ਹਿੰਸਾ ਦੇ ਦੌਰ ’ਚ ਸ਼ਾਂਤੀ ਦੀ ਜ਼ਰੂਰਤ : ਜੋਅ ਬਾਈਡਨ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਹੋਏ ਜਾਨਲੇਵਾ ਹਮਲੇ ਦੇ ਬਾਅਦ ਮੌਜੂਦਾ ਰਾਸ਼ਟਰਪਤੀ ਜੋਅ ਬਾਈਡਨ ਨੇ ਦੂਜੀ ਵਾਰ ਜਨਤਾ ਨੂੰ ਸੰਬੋਧਨ ਕੀਤਾ ਹੈ। ਜੋਅ ਬਾਈਡਨ ਨੇ ਟਰੰਪ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਬਾਈਡਨ ਨੇ ਅਮਰੀਕੀ ਸਮਾਜ ਵਿਚ ਹਿੰਸਾ ਸਬੰਧੀ ਗੱਲ ਕਰਦਿਆਂ ਕਿਹਾ ਕਿ ਅਸੀਂ ਇਸ ਰਸਤੇ ’ਤੇ ਨਹੀਂ ਜਾ ਸਕਦੇ ਅਤੇ ਅਸੀਂ ਆਪਣੇ ਇਤਿਹਾਸ ਵਿਚ ਬਹੁਤ ਹਿੰਸਾ ਝੱਲ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਸੁਲਗਦੀ ਰਾਜਨੀਤੀ ਦੇ ਦੌਰ ਵਿਚ ਸ਼ਾਂਤ ਰਹਿਣ ਦਾ ਸਮਾਂ ਹੈ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ’ਤੇ ਪਿਛਲੇ ਦਿਨ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ ਵਿਚ ਇਕ ਚੋਣ ਰੈਲੀ ਦੌਰਾਨ ਜਾਨਲੇਵਾ ਹਮਲਾ ਹੋ ਗਿਆ ਸੀ ਅਤੇ ਉਹ ਵਾਲ-ਵਾਲ ਬਚ ਗਏ ਸਨ। ਟਰੰਪ ਦੇ ਸੁਰੱਖਿਆ ਮੁਲਾਜ਼ਮਾਂ ਨੇ ਹਮਲਾਵਰ ਨੂੰ ਤੁਰੰਤ ਹੀ ਢੇਰ ਕਰ ਦਿੱਤਾ ਸੀ। ਇਸ ਫਾਇਰਿੰਗ ਵਿਚ ਇਕ ਆਮ ਨਾਗਰਿਕ ਦੀ ਵੀ ਜਾਨ ਚਲੇ ਗਈ ਸੀ।