝ ਐਤਵਾਰਾਂ ਨੂੰ ਤੜਕੇ ਉੱਠ ਕੇ।
ਸਾਡੇ ਲਾਗਲੀ ਬੈਰਕ ਵਾਲ਼ਾ ਕੁਲਦੀਪ ‘ਸ਼ਾਰਟ ਸਰਵਿਸ ਕਮਿਸ਼ਨ’ ਸਕੀਮ ਅਧੀਨ ਜ਼ਮੀਨੀ ਫੌਜ ਵਾਸਤੇ ਸੈਕੰਡ ਲੈਫਟੀਨੈਂਟ ਸਿਲੈਕਟ ਹੋ ਗਿਆ। ਕਮਿਸ਼ਨ ਵਾਸਤੇ ਘੱਟੋ-ਘੱਟ ਵਿਦਿਅਕ ਯੋਗਤਾ ਇੰਟਰਮਿਡੀਏਟ (ਬਾਰ੍ਹਵੀ ਜਮਾਤ) ਸੀ।
ਇਕ ਦਿਨ ਮੱਛਰ ਮੈਨੂੰ ਕਹਿਣ ਲੱਗਾ, ”ਮੇਰੇ ਆੜੀ! ਨਾਵਲ ਛੇਤੀ ਨਿਬੇੜ ਲੈ। ਫਿਰ ਆਪਾਂ ਇੰਟਰਮਿਡੀਏਟ ਕਰਨੀ ਆਂ। ਏਅਰਫੋਰਸ ਦੀ ਅਫਸਰੀ ਲਈ ਸ਼ਾਇਦ ਹੀ ਦਾਅ ਲੱਗੇ, ਫੌਜ ‘ਚ ਲੱਗ ਸਕਦੈ।” ਸੈਨਿਕ ਹੋਣ ਦੇ ਨਾਤੇ ਅਸੀਂ ਪ੍ਰਾਈਵੇਟ ਵਿਦਿਆਰਥੀ ਦੇ ਤੌਰ ‘ਤੇ ਪੜ੍ਹਾਈ ਕਰ ਸਕਦੇ ਸਾਂ।
”ਠੀਕ ਐ।” ਮੈਂ ਆਖ ਦਿੱਤਾ। ਮੇਰੇ ਸਾਹਮਣਲੇ ਬੈੱਡ ਵਾਲ਼ੇ ਬੰਗਾਲੀ ਸੇਨ ਗੁਪਤਾ ਦਾ ਵੀ ਮਨ ਬਣ ਗਿਆ। ਅਸੀਂ ਤਿੰਨਾਂ ਨੇ ਦਾਖਲਾ ਫਾਰਮ ਭਰ ਕੇ ਭੇਜ ਦਿੱਤੇ।
ਨਵੰਬਰ, 1966 ‘ਚ ਮੈਂ ਨਾਵਲ ਸਿਰੇ ਲਾ ਦਿੱਤਾ। ਨਾਵਲ ਦਾ ਪਲਾਟ ਪੇਂਡੂ ਜੀਵਨ ਨਾਲ਼ ਸਬੰਧਿਤ ਸੀ। ਉਸ ਵਿਚ ਮੈਂ ਜੱਟਾਂ ਦੇ ਮੁੰਡੇ ਤੇ ਝੀਊਰਾਂ ਦੀ ਕੁੜੀ ਦੇ ਪਿਆਰ ਦੀ ਦੁਖਾਂਤਿਕ ਗਾਥਾ ਪੇਸ਼ ਕੀਤੀ ਸੀ। ਇਹ ਗਾਥਾ ਪੇਂਡੂ ਜੀਵਨ ਦੇ ਦ੍ਰਿਸ਼ਾਂਵਿਚੀਂ ਉਸਰਦੀ-ਵਿਗਸਦੀ ਦਿਖਾਈ ਸੀ। ਪ੍ਰੇਮੀ ਤੇ ਪ੍ਰੇਮਿਕਾ ਜੀਵਨ ਸਾਥੀ ਬਣਨ ਦੇ ਸੁਪਨੇ ਗੁੰਦਦੇ ਹਨ। ਪਰ ਪੇਂਡੂ ਸਮਾਜ ਦੀਆਂ ਕੱਟੜ ਪਰੰਪਰਾਵਾਂ ਉਨ੍ਹਾਂ ਦੇ ਸੁਪਨਿਆਂ ਨੂੰ ਚੂਰ-ਚੂਰ ਕਰ ਦੇਂਦੀਆਂ ਹਨ। ਨਾਵਲ ਦਾ ਨਾਂ ‘ਸੰਜੋਗ ਵਿਜੋਗ’ ਰੱਖਿਆ ਸੀ।
”ਜਰਨੈਲ! ਹੁਣ ਤੂੰ ਵਿਹਲਾ ਹੋ ਗਿਐਂ। ਆਪਾਂ ਪੜ੍ਹਾਈ ਸ਼ੁਰੂ ਕਰੀਏ।” ਮੱਛਰ ਨੇ ਆਖਿਆ।
”ਮੱਛਰ ਬਾਈ! ਮੈਂ ਇੰਟਰਮਿਡੀਏਟ ਅਗਲੇ ਸਾਲ ਕਰਾਂਗਾ।”
”ਨਾਲ਼ੇ ਦਾਖਲਾ ਭੇਜ ਦਿੱਤੈ।” ”ਅਗਲੇ ਸਾਲ ਫਿਰ ਭੇਜ ਦਿਆਂਗਾ।” ”ਪਰ ਅਗਾਂਹ ਪਾਉਣ ਦਾ ਕਾਰਨ ਕੀ ਐ।” ਉਸਨੇ ਪੁੱਛਿਆ।
”ਯਾਰ, ਮੈਂ ਨਾਵਲ ਛਪਵਾਉਣੈ। ਜਨਵਰੀ ‘ਚ ਛੁੱਟੀ ਲੈ ਕੇ ਪੰਜਾਬ ਜਾਵਾਂਗਾ।”
ਮੇਰੇ ਅੰਦਰ ਨਾਵਲ ਛਪਵਾਉਣ ਦੀ ਕਾਹਲ ਮਚੀ ਹੋਈ ਸੀ। ਆਪਣੀ ਕਿਤਾਬ ਨੂੰ ਲੋਕਾਂ ਦੇ ਹੱਥਾਂ ਵਿਚ ਚਿਤਵਦਿਆਂ ਮੇਰੀ ਸੋਚ ਨੂੰ ਜਿਵੇਂ ਪਰ ਲੱਗ ਗਏ ਹੋਣਂ ਮੇਰੇ ਨਾਵਲ ਬਾਰੇ ਚਰਚਾ ਛਿੜੇਗੀ। ਬਹੁਤ ਸਾਰੇ ਲੋਕ ਮੈਨੂੰ ਜਾਣਨ ਲੱਗ ਪੈਣਗੇ। ਮੈਨੂੰ ਪਾਠਕਾਂ ਦੇ ਖਤ ਆਇਆ ਕਰਨਗੇ…।
ਮੈਂ ਇਹ ਵੀ ਸੋਚ ਲਿਆ ਸੀ ਕਿ ਨਾਵਲ ਛਪਵਾਉਣ ਲਈ ਏਅਰ ਫੋਰਸ ਮਹਿਕਮੇ ਤੋਂ ਇਜਾਜ਼ਤ ਲੈਣ ਦੇ ਲੰਮੇ ਚੱਕਰ ‘ਚ ਨਹੀਂ ਪੈਣਾ। ਨਾਵਲ ‘ਤੇ ਆਪਣਾ ਨਾਂ ਸਿਰਫ਼ ਜਰਨੈਲ ਸਿੰਘ ਹੀ ਲਿਖਾਂਗਾ, ਨਾਲ਼ ਹੀਰ ਲਿਖਣ ਦੀ ਲੋੜ ਨਹੀਂ ਸੀ। ਐਡਰੈਸ ਵੀ ਕੋਈ ਹੋਰ ਦਿੱਤਾ ਜਾ ਸਕਦਾ ਸੀ।
ਮੈਨੂੰ ਹੋਰੂੰ ਜਿਹਾ ਝਾਕਦਾ ਮੱਛਰ ਬੋਲਿਆ, ”ਓਏ ਲੇਖਕ ਸਾਅਬ! ਅਗਲੇ ਸਾਲ ਦਾ ਕੀ ਪਤੈ, ਕੀ ਸਿੱਚੂਏਸ਼ਨ ਹੋਣੀ ਐਂ। ਹੋ ਸਕਦੈ ਦੋ ਸਾਲਾਂ ਬਾਅਦ ‘ਸ਼ਾਰਟ ਸਰਵਿਸ ਕਮਿਸ਼ਨ’ ਸਕੀਮ ਹੀ ਬੰਦ ਹੋ ਜਾਏ।”
ਮੱਛਰ ਦੀ ਗੱਲ ਮੈਨੂੰ ਠੀਕ ਲੱਗੀ। ਪਹਿਲ ਕਰੀਅਰ ਬਣਾਉਣ ਨੂੰ ਦਿੱਤੀ ਜਾਣੀ ਚਾਹੀਦੀ ਸੀ। ਅਗਲੇ ਦਿਨ ਮੈਨੂੰ ਰਾਜਿੰਦਰ ਉਰਫ ਸੋਢੀ ਦੀ ਚਿੱਠੀ ਮਿਲ਼ੀ। ਸਾਡੇ ਗਵਾਂਢੀ ਪਿੰਡ ਖਾਨਪੁਰ ਦਾ ਜੰਮਪਲ ਸੋਢੀ ਮੇਰਾ ਬਚਪਨ ਦਾ ਦੋਸਤ ਸੀ। ਉਹ ਤਿੰਨ ਕੁ ਸਾਲ ਪਹਿਲਾਂ ਫੌਜ ‘ਚ ਸਿਪਾਹੀ ਭਰਤੀ ਹੋਇਆ ਸੀ ਤੇ ਹੁਣ ਰੈਗੂਲਰ ਕਮਿਸ਼ਨ ਸ਼ੇਣੀ ਵਿਚ ਸੈਕੰਡ ਲੈਫਟੀਨੈਂਟ ਸਿਲੈਕਟ ਹੋ ਗਿਆ ਸੀ। ਉਸਨੇ ਵੀ ਮੈਨੂੰ ਪ੍ਰੇਰਿਆ।
ਮੈਂ ਖਰੜਾ ਟਰੰਕ ‘ਚ ਰੱਖ ਦਿੱਤਾ। ਮੱਛਰ ਤੇ ਸੇਨਗੁਪਤਾ ਨਾਲ਼ ਪੜ੍ਹਾਈ ‘ਚ ਰੁੱਝ ਗਿਆ। ਮਾਰਚ ਵਿਚ ਪੇਪਰ ਹੋ ਗਏ।
ਸਾਡੇ ਇਕ ਰਿਸ਼ਤੇਦਾਰ ਵੱਲੋਂ ਗੱਲ ਚਲਾਉਣ ‘ਤੇ ਘਰਦਿਆਂ ਨੇ ਮੇਰੇ ਵਿਆਹ ਦਾ ਪ੍ਰੋਗਰਾਮ ਬਣਾ ਲਿਆ। ਮੇਰੀ ਹੋਣ ਵਾਲ਼ੀ ਪਤਨੀ ਕੁਲਵੰਤ ਦਾ ਪਿਤਾ ਸ.ਪਾਖਰ ਸਿੰਘ ਖਹਿਰਾ ਉਦੋਂ ਸਿੰਘਾਪੁਰ ‘ਚ ਸੀ। ਉਹ ਥੋੜ੍ਹੇ ਕੁ ਸਮੇਂ ਲਈ ਇੰਡੀਆ ਆਇਆ ਸੀ। ਜੁਲਾਈ ਵਿਚ ਵਾਪਸ ਮੁੜਨ ਤੋਂ ਪਹਿਲਾਂ ਉਹ ਧੀ ਦੇ ਵਿਆਹ ਦਾ ਕਾਰਜ ਨਿਪਟਾਉਣਾ ਚਾਹੁੰਦਾ ਸੀ।
ਮੈਂ ਜੂਨ ਦੇ ਸ਼ੁਰੂ ‘ਚ ਦੋ ਮਹੀਨੇ ਦੀ ਛੁੱਟੀ ਚਲਾ ਗਿਆ। ਬਾਪੂ ਜੀ ਨੇ ਖੇਤਾਂ ਵਿਚ ਟਿਊਬਵੈੱਲ ਲਗਵਾ ਲਿਆ ਸੀ। ਮਾਲ-ਡੰਗਰ ਵੀ ਖੇਤਾਂ ‘ਚ ਲੈ ਗਏ ਸਨ। ਉਦੋਂ ਟਿਊਬਵੈੱਲਾਂ ਦੇ ਬੋਰ, ਹੁਣ ਵਾਂਗ ਸੈਂਕੜੇ ਫੁੱਟ ਡੂੰਘੇ ਨਹੀਂ ਸਨ ਹੁੰਦੇ। ਪਾਣੀ ਦਾ ਲੈਵਲ ਜੁ ਉੱਪਰ ਸੀ। ਸਾਡਾ ਟਿਊਬਵੈੱਲ ਸਿਰਫ਼ 65 ਫੁੱਟ ਡੂੰਘਾ ਸੀ।
(ਚਲਦਾ)