ਕਿਹਾ : ਕਾਸ਼ ਬਚਪਨ ’ਚ ਮੈਨੂੰ ਵੀ ਅਜਿਹੇ ਘਰ ’ਚ ਰਹਿਣ ਦਾ ਮੌਕਾ ਮਿਲਿਆ ਹੁੰਦਾ
ਸੋਲਾਪੁਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਸੋਲਾਪੁਰ ’ਚ ਅਟਲ ਅਭਿਆਨ ਦੇ ਤਹਿਤ 1201 ਕਰੋੜ ਰੁਪਏ ਦੀਆਂ 7 ਯੋਜਨਾਵਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਤਹਿਤ ਕੁੱਝ ਲੋਕਾਂ ਨੂੰ ਨਵੇਂ ਘਰਾਂ ਦੀਆਂ ਚਾਬੀਆਂ ਵੀ ਸੌਂਪੀਆਂ। ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਹਿਲਾਂ ਵਾਲੀ ਸਰਕਾਰ ਸਿਰਫ਼ ਗਰੀਬੀ ਹਟਾਓ ਦਾ ਨਾਅਰਾ ਹੀ ਲਗਾਉਂਦੀ ਰਹੀ ਪ੍ਰੰਤੂ ਗਰੀਬ ਹਟੀ ਨਹੀਂ। ਗਰੀਬਾਂ ਦਾ ਪੈਸਾ ਵਿਚੋਲੀਏ ਲੁੱਟ ਜਾਂਦੇ ਸਨ ਕਿਉਂਕਿ ਉਨ੍ਹਾਂ ਦੀ ਨੀਤੀ ਅਤੇ ਨੀਅਤ ਸਾਡੇ ਵਾਂਗ ਸਾਫ ਨਹੀਂ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸੋਲਾਪੁਰ ਦੇ ਹਜ਼ਾਰਾਂ ਗਰੀਬਾਂ ਦੇ ਲਈ ਸਾਡਾ ਸੰਕਲਪ ਅੱਜ ਪੂਰਾ ਹੋ ਗਿਆ ਕਿਉਂਕਿ ਅੱਜ ਪੀਐਮ ਅਵਾਸ ਯੋਜਨਾ ਦੇ ਤਹਿਤ ਬਣੀ ਦੇਸ਼ ਦੀ ਸਭ ਤੋਂ ਵੱਡੀ ਸੁਸਾਇਟੀ ਦਾ ਉਦਘਾਟਨ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਨਵੇਂ ਬਣੇ ਘਰਾਂ ਨੂੰ ਮੈਂ ਦੇਖਿਆ ਅਤੇ ਸੋਚਿਆ ਕਿ ਜੇਕਰ ਬਚਪਨ ’ਚ ਮੈਨੂੰ ਵੀ ਅਜਿਹੇ ਘਰ ’ਚ ਰਹਿਣ ਦਾ ਮੋਕਾ ਮਿਲਿਆ ਹੁੰਦਾ। ਜਨਤਾ ਨਾਲ ਇਹ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੁਕ ਹੋ ਗਏ ਅਤੇ ਉਹ 12 ਸੈਕਿੰਡ ਬਿਲਕੁਲ ਚੁੱਪ ਰਹੇ।