ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇਹ ਖੁਲਾਸਾ ਕੀਤਾ ਹੈ ਕਿ ਉਹ ਅਗਲੇ ਹਫਤੇ ਹੋਣ ਜਾ ਰਹੀਆਂ ਟੋਰਾਂਟੋ ਦੇ ਮੇਅਰ ਦੇ ਅਹੁਦੇ ਸਬੰਧੀ ਚੋਣਾਂ ਵਿੱਚ ਕਿਸ ਉਮੀਦਵਾਰ ਨੂੰ ਵੋਟ ਕਰਨਗੇ।
ਮੰਗਲਵਾਰ ਨੂੰ ਓਟਵਾ ਵਿੱਚ ਇੱਕ ਐਲਾਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਆਖਿਆ ਕਿ ਉਹ ਟੋਰਾਂਟੋ ਦੇ ਸਾਬਕਾ ਪੁਲਿਸ ਚੀਫ ਮਾਰਕ ਸਾਂਡਰਸ ਨੂੰ ਵੋਟ ਕਰਨਗੇ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਆਪਣੇ ਲਾਅਨ ਵਿੱਚ ਵੀ ਸਾਂਡਰਸ ਦੇ ਸਾਈਨ ਬੋਰਡ ਹੀ ਲਾਏ ਹੋਏ ਹਨ ਤੇ ਇਸ ਗੱਲ ਦੀ ਉਨ੍ਹਾਂ ਨੂੰ ਖੁਸ਼ੀ ਵੀ ਹੈ। ਫੋਰਡ ਨੇ ਆਖਿਆ ਕਿ ਉਨ੍ਹਾਂ ਦੀ ਨਜ਼ਰ ਵਿੱਚ ਸਾਂਡਰਸ ਤੋਂ ਬਿਹਤਰ ਮੇਅਰ ਉਨ੍ਹਾਂ ਨੂੰ ਨਹੀਂ ਮਿਲ ਸਕਦਾ।
ਜ਼ਿਕਰਯੋਗ ਹੈ ਕਿ ਸਾਂਡਰਸ ਟੋਰਾਂਟੋ ਦੇ ਪਹਿਲੇ ਬਲੈਕ ਚੀਫ ਸਨ ਤੇ ਉਨ੍ਹਾਂ ਇਸ ਅਹੁਦੇ ਉੱਤੇ 2015 ਤੋਂ 2020 ਤੱਕ ਸੇਵਾ ਨਿਭਾਈ। ਪਰ ਡੌਨ ਵੈਲੀ ਵੈਸਟ ਵਿੱਚ ਹੋਈਆਂ ਚੋਣਾਂ ਵਿੱਚ ਪੀਸੀ ਪਾਰਟੀ ਦੀ ਟਿਕਟ ਉੱਤੇ ਖੜ੍ਹੇ ਸਾਂਡਰਸ ਹਾਰ ਗਏ। ਮਾਰਚ ਵਿੱਚ ਫੋਰਡ ਨੇ ਆਖਿਆ ਸੀ ਕਿ ਉਹ ਇਸ ਦੌੜ ਵਿੱਚ ਸ਼ਾਮਲ ਕਿਸੇ ਵੀ ਉਮੀਦਵਾਰ ਦਾ ਪੱਖ ਨਹੀਂ ਲੈਣਗੇ ਪਰ ਇੱਕ ਮਹੀਨਾ ਪਹਿਲਾਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਸੀ ਕਿ ਜੇ ਕੋਈ ਖੱਬੇ ਪੱਖੀ ਉਮੀਦਵਾਰ ਮੇਅਰ ਬਣ ਜਾਂਦਾ ਹੈ ਤਾਂ ਉਨ੍ਹਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਜਾਵੇਗੀ।
ਇੱਥੇ ਦੱਸਣਾ ਬਣਦਾ ਹੈ ਕਿ ਜੇ ਓਲੀਵੀਆ ਚਾਓ ਟੋਰਾਂਟੋ ਦੀ ਮੇਅਰ ਚੁਣੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਫੋਰਡ ਦੇ ਕੁੱਝ ਪ੍ਰੋਵਿੰਸ਼ੀਅਲ ਪਲੈਨਜ਼ ਦਾ ਵਿਰੋਧ ਕੀਤਾ ਜਾਵੇਗਾ ਜਿਵੇਂ ਕਿ ਸਰਕਾਰ ਵੱਲੋਂ ਓਨਟਾਰੀਓ ਪਲੇਸ ਉੱਤੇ ਓਨਟਾਰੀਓ ਸਾਇੰਸ ਸੈਂਟਰ ਦੇ ਨਿਰਮਾਣ ਲਈ ਨਵੀਂ ਥਾਂ ਬਣਾਉਣਾ। ਪਰ ਮੰਗਲਵਾਰ ਨੂੰ ਫੋਰਡ ਨੇ ਇਹ ਵੀ ਆਖਿਆ ਕਿ ਜੋ ਕਈ ਉਮੀਦਵਾਰ ਵੀ ਜਿੱਤਦਾ ਹੈ ਉਹ ਸਿਆਸੀ ਮਤਭੇਦ ਦੇ ਬਾਵਜੂਦ ਉਸ ਨਾਲ ਰਲ ਕੇ ਕੰਮ ਕਰਨਗੇ। ਟੋਰਾਂਟੋ ਵਿੱਚ ਮੇਅਰ ਦੇ ਅਹੁਦੇ ਲਈ ਵੋਟਾਂ ਸੋਮਵਾਰ ਨੂੰ ਪੈਣ ਜਾ ਰਹੀਆਂ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …