Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਸਰਕਾਰ ਪਬਲਿਕ ਟਰਾਂਸਪੋਰਟ ਦੇ ਯਾਤਰੂਆਂ ਲਈ ਲੈ ਕੇ ਆਈ ਵਾਈ-ਫਾਈ ਦਾ ਤੋਹਫ਼ਾ

ਓਨਟਾਰੀਓ ਸਰਕਾਰ ਪਬਲਿਕ ਟਰਾਂਸਪੋਰਟ ਦੇ ਯਾਤਰੂਆਂ ਲਈ ਲੈ ਕੇ ਆਈ ਵਾਈ-ਫਾਈ ਦਾ ਤੋਹਫ਼ਾ

ਗੋ ਬੱਸਾਂ ਤੇ ਟਰੇਨਜ਼ ‘ਚ ਮਿਲੇਗਾ ਮੁਫ਼ਤ ਵਾਈ-ਫਾਈ
ਬਰੈਂਪਟਨ/ਬਿਊਰੋ ਨਿਊਜ਼ :
ਓਨਟਾਰੀਓ ਸਰਕਾਰ ਆਪਣੇ ਪਬਲਿਕ ਟਰਾਂਸਪੋਰਟ ‘ਚ ਸਫ਼ਰ ਕਰਨ ਵਾਲੇ ਯਾਤਰੂਆਂ ਲਈ ਮੁਫ਼ਤ ਵਾਈ-ਫਾਈ ਦਾ ਤੋਹਫ਼ਾ ਲੈ ਕੇ ਆਈ ਹੈ। ਬਰੈਂਪਟਨ ਸਾਊਥ ਤੋਂ ਐਮਪੀਪੀ ਪ੍ਰਭਮੀਤ ਸਰਕਾਰੀਆ ਨੇ ਐਲਾਨ ਕੀਤਾ ਕਿ ਓਨਟਾਰੀਓ ਸਰਕਾਰ ਗੋ ਬੱਸਾਂ ਤੇ ਟਰੇਨਜ਼ ਵਿੱਚ ਮੁਫਤ ਵਾਈ-ਫਾਈ ਸੇਵਾ ਦੇਵੇਗੀ। ਸਰਕਾਰ ਦੀ ਟਰਾਂਜ਼ਿਟ ਏਜੰਸੀ ਮੈਟਰੋਲਿੰਕਸ ਵੱਲੋਂ ਸਾਰੀਆਂ 1475 ਗੋ ਬੱਸਾਂ ਤੇ ਟਰੇਨਜ਼ ਨਾਲ ਵਾਈ ਫਾਈ ਜੋੜਨ ਲਈ ਆਈਕੋਮੈਰਾ ਕੈਨੇਡਾ ਇਨਕਾਰਪੋਰੇਸ਼ਨ ਨਾਲ ਸਮਝੌਤੇ ਉੱਤੇ ਸਹੀ ਪਾਈ ਗਈ ਹੈ। ਇਹ ਸੇਵਾ 2020 ਵਿੱਚ ਸ਼ੁਰੂ ਹੋ ਜਾਵੇਗੀ। ਟਰਾਂਸਪੋਰਟੇਸ਼ਨ ਸਬੰਧੀ ਐਸੋਸਿਏਟ ਮੰਤਰੀ (ਜੀਟੀਏ) ਕਿੰਗਾ ਸੂਰਮਾ ਨੇ ਆਖਿਆ ਕਿ ਅਸੀਂ ਇਹ ਖਬਰ ਗੋ ਦੇ ਕਸਟਮਰਜ਼ ਨਾਲ ਸਾਂਝੀ ਕਰਨ ਲਈ ਬਹੁਤ ਕਾਹਲੇ ਹਾਂ। ਉਨਾਂ ਆਖਿਆ ਕਿ ਸਾਡੀ ਸਰਕਾਰ ਲੋਕਾਂ ਲਈ ਜ਼ਿੰਦਗੀ ਨੂੰ ਹੋਰ ਸੁਖਾਲਾ ਬਣਾਉਣਾ ਚਾਹੁੰਦੀ ਹੈ ਤੇ ਇਹ ਵੀ ਚਾਹੁੰਦੀ ਹੈ ਕਿ ਆਪਣੇ ਕੰਮ, ਸਕੂਲ ਜਾਂ ਹੋਰਨਾਂ ਰੁਝੇਵਿਆਂ ਲਈ ਜਾਂਦੇ ਸਮੇਂ ਲੋਕ ਆਪਣੇ ਪਰਿਵਾਰ, ਦੋਸਤਾਂ ਤੇ ਕੁਲੀਗਜ਼ ਦੇ ਸੰਪਰਕ ਵਿੱਚ ਰਹਿਣ। ਐਮਪੀਪੀ ਸਰਕਾਰੀਆ ਨੇ ਇਸ ਮੌਕੇ ਆਖਿਆ ਕਿ ਗੋ ਟਰੇਨਜ਼ ਤੇ ਬੱਸਾਂ ਵਿੱਚ ਮੁਫਤ ਵਾਈ-ਫਾਈ ਦੀ ਸਹੂਲਤ ਦੀ ਖਬਰ ਬਰੈਂਪਟਨ ਵਾਸੀਆਂ ਲਈ ਬਹੁਤ ਵਧੀਆ ਹੈ। ਉਨਾਂ ਆਖਿਆ ਕਿ ਹਾਈਵੇਅਜ਼ 401 ਤੇ 409 ਤਹਿਤ ਬਣਾਈਆਂ ਜਾ ਰਹੀਆਂ ਦੋ ਨਵੀਆਂ ਗੋ ਰੇਲ ਟਨਲਜ਼ ਤੇ ਬਰੈਂਪਟਨ ਦੇ ਪਰਿਵਾਰਾਂ ਲਈ ਕਿਚਨਰ ਲਾਈਨ ਉੱਤੇ ਗੋ ਸੇਵਾ ਸ਼ੁਰੂ ਕਰਨ ਦੇ ਕੀਤੇ ਐਲਾਨ ਲਈ ਵੀ ਇਹ ਕਾਫੀ ਫਾਇਦੇਮੰਦ ਖਬਰ ਹੈ। ਇਹ ਦੋਵੇਂ ਚੀਜ਼ਾਂ ਰਲਾ ਕੇ ਅਸੀਂ ਬਰੈਂਪਟਨ ਵਾਸੀਆਂ ਲਈ ਮਿਥੇ ਆਪਣੇ ਟੀਚੇ ਨੂੰ ਹੋਰ ਵੀ ਬਿਹਤਰ ਢੰਗ ਨਾਲ ਨੇਪਰੇ ਚਾੜ ਸਕਾਂਗੇ। ਮੈਟਰੋਲਿੰਕਸ ਦੇ ਚੀਫ ਮਾਰਕਿਟਿੰਗ ਆਫਿਸ ਮਾਰਕ ਚਾਈਲਡਜ਼ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਕਸਟਮਰਜ਼ ਸਾਡੇ ਨਾਲ ਆਪਣੇ ਸਫਰ ਦੌਰਾਨ ਵੀ ਆਪਣਿਆਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਇਸੇ ਲਈ ਅਸੀਂ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਹਾਂ ਕਿ ਅਸੀਂ ਆਪਣੀਆਂ ਟਰੇਨਜ਼ ਤੇ ਬੱਸਾਂ ਵਿੱਚ ਵਾਈ-ਫਾਈ ਸੇਵਾ ਮੁਹੱਈਆ ਕਰਵਾ ਰਹੇ ਹਾਂ।

Check Also

ਕੈਨੇਡਾ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਮੋਹਲਤ ‘ਚ ਵਾਧਾ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੈਨੇਡਾ ‘ਚ ਆਰਜ਼ੀ (ਵਿਜ਼ਟਰ) ਵੀਜ਼ਾ ਧਾਰਕਾਂ ਲਈ …