ਸਰਹੱਦੀ ਰਾਜਾਂ ‘ਚ 28 ਬੁਨਿਆਦੀ ਢਾਂਚਾ ਪ੍ਰਾਜੈਕਟ ਦੇਸ਼ ਨੂੰ ਸਮਰਪਿਤ ਕੀਤੇ
ਬੋਲੈਂਗ (ਅਰੁਣਾਚਲ ਪ੍ਰਦੇਸ਼)/ਬਿਊਰੋ ਨਿਊਜ਼ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਭਾਰਤ ਜੰਗ ਵਿੱਚ ਵਿਸ਼ਵਾਸ ਨਹੀਂ ਰੱਖਦਾ, ਪਰ ਉਸ ਕੋਲ ਆਪਣੀ ਸਰਜ਼ਮੀਨ ਦੀ ਰਾਖੀ ਕਰਨ ਤੇ ਕਿਸੇ ਵੀ ਚੁਣੌਤੀ ਨਾਲ ਸਿੱਝਣ ਦੀ ਪੂਰੀ ਸਮਰਥਾ ਹੈ। ਰੱਖਿਆ ਮੰਤਰੀ ਅਸਲ ਕੰਟਰੋਲ ਰੇਖਾ ਦੇ ਨਾਲ ਤਵਾਂਗ ਸੈਕਟਰ ਵਿੱਚ ਚੀਨੀ ਫੌਜ ਵੱਲੋਂ ਤਿੰਨ ਹਫ਼ਤੇ ਪਹਿਲਾਂ ਵਿਖਾਏ ਹਮਲਾਵਰ ਰੁਖ਼ ਮਗਰੋਂ ਸਰਹੱਦੀ ਸੂਬੇ ਅਰੁਣਾਚਲ ਪ੍ਰਦੇਸ਼ ਦੀ ਆਪਣੀ ਪਲੇਠੀ ਫੇਰੀ ਦੌਰਾਨ ਬੁਨਿਆਦੀ ਢਾਂਚਾ ਪ੍ਰਾਜੈਕਟ ਦੇ ਉਦਘਾਟਨ ਮੌਕੇ ਬੋਲ ਰਹੇ ਸਨ।
ਉਨ੍ਹਾਂ ਲੱਦਾਖ, ਅਰੁਣਾਚਲ ਪ੍ਰਦੇਸ਼, ਸਿੱਕਮ ਤੇ ਜੰਮੂ ਕਸ਼ਮੀਰ ਵਿੱਚ ਰਣਨੀਤਕ ਪੱਖੋਂ ਅਹਿਮ ਖੇਤਰਾਂ ਵਿੱਚ ਪੁਲਾਂ ਤੇ ਸੜਕਾਂ ਨਾਲ ਜੁੜੇ 28 ਬੁਨਿਆਦੀ ਢਾਂਚਾ ਪ੍ਰਾਜੈਕਟ ਦੇਸ਼ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰਾਜੈਕਟਾਂ ਦੇ ਸ਼ੁਰੂ ਹੋਣ ਨਾਲ ਫੌਜੀ ਤਿਆਰੀਆਂ ਤੇ ਸਮਾਜਿਕ-ਆਰਥਿਕ ਵਾਧੇ ਨੂੰ ਹੁਲਾਰਾ ਮਿਲੇਗਾ। ਰੱਖਿਆ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਸਾਡੀਆਂ ਫੌਜਾਂ ਨੇ ਉੱਤਰੀ ਸੈਕਟਰ ਵਿੱਚ ਵਿਰੋਧੀ ਹਾਲਾਤ ਦਾ ਬੜੇ ਅਸਰਦਾਰ ਢੰਗ ਤੇ ਦਲੇਰੀ ਨਾਲ ਟਾਕਰਾ ਕੀਤਾ ਗਿਆ। ਇਹ ਸਭ ਕੁਝ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਕਰਕੇ ਸੰਭਵ ਹੋ ਸਕਿਆ।” ਉਨ੍ਹਾਂ ਕਿਹਾ ਕਿ ਭਾਰਤ ਉਹ ਦੇਸ਼ ਹੈ ਜਿਸ ਨੇ ਕਦੇ ਜੰਗ ਨੂੰ ਹੱਲਾਸ਼ੇਰੀ ਨਹੀਂ ਦਿੱਤੀ ਤੇ ਹਮੇਸ਼ਾ ਆਪਣੇ ਗੁਆਂਢੀਆਂ ਨਾਲ ਨਿੱਘੇ ਰਿਸ਼ਤੇ ਰੱਖਣ ਨੂੰ ਤਰਜੀਹ ਦਿੱਤੀ ਹੈ…ਇਹ ਸਾਡਾ ਫ਼ਲਸਫ਼ਾ ਹੈ, ਜੋ ਭਗਵਾਨ ਰਾਮ ਤੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੈ। ਜੇਕਰ ਸਾਨੂੰ ਉਕਸਾਇਆ ਗਿਆ ਤਾਂ ਦੇਸ਼ ਕਿਸੇ ਵੀ ਹਾਲਾਤ ਦਾ ਟਾਕਰਾ ਕਰਨ ਦੇ ਸਮਰੱਥ ਹੈ।
Check Also
ਡੋਨਾਲਡ ਟਰੰਪ ਨੇ ਦਵਾਈਆਂ ’ਤੇ ਟੈਰਿਫ ਲਗਾਉਣ ਦਾ ਕੀਤਾ ਐਲਾਨ
ਟਰੰਪ ਦੇ ਫੈਸਲੇ ਨਾਲ ਭਾਰਤੀ ਕੰਪਨੀਆਂ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਵਾਸ਼ਿੰਗਟਨ/ਬਿਊਰੋ ਨਿਊਜ਼ : …