13.2 C
Toronto
Tuesday, October 14, 2025
spot_img
Homeਭਾਰਤਚੋਣ ਰੈਲੀਆਂ ਤੇ ਰੋਡ ਸ਼ੋਅ ਉਤੇ ਪਾਬੰਦੀ 11 ਫਰਵਰੀ ਤੱਕ ਵਧੀ

ਚੋਣ ਰੈਲੀਆਂ ਤੇ ਰੋਡ ਸ਼ੋਅ ਉਤੇ ਪਾਬੰਦੀ 11 ਫਰਵਰੀ ਤੱਕ ਵਧੀ

ਡੋਰ-ਟੂ-ਡੋਰ ਪ੍ਰਚਾਰ ਤੇ ਜਨਤਕ ਇਕੱਠਾਂ ਨਾਲ ਸਬੰਧਤ ਪਾਬੰਦੀਆਂ ‘ਚ ਢਿੱਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਚੋਣ ਕਮਿਸ਼ਨ ਨੇ ਪੰਜ ਰਾਜਾਂ ਵਿਚ ਰੋਡ ਸ਼ੋਅ, ਪੈਦਲ ਯਾਤਰਾ ਤੇ ਵਾਹਨ ਰੈਲੀਆਂ ਉਤੇ ਲਾਈਆਂ ਪਾਬੰਦੀਆਂ 11 ਫਰਵਰੀ ਤੱਕ ਵਧਾ ਦਿੱਤੀਆਂ ਹਨ, ਪਰ ਸਾਰੇ ਗੇੜਾਂ ਲਈ ਘਰ-ਘਰ ਜਾ ਕੇ ਪ੍ਰਚਾਰ ਕਰਨ ਵਾਲਿਆਂ ਦੀ ਗਿਣਤੀ ਤੇ ਲੋਕਾਂ ਦੇ ਇਕੱਠਾਂ ਨਾਲ ਸਬੰਧਤ ਨਿਯਮਾਂ ਵਿਚ ਢਿੱਲ ਦੇ ਦਿੱਤੀ ਹੈ। ਛੋਟ ਤਹਿਤ ਘਰ-ਘਰ ਜਾ ਕੇ ਪ੍ਰਚਾਰ ਕਰਨ ਵਾਲਿਆਂ ਦੀ ਗਿਣਤੀ 10 ਤੋਂ ਵਧਾ ਕੇ 20 ਕਰ ਦਿੱਤੀ ਗਈ ਹੈ ਤੇ ਇਕੱਠ ਵਿਚ ਹੁਣ ਵੱਧ ਤੋਂ ਵੱਧ 1000 ਵਿਅਕਤੀ ਸ਼ਾਮਲ ਹੋ ਸਕਦੇ ਹਨ।
ਕਮਿਸ਼ਨ ਨੇ ਇਨਡੋਰ ਬੈਠਕਾਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਵੀ ਵਰਤਮਾਨ 300 ਤੋਂ ਵਧਾ ਕੇ 500 ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਕ ਵਰਚੁਅਲ ਸਮੀਖਿਆ ਬੈਠਕ ਦੌਰਾਨ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੇ ਕਮਿਸ਼ਨ ਨੂੰ ਕੋਵਿਡ-19 ਦੀ ਸਥਿਤੀ ਬਾਰੇ ਸੂਚਿਤ ਕੀਤਾ ਸੀ, ਜਿਨ੍ਹਾਂ ਦੇ ਮਾਮਲਿਆਂ ਵਿਚ ਕਮੀ ਆਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਾਇਰਸ ਫੈਲਣ ਦੀ ਦਰ ਵੀ ਘਟ ਰਹੀ ਹੈ ਤੇ ਹਸਪਤਾਲਾਂ ਵਿਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਵੀ ਘਟੀ ਹੈ। ਹਾਲਾਂਕਿ ਰਾਜਾਂ ਦੇ ਅਧਿਕਾਰੀਆਂ ਨੇ ਕਮਿਸ਼ਨ ਨੂੰ ਜਾਣੂ ਕਰਾਇਆ ਕਿ ਕੋਵਿਡ ਦੀਆਂ ਸਾਵਧਾਨੀਆਂ ਜਾਰੀ ਰੱਖਣ ਦੀ ਲੋੜ ਹੈ ਤਾਂ ਕਿ ਸਿਆਸੀ ਗਤੀਵਿਧੀਆਂ ਕਾਰਨ ਕੇਸਾਂ ਵਿਚ ਵਾਧਾ ਨਾ ਹੋਵੇ।
ਕੇਂਦਰੀ ਸਿਹਤ ਸਕੱਤਰ ਤੋਂ ਵੀ ਸਥਿਤੀ ਦੀ ਜਾਣਕਾਰੀ ਲਈ ਗਈ। ਕਮਿਸ਼ਨ ਨੇ ਪੰਜਾਬ, ਗੋਆ, ਮਨੀਪੁਰ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਇਹ ਸਮੀਖਿਆ ਬੈਠਕ ਕੀਤੀ ਸੀ। ਕਮਿਸ਼ਨ ਨੇ ਡੋਰ-ਟੂ-ਡੋਰ ਪ੍ਰਚਾਰ ਮੁਹਿੰਮ ਲਈ ਸੁਰੱਖਿਆ ਕਰਮੀਆਂ ਤੋਂ ਇਲਾਵਾ 10 ਲੋਕਾਂ ਦੀ ਥਾਂ ਹੁਣ 20 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਬਾਕੀ ਪਾਬੰਦੀਆਂ ਪਹਿਲਾਂ ਵਾਂਗ ਹੀ ਲਾਗੂ ਰਹਿਣਗੀਆਂ।

 

RELATED ARTICLES
POPULAR POSTS