ਟੋਰਾਂਟੋ : ਕੈਨੇਡਾ ਦਾ ਸਭ ਤੋਂ ਵੱਡਾ ਸਕੂਲ ਬੋਰਡ ਵਿਦਿਆਰਥੀਆਂ ਲਈ ਨਵੀਂ ਸੈੱਲ ਫੋਨ ਪਾਲਿਸੀ ਤਿਆਰ ਕਰਨ ਵੱਲ ਅੱਗੇ ਵੱਧ ਰਿਹਾ ਹੈ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਟਰਸਟੀਜ਼ ਨੇ ਹੋਈ ਬੋਰਡ ਮੀਟਿੰਗ ਵਿੱਚ ਸੈੱਲ ਫੋਨ ਦੇ ਸਬੰਧ ਵਿੱਚ ਨਵੀਂ ਪਾਲਿਸੀ ਨੂੰ ਹਰੀ ਝੰਡੀ ਦੇ ਦਿੱਤੀ। ਇਸ ਵਿੱਚ ਆਖਿਆ ਗਿਆ ਕਿ ਸੋਧੇ ਹੋਏ ਨਿਯਮ ਫੋਨਜ਼ ਦੀ ਐਜੂਕੇਸ਼ਨਲ ਵਰਤੋਂ ਤੇ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਇਕਾਗਰਚਿੱਤ ਹੋਣ ਵਿੱਚ ਮਦਦ ਕਰੇਗੀ। ਟੀਡੀਐਸਬੀ ਨੇ ਜਾਰੀ ਕੀਤੀ ਆਪਣੀ ਰਲੀਜ਼ ਵਿੱਚ ਆਖਿਆ ਕਿ ਹੁਣ ਇਸ ਪਾਲਿਸੀ ਸਬੰਧੀ ਵਿਦਿਆਰਥੀਆਂ, ਸਟਾਫ ਤੇ ਪਰਿਵਾਰਾਂ ਤੋਂ ਫੀਡਬੈਕ ਲਿਆ ਜਾਵੇਗਾ। ਜਿਵੇਂ ਹੀ ਇਸ ਦੀ ਪੁਸ਼ਟੀ ਹੋਵੇਗੀ ਇਸ ਪ੍ਰਕਿਰਿਆ ਨੂੰ ਸਭ ਨਾਲ ਸਾਂਝਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਟੀਡੀਐਸਬੀ ਦੀ ਚੇਅਰ ਰੇਚਲ ਚਰਨੌਸ ਲਿਨ ਨੇ ਨਵੀਂ ਪਾਲਿਸੀ ਤਿਆਰ ਕਰਨ ਲਈ ਇੱਕ ਮਤਾ ਪੇਸ਼ ਕੀਤਾ ਸੀ।