ਸੁਖਬੀਰ ਬਾਦਲ ਨੇ ਕੁਮਾਰੀ ਮਾਇਆਵਤੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਮਿਲ ਕੇ ਲੜਨਗੇ ਅਤੇ ਦੋਵਾਂ ਪਾਰਟੀਆਂ ਦਰਮਿਆਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਾਂਗ ਗੱਠਜੋੜ ਜਾਰੀ ਰੱਖਣ ’ਤੇ ਵੀ ਸਹਿਮਤੀ ਬਣੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਨਵੀਂ ਦਿੱਲੀ ਵਿਖੇ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇਸ਼ ’ਚ ਭਾਵੇਂ ਕਿਤੇ ਵੀ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਾ ਕਰੇ ਪ੍ਰੰਤੂ ਪੰਜਾਬ ’ਚ ਲੋਕ ਸਭਾ ਚੋਣਾਂ ਦੌਰਾਨ ਬਸਪਾ-ਅਕਾਲੀ ਦਲ ਗੱਠਜੋੜ ਕਾਇਮ ਰਹੇਗਾ। ਮਾਇਆਵਤੀ ਨੇ ਕਿਹਾ ਕਿ ਬਸਪਾ ਨੂੰ ਅਕਾਲੀ ਦਲ ਦੇ ਆਗੂਆਂ ’ਤੇ ਪੂਰਾ ਭਰੋਸਾ ਹੈ ਕਿ ਉਹ ਬਸਪਾ ਦੀ ਤਰ੍ਹਾਂ ਆਪਣੀਆਂ ਵੋਟਾਂ ਵੀ ਸਾਡੀ ਪਾਰਟੀ ਦੇ ਹੱਕ ਵਿਚ ਭੁਗਤਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਧਿਆਨ ਰਹੇ ਕਿ ਕੁਝ ਦਿਨ ਪਹਿਲਾਂ ਬਸਪਾ ਸੁਪਰੀਮੋ ਕੁਮਾਰੀ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀਂ ਕਰਨਗੇ। ਜਦਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੁਮਾਰੀ ਮਾਇਆਵਤੀ ਨਾਲ ਜਲੰਧਰ ’ਚ ਹੋਣ ਵਾਲੀ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਵੀ ਚਰਚਾ ਕੀਤੀ। ਇਸ ਸਬੰਧੀ ਜਾਣਕਾਰੀ ਸੁਖਬੀਰ ਸਿੰਘ ਬਾਦਲ ਨੇ ਇਕ ਟਵੀਟ ਕਰਕੇ ਦਿੱਤੀ।
Check Also
ਕਰਨਾਟਕ ਵਿਧਾਨ ਸਭਾ ਲਈ ਕਾਂਗਰਸ ਨੇ ਉਮੀਦਵਾਰ ਐਲਾਨੇ
ਮਲਿਕਾ ਅਰਜੁਨ ਖੜਗੇ ਦੇ ਪੁੱਤਰ ਨੂੰ ਵੀ ਮਿਲੀ ਟਿਕਟ ਬੇਂਗਲੁਰੁ/ਬਿਊਰੋ ਨਿਊਜ਼ : 224 ਸੀਟਾਂ ਵਾਲੀ …