ਇਹ ਪੁਰਸਕਾਰ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਬਣੀ ਰਾਸ਼ਟਰਪਤੀ ਮੁਰਮੂ
ਸੂਰੀਨਾਮ/ਬਿਊਰੋ ਨਿਊਜ਼ : ਭਾਰਤੀ ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਦੇ ਦੌਰੇ ’ਤੇ ਹਨ ਅਤੇ ਇਥੇ ਉਨ੍ਹਾਂ ਨੂੰ ‘ਸਰਵ ਉਚ ਨਾਗਰਿਕ ਸਨਮਾਨ’ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਮੁਰਮੂ ਨੇ ਸੂਰੀਨਾਮ ਦੇ ਰਾਸ਼ਟਰਪਤੀ ਚੰਦਰਿਕਾ ਪ੍ਰਸਾਦ ਸੰਤੋਖੀ ਤੋਂ ਇਹ ਸਨਮਾਨ ਪ੍ਰਾਪਤ ਕੀਤਾ। ਸਨਮਾਨ ਹਾਸਲ ਕਰਨ ਤੋਂ ਬਾਅਦ ਮੁਰਮੂ ਨੇ ਕਿਹਾ ਕਿ ਮੈਂ ਬਹੁਤ ਸਨਮਾਨਿਤ ਮਹਿਸੂਸ ਕਰ ਰਹੀ ਹਾਂ ਅਤੇ ਇਹ ਸਨਮਾਨ ਸਿਰਫ ਮੇਰੇ ਲਈ ਨਹੀਂ ਬਲਕਿ ਭਾਰਤ ਦੇ 140 ਕਰੋੜ ਲੋਕਾਂ ਦੇ ਲਈ ਬਹੁਤ ਮਹੱਤਵਪੂਰਨ ਹੈ। ਮੈਂ ਇਸ ਸਨਮਾਨ ਨੂੰ ਭਾਰਤੀ-ਸੂਰੀਨਾਮੀ ਭਾਈਚਾਰੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਰਪਿਤ ਕਰਦੀ ਹਾਂ, ਜਿਨ੍ਹਾਂ ਨੇ ਸਾਡੇ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਇਸ ਸਨਮਾਨ ਨੂੰ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਰਾਸ਼ਟਰਪਤੀ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਸਨਮਾਨ ਦੋਵੇਂ ਦੇਸ਼ਾਂ ਵਿਚ ਔਰਤਾਂ ਦੇ ਸਸ਼ਕਤੀਕਰਨ ਅਤੇ ਹੌਸਲੇ ਦੀ ਰੋਸ਼ਨੀ ਵਜੋਂ ਕੰਮ ਕਰਦਾ ਹੈ। ਇਸ ਮੌਕੇ ਉਨ੍ਹਾਂ ਸੂਰੀਨਾਮ ਦੇ ਹਮਰੁਤਬਾ ਚੰਦਰਿਕਾ ਪ੍ਰਸਾਦ ਸੰਤੋਖੀ ਨਾਲ ਮੁਲਾਕਾਤ ਕੀਤੀ ਅਤੇ ਰੱਖਿਆ, ਸੂਚਨਾ ਤਕਨਾਲੋਜੀ ਅਤੇ ਸਮਰਥਾ ਨਿਰਮਾਣ ਸਮੇਤ ਕਈ ਹੋਰ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਸਬੰਧੀ ਚਰਚਾ ਕੀਤੀ। ਇਸ ਮੌਕੇ ਦੋਵੇਂ ਦੇਸ਼ਾਂ ਦੇ ਰਾਸ਼ਟਰਪਤੀਆਂ ਵੱਲੋਂ ਸਿਹਤ ਅਤੇ ਖੇਤੀਬਾੜੀ ਸਮੇਤ ਵੱਖ-ਵੱਖ ਖੇਤਰਾਂ ਵਿਚ 4 ਸਮਝੌਤਿਆਂ ’ਤੇ ਵੀ ਹਸਤਾਖਰ ਕੀਤੇ ਗਏ।