Breaking News
Home / ਜੀ.ਟੀ.ਏ. ਨਿਊਜ਼ / ਦੁਨੀਆਂ ਦੇ 100 ਬਿਹਤਰੀਨ ਸ਼ਹਿਰਾਂ ‘ਚੋਂ ਪੰਜ ਕੈਨੇਡਾ ਦੇ

ਦੁਨੀਆਂ ਦੇ 100 ਬਿਹਤਰੀਨ ਸ਼ਹਿਰਾਂ ‘ਚੋਂ ਪੰਜ ਕੈਨੇਡਾ ਦੇ

ਓਟਵਾ/ਬਿਊਰੋ ਨਿਊਜ਼ : ਸਾਲ 2023 ਲਈ ਜਾਰੀ ਹੋਈ ਦਰਜੇਬੰਦੀ ਦੇ ਹਿਸਾਬ ਨਾਲ ਕੈਨੇਡਾ ਦੇ ਪੰਜ ਸ਼ਹਿਰਾਂ ਨੂੰ ਦੁਨੀਆਂ ਭਰ ਦੇ ਸ਼ਹਿਰਾਂ ਵਿੱਚੋਂ ਬਿਹਤਰੀਨ ਦੱਸਿਆ ਗਿਆ ਹੈ।
ਜਿਨ੍ਹਾਂ ਸ਼ਹਿਰਾਂ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਉਨ੍ਹਾਂ ਦੀ ਆਬਾਦੀ ਇੱਕ ਮਿਲੀਅਨ ਤੋਂ ਜ਼ਿਆਦਾ ਹੈ। ਬੀਸੀ ਦੀ ਇੱਕ ਮਾਰਕਿਟਿੰਗ ਕੰਸਲਟੈਂਸੀ ਰੈਜੋਨੈਂਸ ਕੰਸਲਟੈਂਸੀ ਦੀ ਵਰਲਡਜ਼ ਬੈਸਟ ਸਿਟੀਜ਼ ਰਿਪੋਰਟ ਅਨੁਸਾਰ ਇਨ੍ਹਾਂ ਸ਼ਹਿਰਾਂ ਵਿੱਚ ਟੋਰਾਂਟੋ, ਮਾਂਟਰੀਅਲ, ਕੈਲਗਰੀ, ਵੈਨਕੂਵਰ ਤੇ ਓਟਵਾ ਪਹਿਲੇ 100 ਸ਼ਹਿਰਾਂ ਵਿੱਚ ਸ਼ਾਮਲ ਹਨ। ਇਸ ਸੂਚੀ ਨੂੰ ਜਾਰੀ ਕਰਨ ਵਾਲਿਆਂ ਨੇ ਦੱਸਿਆ ਕਿ ਇਹ ਦਰਜੇਬੰਦੀ ਵੱਡੀ ਪੱਧਰ ਉੱਤੇ ਕਈ ਕਾਰਕਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਂਦੀ ਹੈ। ਇਨ੍ਹਾਂ ਲਈ ਮੁੱਖ ਤੌਰ ਉੱਤੇ ਰੋਜ਼ਗਾਰ ਮੁਹੱਈਆ ਕਰਵਾਉਣਾ, ਨਿਵੇਸ਼ ਤੇ ਟੂਰਿਜਮ ਆਦਿ ਵਰਗੇ ਕਾਰਕ ਜ਼ਿੰਮੇਵਾਰ ਹੁੰਦੇ ਹਨ।
ਵੰਨ ਸੁਵੰਨਤਾ, ਐਜੂਕੇਸ਼ਨ ਤੇ ਵੱਡੀਆਂ ਕੰਪਨੀਆਂ ਦੇ ਹੈੱਡ ਆਫਿਸ ਦੀ ਵੱਡੀ ਗਿਣਤੀ ਇਨ੍ਹਾਂ ਸ਼ਹਿਰਾਂ ਵਿੱਚ ਹੋਣਾ ਵੀ ਇਸ ਦਾ ਵੱਡਾ ਕਾਰਨ ਹੈ ਕਿ ਟੋਰਾਂਟੋ ਨੂੰ ਕੈਨੇਡਾ ਦਾ ਬਿਹਤਰੀਨ ਤੇ ਦੁਨੀਆਂ ਦਾ 24ਵਾਂ ਬਿਹਤਰੀਨ ਸ਼ਹਿਰ ਦੱਸਿਆ ਗਿਆ ਹੈ।
ਮਾਂਟਰੀਅਲ, ਜੋ ਕਿ ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਵਿੱਚ ਆਮਦਨ ਦੀ ਬਰਾਬਰੀ, ਸੱਭਿਆਚਾਰ ਤੇ ਮੈਕਗਿਲ ਯੂਨੀਵਰਸਿਟੀ ਦੇ ਨਾਲ-ਨਾਲ ਟੈਕਨੀਕਲ ਪੱਖੋਂ ਮਹਾਰਤ ਵਿਦੇਸ਼ੀ ਨਿਵੇਸ਼ ਖਿੱਚਣ ਲਈ ਕਾਫੀ ਹੈ ਤੇ ਇਸ ਨੂੰ 56ਵਾਂ ਦਰਜਾ ਦਿੱਤਾ ਗਿਆ ਹੈ।
ਕੈਲਗਰੀ 65ਵੇਂ ਸਥਾਨ ਉੱਤੇ ਆਇਆ ਹੈ। ਇਸ ਪਿੱਛੇ ਇੱਥੋਂ ਦੀ ਨੌਜਵਾਨ ਆਬਾਦੀ, ਸਿੱਖਿਆ ਤੱਕ ਪਹੁੰਚ, ਆਮਦਨ ਵਿੱਚ ਸਮਾਨਤਾ ਤੇ ਜ਼ਿੰਦਗੀ ਦਾ ਬਿਹਤਰੀਨ ਮਿਆਰ ਜ਼ਿੰਮੇਵਾਰ ਹਨ। ਮੈਟਰੋ ਵੈਨਕੂਵਰ ਨੂੰ ਇਸ ਸੂਚੀ ਵਿੱਚ 69ਵੇਂ ਸਥਾਨ ਉੱਤੇ ਰੱਖਿਆ ਗਿਆ ਹੈ। ਇੱਥੇ ਆਮਦਨ ਦੀ ਬਰਾਬਰੀ, ਬਿਹਤਰੀਨ ਯੂਨੀਵਰਸਿਟੀ, ਸੇਫਟੀ ਤੇ ਕੁਦਰਤੀ ਨਜਾਰਿਆਂ ਕਾਰਨ ਵੈਨਕੂਵਰ 100 ਸੁਹਣੇ ਸ਼ਹਿਰਾਂ ਵਿੱਚ ਆਪਣੀ ਥਾਂ ਬਣਾ ਸਕਿਆ। ਕੈਨੇਡਾ ਦੀ ਰਾਜਧਾਨੀ ਓਟਵਾ ਨੂੰ ਸਿੱਖਿਆ, ਰਹਿਣੀ ਸਹਿਣੀ ਲਈ ਘੱਟ ਖਰਚੇ ਤੇ ਰੋਜ਼ਗਾਰ ਦੀ ਉਪਲਬਧਤਾ ਕਾਰਨ ਬਿਹਤਰੀਨ ਸ਼ਹਿਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਸੂਚੀ ਵਿੱਚ ਲੰਡਨ ਪਹਿਲਾ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਰਿਹਾ। ਇਸ ਤੋਂ ਬਾਅਦ ਦੁਨੀਆ ਦੇ ਪਹਿਲੇ 10 ਸ਼ਹਿਰਾਂ ਵਿੱਚ ਪੈਰਿਸ, ਨਿਊਯੌਰਕ, ਟੋਕੀਓ, ਦੁਬਈ, ਬਾਰਸਲੋਨਾ, ਰੋਮ, ਮੈਡਰਿਡ, ਸਿੰਗਾਪੁਰ ਤੇ ਐਮਸਟਰਡਮ ਸ਼ਾਮਲ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …