Breaking News
Home / ਜੀ.ਟੀ.ਏ. ਨਿਊਜ਼ / ‘ਆਪ’ ਦੀ ਕਨਵੈਨਸ਼ਨ ਹੁਣ 6 ਮਾਰਚ ਐਤਵਾਰ ਨੂੰ ਹੋਵੇਗੀ

‘ਆਪ’ ਦੀ ਕਨਵੈਨਸ਼ਨ ਹੁਣ 6 ਮਾਰਚ ਐਤਵਾਰ ਨੂੰ ਹੋਵੇਗੀ

Phoolka copy copyਬਰੈਂਪਟਨ/ਡਾ.ਝੰਡ :
‘ਆਪ’ ਦੇ ਸੀਨੀਅਰ ਲੀਡਰ ਉੱਘੇ ਵਕੀਲ ਹਰਵਿੰਦਰ ਸਿੰਘ ਫੂਲਕਾ ਜੋ 25 ਫ਼ਰਵਰੀ ਤੋਂ ਕੈਨੇਡਾ ਦੇ ਦੋ ਹਫ਼ਤਿਆਂ ਦੇ ਟੂਰ ‘ਤੇ ਹਨ, ਨੇ 27 ਫ਼ਰਵਰੀ ਨੂੰ ‘ਚਾਂਦਨੀ ਬੈਂਕੁਇਟ ਹਾਲ’ ਵਿੱਚ ‘ਆਪ’ ਦੀ ਕਨਵੈੱਨਸ਼ਨ ਨੂੰ ਸੰਬੋਧਨ ਕਰਨਾ ਸੀ, ਪਰ ਇਸ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਦੀ ਸਿਹਤ ਅਚਾਨਕ ਵਿਗੜਨ ਕਰਕੇ ਪ੍ਰਬੰਧਕਾਂ ਨੂੰ ਇਹ ਕਨਵੈੱਨਸ਼ਨ ਮੁਲਤਵੀ ਕਰਨੀ ਪਈ ਅਤੇ ਇਹ ਹੁਣ ਓਸੇ ਹੀ ਸਥਾਨ ‘ਤੇ ਭਾਵ ‘ਚਾਂਦਨੀ ਬੈਂਕਇਟ ਹਾਲ’ ਵਿੱਚ 6 ਮਾਰਚ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1.00 ਵਜੇ ਤੋਂ ਸ਼ਾਮ 4.00 ਵਜੇ ਤੀਕ ਹੋਵੇਗੀ ਜਿੱਥੇ ਉਨ੍ਹਾਂ ਤੋਂ ਇਲਾਵਾ ‘ਆਪ’ ਦੇ ਕਈ ਸਥਾਨਕ ਨੇਤਾ ਵੀ ਸਰੋਤਿਆਂ ਦੇ ਰੂ-ਬਰੂ ਹੋਣਗੇ। ਇਹ ਬੈਂਕੁਇਟ ਹਾਲ 125 ਕਰਾਈਸਲਰ ਰੋਡ ‘ਤੇ ਸਥਿਤ ਹੈ।
ਇਸ ਦੇ ਬਾਰੇ ਸੂਚਨਾ ਦਿੰਦਿਆਂ ਹੋਇਆਂ ਫੂਲਕਾ ਸਾਹਿਬ ਦੇ ਮੀਡੀਆ ਸਲਾਹਕਾਰ ਜੋਬਨ ਸਿੰਘ ਰੰਧਾਵਾ ਜੋ ਪਿਛਲੇ ਕੁਝ ਦਿਨਾਂ ਤੋਂ ਇੱਥੇ ਹਨ ਇਸ ਦੇ ਬਾਰੇ ਜਾਣਕਾਰੀ ਕਈ ਰੇਡੀਓ ਤੇ ਟੀ.ਵੀ. ਪ੍ਰੋਗਰਾਮਾਂ ਰਾਹੀਂ ਲੋਕਾਂ ਨਾਲ ਸਾਂਝੀ ਕਰ ਰਹੇ ਹਨ, ਨੇ ਦੱਸਿਆ ਕਿ ਫੂਲਕਾ ਸਾਹਿਬ ਇੱਥੇ ਆਪਣੇ ਸੰਬੋਧਨ ਦੌਰਾਨ 1984 ਦੇ ਸਿੱਖ-ਵਿਰੋਧੀ ਕਤਲੇਆਮ ਦੇ ਪੀੜਤਾਂ ਦੀ ਲੰਮੀ ਕਾਨੂੰਨੀ ਲੜਾਈ, ਭੋਪਾਲ ਗੈਸ ਦੁਖਾਂਤ, ਬਰਗਾੜੀ ਕਾਂਡ, ਅਰੁਣ ਜੇਤਲੀ ਵੱਲੋਂ ਅਰਵਿੰਦ ਕੇਜਰੀਵਾਲ ਤੇ ‘ਆਪ’ ਦੇ ਹੋਰ ਨੇਤਾਵਾਂ ਵਿਰੁੱਧ ਕੀਤੇ ਗਏ ਕੇਸ, ਮਨੁੱਖੀ-ਅਧਿਕਾਰਾਂ, ਸੋਸ਼ਲ ਐਕਟੀਵਿਜ਼ਮ ਅਤੇ ਚਾਈਲਡ ਲੇਬਰ ਤੋਂ ਛੁਟਕਾਰਾ ਪਾ ਕੇ ਬਚਪਨ ਬਚਾਓ ਆਦਿ ਮੁੱਦਿਆਂ ਨੂੰ ਆਪਣੇ ਭਾਸ਼ਨ ਦਾ ਮੁੱਖ ਵਿਸ਼ਾ ਬਨਾਉਣਗੇ। ਫੂਲਕਾ ਸਾਹਿਬ ਦੇ ਵਿਚਾਰ ਸੁਣਨ ਲਈ ਲੋਕਾਂ ਵਿੱਚ ਇਸ ਕਨਵੈੱਨਸ਼ਨ ਪ੍ਰਤੀ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਜੋਬਨ ਰੰਧਾਵਾ ਨੇ ਹੋਰ ਦੱਸਿਆ ਕਿ ਫੂਲਕਾ ਸਾਹਿਬ ਆਪਣੇ ਇਸ ਦੌਰੇ ਦੌਰਾਨ ਜੀ.ਟੀ.ਏ. ਦੇ ਹੋਰ ਸ਼ਹਿਰਾਂ ਹੈਮਿਲਟਨ, ਗੁਅੱਲਫ਼ ਅਤੇ ਨਿਆਗਰਾ ਫਾਲਜ਼ ਵਿਖੇ ਵੀ ‘ਆਪ’ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਦਾ ਪ੍ਰੋਗਰਾਮ ਵਿਨੀਪੈੱਗ, ਰਿਜਾਇਨਾ, ਕਲੋਨਾ, ਕੈਲਗਰੀ, ਐਡਮਿੰਟਨ, ਸਰੀ, ਐਬਟਸਫੋਰਡ ਆਦਿ ਸ਼ਹਿਰਾਂ ਵਿੱਚ ਵੀ ਮੀਟਿੰਗਾਂ ਨੂੰ ਸੰਬੋਧਨ ਕਰਨ ਦਾ ਹੈ। ਰਿਜਾਇਨਾ ਵਿੱਚ ਉਹ ਰਿਜਾਇਨਾ ਯੂਨੀਵਰਸਿਟੀ ਦੇ ਉਚੇਚੇ ਸੱਦੇ ‘ਤੇ ‘ਹਿਊਮਨ ਰਾਈਟਸ ਐਂਡ ਸੋਸ਼ਲ ਐਕਟੀਵਿਜ਼ਮ’ ਵਿਸ਼ੇ ‘ਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਚੋਣਵੇਂ ਨਾਗਰਿਕਾਂ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨਗੇ। ਫੂਲਕਾ ਸਾਹਿਬ ਦੇ ਇਸ ਦੌਰੇ ਨੂੰ ‘ਆਪ’ ਵੱਲੋਂ ਪਰਵਾਸੀ ਪੰਜਾਬੀਆਂ ਨੂੰ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਜੋੜਨ ਦੀ ਕੜੀ ਵਜੋਂ ਵੇਖਿਆ ਜਾ ਰਿਹਾ ਹੈ।

Check Also

ਕੈਨੇਡਾ ਦੇ ਕਈ ਸੰਸਦ ਮੈਂਬਰਾਂ ਨੇ ਜਾਣ ਬੁੱਝ ਕੇ ਵਿਦੇਸ਼ੀ ਸਰਕਾਰਾਂ ਦੀ ਕੀਤੀ ਸਹਾਇਤਾ : ਜਗਮੀਤ ਸਿੰਘ

ਓਟਵਾ/ਬਿਊਰੋ ਨਿਊਜ਼ : ਐੱਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਬਿਨਾ ਪ੍ਰਕਾਸ਼ਿਤ ਰਿਪੋਰਟ ਪੜ੍ਹਨ …