Breaking News
Home / ਦੁਨੀਆ / ਵਿਰੋਧੀ ਆਪਣੇ ਸ਼ਬਦਾਂ ਦੀ ਵਰਤੋਂ ਕਰਨ ਲੱਗਿਆਂ ਸੁਚੇਤ ਰਹਿਣ : ਕਮਲਾ ਹੈਰਿਸ ਨੇ ਟਰੰਪ ਨੂੰ ਦਿੱਤੀ ਨਸੀਹਤ

ਵਿਰੋਧੀ ਆਪਣੇ ਸ਼ਬਦਾਂ ਦੀ ਵਰਤੋਂ ਕਰਨ ਲੱਗਿਆਂ ਸੁਚੇਤ ਰਹਿਣ : ਕਮਲਾ ਹੈਰਿਸ ਨੇ ਟਰੰਪ ਨੂੰ ਦਿੱਤੀ ਨਸੀਹਤ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਉੱਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਸੈਨੇਟਰ ਜੇ ਡੀ ਵੈਂਸ ਦੀ ਹੈਤੀਅਨ ਪ੍ਰਵਾਸੀਆਂ ਬਾਰੇ ਝੂਠੀਆਂ ਅਫਵਾਹਾਂ ਫੈਲਾਉਣ ਕਿ ਉਹ ਸਪਰਿੰਗਫੀਲਡ, ਓਹੀਓ ਵਿਚ ਪਾਲਤੂ ਕੁੱਤੇ-ਬਿੱਲੀਆਂ ਚੋਰੀ ਕਰਕੇ ਖਾਂਦੇ ਹਨ, ਦੇ ਮੁੱਦੇ ‘ਤੇ ਸਖਤ ਸ਼ਬਦਾਂ ਵਿਚ ਅਲੋਚਨਾ ਕਰਦਿਆਂ ਉਨ੍ਹਾਂ ਨੂੰ ਆਪਣੇ ਸ਼ਬਦਾਂ ਉਪਰ ਨਿਯੰਤਰਣ ਰੱਖਣ ਦੀ ਨਸੀਹਤ ਵੀ ਦਿੱਤੀ ਹੈ। ਫਿਲਾਡੈਲਫੀਆ ਵਿਚ ਨੈਸ਼ਨਲ ਐਸੋਸੀਏਸ਼ਨ ਆਫ ਬਲੈਕ ਜਰਨਲਿਸਟਸ ਨਾਲ ਗੱਲਬਾਤ ਕਰਦਿਆਂ ਹੈਰਿਸ ਨੇ ਆਪਣੇ ਵਿਰੋਧ ਰਿਪਬਲੀਕਨ ਉਮੀਦਵਾਰ ਨੂੰ ਸਲਾਹ ਦਿੱਤੀ ਕਿ ਉਹ ਕੌਮੀ ਪੱਧਰ ‘ਤੇ ਸ਼ਬਦਾਂ ਦੀ ਵਰਤੋਂ ਕਰਨ ਲੱਗਿਆਂ ਸੁਚੇਤ ਰਹਿਣ। ਤਕਰੀਬਨ 45 ਮਿੰਟਾਂ ਦੀ ਮੁਲਾਕਾਤ ਦੌਰਾਨ ਹੈਰਿਸ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ। ਮੈ ਹੈਤੀਅਨ ਭਾਈਚਾਰੇ ਨਾਲ ਖੜੀ ਹਾਂ। ਉਨ੍ਹਾਂ ਕਿਹਾ ਕਿ ਨਿਰਆਧਾਰ ਅਫਵਾਹਾਂ ਨੇ ਸਮੁੱਚੇ ਖੇਤਰ ਵਿਚ ਡਰ ਤੇ ਸਹਿਮ ਦਾ ਮਹੌਲ ਪੈਦਾ ਕਰ ਦਿੱਤਾ ਹੈ। ਹੈਰਿਸ ਨੇ ਕਿਹਾ ਕਿ ਇਕ ਵਕੀਲ ਵਜੋਂ ਆਪਣੇ ਸ਼ੁਰੂਆਤੀ ਕਰੀਅਰ ਦੌਰਾਨ ਮੈਂ ਸਿੱਖਿਆ ਹੈ ਕਿ ਤੁਹਾਡੇ ਵੱਲੋਂ ਵਰਤੇ ਗਏ ਸ਼ਬਦਾਂ ਦਾ ਚਾਹੇ ਕੋਈ ਜੇਲ੍ਹ ਦੇ ਅੰਦਰ ਹੈ ਜਾਂ ਬਾਹਰ ਹੈ, ਉਪਰ ਅਸਰ ਪੈਂਦਾ ਹੈ। ਹੈਰਿਸ ਨੇ ਕਿਹਾ ਕਿ ਜਦੋਂ ਤੁਹਾਡੇ ਸਾਹਮਣੇ ਮਾਈਕਰੋਫੋਨ ਹੋਵੇ ਤਾਂ ਤੁਹਾਨੂੰ ਬਹੁਤ ਹੀ ਗੰਭੀਰਤਾ ਨਾਲ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਤੁਹਾਡੇ ਦੁਆਰਾ ਬੋਲੇ ਗਏ ਸ਼ਬਦਾਂ ਦਾ ਕੀ ਅਰਥ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਰਿਪਬਲੀਕਨ ਪਾਰਟੀ ਦੇ ਉੱਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਵੈਂਸ ਨੇ ਉਕਤ ਅਫਵਾਹਾਂ ਨੂੰ ਹਾਲ ਹੀ ਵਿਚ ਕਈ ਵਾਰ ਦੁਹਰਾਇਆ ਹੈ। ਓਹੀਓ ਵਿਚ ਇਕ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਹੈਤੀਅਨ ਲੋਕਾਂ ਬਾਰੇ ਅਫਵਾਹਾਂ ਫੈਲਣ ‘ਤੇ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਹੈ।

 

Check Also

ਡੋਨਾਲਡ ਟਰੰਪ ‘ਤੇ ਜਾਨਲੇਵਾ ਹਮਲੇ ਦੀ ਫਿਰ ਹੋਈ ਕੋਸ਼ਿਸ਼

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰਿਪਬਲੀਕਨ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ …