Breaking News
Home / ਭਾਰਤ / ਲੌਕਡਾਊਨ ਵਧਣ ਕਾਰਨ ਪ੍ਰੇਸ਼ਾਨ ਪਰਵਾਸੀ ਮਜ਼ਦੂਰ ਮੁੰਬਈ ‘ਚ ਸੜਕਾਂ ‘ਤੇ ਨਿਕਲੇ

ਲੌਕਡਾਊਨ ਵਧਣ ਕਾਰਨ ਪ੍ਰੇਸ਼ਾਨ ਪਰਵਾਸੀ ਮਜ਼ਦੂਰ ਮੁੰਬਈ ‘ਚ ਸੜਕਾਂ ‘ਤੇ ਨਿਕਲੇ

ਮੁੰਬਈ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 3 ਮਈ ਤੱਕ ‘ਲੌਕਡਾਊਨ’ ਵਿਚ ਵਾਧੇ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਵੱਡੀ ਗਿਣਤੀ ਵਿਚ ਦਿਹਾੜੀਦਾਰ ਪਰਵਾਸੀ ਮਜ਼ਦੂਰ ਮੁੰਬਈ ‘ਚ ਸੜਕਾਂ ‘ਤੇ ਨਿਕਲ ਆਏ ਤੇ ਆਪਣੀਆਂ ਜੱਦੀ ਥਾਵਾਂ ‘ਤੇ ਵਾਪਸ ਜਾਣ ਲਈ ਟਰਾਂਸਪੋਰਟ ਦਾ ਪ੍ਰਬੰਧ ਕਰ ਕੇ ਦੇਣ ਦੀ ਮੰਗ ਕਰਨ ਲੱਗੇ। ਪਿਛਲੇ ਮਹੀਨੇ ਤਾਲਾਬੰਦੀ ਦਾ ਐਲਾਨ ਹੋਣ ਤੋਂ ਲੈ ਕੇ ਹੁਣ ਤੱਕ ਪਰਵਾਸੀ ਮਜ਼ਦੂਰ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਨ। ਕਰੋਨਾਵਾਇਰਸ ਕਾਰਨ ਐਲਾਨੀ ਤਾਲਾਬੰਦੀ ਕਾਰਨ ਇਨ੍ਹਾਂ ਦਾ ਰੁਜ਼ਗਾਰ ਖੁੱਸ ਗਿਆ ਹੈ। ਹਾਲਾਂਕਿ ਅਥਾਰਿਟੀ ਤੇ ਕੁਝ ਗ਼ੈਰ-ਸਰਕਾਰੀ ਸੰਗਠਨ ਇਨ੍ਹਾਂ ਲਈ ਭੋਜਨ ਦਾ ਪ੍ਰਬੰਧ ਕਰ ਰਹੇ ਹਨ, ਪਰ ਸਖ਼ਤ ਪਾਬੰਦੀਆਂ ਤੋਂ ਅੱਕੇ ਇਹ ਸਾਰੇ ਕਿਸੇ ਤਰ੍ਹਾਂ ਬਸ ਆਪਣੇ ਘਰ ਪਰਤਣਾ ਚਾਹੁੰਦੇ ਹਨ। ਪੁਲੀਸ ਅਧਿਕਾਰੀਆਂ ਮੁਤਾਬਕ ਕਰੀਬ 1000 ਦਿਹਾੜੀਦਾਰ ਮਜ਼ਦੂਰ ਉਪ ਨਗਰੀ ਬਾਂਦਰਾ (ਪੱਛਮ) ਦੇ ਬੱਸ ਡਿਪੂ ਕੋਲ ਸੜਕ ‘ਤੇ ਇਕੱਤਰ ਹੋ ਗਏ। ਰੇਲਵੇ ਸਟੇਸ਼ਨ ਵੀ ਇੱਥੋਂ ਲਾਗੇ ਹੀ ਹੈ। ਜ਼ਿਆਦਾਤਰ ਦਿਹਾੜੀਦਾਰ ਕਾਮੇ ਪਟੇਲ ਨਗਰੀ ‘ਚ ਰਹਿੰਦੇ ਹਨ ਤੇ ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਸਣੇ ਕਈ ਹੋਰ ਰਾਜਾਂ ਨਾਲ ਸਬੰਧਤ ਹਨ। ਇਕ ਪ੍ਰਵਾਸੀ ਮਜ਼ਦੂਰ ਨੇ ਕਿਹਾ ਕਿ ‘ਹੁਣ ਸਾਨੂੰ ਖਾਣਾ ਨਹੀਂ ਚਾਹੀਦਾ, ਅਸੀਂ ਆਪਣੇ ਜੱਦੀ ਪਿੰਡ-ਸ਼ਹਿਰ ਪਰਤਣਾ ਚਾਹੁੰਦੇ ਹਾਂ, ਅੱਜ ਲੌਕਡਾਊਨ ਵਿਚ ਕੀਤੇ ਵਾਧੇ ਨਾਲ ਅਸੀਂ ਖ਼ੁਸ਼ ਨਹੀਂ ਹਾਂ।’ ਪੱਛਮੀ ਬੰਗਾਲ ਨਾਲ ਸਬੰਧਤ ਇਕ ਮਜ਼ਦੂਰ ਨੇ ਕਿਹਾ ਕਿ ਉਨ੍ਹਾਂ ਦੀ ਸਾਰੀ ਜਮ੍ਹਾਂ ਪੂੰਜੀ ਤਾਲਾਬੰਦੀ ਦੇ ਪਹਿਲੇ ਗੇੜ ਵਿਚ ਖ਼ਤਮ ਹੋ ਗਈ ਹੈ। ਖਾਣ ਲਈ ਵੀ ਕੁਝ ਨਹੀਂ ਹੈ, ਬਸ ਘਰ ਜਾਣਾ ਹੈ। ਸਰਕਾਰ ਸਾਡੇ ਲਈ ਪ੍ਰਬੰਧ ਕਰੇ। ਇਕ ਹੋਰ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਮੁੰਬਈ ਵਿਚ ਹੈ, ਪਰ ਇਸ ਤਰ੍ਹਾਂ ਦੇ ਹਾਲਾਤ ਕਦੇ ਨਹੀਂ ਦੇਖੇ। ਘਰ ਪਰਤਣ ਲਈ ਸਰਕਾਰ ਸਾਡੇ ਲਈ ਰੇਲਗੱਡੀਆਂ ਦਾ ਪ੍ਰਬੰਧ ਕਰੇ। ਮਜ਼ਦੂਰਾਂ ਦੇ ਰੋਸ ਪ੍ਰਗਟਾਉਣ ਵਾਲੀ ਥਾਂ ‘ਤੇ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਕੀਤੀ ਗਈ।

ਯਾਤਰੂ ਰੇਲ ਸੇਵਾਵਾ ਤਿੰਨ ਮਈ ਤਕ ਰੱਦ ਕੀਤੀਆਂ
ਨਵੀਂ ਦਿੱਲੀ : ਕਰੋਨਵਾਇਰਸ ਦੀ ਰੋਕਥਾਮ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਮਈ ਤਕ ਵਧਾਏ ਲਾਕਡਾਊਨ ਕਾਰਨ ਮੰਗਲਵਾਰ ਨੂੰ ਭਾਰਤੀ ਰੇਲਵੇ ਨੇ ਰੱਦ ਕੀਤੀਆਂ ਯਾਤਰੂ ਸੇਵਾਵਾਂ ਨੂੰ ਤਿੰਨ ਮਈ ਤਕ ਵਧਾ ਦਿੱਤਾ ਹੈ। ਰੇਲਵੇ ਅਧਿਕਾਰੀਆਂ ਅਨੁਸਾਰ ਇਸ ਦੌਰਾਨ ਰੱਦ ਹੋਈਆਂ ਗੱਡੀਆਂ ਦਾ ਗਾਹਕਾਂ ਨੂੰ ਕਿਰਾਇਆ ਪੂਰਾ ਵਾਪਸ ਕੀਤਾ ਜਾਵੇਗਾ। ਆਨਲਾਈਨ ਟਿਕਟਾਂ ਬੁੱਕ ਕਰਨ ਵਾਲੇ ਗਾਹਕਾਂ ਨੂੰ ਇਹ ਰਕਮ ਉਨ੍ਹਾਂ ਦੇ ਖਾਤਿਆਂ ਵਿਚ ਭੇਜੀ ਜਾਵੇਗੀ ਜਦੋਂਕਿ ਟਿਕਟ ਖਿੜਕੀਆਂ ਤੋਂ ਬੁਕਿੰਗ ਕਰਵਾਉਣ ਵਾਲੇ ਗਾਹਕ 31 ਜੁਲਾਈ ਤਕ ਆਪਣੇ ਪੈਸੇ ਤਕ ਆਪਣੇ ਪੈਸੇ ਵਾਪਸ ਲੈ ਸਕਣਗੇ।

ਪਰਵਾਸੀ ਕਾਮਿਆਂ ਵੱਲੋਂ ਸੂਰਤ ‘ਚ ਪ੍ਰਦਰਸ਼ਨ
ਸੂਰਤ : ਸੂਰਤ (ਰਾਜਸਥਾਨ) ਵਿੱਚ ਮੰਗਲਵਾਰ ਸ਼ਾਮੀਂ ਸੈਂਕੜੇ ਪਰਵਾਸੀ ਕਾਮਿਆਂ ਨੇ ਇਕੱਤਰ ਹੋ ਕੇ ਲੌਕਡਾਊਨ ਦੇ ਬਾਵਜੂਦ ਉਨ੍ਹਾਂ ਨੂੰ ਆਪੋ ਆਪਣੇ ਪਿੱਤਰੀ ਰਾਜਾਂ ਵਿੱਚ ਭੇਜਣ ਦੀ ਮੰਗ ਕੀਤੀ। ਪਰਵਾਸੀ ਕਾਮੇ ਸ਼ਹਿਰ ਦੇ ਵਾਰੱਛਾ ਖੇਤਰ ਵਿੱਚ ਇਕੱਠੇ ਹੋਏ ਤੇ ਉਹ ਆਪਣੀ ਉਪਰੋਕਤ ਮੰਗ ਨੂੰ ਲੈ ਕੇ ਸੜਕ ‘ਤੇ ਬੈਠ ਗਏ। ਵਾਰੱਛਾ ਨੂੰ ਸੂਰਤ ਦੀ ਹੀਰਿਆਂ ਨੂੰ ਪਾਲਿਸ਼ ਕਰਨ ਵਾਲੀ ਹੱਬ ਮੰਨਿਆ ਜਾਂਦਾ ਹੈ। ਇਥੇ ਕਈ ਟੈਕਸਟਾਈਲ ਇਕਾਈਆਂ ਵੀ ਹਨ, ਜਿਨ੍ਹਾਂ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਉਂਦੇ ਪਰਵਾਸੀ ਕੰਮ ਕਰਦੇ ਹਨ।
ਪਰਵਾਸੀ ਮਜ਼ਦੂਰਾਂ ਤੇ ਕਿਸਾਨਾਂ ਦਾ ਮੋਦੀ ਦੇ ਭਾਸ਼ਨ ‘ਚ ਕੋਈ ਜ਼ਿਕਰ ਨਹੀਂ : ਕਾਂਗਰਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਕਰੋਨਾਵਾਇਰਸ ਨਾਲ ਨਜਿੱਠਣ ਸਬੰਧੀ ਸਰਕਾਰ ਦੀ ਰਣਨੀਤੀ ਬਾਰੇ ਦੇਸ਼ ਦੀ ਜਨਤਾ ਨੂੰ ਜਾਣੂ ਕਰਵਾਉਣ। ਕਾਂਗਰਸੀ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਵੀ ਦੱਸੇ ਕਿ ਕੀ ਕਦਮ ਚੁੱਕੇ ਗਏ ਹਨ, ਪਰਵਾਸੀ ਮਜ਼ਦੂਰਾਂ ਤੇ ਕਿਸਾਨ, ਜੋ ਫ਼ਸਲਾਂ ਦੀ ਵਾਢੀ ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਬਾਰੇ ਸਰਕਾਰ ਦੀ ਕੀ ਯੋਜਨਾ ਹੈ? ਤਿਵਾੜੀ ਨੇ ਕਿਹਾ ਕਿ ਮੋਦੀ ਨੇ ਪ੍ਰਵਾਸੀ ਕਾਮਿਆਂ ਬਾਰੇ ਕੋਈ ਗੱਲ ਨਹੀਂ ਕੀਤੀ। ਉਹ ਸੂਬਾਈ ਸਰਹੱਦਾਂ ‘ਤੇ ਇਕਾਂਤ ‘ਚ ਰੱਖੇ ਹੋਏ ਹਨ ਤੇ ਕਈਆਂ ਨੇ 14 ਦਿਨ ਦਾ ਲਾਜ਼ਮੀ ਇਕਾਂਤਵਾਸ ਪੂਰਾ ਕਰ ਲਿਆ ਹੈ। ਇਨ੍ਹਾਂ ਬਾਰੇ ਸਰਕਾਰ ਦੀ ਹੁਣ ਕੀ ਯੋਜਨਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਨਾ ਪ੍ਰਧਾਨ ਮੰਤਰੀ ਨੇ ਟੈਸਟਿੰਗ ਵਧਾਉਣ ਤੇ ਨਾ ਹੀ ਪੀਪੀਈ ਦਾ ਕੋਈ ਜ਼ਿਕਰ ਕੀਤਾ। ਇਸ ਤੋਂ ਇਲਾਵਾ ਸਪਲਾਈ ਲੜੀ ਬਰਕਰਾਰ ਰੱਖਣ ਤੇ ਹਾੜੀ ਦੀਆਂ ਫ਼ਸਲਾਂ ਦੀ ਵਾਢੀ ਦਾ ਵੀ ਕੋਈ ਜ਼ਿਕਰ ਨਹੀਂ ਕੀਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੌਮੀ ਰਾਜਧਾਨੀ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਗਏ ਲੌਕਡਾਊਨ ਵਿਚ ਵਾਧੇ ਨੂੰ ਪੂਰੀ ਤਰ੍ਹਾਂ ਲਾਗੂ ਕਰੇਗੀ। ਐੱਨਸੀ ਆਗੂ ਉਮਰ ਅਬਦੁੱਲਾ ਨੇ ਤਾਲਾਬੰਦੀ 3 ਮਈ ਤੱਕ ਵਧਾਏ ਜਾਣ ਨੂੰ ਜ਼ਰੂਰੀ ਕਰਾਰ ਦਿੱਤਾ। ਉਨ੍ਹਾਂ ਅਪੀਲ ਕੀਤੀ ਕਿ ਇਸ ਮੁਸ਼ਕਲ ਸਮੇਂ ‘ਚ ਗਰੀਬ ਤੇ ਲੋੜਵੰਦ ਦੀ ਮਦਦ ਕੀਤੀ ਜਾਵੇ। ਤਾਮਿਲਨਾਡੂ ‘ਚ ਵਿਰੋਧੀ ਧਿਰ ਡੀਐਮਕੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਭਾਸ਼ਨ ‘ਚ ਅਜਿਹਾ ਕੁਝ ਨਹੀਂ ਸੀ ਜਿਸ ਨਾਲ ਲੋਕਾਂ ਨੂੰ ਵਿੱਤੀ ਫਰੰਟ ‘ਤੇ ਕੋਈ ਰਾਹਤ ਮਿਲਦੀ ਨਜ਼ਰ ਆਵੇ, ਹਾਲਕਿ ਉਨ੍ਹਾਂ ਕਿਹਾ ਕਿ ਤਾਲਾਬੰਦੀ ਵਧਾਉਣ ਤੋਂ ਇਲਾਵਾ ਸਰਕਾਰ ਕੋਲ ਕੋਈ ਹੋਰ ਚਾਰਾ ਵੀ ਨਹੀਂ ਹੈ ਕਿਉਂਕਿ ਸਾਰੇ ਪ੍ਰਭਾਵਿਤ ਵਿਅਕਤੀਆਂ ਦੀ ਸ਼ਨਾਖ਼ਤ ਔਖੀ ਹੈ ਤੇ ਸਾਰੇ ਪੀੜਤਾਂ ਨੂੰ ਇਕਾਂਤਵਾਸ ‘ਚ ਰੱਖਣਾ ਵੀ ਸੌਖਾ ਨਹੀਂ ਹੈ। ਸੀਪੀਆਈ (ਐਮ) ਨੇ ਤਾਲਾਬੰਦੀ ਵਧਾਏ ਜਾਣ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਤਿੰਨ ਮਈ ਤੱਕ ‘ਲੌਕਡਾਊਨ’ ਵਧਣ ਨਾਲ ਗਰੀਬ ਤਬਕੇ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਇਸ ਅਰਸੇ ਲਈ ਕੋਈ ਠੋਸ ਯੋਜਨਾਬੰਦੀ ਨਹੀਂ ਹੈ। ਪਹਿਲਾਂ ਐਲਾਨੇ ਗਏ 3 ਹਫ਼ਤਿਆਂ ਦੇ ਲੌਕਡਾਊਨ ਵਿਚ ਲੋਕ ਭੁੱਖ ਨਾਲ ਵੱਡੇ ਪੱਧਰ ‘ਤੇ ਪ੍ਰੇਸ਼ਾਨ ਹੋਏ ਹਨ ਤੇ ਕੋਈ ਆਸਰਾ ਨਹੀਂ ਮਿਲਿਆ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …