ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਵਕੀਲ ਰਾਕੇਸ਼ ਕਿਸ਼ੋਰ ਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤੀ ਹੈ।
ਵਕੀਲ ਕਿਸ਼ੋਰ ਨੇ ਅਦਾਲਤ ਵਿਚ ਭਾਰਤ ਦੇ ਚੀਫ ਜਸਟਿਸ ਬੀ.ਆਰ. ਗਵੱਈ ਵੱਲ ਜੁੱਤੀ ਸੁੱਟੀ ਸੀ ਅਤੇ ਇਸ ਨੂੰ ਗੰਭੀਰ ਬਦਸਲੂਕੀ ਮੰਨਿਆ ਗਿਆ ਹੈ। ਕਿਸ਼ੋਰ ਨੂੰ ਇਹ ਵੀ ਕਹਿੰਦੇ ਸੁਣਿਆ ਗਿਆ ਸੀ ਕਿ ‘ਸਨਾਤਨ ਦਾ ਅਪਮਾਨ ਨਹੀਂ ਸਹਾਂਗੇ’। ਇਸਦੇ ਚੱਲਦਿਆਂ ਬਾਰ ਕੌਂਸਲ ਆਫ ਇੰਡੀਆ ਨੇ ਤੁਰੰਤ ਪ੍ਰਭਾਵ ਨਾਲ ਕਿਸ਼ੋਰ ਦਾ ਬਾਰ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਕਿਹਾ ਕਿ ਕਿਸ਼ੋਰ ਦਾ ਇਹ ਨਿੰਦਣਯੋਗ ਵਿਵਹਾਰ ਨਿਆਇਕ ਸੁਤੰਤਰਤਾ ‘ਤੇ ਸਿੱਧਾ ਹਮਲਾ ਸੀ ਅਤੇ ਸੁਪਰੀਮ ਕੋਰਟ ਦੀ ਮਰਿਆਦਾ ਦੀ ਗੰਭੀਰ ਉਲੰਘਣਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵਕੀਲ ਮੱਧ ਪ੍ਰਦੇਸ਼ ਦੇ ਖਜੂਰਾਹੋ ਵਿਚ ਭਗਵਾਨ ਵਿਸ਼ਨੂੰ ਦੀ 7 ਫੁੱਟ ਉਚੀ ਸਿਰ ਕੱਟੀ ਮੂਰਤੀ ਦੀ ਬਹਾਲੀ ‘ਤੇ ਚੀਫ ਜਸਟਿਸ ਬੀ.ਆਰ. ਗਵੱਈ ਦੀਆਂ ਟਿੱਪਣੀਆਂ ਤੋਂ ਨਰਾਜ਼ ਸੀ।