ਛੇ ਅੱਤਵਾਦੀਆਂ ਸਮੇਤ 15 ਵਿਅਕਤੀ ਹਲਾਕ; ਸਾਰੇ ਭਾਰਤੀ ਸੁਰੱਖਿਅਤ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿਚਲੇ ਭਾਰਤੀ ਕੌਂਸਲਖਾਨੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਅੱਤਵਾਦੀ ਤੇ ਫਿਦਾਈਨ ਹਮਲੇ ਵਿੱਚ ਇਕ ਅਫ਼ਗ਼ਾਨ ਸੁਰੱਖਿਆ ਅਧਿਕਾਰੀ ਸਣੇ ਨੌਂ ਵਿਅਕਤੀ ਮਾਰੇ ਗਏ ਜਦ ਕਿ ਸੁਰੱਖਿਆ ਦਸਤਿਆਂ ਨੇ ਛੇ ਅੱਤਵਾਦੀਆਂ ਨੂੰ ਮਾਰ ਦਿੱਤਾ। ਹਮਲੇ ਵਿੱਚ ਭਾਰਤੀ ਕੌਂਸਲਖਾਨੇ ਦੀ ਇਮਾਰਤ ਨੂੰ ਭਾਵੇਂ ਨੁਕਸਾਨ ਪੁੱਜਾ ਹੈ ਪਰ ਉਸ ਵਿਚਲੇ ਸਾਰੇ ਭਾਰਤੀ ਮੁਲਾਜ਼ਮ ਸੁਰੱਖਿਅਤ ਹਨ।
ਕੌਂਸਲਖਾਨੇ ਨੂੰ ਤਬਾਹ ਕਰਨ ਲਈ ਦੋ ਫਿਦਾਈਨ ਨੇ ਆਪਣੇ ਆਪ ਨੂੰ ਉੱਡਾ ਲਿਆ ਸੀ ਜਦ ਕਿ ਅਫ਼ਗ਼ਾਨ ਨੈਸ਼ਨਲ ਪੁਲਿਸ ਨੇ ਚਾਰ ਅੱਤਵਾਦੀਆਂ ਨੂੰ ਘੇਰ ਕੇ ਮਾਰ ਦਿੱਤਾ। ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ। ਪ੍ਰਾਪਤ ਜਾਣਕਾਰੀ ਮੁਤਾਬਕ ਇਕ ਫਿਦਾਈਨ ਨੇ ਕੌਂਸਲਖਾਨੇ ਦੇ ਮੂਹਰਲੇ ਗੇਟ ਅੱਗੇ ਆਪਣੇ ਆਪ ਨੂੰ ਉੱਡਾ ਲਿਆ ਸੀ। ਇਸ ਤੋਂ ਇਲਾਵਾ ਦੂਜੇ ਨੇ ਕੌਂਸਲਖਾਨੇ ਦੇ ਨੇੜੇ ਕਾਰ ਵਿੱਚ ਧਮਾਕਾ ਕਰ ਦਿੱਤਾ ਸੀ। ਭਾਰਤੀ ਵਿਦੇਸ਼ ਮੰਤਰਾਲੇ ਦੇ ਬਲਾਰੇ ਵਿਕਾਸ ਸਵਰੂਪ ਨੇ ਨਵੀਂ ਦਿੱਲੀ ਵਿੱਚ ਦੱਸਿਆ ਕਿ ਦੋ ਘੰਟਿਆਂ ਤੱਕ ਮੁਕਾਬਲਾ ਚੱਲਦਾ ਰਿਹਾ। ਹਮਲੇ ਵਿੱਚ ਕੌਂਸਲਖਾਨੇ ਨੂੰ ਨੁਕਸਾਨ ਪੁੱਜਿਆ ਹੈ। ਹਮਲੇ ਬਾਅਦ ਅੱਤਵਾਦੀਆਂ ਤੇ ਸੁਰੱਖਿਆ ਦਸਤਿਆਂ ਵਿੱਚ ਹੋਈ ਗੋਲੀਬਾਰੀ ਕਾਰਨ ਪੁਲਿਸ ਦਾ ਇਕ ਅਧਿਕਾਰੀ ਤੇ ਅੱਠ ਆਮ ਨਾਗਰਿਕ ਮਾਰੇ ਗਏ, ਜਦ ਕਿ ਚਾਰ ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਗਿਆ। ਅੱਤਵਾਦੀਆਂ ਦਾ ਮੁਕਾਬਲਾ ਕਰਨ ਲਈ ਕੌਂਸਲਖਾਨੇ ਦੀ ਸੁਰੱਖਿਆ ਲਈ ਤਾਇਨਾਤ ਆਈਟੀਬੀਪੀ ਦੇ ਜਵਾਨਾਂ ਨੇ ਵੀ ਮੋਰਚਾ ਸੰਭਾਲ ਲਿਆ।
ਵਰਨਣਯੋਗ ਹੈ ਕਿ ਸਾਲ 2007 ਤੋਂ ਹੁਣ ਤੱਕ ਜਲਾਲਾਬਾਦ ਵਿਚਲੇ ਭਾਰਤੀ ਕੌਂਸਲਖਾਨੇ ‘ਤੇ ਇਹ ਚੌਥਾ ਅੱਤਵਾਦੀ ਹਮਲਾ ਹੈ। ਸਾਲ 2007 ਤੇ 2013 ਵਿੱਚ ਇਸ ‘ਤੇ ਹੱਥ ਗੋਲਿਆਂ ਨਾਲ ਹਮਲਾ ਕੀਤਾ ਗਿਆ ਸੀ ਤੇ ਸਾਲ 2015 ਵਿੱਚ ਕੀਤੇ ਹਮਲੇ ਨੂੰ ਸਥਾਨਕ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਸੀ। ਹਾਲ ਦੋ ਮਹੀਨੇ ਪਹਿਲਾਂ ਹੀ ਅੱਤਵਾਦੀਆਂ ਨੇ ਮਜ਼ਾਰ-ਏ-ਸ਼ਰੀਫ਼ ਵਿੱਚ ਭਾਰਤੀ ਕੌਂਸਲਖਾਨੇ ‘ਤੇ ਹਮਲਾ ਕਰ ਦਿੱਤਾ ਸੀ। ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਨੂੰ ਮਾਰਨ ਵਿੱਚ 25 ਘੰਟੇ ਲੱਗ ਗਏ ਸਨ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …