ਕਿਹਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਕਹਿਣਗੇ ਮੈਂ ਉਥੇ ਹੀ ਰਹਾਂਗਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਸ਼ਟਰ ਦੇ ਅਗਲੇ ਰਾਜਪਾਲ ਲਗਾਏ ਜਾਣ ਦੇ ਮਾਮਲੇ ’ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਕੈਪਟਨ ਅਮਰਿੰਦਰ ਨੇ ਬੇਸ਼ੱਕ ਇਸ ਗੱਲ ਤੋਂ ਖੁਦ ਨੂੰ ਅਨਜਾਣ ਤਾਂ ਜ਼ਰੂਰ ਦੱਸਿਆ ਪ੍ਰੰਤੂ ਸਾਫ਼ ਤੌਰ ’ਤੇ ਇਨਕਾਰ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੋ ਵੀ ਫੈਸਲਾ ਹੋਵੇਗਾ, ਉਹ ਉਸ ਨਾਲ ਸਹਿਮਤ ਹੋਣਗੇ ਅਤੇ ਪ੍ਰਧਾਨ ਮੰਤਰੀ ਜਿੱਥੇ ਵੀ ਚਾਹੁੰਣਗੇ ਉਹ ਉਥੇ ਹੀ ਰਹਿਣਗੇ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਮੇਰੇ ਨਾਲ ਇਸ ਮਾਮਲੇ ਵਿਚ ਫਿਲਹਾਲ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ ਅਤੇ ਮੈਂ ਇਸ ਬਾਰੇ ਕੁੱਝ ਜਾਣਦਾ ਵੀ ਨਹੀਂ। ਧਿਆਨ ਰਹੇ ਕਿ ਮਹਾਰਾਸ਼ਟਰ ਦੇ ਮੌਜੂਦਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਅਹੁਦਾ ਛੱਡਣ ਦੀ ਇੱਛਾ ਪ੍ਰਗਟਾ ਚੁੱਕੇ ਹਨ। ਜਿਸ ਤੋਂ ਬਾਅਦ ਮਹਾਰਾਸ਼ਟਰ ’ਚ ਨਵੇਂ ਰਾਜਪਾਲ ਦੀ ਨਿਯੁਕਤੀ ਤੈਅ ਮੰਨੀ ਜਾ ਰਹੀ ਹੈ, ਜਿਸ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਅਗਲਾ ਰਾਜਪਾਲ ਬਣਾਏ ਜਾਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਕੈਟਪਨ ਦੇ ਪ੍ਰਧਾਨ ਮੰਤਰੀ ਨਾਲ ਵਧੀਆ ਸਬੰਧ ਹਨ ਅਤੇ ਭਾਜਪਾ ਅਮਰਿੰਦਰ ਸਿੰਘ ਨੂੰ 83 ਮੈਂਬਰਾਂ ਵਾਲੀ ਰਾਸ਼ਟਰੀ ਕਾਰਜਕਾਰਨੀ ’ਚ ਪਹਿਲਾਂ ਹੀ ਸ਼ਾਮਲ ਕਰ ਚੁੱਕੀ ਹੈ।