Breaking News
Home / ਭਾਰਤ / ਭਾਰਤ ‘ਚ ਲੌਕਡਾਊਨ 3 ਮਈ ਤੱਕ ਵਧਿਆ

ਭਾਰਤ ‘ਚ ਲੌਕਡਾਊਨ 3 ਮਈ ਤੱਕ ਵਧਿਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰੈਲ ਨੂੰ ਖ਼ਤਮ ਹੋਏ ਦੇਸ਼ਵਿਆਪੀ ਲੌਕਡਾਊਨ ਦੀ ਮਿਆਦ ਅਗਲੇ 19 ਦਿਨਾਂ ਭਾਵ 3 ਮਈ ਤਕ ਵਧਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ 20 ਅਪਰੈਲ ਤੋਂ ਸ਼ਰਤਾਂ ਸਹਿਤ ਲੌਕਡਾਊਨ ਵਿੱਚ ਕੁਝ ਰਾਹਤਾਂ ਦੇਣ ਦੀ ਗੱਲ ਆਖਦਿਆਂ ਕਿਹਾ ਕਿ ਅਜਿਹੀਆਂ ਥਾਵਾਂ ਜਿੱਥੇ ‘ਹੌਟਸਪੌਟ’ ਨਹੀਂ ਹਨ ਤੇ ਜਿਨ੍ਹਾਂ ਦੇ ‘ਹੌਟਸਪੌਟ’ ਬਣਨ ਦੇ ਕੋਈ ਆਸਾਰ ਨਹੀਂ ਹਨ, ਉਥੇ ਸ਼ਰਤਾਂ ਨਾਲ ਸੀਮਤ ਖੇਤੀ ਤੇ ਆਰਥਿਕ ਸਰਗਰਮੀਆਂ ਦੀ ਇਜ਼ਾਜਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਸੱਤ ਨੁਕਤੇ ਗਿਣਾਉਂਦਿਆਂ ਦੇਸ਼ ਵਾਸੀਆਂ ਤੋਂ ਕਰੋਨਾਵਾਇਰਸ ਖ਼ਿਲਾਫ਼ ਜੰਗ ਵਿੱਚ ਸਹਿਯੋਗ ਮੰਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੇ ਦੂਜੇ ਗੇੜ ਲਈ ਵਿਆਪਕ ਦਿਸ਼ਾ-ਨਿਰਦੇਸ਼ ਬੁੱਧਵਾਰ ਤਕ ਜਾਰੀ ਕਰ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਜਾਨਾਂ ਬਚਾਉਣਾ ਅਤੇ ਦਿਹਾੜੀਦਾਰ ਮਜ਼ਦੂਰਾਂ ਤੇ ਕਿਰਸਾਨੀ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘਟਾਉਣਾ ਹੈ। ਮੋਦੀ ਨੇ ਮੰਨਿਆ ਕਿ ਲੌਕਡਾਊਨ ਕਰਕੇ ਵੱਡੀ ਆਰਥਿਕ ਕੀਮਤ ਤਾਰਨੀ ਪੈ ਰਹੀ ਹੈ, ਪਰ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਭਾਰਤ ਸਹੀ ਰਾਹ ‘ਤੇ ਹੈ ਤੇ ਮਹਾਮਾਰੀ ਕਰਕੇ ਹੋਣ ਵਾਲੇ ਵੱਡੇ ਨੁਕਸਾਨ ਨੂੰ (ਹੋਰਨਾਂ ਕਈ ਮੁਲਕਾਂ ਦੇ ਮੁਕਾਬਲੇ) ਟਾਲਣ ਵਿੱਚ ਸਫ਼ਲ ਰਿਹਾ ਹੈ।
ਸ੍ਰੀ ਮੋਦੀ ਨੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਦੌਰਾਨ ਲੌਕਡਾਊਨ ਨੂੰ ਵਧਾਉਣਾ ਜ਼ਰੂਰੀ ਕਰਾਰ ਦਿੰਦੇ ਹੋਏ ਕਿਹਾ ਕਿ 20 ਅਪਰੈਲ ਤਕ ਸਾਰੇ ਰਾਜਾਂ, ਜ਼ਿਲ੍ਹਿਆਂ ਤੇ ਇਲਾਕਿਆਂ ‘ਤੇ ਨਜ਼ਰ ਰੱਖੀ ਜਾਵੇਗੀ ਕਿ ਕਿੰਨੀ ਸਖ਼ਤੀ ਨਾਲ ਲੌਕਡਾਊਨ ਦੇ ਨਿਯਮ ਲਾਗੂ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ‘ਹੌਟਸਪੌਟ’ ਨਹੀਂ ਵਧਦੇ, ਉੱਥੇ ਅਹਿਮ ਸਰਗਰਮੀਆਂ ਮੁੜ ਸ਼ੁਰੂ ਹੋ ਸਕਦੀਆਂ ਹਨ।

Check Also

ਰਾਮਨੌਮੀ ਦਾ ਤਿਉਹਾਰ ਦੇਸ਼ ਅਤੇ ਵਿਦੇਸ਼ਾਂ ’ਚ ਧੂਮਧਾਮ ਨਾਲ ਮਨਾਇਆ ਗਿਆ

ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ ਨਵੀਂ …