Breaking News
Home / ਨਜ਼ਰੀਆ / ਵਿਸ਼ਵ ਪੰਜਾਬੀ ਸਭਾ, ਕੈਨੇਡਾ ਦੇ ਪ੍ਰਧਾਨ ਡਾ. ਦਲਬੀਰ ਸਿੰਘ ਕਥੂਰੀਆ ਨਾਲ ਸੁਖਿੰਦਰ ਦੀ ਵਿਸ਼ੇਸ਼ ਮੁਲਾਕਾਤ

ਵਿਸ਼ਵ ਪੰਜਾਬੀ ਸਭਾ, ਕੈਨੇਡਾ ਦੇ ਪ੍ਰਧਾਨ ਡਾ. ਦਲਬੀਰ ਸਿੰਘ ਕਥੂਰੀਆ ਨਾਲ ਸੁਖਿੰਦਰ ਦੀ ਵਿਸ਼ੇਸ਼ ਮੁਲਾਕਾਤ

ਵਿਸ਼ਵ ਪੰਜਾਬੀ ਸਭਾ ਸਿਰਫ ਮਾਂ-ਬੋਲੀ ਪੰਜਾਬੀ ਦੀ ਤਰੱਕੀ ਲਈ ਕਰ ਰਹੀ ਹੈ ਕੰਮ : ਡਾ. ਦਲਬੀਰ ਸਿੰਘ ਕਥੂਰੀਆ
ਅ ਦਲਬੀਰ ਸਿੰਘ ਕਥੂਰੀਆ ਜੀ, ਤੁਸੀਂ, ਵਿਸ਼ਵ ਪੰਜਾਬੀ ਸਭਾ ਕਦੋਂ ਕੁ ਸ਼ੁਰੂ ਕੀਤੀ ਸੀ?
-ਸੁਖਿੰਦਰ ਜੀ, ਵਿਸ਼ਵ ਪੰਜਾਬੀ ਸਭਾ ਕੈਨੇਡਾ ਕੋਈ 6 ਕੁ ਮਹੀਨੇ ਪੁਰਾਣੀ ਸੰਸਥਾ ਹੈ। ਇਸ ਨੂੰ ਬਣਿਆਂ ਅਜੇ ਕੋਈ ਬਹੁਤਾ ਸਮਾਂ ਨਹੀਂ ਹੋਇਆ। ਮੈਂ ਹੋਰ ਪੰਜਾਬੀ ਸਭਾਵਾਂ ਨਾਲ ਮਿਲ ਕੇ ਪਿਛਲੇ 10 ਕੁ ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਮੈਂ ਇਸ ਸਭਾ ਦੇ ਚੇਅਰਮੈਨ ਵਜੋਂ ਸਭਾ ਦੀ ਵਾਗਡੋਰ ਸੰਭਾਲੀ ਹੈ।
ਅ ਵਿਸ਼ਵ ਪੰਜਾਬੀ ਸਭਾ ਦੇ ਮੁੱਖ ਉਦੇਸ਼ ਕੀ ਹਨ?
-ਵਿਸ਼ਵ ਪੰਜਾਬੀ ਸਭਾ ਸਿਰਫ ਮਾਂ-ਬੋਲੀ ਪੰਜਾਬੀ ਦੀ ਤਰੱਕੀ ਲਈ ਹੀ ਕੰਮ ਕਰ ਰਹੀ ਹੈ। ਇਹ ਸਭਾ ਮਾਂ-ਬੋਲੀ ਪੰਜਾਬੀ ਵਾਸਤੇ ਹੀ ਚਿੰਤਤ ਹੈ। ਸਭ ਜਾਣਦੇ ਹਨ ਕਿ ਇਸ ਵੇਲੇ ਪੰਜਾਬ ਵਿੱਚ ਆਮ ਲੋਕਾਂ ਨੂੰ ਮਾਂ-ਬੋਲੀ ਪੰਜਾਬੀ ਤੋਂ ਦੂਰ ਕੀਤਾ ਜਾ ਰਿਹਾ ਹੈ। ਬੜੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਕਿ ਮਾਂ-ਬੋਲੀ ਪੰਜਾਬੀ ਨੂੰ ਖਤਮ ਕੀਤਾ ਜਾਵੇ। ਇਸ ਸੰਦਰਭ ਵਿੱਚ ਹੀ ਅਸੀਂ ਵਿਸ਼ਵ ਪੰਜਾਬੀ ਸਭਾ ਕਾਇਮ ਕੀਤੀ ਹੈ। ਜਿਸ ਦਾ ਮੁੱਖ ਉਦੇਸ਼ ਹੀ ਇਹੀ ਹੈ ਕਿ ਅਸੀਂ ਪੰਜਾਬੀ ਮਾਂ-ਬੋਲੀ ਦਾ ਪ੍ਰਚਾਰ ਅਤੇ ਪਾਸਾਰ ਕਰਨਾ ਹੈ; ਨ ਸਿਰਫ ਇੰਡੀਆ ਜਾਂ ਕੈਨੇਡਾ ਵਿੱਚ ਹੀ ਬਲਕਿ ਵਿਸ਼ਵ-ਪੱਧਰ ਉੱਤੇ ਇਸਦਾ ਪ੍ਰਚਾਰ ਅਤੇ ਪਾਸਾਰ ਕਰ ਸਕੀਏ ਅਤੇ ਮਾਂ-ਬੋਲੀ ਪੰਜਾਬੀ ਨੂੰ ਹੋਰ ਅੱਗੇ ਲਿਜਾ ਸਕੀਏ।
ਅ ਕੀ ਵਿਸ਼ਵ ਪੰਜਾਬੀ ਸਭਾ ਸਿਰਫ ਕੈਨੇਡਾ ਤੱਕ ਹੀ ਸੀਮਿਤ ਹੈ ਜਾਂ ਕਿ ਇਸ ਦੀਆਂ ਬਰਾਂਚਾਂ ਹੋਰ ਦੇਸ਼ਾਂ ਵਿੱਚ ਵੀ ਹਨ?
-ਸੁਖਿੰਦਰ ਜੀ, ਜਿਸਦਾ ਨਾਮ ਹੀ ઑਵਿਸ਼ਵ ਪੰਜਾਬੀ ਸਭਾ਼ ਹੈ ਉਹ ਕਦੀ ਕੈਨੇਡਾ ਤੱਕ ਹੀ ਸੀਮਿਤ ਨਹੀਂ ਰਹਿ ਸਕਦੀ. ਪੰਜਾਬੀ ਸਾਰੇ ਵਿਸ਼ਵ ਵਿੱਚ ਛਾਏ ਹੋਏ ਹਨ, ਸਾਰੇ ਵਿਸ਼ਵ ਵਿੱਚ ਵਿਚਰ ਰਹੇ ਹਨ। ਇਸ ਲਈ ਬਾਕੀ ਅਨੇਕਾਂ ਦੇਸ਼ਾਂ ਵਿੱਚ ਸਥਿਤ ਪੰਜਾਬੀ ਲੋਕ ਸਾਡੇ ਨਾਲ ਜੁੜ ਰਹੇ ਹਨ। ਜਰਮਨ ਵਿੱਚ ਅਸੀਂ ਸਭਾ ਦੇ ਪ੍ਰਧਾਨ ਥਾਪ ਦਿੱਤੇ ਹਨ, ਦੁਬਈ ਵਿੱਚ ਵੀ ਸਾਡੇ ਪ੍ਰਧਾਨ ਹਨ, ਅਸਟਰੇਲੀਆ ਵਿੱਚ ਵੀ ਪ੍ਰਧਾਨ ਅਤੇ ਵਾਈਸ ਪ੍ਰਧਾਨ ਚੁਣੇ ਗਏ ਹਨ। ਇਸ ਕਰਕੇ ਹੌਲੀ-ਹੌਲੀ ਅਸੀਂ ਸਾਰੇ ਵਿਸ਼ਵ ਵਿੱਚ ਹੀ ਇਸ ਸਭਾ ਨੂੰ ਲਿਜਾਣਾ ਚਾਹੁੰਦੇ ਹਾਂ। ਤਾਂ ਕਿ ਜਿੱਥੇ ਜਿੱਥੇ ਵੀ ਪੰਜਾਬੀ ਵਸਦੇ ਹਨ ਹਰ ਉਸ ਜਗ੍ਹਾ ‘ઑਤੇ ਪੰਜਾਬੀ ਬੋਲੀ ਦਾ ਪ੍ਰਚਾਰ ਅਤੇ ਪਾਸਾਰ ਕੀਤਾ ਜਾ ਸਕੇ.
ਅ ਵਿਸ਼ਵ ਪੰਜਾਬੀ ਸਭਾ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਕੀ-ਕੀ ਹਨ?
-ਦੇਖੋ, ਸਿਰਫ 6 ਮਹੀਨੇ ਪੁਰਾਣੀ ਸੰਸਥਾ ਵੱਲੋਂ ਅਸੀਂ ਹੁਣ ਤੱਕ 5 ਵੱਡੇ ਫੰਕਸ਼ਨ ਆਯੋਜਿਤ ਕਰ ਚੁੱਕੇ ਹਾਂ। ਸਭ ਤੋਂ ਪਹਿਲਾਂ ਅਸੀਂ ਬਰੈਂਪਟਨ ਵਿੱਚ ਦਸਤਾਰ ਮੁਕਾਬਲੇ ਅਤੇ ਗੁਰਬਾਣੀ ਪੜ੍ਹਣ ਦੇ ਮੁਕਾਬਲੇ ਕਰਵਾਏ। ਫਿਰ ਰਾਏਕੋਟ, ਪੰਜਾਬ, ਵਿੱਚ ઑਸ਼ਹੀਦ ਭਗਤ ਸਿੰਘ ਯਾਦਗਾਰੀ਼ ਫੰਕਸ਼ਨ ਆਯੋਜਿਤ ਕੀਤਾ। ਇਸ ਤੋਂ ਬਿਨ੍ਹਾਂ ਅਸੀਂ ਮਹਾਰਾਜਾ ਦਲੀਪ ਸਿੰਘ ਦੀ ਕੋਠੀ ਵਿੱਚ ਵੀ ਇੱਕ ਫੰਕਸ਼ਨ ਕਰਵਾ ਚੁੱਕੇ ਹਾਂ। ਜਿਸ ਵਿੱਚ ਦਸਤਾਰ ਮੁਕਾਬਲੇ ਕਰਵਾਏ ਗਏ। ਉਸ ਤੋਂ ਬਾਅਦ ਜਲੰਧਰ ਵਿੱਚ ਦਸਤਾਰ ਮੁਕਾਬਲੇ ਕਰਵਾਉਣ ਦੇ ਨਾਲ-ਨਾਲ ਇੱਕ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ। ਫਿਰ ਅਸੀਂ ਮਾਤਾ ਸੁੰਦਰੀ ਕਾਲਜ, ਦਿੱਲੀ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ। ਇਸ ਪ੍ਰੋਗਰਾਮ ਵਿੱਚ ਅਸੀਂ ਪੰਜਾਬੀ ਬੋਲੀ ਦੇ ਇਮਤਿਹਾਨਾਂ ਵਿੱਚ ਚੰਗੇ ਨੰਬਰ ਲੈਣ ਵਾਲੇ ਪੰਜਾਬੀ ਬੱਚਿਆਂ ਨੂੰ ਮਾਨ-ਸਨਮਾਨ ਦਿੱਤਾ ਗਿਆ, ਸਰਟੀਫੀਕੇਟ ਦਿੱਤੇ ਗਏ। ਇਸੀ ਤਰ੍ਹਾਂ ਹੀ ਪਟਨਾ ਸਾਹਿਬ ਵਿੱਚ 350 ਬੱਚਿਆਂ ਨੂੰ ઑਦਸਤਾਰ ਸਮਾਗਮ਼ ਵਿੱਚ ਦਸਤਾਰਾਂ ਭੇਟ ਕੀਤੀਆਂ ਗਈਆਂ। ਇਸ ਕੰਮ ਲਈ ਅਸੀਂ ਲਗਾਤਾਰ ਲੱਗੇ ਹੋਏ ਹਾਂ। ਇਸੇ ਤਰ੍ਹਾਂ ਹੀ ਅਸੀਂ ਕੁਝ ਹੋਰ ਫੰਕਸ਼ਨ ਵੀ ਕਰਨ ਜਾ ਰਹੇ ਹਾਂ।
ਅ ਅਗਲੇ ਕੁਝ ਮਹੀਨਿਆਂ ਵਿੱਚ ਜਾਂ ਸਾਲ 2024 ਵਿੱਚ ઑਵਿਸ਼ਵ ਪੰਜਾਬੀ ਸਭਾ਼ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਅਤੇ ਪੰਜਾਬੀ ਵਿਰਸੇ ਦੀ ਤਰੱਕੀ ਲਈ ਜਾਂ ਸੰਭਾਲ ਲਈ ਹੋਰ ਕਿਹੋ ਜਿਹੇ ਪ੍ਰੋਗਰਾਮ ਕਰਨ ਦੀਆਂ ਯੋਜਨਾਵਾਂ ਬਣਾ ਰਹੀ ਹੈ?
-ਸੁਖਿੰਦਰ ਜੀ, ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਤੱਕ ਪੰਜਾਬ ਵਿੱਚ ਹੋਰ ਕਿਸੇ ਨੇ ਵੀ ਮਾਂ-ਬੋਲੀ ਪੰਜਾਬੀ ਲਈ ਰੈਲੀ ਨਹੀਂ ਕੀਤੀ, ਕੋਈ ਐਡਾ ਵੱਡਾ ਕਦਮ ਨਹੀਂ ਉਠਾਇਆ। ਠੀਕ ਹੈ ਹਰ ਕੋਈ ਆਪਣੀ ਆਪਣੀ ਜਗ੍ਹਾ ‘ઑਤੇ ਜੋ-ਜੋ ਕੰਮ ਕਰ ਰਹੇ ਹਨ ਬਹੁਤ ਵਧੀਆ ਕੰਮ ਕਰ ਰਹੇ ਹਨ। ਪਰ ਅਸੀਂ ਇੱਕ ਯੋਜਨਾ ਬਣਾਈ ਹੈ। ਜਿਸ ਵਿੱਚ ਸਤੰਬਰ 23 ਤੋਂ ਲੈ ਕੇ ਸਤੰਬਰ 27 ਤੱਕ ਮਾਂ-ਬੋਲੀ ਪੰਜਾਬੀ ਲਈ ਇੱਕ ਰੈਲੀ ਕੱਢੀ ਜਾ ਰਹੀ ਹੈ। ਜਿਹੜੀ ਰੈਲੀ ਚੰਡੀਗੜ੍ਹ ਤੋਂ ਸ਼ੁਰੂ ਹੋਵੇਗੀ, ਅਸੀਂ ਚਾਹੁੰਦੇ ਸੀ ਕਿ ਅਸੀਂ ਮਾਂ-ਬੋਲੀ ਪੰਜਾਬੀ ਬਾਰੇ ਆਪਣੀ ਆਵਾਜ਼ ਸਰਕਾਰਾਂ ਤੱਕ ਪਹੁੰਚਾਈਏ, ਸਾਡੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਤੋਂ ਦੂਰ ਕੀਤਾ ਜਾ ਰਿਹਾ ਹੈ। ਸਕੂਲਾਂ ਵਿੱਚ ਮਾਂ-ਬੋਲੀ ਪੰਜਾਬੀ ਬੋਲਣ ਉੱਤੇ ਜੁਰਮਾਨੇ ਕੀਤੇ ਜਾ ਰਹੇ ਹਨ। ਸਿਲੇਬਸਾਂ ਵਿੱਚੋਂ ਮਾਂ-ਬੋਲੀ ਪੰਜਾਬੀ ਕੱਢੀ ਜਾ ਰਹੀ ਹੈ। ਸਾਡੀਆਂ ਯੂਨੀਵਰਸਿਟੀਆਂ ਵਿੱਚ ਪੰਜਾਬੀ ਬਿਲਕੁਲ ਪੜ੍ਹਾਈ ਨਹੀਂ ਜਾ ਰਹੀ। ਕੋਨਵੈਂਟ ਸਕੂਲਾਂ ਵਿੱਚ ਪੰਜਾਬੀ ਬੋਲਣ ਕਾਰਨ ਸਟੂਡੈਂਟਸ ਨੂੰ ਜੁਰਮਾਨੇ ਕਰਨ ਤੋਂ ਇਲਾਵਾ ਪੰਜਾਬੀ ਦੇ ਸਿਲੇਬਸ ਖਤਮ ਕੀਤੇ ਗਏ ਹਨ। ਅਸੀਂ ਇਸ ਸਬੰਧ ਵਿੱਚ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਆਪਣੀ ਰੈਲੀ ਕੱਢਣ ਜਾ ਰਹੇ ਹਾਂ; ਪਰ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਣ ਪੰਜਾਬ ਸਰਕਾਰ ਵੀ ਸਾਡੇ ਨਾਲ ਮਿਲਕੇ ਮਾਂ-ਬੋਲੀ ਪੰਜਾਬੀ ਦਾ ਪ੍ਰਚਾਰ ਕਰਨ ਲਈ ਜਾ ਰਹੀ ਹੈ। 23 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਡੀ ਇਸ ਰੈਲੀ ਨੂੰ ਹਰੀ ਝੰਡੀ ਦੇਣਗੇ। ਉਸ ਤੋਂ ਬਾਅਦ 45 ਸ਼ਹਿਰਾਂ ਵਿੱਚ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਵਿੱਚ ਹੁੰਦੇ ਹੋਏ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਮੱਥਾ ਟੇਕ ਕੇ ਇਸ ਰੈਲੀ ਨੂੰ ਸਮਾਪਤ ਕਰਾਂਗੇ। ਉਸ ਤੋਂ ਬਾਅਦ ਅਸੀਂ ਵਾਹਗਾ ਬਾਰਡਰ ਉੱਤੇ ਵੀ ਜਾਵਾਂਗੇ। ਇਸ ਰੈਲੀ ਦਾ ਸਾਡਾ ਮੰਤਵ ਹੈ ਕਿ ਅਸੀਂ ਲੋਕਾਂ ਨੂੰ ਮਾਂ-ਬੋਲੀ ਬਾਰੇ ਜਾਗਰੂਕ ਕਰਨਾ ਹੈ। ਇਸੀ ਲਈ ਅਸੀਂ ਇਸ ਰੈਲੀ ਦਾ ਨਾਮ ਰੱਖਿਆ ਹੈ ઑਪੰਜਾਬੀ ਜਾਗਰੂਕਤਾ ਰੈਲੀ। ਉਸ ਤੋਂ ਬਾਅਦ ਅਸੀਂ 60 ਕੁ ਮੈਂਬਰ 28 ਸਤੰਬਰ ਨੂੰ ਦੁਬਈ ਜਾ ਰਹੇ ਹਾਂ। ਦੁਬਈ ਵਿੱਚ ਸਾਡੀ ઑਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ਼ ਹੋਵੇਗੀ। ਭਾਵੇਂ ਕਿ ਉਸ ਤੋਂ ਪਹਿਲਾਂ ਪੰਜਾਬ ਵਿੱਚ ਅਨੇਕਾਂ ਹੀ ਪੰਜਾਬੀ ਕਾਨਫਰੰਸਾਂ ਹੋ ਜਾਣਗੀਆਂ; ਪਰ ਅਸੀਂ ਆਫੀਸ਼ਲ ਤੌਰ ਉੱਤੇ ਦੁਬਈ ਵਿੱਚ ਹੋਣ ਵਾਲੀ ਕਾਨਫਰੰਸ ਨੂੰ ਹੀ ઑਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ਼ ਦਾ ਨਾਮ ਦਿੱਤਾ ਹੈ। ਇਸ ਮੰਤਵ ਲਈ ਅਸੀਂ ਪਹਿਲਾ ਸ਼ਹਿਰ ਦੁਬਈ ਚੁਣਿਆ ਹੈ। ਪਾਕਿਸਤਾਨ ਤੋਂ ਵੀ ਬੁਲਾਰੇ ਆ ਰਹੇ ਹਨ, ਇੰਡੀਆ ਤੋਂ ਵੀ ਬੁਲਾਰੇ ਆ ਰਹੇ ਹਨ, ਕੈਨੇਡਾ ਤੋਂ ਵੀ ਬੁਲਾਰੇ ਜਾ ਰਹੇ ਹਨ, ਇੰਗਲੈਂਡ ਤੋਂ ਵੀ 2/3 ਬੁਲਾਰੇ ਆ ਰਹੇ ਹਨ ਤਾਂ ਕਿ ਰੈਲੀ ਖਤਮ ਹੋਣ ਤੋਂ ਬਾਅਦ ਅਸੀਂ ਦੁਬਈ ਵਿੱਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਆਯੋਜਿਤ ਕਰਕੇ ਲੋਕਾਂ ਨੂੰ ਦੱਸ ਸਕੀਏ ਕਿ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਅਤੇ ਪਾਸਾਰ ਲਈ ਅਸੀਂ ਵਿਸ਼ਵ-ਪੱਧਰ ਉੱਤੇ ਕੀ ਕੁਝ ਕਰਨ ਜਾ ਰਹੇ ਹਾਂ।
ਅ ਪਿਛਲੇ ਦਿਨੀਂ ਤੁਸੀਂ ਬਰੈਂਪਟਨ, ਕੈਨੇਡਾ, ਵਿੱਚ ਵਿਸ਼ਵ ਪੰਜਾਬੀ ਭਵਨ ਦੀ ਵੀ ਸਥਾਪਨਾ ਕਰ ਦਿੱਤੀ ਹੈ. ਇਸ ਸਬੰਧ ਵਿੱਚ ਤੁਹਾਡੀਆਂ ਕਿਹੋ ਜਿਹੀਆਂ ਯੋਜਨਾਵਾਂ ਹਨ?
-ਜਿਵੇਂ ਪੰਜਾਬ ਵਿੱਚ ਸਾਡੇ ਬੱਚੇ ਪੰਜਾਬੀ ਜ਼ੁਬਾਨ ਤੋਂ ਦੂਰ ਹੋ ਰਹੇ ਹਨ; ਇਵੇਂ ਹੀ ਜਿਹੜੇ ਸਾਡੇ ਬੱਚੇ ਇੱਥੇ ਵਿਦੇਸ਼ਾਂ ਵਿੱਚ ਆ ਜਾਂਦੇ ਹਨ ਜਾਂ ਜਿਹੜੇ ਪੰਜਾਬੀ ਬੱਚੇ ਇਨ੍ਹਾਂ ਦੇਸ਼ਾਂ ਵਿੱਚ ਹੀ ਪੈਦਾ ਹੁੰਦੇ ਹਨ ਉਨ੍ਹਾਂ ਨੂੰ ਪੰਜਾਬੀ ਆਉਂਦੀ ਨਹੀਂ। ਉਹ ਬੱਚੇ ਪੰਜਾਬੀ ਬੋਲ ਕੇ ਰਾਜ਼ੀ ਨਹੀਂ। ਜੇਕਰ ਅਸੀਂ ਆਪਣੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜਦੇ ਨਹੀਂ ਤਾਂ ਅਸੀਂ ਮਾਂ-ਬੋਲੀ ਪੰਜਾਬੀ ਨਾਲ ਧੋਖਾ ਕਰ ਰਹੇ ਹਾਂ। ਅਸੀਂ ਪੰਜਾਬੀ ਭਵਨ ਦੀ ਸਥਾਪਨਾ ਇਸ ਲਈ ਕੀਤੀ ਹੈ ਕਿ ਇੱਕ ਤਾਂ ਉੱਥੇ ਮਾਂ-ਬੋਲੀ ਪੰਜਾਬੀ ਦੀ ਸਿਖਲਾਈ ਲਈ ਕਲਾਸਾਂ ਲਗਾਈਆਂ ਜਾਣ, ਜਿਹੜੇ ਮਾਂ-ਬਾਪ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਪੜ੍ਹਣੀ, ਲਿਖਣੀ, ਬੋਲਣੀ ਆਉਂਦੀ ਹੋਵੇ ਉਹ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਉਣ. ਇਸ ਭਵਨ ਵਿੱਚ ਅਸੀਂ ਇੱਕ ਲਾਇਬਰੇਰੀ ਵੀ ਬਣਾਵਾਂਗੇ, ਜਿਹੜਾ ਵੀ ਕੋਈ ਪੰਜਾਬੀ ਲੇਖਕ ਆਪਣੀ ਕੋਈ ਨਵੀਂ ਛਪੀ ਕਿਤਾਬ ਰੀਲੀਜ਼ ਕਰਨਾ ਚਾਹੁੰਦਾ ਹੈ ਉਹ ਆਪਣੀ ਕਿਤਾਬ ਇੱਥੇ ਰੀਲੀਜ਼ ਕਰ ਸਕੇਗਾ। ਉਨ੍ਹਾਂ ਲੇਖਕਾਂ ਤੋਂ ਇਸ ਪੰਜਾਬੀ ਭਵਨ ਵਿੱਚ ਪੁਸਤਕ ਰੀਲੀਜ਼ ਸਮਾਰੋਹ ਆਯੋਜਿਤ ਕਰਨ ਦਾ ਕੋਈ ਖਰਚਾ ਨਹੀਂ ਲਿਆ ਜਾਵੇਗਾ। ਉੱਥੇ ਯੋਗਾ ਦੀਆਂ ਵੀ ਕਲਾਸਾਂ ਹੋਣਗੀਆਂ। ਇਸ ਤਰ੍ਹਾਂ ਉੱਥੇ ਹੋਰ ਵੀ ਕਈ ਤਰ੍ਹਾਂ ਦੇ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਅ ਦਲਬੀਰ ਕਥੂਰੀਆ ਜੀ, ਮੁਲਾਕਾਤ ਦੇ ਅੰਤ ਉੱਤੇ ਤੁਸੀਂ ਵਿਸ਼ਵ ਪੰਜਾਬੀ ਸਭਾ ਬਾਰੇ ਕੁਝ ਹੋਰ ਕਹਿਣਾ ਚਾਹੋ ਤਾਂ ਜ਼ਰੂਰ ਕਹੋ?
-ਦੇਖੋ ਜੀ, ਵਿਸ਼ਵ ਪੰਜਾਬੀ ਸਭਾ ਦਾ ਇੱਕੋ ਹੀ ਮੰਤਵ ਹੈ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਾਸਾਰ ਲਈ ਕੰਮ ਕਰਨਾ। ਕੋਈ ਵੀ ਵਿਅਕਤੀ ਜੋ ਮਾਂ-ਬੋਲੀ ਪੰਜਾਬੀ ਲਈ ਕੰਮ ਕਰਨਾ ਚਾਹੁੰਦਾ ਹੈ ਉਹ ਇਸ ਸਭਾ ਦਾ ਮੈਂਬਰ ਬਣ ਸਕਦਾ ਹੈ। ਮੈਂਬਰ ਬਨਣ ਦੀ ਕੋਈ ਫੀਸ ਨਹੀਂ ਹੈ। ਸਾਡਾ ਹੋਰ ਕਿਸੀ ਵੀ ਅਜਿਹੀ ਸੰਸਥਾ ਨਾਲ ਕੋਈ ਵੈਰ-ਵਿਰੋਧ ਨਹੀਂ ਜੋ ਮਾਂ-ਬੋਲੀ ਪੰਜਾਬੀ ਲਈ ਕੰਮ ਕਰ ਰਹੀ ਹੈ। ਇੱਥੇ ਮੈਂ ਇੱਕ ਹੋਰ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਪੰਜਾਬ ਸਾਡੇ ਸਾਰਿਆਂ ਦਾ ਹੀ ਹੈ। ਉਸ ਵਿੱਚ ਧਰਮ, ਜ਼ਾਤ ਪਾਤ, ਨਸਲ, ਰੰਗ-ਭੇਦ ਦਾ ਕੋਈ ਭਿੰਨ ਭੇਤ ਨਹੀਂ। ਕਿਉਂਕਿ, ਹਿੰਦੂ, ਸਿੱਖ, ਮੁਸਲਮਾਨ, ਈਸਾਈ, ਜੈਨੀ, ਬੋਧੀ ਸਾਰੇ ਹੀ ਪੰਜਾਬ ਵਿੱਚ ਰਹਿੰਦੇ ਹਨ। ਸਾਰਿਆਂ ਨੇ ਹੀ ਆਪਣੀ ਆਪਣੀ ਸਮਰੱਥਾ ਅਨੁਸਾਰ ਪੰਜਾਬੀ ਬੋਲੀ, ਸਾਹਿਤ, ਸਭਿਆਚਾਰ ਨੂੰ ਅਮੀਰ ਬਨਾਉਣ ਲਈ ਕੰਮ ਕੀਤਾ ਹੈ। ਸਾਨੂੰ ਸਭ ਦੇ ਯੋਗਦਾਨ ਦੀ ਕਦਰ ਕਰਨੀ ਚਾਹੀਦੀ ਹੈ। ਪੰਜਾਬ ਸਮੂਹ ਪੰਜਾਬੀਆਂ ਦਾ ਹੈ। ਪੰਜਾਬੀ ਸਾਡੇ ਸਾਰਿਆਂ ਦੀ ਮਾਂ-ਬੋਲੀ ਹੈ। ਮੈਂ ਸਭ ਪੰਜਾਬੀਆਂ ਅੱਗੇ ਗੁਜ਼ਾਰਿਸ਼ ਕਰਦਾ ਹਾਂ ਕਿ ਜਦੋਂ ਵੀ ਪੰਜਾਬ ਵਿੱਚ, ਕੈਨੇਡਾ ਵਿੱਚ, ਪਾਕਿਸਤਾਨ ਵਿੱਚ, ਇੰਗਲੈਂਡ ਵਿੱਚ, ਯੂ.ਐਸ.ਏ. ਵਿੱਚ, ਅਸਟਰੇਲੀਆ ਵਿੱਚ ਜਾਂ ਹੋਰ ਕਿਸੇ ਵੀ ਦੇਸ਼ ਵਿੱਚ ਮਰਦਮਸ਼ੁਮਾਰੀ ਹੋਵੇ ਤਾਂ ਸਭ ਆਪਣੀ ਮਾਂ-ਬੋਲੀ ਪੰਜਾਬੀ ਹੀ ਲਿਖਵਾਉਣ, ਤਾਂ ਕਿ ਅਸੀਂ ਸਾਰੀ ਦੁਨੀਆਂ ਨੂੰ ਦਸ ਸਕੀਏ ਕਿ ਅਸੀਂ ਪੰਜਾਬੀ ਹਾਂ ਅਤੇ ਸਾਨੂੰ ਆਪਣੀ ਮਾਂ-ਬੋਲੀ ਪੰਜਾਬੀ ਉੱਤੇ ਮਾਣ ਹੈ…. ਸੁਖਿੰਦਰ ਜੀ…ਤੁਸੀਂ ਵੀ ਮਾਂ-ਬੋਲੀ ਪੰਜਾਬੀ ਲਈ ਬਹੁਤ ਕੰਮ ਕਰ ਰਹੇ ਹੋ. ਤੁਹਾਡਾ ਮੈਗਜ਼ੀਨ ઑਸੰਵਾਦ਼ ਵੀ ਪੜ੍ਹੀਦਾ ਹੈ। ਉਸ ਵਿੱਚ ਛਪੀਆਂ ਲਿਖਤਾਂ ਤੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸੇ ਤਰ੍ਹਾਂ ਹੀ ਲੱਗੇ ਰਹੋ ਅਤੇ ਪੰਜਾਬੀ ਜ਼ਿੰਦਾਬਾਦ, ਪੰਜਾਬੀ ਜ਼ਿੰਦਾਬਾਦ ਦੇ ਨਾਹਰੇ ਲਗਾਂਦੇ ਰਹੋ….

Sukhinder
Malton, Canada
Tel. 416-858-7077
[email protected]

 

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …