ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਹਿੰਸਕ ਜੁਰਮ ਅਤੇ ਗੱਡੀਆਂ ਚੋਰੀ ਕਰਨ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦਾ ਤਹੱਈਆ ਪ੍ਰਗਟਾਇਆ। ਉਨ੍ਹਾਂ ਵਾਅਦਾ ਕੀਤਾ ਕਿ ਅਜਿਹੇ ਜੁਰਮਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਵੱਧ ਤੋਂ ਵੱਧ ਸਮਾਂ ਕੈਦ ਕਰਕੇ ਰੱਖਿਆ ਜਾਵੇਗਾ।
ਲੰਘੇ ਦਿਨੀਂ ਓਨਟਾਰੀਓ ਵਿੱਚ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੋਰਡ ਨੇ ਕੈਨੇਡਾ ਦੇ ਜ਼ਮਾਨਤ ਸਬੰਧੀ ਨਵੇਂ ਸੁਧਾਰਾਂ ਦਾ ਜ਼ਿਕਰ ਕਰਦਿਆਂ ਮੁਜਰਮਾਨਾਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਚੇਤਾਵਨੀ ਦਿੱਤੀ। ਉਨ੍ਹਾਂ ਆਖਿਆ ਕਿ ਅਜਿਹੇ ਮੁਜਰਮਾਂ ਨੂੰ ਪੁਲਿਸ ਤੇ ਸਰਕਾਰ ਛੱਡੇਗੀ ਨਹੀਂ। ਇਸ ਨਿਊਜ਼ ਕਾਨਫਰੰਸ ਵਿੱਚ ਪ੍ਰੀਮੀਅਰ ਫੋਰਡ ਦੇ ਨਾਲ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੌਮੀਨਿਕ ਲੀਬਲੈਂਕ ਵੀ ਮੌਜੂਦ ਸਨ। ਇਸ ਦੌਰਾਨ ਲੀਬਲੈਂਕ ਨੇ ਓਨਟਾਰੀਓ ਵਿੱਚ ਗੰਨ ਤੇ ਗੈਂਗ ਹਿੰਸਾ ਨੂੰ ਰੋਕਣ ਲਈ ਫੈਡਰਲ ਸਰਕਾਰ ਵੱਲੋਂ ਕੀਤੇ ਜਾਣ ਵਾਲੇ 121 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਵੀ ਕੀਤਾ।
ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਰਕਮ ਖਰਚੀ ਕਿੱਥੇ ਜਾਵੇਗੀ ਪਰ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਗੱਡੀਆਂ ਦੀਆਂ ਚੋਰੀਆਂ ਕਰਨ ਵਰਗੇ ਜੁਰਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਰਕਮ ਟਰੂਡੋ ਸਰਕਾਰ ਵੱਲੋਂ ਦੇਸ਼ ਭਰ ਵਿੱਚ ਗੈਂਗ ਤੇ ਗੰਨ ਹਿੰਸਾਂ ਵਰਗੇ ਜੁਰਮ ਨੂੰ ਘਟਾਉਣ ਲਈ ਜਾਰੀ ਕੀਤੇ ਗਏ 390 ਮਿਲੀਅਨ ਡਾਲਰ ਦਾ ਹਿੱਸਾ ਹੈ। ਇਸ ਦੌ ਕੈਨੇਡਾ ਦੇ ਅਟਾਰਨੀ ਜਨਰਲ ਨੇ ਆਖਿਆ ਕਿ ਉਹ ਕ੍ਰਿਮੀਨਲ ਕੋਡ ਦਾ ਮੁਲਾਂਕਣ ਕਰਨ ਲਈ ਤਿਆਰ ਹਨ ਤੇ ਜੇ ਸਖ਼ਤ ਸਜ਼ਾਵਾਂ ਦੇਣ ਦੀ ਲੋੜ ਪੈਂਦੀ ਹੈ ਤਾਂ ਉਹ ਅਜਿਹਾ ਜ਼ਰੂਰ ਕਰਨਗੇ।