ਫੈਡਰਲ ਸਰਕਾਰ ਨੇ ਭੇਜੇ 9 ਮਿਲੀਅਨ ਡਾਲਰ ਦੇ ਡਿਸਐਬਿਲਿਟੀ ਚੈੱਕ
ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ 9 ਮਿਲੀਅਨ ਡਾਲਰ ਦੇ ਕੋਵਿਡ-19 ਡਿਸਐਬਿਲਿਟੀ ਚੈੱਕ ਅਜਿਹੇ ਲੋਕਾਂ ਦੇ ਨਾਂ ਭੇਜ ਦਿੱਤੇ ਜਿਨ੍ਹਾਂ ਦੀ ਮੌਤ ਮਹਾਂਮਾਰੀ ਤੋਂ ਪਹਿਲਾਂ ਹੋ ਚੁੱਕੀ ਸੀ।
ਕੰਸਰਵੇਟਿਵ ਐਮਪੀ ਜੇਮੀ ਸਮੇਲ ਵੱਲੋਂ ਲਿਖਤੀ ਤੌਰ ਉੱਤੇ ਪੁੱਛੇ ਸਵਾਲ ਦੇ ਜਵਾਬ ਵਿੱਚ ਹਾਊਸ ਆਫ ਕਾਮਨਜ ਵਿੱਚ ਪੇਸ਼ ਕੀਤੇ ਗਏ ਨਵੇਂ ਦਸਤਾਵੇਜਾਂ ਤੋਂ ਸਾਹਮਣੇ ਆਇਆ ਕਿ 4,637 ਅਜਿਹੇ ਲੋਕਾਂ ਨੂੰ ਵੀ ਇਹ ਬੈਨੇਫਿਟ ਦੇ ਦਿੱਤੇ ਗਏ ਜਿਹੜੇ ਕੈਨੇਡਾ ਤੋਂ ਬਾਹਰ ਰਹਿੰਦੇ ਸਨ। ਜੂਨ 2020 ਵਿੱਚ ਓਟਵਾ ਨੇ ਅਪਾਹਜ ਲੋਕਾਂ ਦੀ ਮਦਦ ਲਈ 600 ਡਾਲਰ ਪ੍ਰਤੀ ਵਿਅਕਤੀ ਦੇਣ ਦਾ ਐਲਾਨ ਕੀਤਾ ਸੀ ਤਾਂ ਕਿ ਅਜਿਹੇ ਲੋਕਾਂ ਉੱਤੇ ਮਹਾਂਮਾਰੀ ਕਾਰਨ ਕੋਈ ਵਾਧੂ ਬੋਝ ਨਾ ਪਵੇ। ਇਸ ਲਈ ਅਜਿਹੇ ਕੈਨੇਡੀਅਨ ਯੋਗ ਸਨ ਜਿਨ੍ਹਾਂ ਕੋਲ 2020 ਡਿਸਐਬਿਲਿਟੀ ਟੈਕਸ ਕ੍ਰੈਡਿਟ ( ਡੀ ਟੀ ਸੀ ) ਸਰਟੀਫਿਕੇਟ ਸੀ ਤੇ ਜਿਹੜੇ ਕੈਨੇਡਾ ਪੈਨਸ਼ਨ ਪਲੈਨ ਡਿਸਐਬਿਲਿਟੀ, ਕਿਊਬਿਕ ਪੈਨਸ਼ਨ ਪਲੈਨ ਡਿਸਐਬਿਲਿਟੀ, ਜਾਂ ਵੈਟਰਨਜ ਅਫੇਅਰਜ ਕੈਨੇਡਾ ਵੱਲੋਂ ਚਲਾਏ ਜਾਣ ਵਾਲੇ ਡਿਸਐਬਿਲਿਟੀ ਸਪੋਰਟ ਪ੍ਰੋਗਰਾਮਜ ਦੇ ਹੱਕਦਾਰ ਸਨ। ਬਿਨੈਕਾਰਾਂ ਨੂੰ ਇਸ ਬੈਨੇਫਿਟ ਲਈ ਅਪਲਾਈ ਕਰਨ ਦੀ ਲੋੜ ਨਹੀਂ ਸੀ, ਸਗੋਂ ਇਹ ਪੈਸੇ ਮੌਜੂਦਾ ਪ੍ਰੋਗਰਾਮ ਰਾਹੀਂ ਹੀ ਉਨ੍ਹਾਂ ਤੱਕ ਪਹੁੰਚਣੇ ਸਨ। 21 ਅਪ੍ਰੈਲ ਤੱਕ 1.6 ਮਿਲੀਅਨ ਕੈਨੇਡੀਅਨਾਂ ਨੂੰ ਇਸ ਦਾ ਫਾਇਦਾ ਪਹੁੰਚਿਆ। ਇੰਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਨੇ ਪਾਇਆ ਕਿ ਯੋਗਤਾ ਦੀ ਜਾਂਚ ਕਰਨ ਲਈ ਭਾਵੇਂ ਡਾਟਾ ਦਾ ਵਿਸਥਾਰ ਵਿੱਚ ਮੁਲਾਂਕਣ ਤੇ ਧਿਆਨ ਨਾਲ ਵਿਸਲੇਸ਼ਣ ਕੀਤਾ ਗਿਆ ਸੀ ਪਰ ਕੁੱਝ ਮਾਮਲਿਆਂ ਵਿੱਚ ਜਾਣਕਾਰੀ ਅਪਡੇਟ ਨਹੀਂ ਸੀ। ਅਜਿਹਾ ਇਸ ਲਈ ਹੋਇਆ ਕਿਉਂਕਿ ਸਰਕਾਰ ਨੂੰ ਸਬੰਧਤ ਵਿਅਕਤੀ ਦੀ ਅਪਡੇਟ ਕੀਤੀ ਗਈ ਨਿੱਜੀ ਜਾਣਕਾਰੀ ਹਾਸਲ ਨਹੀਂ ਹੋਈ ਤੇ ਜਾਂ ਫਿਰ ਟੈਕਸ ਫਾਈਲ ਕਰਨ ਵਿੱਚ ਹੋਈ ਦੇਰ ਕਾਰਨ ਇਹ ਸੰਭਵ ਨਹੀਂ ਹੋ ਸਕਿਆ। 15409 ਅਦਾਇਗੀਆਂ ਡੀ ਟੀ ਐਸ ਰਾਹੀਂ ਯੋਗ ਲੋਕਾਂ ਨੂੰ ਕੀਤੀਆਂ ਗਈਆਂ ਤੇ ਵੈਟਰਨ ਅਫੇਅਰਜ਼ ਕੈਨੇਡਾ ਤਹਿਤ ਚਲਾਏ ਜਾਣ ਵਾਲੇ ਇੱਕ ਪ੍ਰੋਗਰਾਮ ਰਾਹੀਂ ਵੀ ਅਜਿਹੀਆਂ ਅਦਾਇਗੀਆਂ ਕੀਤੀਆਂ ਗਈਆਂ ਪਰ ਇਨ੍ਹਾਂ ਲੋਕਾਂ ਦੀ ਮੌਤ ਮਹਾਂਮਾਰੀ ਤੋਂ ਪਹਿਲਾਂ ਹੀ ਹੋ ਚੁੱਕੀ ਸੀ। ਅਜਿਹੇ ਲੋਕਾਂ ਨੂੰ ਕੀਤੀਆਂ ਗਈਆਂ ਅਦਾਇਗੀਆਂ ਦਾ ਕੁੱਲ ਜੋੜ 9,208,500 ਡਾਲਰ ਬਣਦਾ ਸੀ। ਵਿਭਾਗ ਨੇ ਆਖਿਆ ਹੈ ਕਿ ਉਹ ਇਨ੍ਹਾਂ ਅਦਾਇਗੀਆਂ ਵਿੱਚ ਪਾਈਆਂ ਗਈਆਂ ਤਰੁੱਟੀਆਂ ਦਾ ਮੁਲਾਂਕਣ ਕਰੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …