ਓਟਾਵਾ/ਬਿਊਰੋ ਨਿਊਜ਼
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਿਆਂਮਾਰ ਵਿਚ ਰੋਹਿੰਗਿਆ ਮੁਸਲਮਾਨਾਂ ਤੇ ਹੋਰ ਘੱਟ ਗਿਣਤੀ ਭਾਈਚਾਰਿਆਂ ‘ਤੇ ਹੋ ਰਹੇ ਹਮਲਿਆਂ ‘ਤੇ ਚਿੰਤਾ ਜ਼ਾਹਿਰ ਕੀਤੀ ਤੇ ਦੇਸ਼ ਦੀ ਅਗਵਾਈ ਨਾਲ ਹਿੰਸਾ ਨੂੰ ਖਤਮ ਕਰਨ ਦੀ ਅਪੀਲ ਕੀਤੀ। ਟਰੂਡੋ ਨੇ ਇਹ ਗੱਲ ਮਿਆਂਮਾਰ ਦੇ ਨੇਤਾ ਆਂਗ ਸਾਨ ਸੂ ਨਾਲ ਫੋਨ ‘ਤੇ ਗੱਲਬਾਤ ਦੌਰਾਨ ਕਹੀ।
ਜਾਣਕਾਰੀ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਦਫਤਰ ਨੇ ਦੱਸਿਆ ਕਿ ਟਰੂਡੋ ਨੇ ਸੰਕਟ ਸੁਲਝਾਉਣ ਲਈ ਨੈਤਿਕਤਾ ਤੇ ਸਿਆਸੀ ਨੇਤਾ ਦੇ ਰੂਪ ਵਿਚ ਸੂ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਦਫਤਰ ਮੁਤਾਬਕ ਪ੍ਰਧਾਨ ਮੰਤਰੀ ਨੇ ਮਿਆਂਮਾਰ ਦੇ ਫੌਜੀ ਤੇ ਨਾਗਰਿਕ ਨੇਤਾਵਾਂ ਵਲੋਂ ਹਿੰਸਾ ਖਤਮ ਕਰਨ, ਨਾਗਰਿਕਾਂ ਦੀ ਸੁਰੱਖਿਆ ਨੂੰ ਬੜਾਵਾ ਦੇਣ ਤੇ ਸੰਯੁਕਤ ਰਾਸ਼ਟਰ ਤੇ ਅੰਤਰਰਾਸ਼ਟਰੀ ਮਨੁੱਖੀ ਮਾਮਲਿਆਂ ਦੇ ਅਧਿਕਾਰੀਆਂ ਤੱਕ ਪਹੁੰਚ ਦੀ ਲੋੜ ‘ਤੇ ਮਜ਼ਬੂਤ ਰੁਖ ਅਪਣਾਉਣ ਦੀ ਗੱਲ ਕਹੀ।
ਟਰੂਡੋ ਨੇ ਸ਼ਾਂਤੀਪੂਰਨ ਤੇ ਸਥਿਰ ਮਿਆਂਮਾਰ ਬਣਾਉਣ ਵਿਚ ਮਦਦ ਲਈ ਕੈਨੇਡਾ ਦੇ ਸਮਰਥਨ ਦੀ ਪੇਸ਼ਕਸ਼ ਕੀਤੀ, ਜੋ ਕਿ ਸਾਰੇ ਘੱਟ ਗਿਣਤੀ ਦੇ ਅਧਿਕਾਰੀਆਂ ਦਾ ਸਨਮਾਨ ਕਰਦਾ ਹੈ। ਕੈਨੇਡਾ ਸਰਕਾਰ ਨੇ ਮਿਆਂਮਾਰ ਦੇ ਪੱਛਮੀ ਤੱਟ ‘ਤੇ ਸਥਿਤ ਹਿੰਸਾਗ੍ਰਸਤ ਰਾਖਿਨੇ ਸੂਬੇ ਨੂੰ ਮਨੁੱਖੀ ਸਹਾਇਤਾ ਦੇ ਰੂਪ ਵਿਚ 10 ਲੱਖ ਕੈਨੇਡੀਆਈ ਡਾਲਰ ਦੇਣ ਦੀ ਵੀ ਵਚਨਬੱਧਤਾ ਪ੍ਰਗਟਾਈ।